ਫਰਜ਼ੀ ਸਰਟੀਫਿਕੇਟਾਂ ਰਾਹੀਂ ਨੌਕਰੀ ਅਤੇ ਸਰਕਾਰੀ ਸਹਾਇਤਾ ਹਾਸਲ ਕਰਨ ਦਾ ਗ਼ਲਤ ਰੁਝਾਨ ਜ਼ੋਰਾਂ ’ਤੇ
Saturday, Jul 20, 2024 - 03:21 AM (IST)
ਦੇਸ਼ ’ਚ ਨਕਲੀ ਦੀ ਬੀਮਾਰੀ ਖੁਰਾਕੀ ਪਦਾਰਥਾਂ ਅਤੇ ਨਕਲੀ ਅਧਿਕਾਰੀਆਂ ਤੋਂ ਲੈ ਕੇ ਨਕਲੀ ਸਰਟੀਫਿਕੇਟ ਬਣਾ ਕੇ ਦੇਣ ਵਾਲੇ ਗਿਰੋਹਾਂ ਤੱਕ ਪਹੁੰਚ ਗਈ ਹੈ, ਜਿਨ੍ਹਾਂ ਦਾ ਸਹਾਰਾ ਲੈ ਕੇ ਕਈ ਲੋਕ ਸਰਕਾਰੀ ਨੌਕਰੀਆਂ ਅਤੇ ਹੋਰ ਸਹੂਲਤਾਂ ਦਾ ਅਣਉਚਿਤ ਲਾਭ ਉਠਾ ਰਹੇ ਹਨ। ਇਸ ਦੀਆਂ ਪਿਛਲੇ 5 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 2 ਫਰਵਰੀ, 2024 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਪੁਲਸ ਮੁਲਾਜ਼ਮ ਸਤਿਆ ਨਾਰਾਇਣ ਵੈਸ਼ਣਵ ਨੂੰ ਫਰਜ਼ੀ ਜਾਤੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਕਰਦਾ ਪਾਏ ਜਾਣ ’ਤੇ 10 ਸਾਲ ਦੀ ਸਜ਼ਾ ਅਤੇ 4000 ਰੁਪਏ ਜੁਰਮਾਨਾ ਕੀਤਾ ਗਿਆ।
* 27 ਫਰਵਰੀ, 2024 ਨੂੰ ਉੱਤਰ ਪ੍ਰਦੇਸ਼ ’ਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ’ਚ ਤਾਇਨਾਤ ਇਕ ਜਵਾਨ ਸੁਧੀਰ ਕੁਮਾਰ ਪਾਠਕ ਵਿਰੁੱਧ ਫਰਜ਼ੀ ਰਿਹਾਇਸ਼ੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਗਈ।
* 16 ਮਈ, 2024 ਨੂੰ ਉਤਰਾਖੰਡ ’ਚ ਜਸਪੁਰ ਦੇ ‘ਰਾਮ ਜੀਵਨਪੁਰ’ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਫਰਜ਼ੀ ਸਰਟੀਫਿਕੇਟਾਂ ਦੀ ਸਹਾਇਤਾ ਨਾਲ 24 ਸਾਲਾਂ ਤੋਂ ਨੌਕਰੀ ਕਰ ਰਹੇ ਹਰਗੋਬਿੰਦ ਸਿੰਘ ਨੂੰ ਬਰਖਾਸਤ ਕੀਤਾ ਗਿਆ।
* 22 ਜੂਨ, 2024 ਨੂੰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ’ਚ ਅਨੁਸੂਚਿਤ ਜਾਤੀ ਦਾ ਫਰਜ਼ੀ ਸਰਟੀਫਿਕੇਟ ਲਗਾ ਕੇ ਪੁਲਸ ’ਚ ਨੌਕਰੀ ਹਾਸਲ ਕਰਨ ਵਾਲੇ ਡਰਾਈਵਰ ਪਰਵਿੰਦਰ ਕੁਮਾਰ ਯਾਦਵ ਨੂੰ ਫੜਿਆ ਗਿਆ।
* 11 ਜੁਲਾਈ, 2024 ਨੂੰ ਉਤਰਾਖੰਡ ਦੇ ਵਿਕਾਸ ਨਗਰ ’ਚ ਗ੍ਰਾਮ ਪ੍ਰਧਾਨ ਦੀ ਚੋਣ ’ਚ ਨਾਮਜ਼ਦਗੀ ਦੇ ਦੌਰਾਨ ਇੰਟਰ ਮੀਡੀਏਟ ਦਾ ਫਰਜ਼ੀ ਸਰਟੀਫਿਕੇਟ ਪੇਸ਼ ਕਰਨ ’ਤੇ ਦੇਹਰਾਦੂਨ ਦੇ ਉਪ ਜ਼ਿਲਾ ਅਧਿਕਾਰੀ ਨੇ ਜਾਂਚ ਦੇ ਬਾਅਦ ਗ੍ਰਾਮ ਸਭਾ ਸਹਿਸਪੁਰ ਦੇ ਪ੍ਰਧਾਨ ਦੇ ਅਹੁਦੇ ’ਤੇ ਅਨੀਸ ਅਹਿਮਦ ਦੀ ਨਾਮਜ਼ਦਗੀ ਅਤੇ ਚੋਣ ਨੂੰ ਰੱਦ ਕਰ ਦਿੱਤਾ।
* 13 ਜੁਲਾਈ ਨੂੰ ਝਾਰਖੰਡ ਦੇ ਦੇਵਘਰ ’ਚ ਗੂੰਗੇ-ਬੋਲ਼ੇ ਸ਼੍ਰੇਣੀ ’ਚ ਪੋਸਟ-ਗ੍ਰੈਜੂਏਟ ਟ੍ਰੇਂਡ ਟੀਚਰ (ਪੀ. ਜੀ. ਟੀ.) ’ਚ ਨਿਯੁਕਤ ਕੀਤੇ ਗਏ ਯੋਗੇਂਦਰ ਕੁਮਾਰ ਦਾ ‘ਗੂੰਗਾ-ਬੋਲ਼ਾ ਸਰਟੀਫਿਕੇਟ’ ਜਾਅਲੀ ਪਾਏ ਜਾਣ ਤੋਂ ਬਾਅਦ ਉਸ ਦੇ ਵਿਰੁੱਧ ਸੂਬੇ ਦੇ ਸਾਖਰਤਾ ਅਤੇ ਸਕੂਲੀ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ।
* 17 ਜੁਲਾਈ ਨੂੰ ਹਰਿਆਣਾ ’ਚ ਨੂਹ ਪੁਲਸ ਨੂੰ ਸੂਬਾ ਸਰਕਾਰ ਦੀ ‘ਕੰਨਿਆਦਾਨ ਯੋਜਨਾ’ ਦੇ ਅਧੀਨ ਲਾਭ ਹਾਸਲ ਕਰਨ ਲਈ ਠੱਗਾਂ ਵੱਲੋਂ ਨਕਲੀ ਵਿਆਹ ਸਰਟੀਫਿਕੇਟਾਂ ਦੀ ਵਰਤੋਂ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਕੁਆਰੀਆਂ ਔਰਤਾਂ ਨੇ ਸਰਕਾਰ ਦੀ ਯੋਜਨਾ ਦੇ ਅਧੀਨ ਇਕ ਲੱਖ ਰੁਪਏ ਦਾ ਦਾਅਵਾ ਕਰਨ ਲਈ ਵਿਆਹ ਦੇ ਨਕਲੀ ਸਰਟੀਫਿਕੇਟ ਬਣਵਾਏ।
* 17 ਜੁਲਾਈ ਨੂੰ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਪੋਰਟਸ ਕੋਟੇ ਵਿਚੋਂ ਨੌਕਰੀ ਦਿਵਾਉਣ ਲਈ ਜਾਅਲੀ ਸਪੋਰਟਸ ਸਰਟੀਫਿਕੇਟ ਵੰਡਣ ਦੇ ਫਰਜ਼ੀਵਾੜੇ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਸਰਗਣੇ ਅਭਿਲਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ, ਜਿਸ ਨੇ 10 ਸੂਬਿਆਂ ’ਚ ਜਾਅਲੀ ਸਰਟੀਫਿਕੇਟਾਂ ਦਾ ਆਪਣਾ ਧੰਦਾ ਚਲਾਇਆ ਹੋਇਆ ਸੀ।
* 18 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਪੰਚਾਇਤੀ ਰਾਜ ਵਿਭਾਗ ’ਚ ਸਫਾਈ ਮੁਲਾਜ਼ਮਾਂ ਦੇ ਫਰਜ਼ੀ ਜਾਤੀ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਦਾ ਫਰਜ਼ੀਵਾੜਾ ਉਜਾਗਰ ਹੋਣ ਦੇ ਬਾਅਦ ਇਸ ਮਾਮਲੇ ’ਚ 4 ਸਫਾਈ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਗਿਆ, ਜੋ ਅਨੁਸੂਚਿਤ ਜਾਤੀ ਦੇ ਫਰਜ਼ੀ ਸਰਟੀਫਿਕੇਟਾਂ ਦੇ ਆਧਾਰ ’ਤੇ ਕਈ ਸਾਲਾਂ ਤੋਂ ਲਗਭਗ 40,000 ਰੁਪਏ ਮਹੀਨੇ ’ਤੇ ਨੌਕਰੀ ਕਰਦੇ ਆ ਰਹੇ ਸਨ।
* 18 ਜੁਲਾਈ ਨੂੰ ਹੀ ਉੱਤਰ ਪ੍ਰਦੇਸ਼ ਵਿਚ ਰਾਏਬਰੇਲੀ ਦੇ ‘ਸਲੋਨ’ ਬਲਾਕ ’ਚ ਤਾਇਨਾਤ ਗ੍ਰਾਮ ਵਿਕਾਸ ਅਧਿਕਾਰੀ (ਵੀ. ਡੀ. ਓ.) ਦੀ ਯੂਜ਼ਰ ਆਈ. ਡੀ. ਅਤੇ ਪਾਸਵਰਡ ਨਾਲ ਲਗਭਗ 30,000 ਜਾਅਲੀ ਜਨਮ ਸਰਟੀਫਿਕੇਟ ਜਾਰੀ ਕਰਨ ਦਾ ਫਰਜ਼ੀਵਾੜਾ ਉਜਾਗਰ ਹੋਣ ਦੇ ਬਾਅਦ 3 ਦੋਸ਼ੀਆਂ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
ਇਨ੍ਹਾਂ ਸਾਰਿਆਂ ਦੇ ਇਲਾਵਾ ਇਨ੍ਹੀਂ ਦਿਨੀਂ ਫਰਜ਼ੀ ਓ. ਬੀ. ਸੀ. ਅਤੇ ਦਿਵਿਆਂਗਤਾ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਵਾਲੀ ਮਹਾਰਾਸ਼ਟਰ ਦੀ ਆਈ. ਏ. ਐੱਸ. ਅਧਿਕਾਰੀ ਪੂਜਾ ਖੇਡਕਰ ਚਰਚਾ ’ਚ ਹੈ। ਪੂਜਾ ਖੇਡਕਰ ਨੇ ਫਰਜ਼ੀ ਰਾਸ਼ਨ ਕਾਰਡ ਅਤੇ ਗਲਤ ਪਤੇ ਦੀ ਵਰਤੋਂ ਕਰ ਕੇ ਅਗਸਤ, 2022 ’ਚ ਵਾਈ. ਸੀ. ਐੱਮ. ਹਸਪਤਾਲ, ਪਿੰਪਰੀ, ਪੁਣੇ ਤੋਂ ਲਿਊਕੇਮੀਆ ਦਿਵਿਆਂਗਤਾ ਸਰਟੀਫਿਕੇਟ ਹਾਸਲ ਕੀਤਾ ਸੀ।
ਪੂਜਾ ਨੇ ਆਪਣੇ ਨਿਵਾਸ ਸਥਾਨ ਦਾ ਪਤਾ ਪਿੰਪਰੀ, ਚਿੰਚਵਾਡ ’ਚ ਪਲਾਟ ਨੰ. 53, ਦੇਹੂ-ਆਲੰਦੀ, ਤਲਵੜੇ ਦੱਸਿਆ ਸੀ ਪਰ ਜਾਂਚ ਦੌਰਾਨ ਪਤਾ ਲੱਗਾ ਕਿ ਉੱਥੇ ਕੋਈ ਰਿਹਾਇਸ਼ੀ ਮਕਾਨ ਹੀ ਨਹੀਂ, ਸਗੋਂ ਇਕ ਇੰਜੀਨੀਅਰਿੰਗ ਕੰਪਨੀ ਦਾ ਦਫਤਰ ਹੈ।
ਪੂਜਾ ਹੀ ਨਹੀਂ, ਸਗੋਂ ਪੂਜਾ ਦੇ ਮਾਤਾ-ਪਿਤਾ ਵੀ ਵਿਵਾਦਾਂ ਦੇ ਘੇਰੇ ’ਚ ਆਏ ਹੋਏ ਹਨ ਅਤੇ ਪੂਜਾ ਦੀ ਮਾਂ ਮਨੋਰਮਾ ਖੇਡਕਰ ਨੂੰ ਇਕ ਜ਼ਮੀਨੀ ਝਗੜੇ ਦੇ ਸਬੰਧ ’ਚ ਗੰਨ ਦਿਖਾ ਕੇ ਕੁਝ ਵਿਅਕਤੀਆਂ ਨੂੰ ਧਮਕਾਉਣ ਦੇ ਦੋਸ਼ ’ਚ 18 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਿਸ ਕਦਰ ਵਧ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਉਹ ਦੂਜਿਆਂ ਦੇ ਹੱਕ ਮਾਰ ਕੇ ਦੇਸ਼ ਅਤੇ ਸਮਾਜ ਨਾਲ ਧੋਖਾ ਨਾ ਕਰ ਸਕਣ।
-ਵਿਜੇ ਕੁਮਾਰ