ਹਰਿਆਣਾ ਵਿਧਾਨ ਸਭਾ ਚੋਣਾਂ

09/23/2019 2:12:36 AM

ਰਾਹਿਲ ਨੋਰਾ ਚੋਪੜਾ

ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ’ਚ ਸਾਰੀਆਂ ਸੀਟਾਂ ਜਿੱਤਣ ਤੋਂ ਬਾਅਦ ਹੁਣ ਭਾਜਪਾ ਨੂੰ ਭਰੋਸਾ ਹੈ ਕਿ ਉਹ 21 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ। ਹਰਿਆਣਾ ’ਚ ਭਾਜਪਾ ਨੇ 2014 ’ਚ ਪਹਿਲੀ ਵਾਰ ਆਪਣੇ ਦਮ ’ਤੇ ਸਰਕਾਰ ਬਣਾਈ ਸੀ। ਹਰਿਆਣਾ ’ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ, ਜਿਸ ਨੇ ਪਾਰਟੀ ’ਚ ਇਕਜੁੱਟਤਾ ਲਿਆਉਣ ਲਈ ਅਸ਼ੋਕ ਤੰਵਰ ਦੀ ਥਾਂ ’ਤੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੂੰ ਪਾਰਟੀ ਦਾ ਸੂਬਾਈ ਪ੍ਰਧਾਨ ਬਣਾਉਣ ਦਾ ਫੈਸਲਾ ਦੇਰ ਨਾਲ ਲਿਆ। ਇਸ ਤੋਂ ਇਲਾਵਾ ਜਾਟ ਨੇਤਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਾਂਗਰਸ ਲੈਜਿਸਲੇਚਰ ਪਾਰਟੀ ਦਾ ਨੇਤਾ ਅਤੇ ਚੋਣ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਅਜਿਹਾ ਲੱਗਦਾ ਹੈ ਕਿ ਪਾਰਟੀ ਦੀ ਯੋਜਨਾ ਦਲਿਤ ਅਤੇ ਜਾਟ ਵੋਟਰਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਹੈ, ਜੋ ਹਰਿਆਣਾ ’ਚ ਕੁਲ ਵੋਟਾਂ ਦਾ 46 ਫੀਸਦੀ ਹਨ।

ਪੰਜਾਬੀ ਭਾਈਚਾਰੇ ਤੋਂ ਆਉਣ ਵਾਲੇ ਮਨੋਹਰ ਲਾਲ ਖੱਟੜ ਨੇ 18 ਸਾਲਾਂ ਬਾਅਦ ਇਕ ਗੈਰ-ਜਾਟ ਮੁੱਖ ਮੰਤਰੀ ਦੇ ਤੌਰ ’ਤੇ ਸੂਬੇ ਦੀ ਕਮਾਨ ਸੰਭਾਲੀ। ਖੱਟੜ ਤੋਂ ਪਹਿਲਾਂ ਭਜਨ ਲਾਲ ਗੈਰ-ਜਾਟ ਮੁੱਖ ਮੰਤਰੀ ਸਨ। 2016 ’ਚ ਜਾਟ ਕੋਟੇ ਲਈ ਹੋਏ ਅੰਦੋਲਨ ਤੋਂ ਬਾਅਦ ਜਾਟਾਂ ਅਤੇ ਗੈਰ-ਜਾਟਾਂ ’ਚ ਇਕ ਸਪੱਸ਼ਟ ਵੰਡ ਸਾਹਮਣੇ ਆਈ। ਇਸ ਅੰਦੋਲਨ ਦੌਰਾਨ ਰੋਹਤਕ, ਸੋਨੀਪਤ, ਝੱਜਰ, ਜੀਂਦ ਅਤੇ ਭਿਵਾਨੀ ’ਚ ਗੈਰ-ਜਾਟਾਂ ਨੂੰ ਕਾਫੀ ਨੁਕਸਾਨ ਹੋਇਆ ਸੀ।

ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਇਹ ਮੁੱਖ ਮੁੱਦਾ ਹੋਵੇਗਾ। ਓਮ ਪ੍ਰਕਾਸ਼ ਚੌਟਾਲਾ ਦਾ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਜਾਟ ਵੋਟਾਂ ਦਾ ਮੁੱਖ ਦਾਅਵੇਦਾਰ ਰਿਹਾ ਹੈ। ਇਸ ਵਾਰ ਇਨੈਲੋ ਦਾ ਜਨ-ਆਧਾਰ ਕਾਫੀ ਘੱਟ ਹੋ ਗਿਆ ਹੈ ਕਿਉਂਕਿ ਖੁਦ ਚੌਟਾਲਾ ਪਰਿਵਾਰ ਵੰਡਿਆ ਗਿਆ ਹੈ। ਇਨੈਲੋ ਤੋਂ ਵੱਖ ਹੋ ਕੇ ਜੇ. ਜੇ. ਪੀ. ਦਾ ਗਠਨ ਹੋਣ ਨਾਲ ਇਨੈਲੋ ਦਾ ਵੋਟ ਬੈਂਕ ਹੋਰ ਘੱਟ ਹੋ ਗਿਆ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਭਾਜਪਾ ਦੇ ਵਿਰੁੱਧ ਇਕਜੁੱਟਤਾ ਬਣਾਉਣ ’ਚ ਨਾਕਾਮ ਰਹੀ ਹੈ।

ਕਾਂਗਰਸ-ਰਾਕਾਂਪਾ ਬਨਾਮ ਭਾਜਪਾ-ਸ਼ਿਵ ਸੈਨਾ

ਮਹਾਰਾਸ਼ਟਰ ’ਚ 21 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਮੁੱਖ ਮੁਕਾਬਲਾ ਸ਼ਿਵ ਸੈਨਾ-ਭਾਜਪਾ ਅਤੇ ਕਾਂਗਰਸ-ਰਾਕਾਂਪਾ ਦੇ ਦੋ ਮੁੱਖ ਗੱਠਜੋੜਾਂ ਵਿਚਾਲੇ ਹੈ। ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਜਾਰੀ ਹੈ, ਜਦਕਿ ਕਾਂਗਰਸ-ਰਾਕਾਂਪਾ ਵਿਚਾਲੇ ਹੋਏ ਗੱਠਜੋੜ ਅਨੁਸਾਰ ਦੋਵੇਂ ਪਾਰਟੀਆਂ 125-125 ਸੀਟਾਂ ’ਤੇ ਚੋਣ ਲੜਨਗੀਆਂ, ਜਦਕਿ 38 ਸੀਟਾਂ ਸਹਿਯੋਗੀ ਪਾਰਟੀਆਂ ਨੂੰ ਦਿੱਤੀਆਂ ਜਾਣਗੀਆਂ।

ਭਾਜਪਾ ਨੇ 30 ਸਾਲਾਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਵੱਡੇ ਫਰਕ ਨਾਲ ਜਿੱਤੀਆਂ ਸਨ। ਭਗਵਾ ਪਾਰਟੀਆਂ ਦੇ ਗੱਠਜੋੜ ਨੇ ਇਸ ਵਾਰ ਇੱਥੇ 288 ’ਚੋਂ 220 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ, ਜਦਕਿ 2014 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਗੱਠਜੋੜ ਨੇ 185 ਸੀਟਾਂ ਜਿੱਤੀਆਂ ਸਨ। ਅਹਿਮ ਗੱਲ ਇਹ ਹੈ ਕਿ ਇਸ ਵਾਰ ਵਿਰੋਧੀ ਧਿਰ ਨਿਰਉਤਸ਼ਾਹਿਤ ਹੈ ਕਿਉਂਕਿ ਉਸ ਦੇ 18 ਮੌਜੂਦਾ ਵਿਧਾਇਕਾਂ ਨੇ ਪਾਰਟੀ ਛੱਡ ਕੇ ਭਾਜਪਾ ਅਤੇ ਸ਼ਿਵ ਸੈਨਾ ਜੁਆਇਨ ਕਰ ਲਈ ਹੈ। ਪਿਛਲੇ 5 ਮਹੀਨਿਆਂ ’ਚ ਇਕ ਮੌਜੂਦਾ ਸੰਸਦ ਮੈਂਬਰ, 3 ਸਾਬਕਾ ਸੰਸਦ ਮੈਂਬਰਾਂ ਅਤੇ ਵੱਖ-ਵੱਖ ਸਾਬਕਾ ਮੰਤਰੀਆਂ ਨੇ ਭਾਜਪਾ ਜਾਂ ਸ਼ਿਵ ਸੈਨਾ ਦਾ ਪੱਲਾ ਫੜਿਆ ਹੈ। ਇਨ੍ਹਾਂ ਚੋਣਾਂ ’ਚ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਅਤੇ ਧਾਰਾ-370 ਨੂੰ ਖਤਮ ਕਰਨ ਦੇ ਮੁੱਦੇ ’ਤੇ ਚੋਣਾਂ ਜਿੱਤਣਾ ਚਾਹੁੰਦੀ ਹੈ, ਜਦਕਿ ਵਿਰੋਧੀ ਧਿਰ ਅਰਥ ਵਿਵਸਥਾ ਦਾ ਮਾਮਲਾ ਉਠਾਏਗੀ, ਜੋ ਪਿਛਲੇ 6 ਸਾਲਾਂ ’ਚ ਸਭ ਤੋਂ ਖਰਾਬ ਸਥਿਤੀ ’ਚ ਹੈ ਅਤੇ ਇਸ ਤੋਂ ਇਲਾਵਾ ਬੇਰੋਜ਼ਗਾਰੀ ਅਤੇ ਪੱਛਮੀ ਮਹਾਰਾਸ਼ਟਰ ’ਚ ਹੜ੍ਹ ਦਾ ਮਾਮਲਾ ਉਠਾਇਆ ਜਾਵੇਗਾ।

ਰਾਜਸਥਾਨ ’ਚ ਮਜ਼ਬੂਤ ਹੋਏ ਅਸ਼ੋਕ ਗਹਿਲੋਤ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਰਕਾਰ ਨੂੰ ਮਜ਼ਬੂਤ ਬਣਾਉਣ ਲਈ ਬਸਪਾ ਦੇ ਸਾਰੇ 6 ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਿਲ ਕਰ ਲਿਆ ਹੈ। 2008 ’ਚ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਬਸਪਾ ਵਿਧਾਇਕਾਂ ਨੂੰ ਆਪਣੇ ਨਾਲ ਮਿਲਾ ਲਿਆ ਸੀ। ਇਸ ਘਟਨਾ ਤੋਂ ਬਾਅਦ ਮਾਇਆਵਤੀ ਨੇ ਕਾਂਗਰਸ ’ਤੇ ਉਸ ਦੇ ਵਿਧਾਇਕਾਂ ਨੂੰ ਖੋਹਣ ਦਾ ਦੋਸ਼ ਲਾਇਆ ਹੈ। ਸਿਆਸੀ ਸੂਤਰਾਂ ਅਨੁਸਾਰ ਮਾਇਆਵਤੀ ਰਾਜਸਥਾਨ ’ਚ ਭਾਜਪਾ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਕਰਨਾ ਚਾਹੁੰਦੀ ਸੀ ਪਰ ਉਸ ਤੋਂ ਪਹਿਲਾਂ ਹੀ ਅਸ਼ੋਕ ਗਹਿਲੋਤ ਨੇ ਉਸ ਦੇ ਵਿਧਾਇਕਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਲਿਆ। ਇਹ ਯੋਜਨਾ ਇੰਨੀ ਗੁਪਤ ਸੀ ਕਿ ਉਪ-ਮੁੱਖ ਮੰਤਰੀ ਸਚਿਨ ਪਾਇਲਟ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਗਹਿਲੋਤ ਨੇ ਵਿਧਾਨ ਸਭਾ ਸਪੀਕਰ ਸੀ. ਪੀ. ਜੋਸ਼ੀ ਨੂੰ ਭਰੋਸੇ ਵਿਚ ਲਿਆ ਅਤੇ ਕਾਂਗਰਸ ਹਾਈਕਮਾਨ ਨੂੰ ਵੀ ਉਨ੍ਹਾਂ ਦੀ ਜੁਆਇਨਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗਾ। ਬਸਪਾ ਦੇ ਇਨ੍ਹਾਂ 6 ਵਿਧਾਇਕਾਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਇਸ ਗੱਲ ਦੀ ਸੰਭਾਵਨਾ ਹੈ ਕਿ ਉਨ੍ਹਾਂ ’ਚੋਂ ਕੁਝ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਕੀਤਾ ਜਾ ਸਕਦਾ ਹੈ।

ਰਾਜਨੀਤੀ ’ਚ ਸਭ ਕੁਝ ਸੰਭਵ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਲੰਮੇ ਅਰਸੇ ਤੋਂ ਚੱਲ ਰਹੀ ਕੁੜੱਤਣ ਹੁਣ ਘੱਟ ਹੋ ਰਹੀ ਹੈ। ਮਮਤਾ ਬੈਨਰਜੀ ਨੇ ਦਿੱਲੀ ਪਹੁੰਚ ਕੇ ਨਾ ਸਿਰਫ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਸਗੋਂ ਉਨ੍ਹਾਂ ਨੂੰ ਬੰਗਾਲੀ ਕੁੜਤਾ ਅਤੇ ਬੰਗਾਲੀ ਮਠਿਆਈ ਵੀ ਭੇਟ ਕੀਤੀ। ਵਰਣਨਯੋਗ ਹੈ ਕਿ ਮਮਤਾ ਬੈਨਰਜੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਨਰਿੰਦਰ ਮੋਦੀ ਦੇ ਸਹੁੰ-ਚੁੁੱਕ ਸਮਾਰੋਹ ’ਚ ਹਿੱਸਾ ਨਹੀਂ ਲਿਆ ਸੀ। ਲੋਕ ਸਭਾ ਚੋਣਾਂ ਦੌਰਾਨ ਦੋਹਾਂ ਵਿਚਾਲੇ ਕਾਫੀ ਕੁੜੱਤਣ ਸੀ। ਹੁਣ ਮਮਤਾ ਨੇ ਪੀ. ਐੱਮ. ਨੂੰ ਮਿਲ ਕੇ ਉਨ੍ਹਾਂ ਨੂੰ ਪੱਛਮੀ ਬੰਗਾਲ ’ਚ ਕੋਲਾ ਖਾਣ ਦੇ ਉਦਘਾਟਨ ਸਮਾਰੋਹ ਲਈ ਵੀ ਸੱਦਾ ਦਿੱਤਾ ਹੈ। ਇਸ ਮੁਲਾਕਾਤ ਬਾਰੇ ਮਮਤਾ ਦਾ ਕਹਿਣਾ ਹੈ ਕਿ ਉਹ ਪੱਛਮੀ ਬੰਗਾਲ ਦੇ ਵਿਕਾਸ ਕਾਰਜਾਂ ’ਤੇ ਚਰਚਾ ਕਰਨ ਲਈ ਆਈ ਸੀ, ਜਦਕਿ ਭਾਜਪਾ ਦੇ ਪੱਛਮੀ ਬੰਗਾਲ ਦੇ ਇੰਚਾਰਜ ਜਨਰਲ ਸਕੱਤਰ ਕੈਲਾਸ਼ ਵਿਜੇ ਵਰਗੀਯ ਦਾ ਦਾਅਵਾ ਹੈ ਕਿ ਉਹ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਨੂੰ ਸੀ. ਬੀ. ਆਈ. ਦੇ ਸ਼ਿਕੰਜੇ ਤੋਂ ਬਚਾਉਣ ਲਈ ਪੀ. ਐੱਮ. ਨੂੰ ਮਿਲੀ ਸੀ ਕਿਉਂਕਿ ਗ੍ਰਿਫਤਾਰ ਹੋਣ ’ਤੇ ਉਹ ਸ਼ਾਰਦਾ ਚਿੱਟਫੰਡ ਘਪਲੇ ਨਾਲ ਜੁੜੇ ਟੀ. ਐੱਮ. ਸੀ. ਨੇਤਾਵਾਂ ਦੇ ਨਾਵਾਂ ਦਾ ਖੁਲਾਸਾ ਕਰ ਦੇਵੇਗਾ।

ਇਸ ਮੁਲਾਕਾਤ ਤੋਂ ਬਾਅਦ ਪੱਛਮੀ ਬੰਗਾਲ ’ਚ ਭਾਜਪਾ ਦੇ ਨੇਤਾ ਅਤੇ ਵਰਕਰ ਭਾਜਪਾ ਅਤੇ ਟੀ. ਐੱਮ. ਸੀ. ਵਿਚਾਲੇ ਅਗਲੇ ਸਮੇਂ ’ਚ ਬਣਨ ਵਾਲੇ ਸਬੰਧਾਂ ਨੂੰ ਲੈ ਕੇ ਚਿੰਤਤ ਹਨ। ਇਸ ਦੌਰਾਨ ਲੈਫਟ ਫਰੰਟ ਅਤੇ ਕਾਂਗਰਸ ਦੇ ਨੇਤਾ ਇਹ ਦਾਅਵਾ ਕਰ ਰਹੇ ਸਨ ਕਿ ਮੁੱਖ ਮੰਤਰੀ ਨੇ ਸ਼ਾਰਦਾ ਚਿੱਟਫੰਡ ਘਪਲੇ ’ਚ ਰਾਹਤ ਲਈ ਪੀ. ਐੱਮ. ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ।

ਤ੍ਰਿਵੇਂਦਰ ਸਿੰਘ ਰਾਵਤ ਬਨਾਮ ਹਰੀਸ਼ ਰਾਵਤ

ਅਜਿਹਾ ਲੱਗਦਾ ਹੈ ਕਿ ਇਨ੍ਹੀਂ ਦਿਨੀਂ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਪਿੱਛੇ ਪਏ ਹਨ। ਤ੍ਰਿਵੇਂਦਰ ਸਿੰਘ ਰਾਵਤ ਆਰ. ਐੱਸ. ਐੱਸ. ਨਾਲ ਜੁੜੇ ਰਹੇ ਹਨ ਅਤੇ ਉਹ ਪਾਰਟੀ ਦੇ ਜਥੇਬੰਦਕ ਸਕੱਤਰ ਸਨ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਨੈਸ਼ਨਲ ਹਾਈਵੇ ਨਿਰਮਾਣ ਦੇ ਮਾਮਲੇ ’ਚ ਸੀ. ਬੀ. ਆਈ. ਜਾਂਚ ਦਾ ਐਲਾਨ ਕੀਤਾ ਹੈ, ਜਿਸ ਦਾ ਨਿਰਮਾਣ ਮੁੱਖ ਮੰਤਰੀ ਹਰੀਸ਼ ਰਾਵਤ ਦੇ ਕਾਰਜਕਾਲ ਵਿਚ ਹੋਇਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਜਾਂਚ ਨੂੰ ਰੋਕ ਦਿੱਤਾ ਹੈ। ਇਸ ਦੇ ਬਾਵਜੂਦ ਤ੍ਰਿਵੇਂਦਰ ਸਿੰਘ ਇਹ ਜਾਂਚ ਕਰਵਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਹਾਲ ਹੀ ’ਚ ਜੈਰਾਮ ਆਸ਼ਰਮ ਦਾ ਦੌਰਾ ਕੀਤਾ ਹੈ, ਜੋ ਕਾਂਗਰਸ ਨੇਤਾ ਬ੍ਰਹਮਸਵਰੂਪ ਬ੍ਰਹਮਚਾਰੀ ਨਾਲ ਸਬੰਧਤ ਹੈ ਕਿਉਂਕਿ ਉਹ ਹਰੀਸ਼ ਰਾਵਤ ਦੇ ਵਿਰੁੱਧ ਹੈ। ਹੁਣ ਇਹ ਅਫਵਾਹ ਚੱਲ ਰਹੀ ਹੈ ਕਿ ਮੁੱਖ ਮੰਤਰੀ ਦੇ ਦੌਰੇ ਤੋਂ ਬਾਅਦ ਬ੍ਰਹਮਸਵਰੂਪ ਭਾਜਪਾ ’ਚ ਜਾ ਸਕਦੇ ਹਨ। ਉਹ ਨੈਸ਼ਨਲ ਹਾਈਵੇ ਦੇ ਨਿਰਮਾਣ ਬਾਰੇ ਕਈ ਅਹਿਮ ਟਿਪਸ ਦੇ ਸਕਦੇ ਹਨ।

nora_chopra@yahoo.com


Bharat Thapa

Content Editor

Related News