‘ਗ੍ਰੇਅ ਡਾਈਵੋਰਸ’ ਭਾਰਤੀ ਸੱਭਿਆਚਾਰ ਦੇ ਅਨੁਕੂਲ ਨਹੀਂ

Wednesday, Nov 20, 2024 - 05:40 PM (IST)

‘ਗ੍ਰੇਅ ਡਾਈਵੋਰਸ’ ਭਾਰਤੀ ਸੱਭਿਆਚਾਰ ਦੇ ਅਨੁਕੂਲ ਨਹੀਂ

ਦੇਸ਼ ’ਚ ਤਲਾਕ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਸਮਾਜਿਕ ਚਿੰਤਾਵਾਂ ’ਚ ਵਾਧਾ ਕਰ ਰਿਹਾ ਹੈ। ਇਸੇ ਸੰਬੰਧ ’ਚ ‘ਗ੍ਰੇਅ ਡਾਈਵੋਰਸ’ ਲਫਜ਼ ਦਾ ਜ਼ਿਕਰ ਕਾਫੀ ਹੋ ਰਿਹਾ ਹੈ। ਗ੍ਰੇਅ ਡਾਈਵੋਰਸ ਦਾ ਮਤਲਬ ਹੈ, ਜਦੋਂ ਕੋਈ ਜੋੜਾ ਿਵਆਹ ਹੋਣ ਦੇ 15-20 ਸਾਲ ਪਿੱਛੋਂ ਵੱਖ ਹੋਣ ਦਾ ਫੈਸਲਾ ਲਵੇ। ਇਸ ਨੂੰ ਗ੍ਰੇਅ ਤਲਾਕ, ਸਿਲਵਰ ਸਪਲਿਟ ਜਾਂ ਡਾਇਮੰਡ ਤਲਾਕ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਬੀਤੇ ਕੁਝ ਸਾਲਾਂ ਤੋਂ ਹੀ ਚਰਚਿਤ ਹੋਇਆ ਹੈ। ਇਸ ਦਾ ਸਿੱਧਾ ਮਤਲਬ ਉਸ ਤਲਾਕ ਤੋਂ ਹੁੰਦਾ ਹੈ, ਜੋ ਵਾਲ ਿਚੱਟੇ ਹੋਣ ਦੀ ਉਮਰ ’ਚ ਲਿਆ ਜਾਂਦਾ ਹੈ।

ਗ੍ਰੇਅ ਡਾਈਵੋਰਸ ਅਕਸਰ ਉਸ ਵੇਲੇ ਹੁੰਦਾ ਹੈ ਜਦੋਂ ਪਤੀ-ਪਤਨੀ ਦੀ ਸੋਚ ਬਦਲ ਜਾਂਦੀ ਹੈ ਜਾਂ ਫਿਰ ਬੱਚੇ ਵੱਡੇ ਹੋ ਕੇ ਘਰ ਤੋਂ ਦੂਰ ਚਲੇ ਜਾਂਦੇ ਹਨ ਅਤੇ ਮਾਤਾ-ਪਿਤਾ ਘਰ ’ਚ ਇਕੱਲੇ ਸਮਾਂ ਬਿਤਾਉਂਦੇ ਹਨ, ਜਿਸ ਨਾਲ ਉਨ੍ਹਾਂ ਦਰਮਿਆਨ ਕਈ ਵਾਰ ਲੜਾਈ-ਝਗੜੇ ਹੁੰਦੇ ਹਨ ਅਤੇ ਤਣਾਅ ਪੈਦਾ ਹੋਣ ਲੱਗਦਾ ਹੈ।

ਇਹੀ ਨਹੀਂ, ਪੈਸਿਆਂ ਦੀ ਤੰਗੀ, ਨਸ਼ੇ ਦੀ ਲਤ, ਘਰ ਤੋਂ ਬਾਹਰ ਸਰੀਰਕ ਸੰਬੰਧਾਂ ਦੀ ਲਾਲਸਾ ਅਤੇ ਵਿਆਹ ਤੋਂ ਪਹਿਲਾਂ ਦਾ ਹੀ ਪ੍ਰੇਮ ਪ੍ਰਸੰਗ ਜਾਂ ਕੋਈ ਹੋਰ ਸਮੱਸਿਆ ਵੀ ਗ੍ਰੇਅ ਡਾਈਵੋਰਸ ਦਾ ਕਾਰਨ ਹੋ ਸਕਦੀ ਹੈ। ਕਈ ਵਾਰ ਨੌਕਰੀ ਜਾਂ ਕੰਮ ਤੋਂ ਰਿਟਾਇਰਮੈਂਟ ਪਿੱਛੋਂ ਪਤੀ-ਪਤਨੀ ਇਕ ਹੀ ਛੱਤ ਹੇਠਾਂ ਸਮਾਂ ਬਿਤਾਉਂਦੇ ਹਨ ਜਿਸ ਕਾਰਨ ਉਨ੍ਹਾਂ ਦਰਮਿਆਨ ਭਾਵਨਾਵਾਂ ਅਤੇ ਰੁਚੀਆਂ ਦਾ ਤਾਲਮੇਲ ਨਹੀਂ ਬੈਠਦਾ। ਇਨ੍ਹਾਂ ਕਾਰਨਾਂ ਕਰਕੇ ਵੀ ਲੋਕ ਗ੍ਰੇਅ ਡਾਈਵੋਰਸ ਲੈਂਦੇ ਹਨ।

ਗ੍ਰੇਅ ਡਾਈਵੋਰਸ ’ਚ ਵਿੱਤੀ ਮੁੱਦੇ ਇਕ ਪ੍ਰਮੁੱਖ ਕਾਰਕ ਹਨ। ਜਦੋਂ ਪਤੀ ਜਾਂ ਪਤਨੀ ਦੇ ਦਰਮਿਆਨ ਪੈਸਿਆਂ ਦੇ ਮੁੱਦੇ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ, ਤਾਂ ਇਸ ਨਾਲ ਤਣਾਅ ਹੋ ਸਕਦਾ ਹੈ। ਉਂਝ ਗ੍ਰੇਅ ਡਾਈਵੋਰਸ ਲੈਣਾ ਬਹੁਤ ਮੁਸ਼ਕਲਾਂ ਭਰਿਆ ਹੁੰਦਾ ਹੈ ਕਿਉਂਕਿ ਵਿਆਹ ਦੇ 15 ਜਾਂ 20 ਸਾਲ ਤੋਂ ਵੱਧ ਸਮਾਂ ਇਕੱਠੇ ਬਿਤਾਉਣਾ, ਸੁੱਖ-ਦੁੱਖ, ਖੁਸ਼ੀਆਂ ਨੂੰ ਵੰਡਣਾ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੁੱਲਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ।

ਗ੍ਰੇਅ ਡਾਈਵੋਰਸ ਪਿੱਛੋਂ ਜ਼ਿੰਦਗੀ ’ਚ ਕਈ ਤਬਦੀਲੀਆਂ ਆ ਸਕਦੀਆਂ ਹਨ, ਜਿਵੇਂ ਲੰਮੇ ਸਮੇਂ ਤੱਕ ਸਾਥੀ ਨਾਲ ਰਹਿਣ ਪਿੱਛੋਂ ਇਕੱਲੇ ਰਹਿਣਾ ਮੁਸ਼ਕਲ ਹੋ ਸਕਦਾ ਹੈ, ਡਾਈਵੋਰਸ ਪਿੱਛੋਂ ਸਵੈ-ਮਾਣ ਅਤੇ ਸਵੈ-ਭਰੋਸੇ ’ਚ ਕਮੀ ਆ ਸਕਦੀ ਹੈ, ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਹੈਲਥਕੇਅਰ ਦੀ ਵਿਵਸਥਾ ਬਦਲ ਸਕਦੀ ਹੈ। ਗ੍ਰੇਅ ਡਾਈਵੋਰਸ ਪਿੱਛੋਂ ਆਦਮੀ ਅਤੇ ਔਰਤ ਦੀਆਂ ਸਮੱਸਿਆਵਾਂ ’ਚ ਕਮੀ ਨਹੀਂ ਆਉਂਦੀ, ਕੀ ਇਹ ਸੁਖਦਾਈ ਅਨੁਭਵ ਹੈ?

ਭਾਰਤ ’ਚ ਗ੍ਰੇਅ ਡਾਈਵੋਰਸ ਦੀਆਂ ਘਟਨਾਵਾਂ ਤੇਜ਼ੀ ਨਾਲ ਕਿਉਂ ਵਧ ਰਹੀਆਂ ਹਨ? ਗ੍ਰੇਅ ਡਾਈਵੋਰਸ ਦੇ ਕੁਝ ਖਾਸ ਕਾਰਨ ਇਕ-ਦੂਜੇ ’ਚ ਦਿਲਚਸਪੀ ਘੱਟ ਹੋਣਾ, ਵਧਦੀ ਉਮਰ ’ਚ ਪਤੀ-ਪਤਨੀ ਦੇ ਵਿਚਾਰਾਂ ’ਚ ਫਰਕ, ਖੁਦ ਦੀਆਂ ਲੋੜਾਂ ’ਤੇ ਜ਼ਿਆਦਾ ਧਿਆਨ ਦੇਣਾ ਆਦਿ ਸਾਹਮਣੇ ਆ ਰਹੇ ਹਨ। ਬੇਵਫਾਈ, ਜ਼ੁਬਾਨੀ ਬੁਰਾ ਵਤੀਰਾ ਅਤੇ ਦੂਜੇ ਵਿਅਕਤੀ ਕੋਲੋਂ ਕੰਟਰੋਲ ਕੀਤੇ ਜਾਣ ਕਾਰਨ ਗ੍ਰੇਅ ਡਾਈਵੋਰਸ ਵਧ ਰਹੇ ਹਨ।

ਬਾਲੀਵੁੱਡ ’ਚ ਗ੍ਰੇਅ ਡਾਈਵੋਰਸ ਆਮ ਗੱਲ ਬਣਦੀ ਜਾ ਰਹੀ ਹੈ। ਸੋਚਣ ਅਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਕੀ ਬਾਲੀਵੁੱਡ ਦੀਆਂ ਕੁਝ ਬੁਰੀਆਂ ਰਵਾਇਤਾਂ ਨੇ ਦੇਸ਼ ਦੇ ਆਮ ਆਦਮੀ ਦੀ ਪਰਿਵਾਰਕ ਜ਼ਿੰਦਗੀ ਨੂੰ ਖਰਾਬ ਕਰਨ ’ਚ ਅਹਿਮ ਯੋਗਦਾਨ ਨਹੀਂ ਪਾਇਆ?

ਅੱਜ ਗ੍ਰੇਅ ਡਾਈਵੋਰਸ ਬਾਲਗ ਬੱਚਿਆਂ, ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਲਈ ਭਾਵਨਾਤਮਕ ਉਥਲ-ਪੁਥਲ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ। ਗ੍ਰੇਅ ਡਾਈਵੋਰਸ ਪਿੱਛੋਂ ਬਾਲਗ ਬੱਚੇ ਅਕਸਰ ਨਵੀਆਂ ਭੂਮਿਕਾਵਾਂ ਨਿਭਾਉਂਦੇ ਹਨ, ਜਿਨ੍ਹਾਂ ’ਚ ਦੇਖਭਾਲ ਕਰਨੀ ਅਤੇ ਵਿਚੋਲਗੀ ਦੀ ਜ਼ਿੰਮੇਵਾਰੀ ਨਿਭਾਉਣਾ ਸ਼ਾਮਲ ਹੈ।

ਵਿਆਹ ਪਤੀ-ਪਤਨੀ ਦੇ ਰਿਸ਼ਤੇ ਦਾ ਪਵਿੱਤਰ ਬੰਧਨ ਹੈ। ਉਨ੍ਹਾਂ ਦਰਮਿਆਨ ਪਿਆਰ, ਮਜ਼ਾਕ, ਲੜਾਈ-ਝਗੜਾ ਹੋਣਾ ਇਕ ਆਮ ਗੱਲ ਹੈ, ਪਰ ਇਹ ਛੋਟੇ-ਛੋਟੇ ਝਗੜੇ ਕਦੋਂ ਵੱਡੇ ਬਣ ਜਾਂਦੇ ਹਨ ਅਤੇ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ।

ਸਮਾਜਿਕ ਚੇਤਨਾ ਅਤੇ ਸਲਾਹ ਰਾਹੀਂ ਭਾਰਤੀ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਲਈ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਪਹਿਲਾਂ ਤੋਂ ਬਣੀਆਂ ਧਾਰਨਾਵਾਂ ਕਾਰਨ ਕੁਝ ਪਤੀ ਅਕਸਰ ਮਾਲਕ ਹੋਣ ਦੇ ਵਿਕਾਰ ਭਾਵ ਸਿੰਡ੍ਰੋਮ ਤੋਂ ਗ੍ਰਸਤ ਹੁੰਦੇ ਹਨ। ਕੁਝ ਔਰਤਾਂ ਵੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਦੇ ਕਾਰਨ ਅਤੇ ਆਪਣੇ-ਆਪ ਨੂੰ ਜ਼ਿਆਦਾ ਸਮਝਦਾਰ ਮੰਨਣ ਦੇ ਮਨੋਵਿਕਾਰ ਤੋਂ ਪੀੜਤ ਹੋ ਜਾਂਦੀਆਂ ਹਨ। ਅਜਿਹੀਆਂ ਔਰਤਾਂ ਪਤੀ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ’ਚ ਆਪਣਾ ਘਰ ਖਰਾਬ ਕਰ ਬੈਠਦੀਆਂ ਹਨ। ਇਹ ਗੱਲ ਸੱਚ ਹੈ ਕਿ ਨਹੀਂ, ਇਸ ਦਾ ਜਵਾਬ ਸਾਨੂੰ ਆਲੇ-ਦੁਆਲੇ ਕਿਤਿਓਂ ਵੀ ਮਿਲ ਸਕਦਾ ਹੈ।

‘ਸੌ ਬਾਰ ਜਨਮ ਲੇਂਗੇ, ਸੌ ਬਾਰ ਫਨਾ ਹੋਂਗੇਂ, ਐ ਜਾਨੇ ਵਫਾ ਫਿਰ ਭੀ, ਹਮ ਤੁਮ ਨਾ ਜੁਦਾ ਹੋਂਗੇ’ ਵਰਗੇ ਬਲੈਕ ਐਂਡ ਵ੍ਹਾਈਟ ਸ਼ਬਦ ਅੱਜ ਦੀ ਰੰਗੀਨ ਦੁਨੀਆ ਦਾ ਹਿੱਸਾ ਨਹੀਂ ਰਹੇ। ਬਾਵਜੂਦ ਇਸ ਦੇ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤਲਾਕ ਕਿਸੇ ਵੀ ਰੂਪ ’ਚ ਭਾਰਤੀ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ।

ਡਾ. ਵਰਿੰਦਰ ਭਾਟੀਆ


author

Rakesh

Content Editor

Related News