ਜੈੱਨ-ਜ਼ੀ : ਜੜ੍ਹਾਂ ਨਾਲ ਜੁੜੀ, ਆਸਮਾਨ ਨੂੰ ਛੂੰਹਦੀ ਪੀੜ੍ਹੀ

Wednesday, Aug 19, 2026 - 05:21 PM (IST)

ਜੈੱਨ-ਜ਼ੀ : ਜੜ੍ਹਾਂ ਨਾਲ ਜੁੜੀ, ਆਸਮਾਨ ਨੂੰ ਛੂੰਹਦੀ ਪੀੜ੍ਹੀ

ਪਿਛਲੇ ਦਿਨੀਂ ਇਕ ਮੀਟਿੰਗ ’ਚ ਨਵੀਂ ਪੀੜ੍ਹੀ ’ਤੇ ਚਰਚਾ ਛਿੜ ਪਈ। ਤਜਰਬਿਆਂ ਦੀਆਂ ਪੋਟਲੀਆਂ ਖੁੱਲ੍ਹ ਗਈਆਂ। ਚਿੰਤਾਵਾਂ ਸਾਹਮਣੇ ਆਈਆਂ। ਸ਼ਿਕਾਇਤਾਂ ਦਾ ਸਿਲਸਿਲਾ ਵੀ ਚੱਲਿਆ। ਕਿਸੇ ਨੇ ਮੋਬਾਈਲ ਨੂੰ ਦੋਸ਼ ਦਿੱਤਾ, ਕਿਸੇ ਨੇ ਸੋਸ਼ਲ ਮੀਡੀਆ ਨੂੰ, ਕਿਸੇ ਨੇ ਬਦਲਦੇ ਸੰਸਕਾਰਾਂ ਨੂੰ। ਇਸੇ ਦੌਰਾਨ ਇਕ ਸੱਜਣ ਨੇ ਥੋੜ੍ਹਾ ਮੁਸਕਰਾਉਂਦਿਆਂ ਕਿਹਾ, ‘‘ਅੱਛਾ, ਇਹ ਜੈੱਨ-ਜ਼ੀ ਲੋਕ।’’

ਗੱਲ ਸਹਿਜ ਸੀ। ਸ਼ਾਇਦ ਮਜ਼ਾਕ ’ਚ ਕਹੀ ਗਈ ਸੀ, ਪਰ ਸ਼ਬਦ ਮਨ ’ਚ ਕਿਤੇ ਟਿਕ ਗਏ। ਇਸ ਛੋਟੇ ਜਿਹੇ ਵਾਕ ’ਚ ਲੁਕਿਆ ‘ਇਹ’ ਮੈਨੂੰ ਬੇਚੈਨ ਕਰਦਾ ਰਿਹਾ। ਆਖ਼ਿਰ ਸਾਡੇ ਅਤੇ ਸਾਡੇ ਬੱਚਿਆਂ ਵਿਚਾਲੇ ‘ਇਹ’ ਕਦੋਂ ਆ ਕੇ ਖੜ੍ਹਾ ਹੋ ਗਿਆ? ਜਿਨ੍ਹਾਂ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ, ਜਿਨ੍ਹਾਂ ਦੀ ਪਹਿਲੀ ਮੁਸਕਰਾਹਟ ’ਤੇ ਘਰ ਖਿੜ ਉੱਠਿਆ, ਜਿਨ੍ਹਾਂ ਦੇ ਸੁਪਨਿਆਂ ’ਚ ਅਸੀਂ ਆਪਣਾ ਭਵਿੱਖ ਦੇਖਿਆ, ਜਿਨ੍ਹਾਂ ਨੂੰ ਵਾਰ-ਵਾਰ ਦੇਸ਼ ਦੀ ਆਸ, ਊਰਜਾ ਅਤੇ ਸੰਭਾਵਨਾ ਕਿਹਾ, ਉਹ ਅਚਾਨਕ ਸਾਡੇ ਲਈ ‘ਇਹ ਲੋਕ’ ਕਿਵੇਂ ਹੋ ਗਏ?

ਪ੍ਰਧਾਨ ਮੰਤਰੀ ਜਦੋਂ ਨੌਜਵਾਨਾਂ ਨੂੰ ‘ਮਾਈ ਯੰਗ ਫ੍ਰੈਂਡਜ਼’ ਕਹਿ ਕੇ ਪੁਕਾਰਦੇ ਹਨ ਤਾਂ ਉਹ ਸੰਬੋਧਨ ਸਿਰਫ਼ ਸ਼ਬਦ ਨਹੀਂ ਹੁੰਦਾ, ਉਸ ’ਚ ਇਕ ਦ੍ਰਿਸ਼ਟੀ ਹੁੰਦੀ ਹੈ, ਨੌਜਵਾਨ ਨੂੰ ਸਾਹਮਣੇ ਬਿਠਾਉਣ ਦੀ ਨਹੀਂ, ਆਪਣੇ ਕੋਲ ਬਿਠਾਉਣ ਦੀ। ਉਸ ਨੂੰ ਉਪਦੇਸ਼ ਦਾ ਪਾਤਰ ਨਹੀਂ, ਸੰਵਾਦ ਦਾ ਸਾਥੀ ਮੰਨਣ ਦੀ।

ਹਰ ਨਵੀਂ ਪੀੜ੍ਹੀ ਆਪਣੇ ਸਮੇਂ ਤੋਂ ਸਵਾਲ ਕਰਦੀ ਹੈ। ਜਵਾਨੀ ਦਾ ਸੁਭਾਅ ਹੀ ਸਵਾਲ ਹੈ। ਹਰ ਨੌਜਵਾਨ ਪੀੜ੍ਹੀ ਆਪਣੇ ਹਿੱਸੇ ਦੇ ਸਵਾਲ ਲੈ ਕੇ ਆਉਂਦੀ ਹੈ। ਉਹ ਪੁੱਛਦੀ ਹੈ, ਕਿਉਂ? ਉਹ ਜਾਣਨਾ ਚਾਹੁੰਦੀ ਹੈ, ਅਜਿਹਾ ਹੀ ਕਿਉਂ? ਅਤੇ ਕਦੇ ਹਿੰਮਤ ਨਾਲ ਕਹਿੰਦੀ ਹੈ, ਇਸ ਨੂੰ ਬਦਲਣਾ ਚਾਹੀਦਾ ਹੈ। ਇਹੀ ਸਵਾਲ ਪੁਰਾਣੀ ਪੀੜ੍ਹੀ ਨੂੰ ਕਈ ਵਾਰ ਅਸੁਵਿਧਾਜਨਕ ਲੱਗਦੇ ਹਨ। ਇਸ ਨੂੰ ਅਸੀਂ ‘ਜਨਰੇਸ਼ਨ ਗੈਪ’ ਕਹਿੰਦੇ ਹਾਂ।

ਨਵੀਂ ਪੀੜ੍ਹੀ ’ਤੇ ਸਾਡਾ ਸਭ ਤੋਂ ਸਹਿਜ ਦੋਸ਼ ਹੈ, ‘ਹਰ ਸਮੇਂ ਮੋਬਾਈਲ ’ਚ ਡੁੱਬੀ ਰਹਿੰਦੀ ਹੈ।’ ਸ਼ਿਕਾਇਤ ਪੂਰੀ ਤਰ੍ਹਾਂ ਬੇਬੁਨਿਆਦ ਨਹੀਂ ਪਰ ਸਵਾਲ ਦਾ ਇਕ ਸਿਰਾ ਸਾਡੇ ਵੱਲ ਵੀ ਮੁੜਦਾ ਹੈ। ਕੀ ਸਾਡੇ ਬੱਚੇ ਸਾਨੂੰ ਕਿਤਾਬ ਹੱਥ ’ਚ ਲਈ ਦੇਖਦੇ ਹਨ? ਕੀ ਉਹ ਸਾਨੂੰ ਪਰਿਵਾਰ ’ਚ ਬੈਠ ਕੇ ਨਿਸ਼ਚਿੰਤ ਸੰਵਾਦ ਕਰਦੇ ਦੇਖਦੇ ਹਨ? ਕੀ ਖਾਣੇ ਦੀ ਮੇਜ਼ ’ਤੇ ਸਾਡਾ ਆਪਣਾ ਮੋਬਾਈਲ ਸਾਡੇ ਤੋਂ ਦੂਰ ਰਹਿੰਦਾ ਹੈ? ਕੀ ਅਸੀਂ ਉਨ੍ਹਾਂ ਨੂੰ ਕਦੇ ਪਿੰਡ ਦੀ ਪਗਡੰਡੀ ’ਤੇ ਲੈ ਗਏ? ਖ਼ੇਤ ਦੀ ਵੱਟ ’ਤੇ ਤੋਰਿਆ? ਮਿੱਟੀ ਦੀ ਸੌਂਧੀ ਖ਼ੁਸ਼ਬੋ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ? ਦਾਦੀ-ਨਾਨੀ ਦੀਆਂ ਯਾਦਾਂ ’ਚ ਲੁਕੀ ਪਰਿਵਾਰਕ ਕਹਾਣੀ ਸੁਣਾਈ? ਆਪਣੀ ਮਾਂ-ਬੋਲੀ ਦੀ ਮਿਠਾਸ ਉਨ੍ਹਾਂ ਦੇ ਅੰਦਰ ਉਤਾਰਨ ਦਾ ਯਤਨ ਕੀਤਾ?

ਜੇ ਬੱਚੇ ਦੀ ਦੁਨੀਆ ਸਕ੍ਰੀਨ ’ਚ ਸਿਮਟ ਰਹੀ ਹੈ ਤਾਂ ਇਕ ਸਵਾਲ ਸਾਨੂੰ ਆਪਣੇ ਆਪ ਤੋਂ ਵੀ ਪੁੱਛਣਾ ਹੋਵੇਗਾ, ਸਕ੍ਰੀਨ ਤੋਂ ਬਾਹਰ ਦੀ ਦੁਨੀਆ ਅਸੀਂ ਉਸ ਨੂੰ ਕਿੰਨੀ ਸੋਹਣੀ ਬਣਾ ਕੇ ਦਿਖਾਈ? ਸੰਸਕਾਰ ਸਿਰਫ਼ ਕਹੇ ਨਹੀਂ ਜਾਂਦੇ। ਉਹ ਜੀਏ ਜਾਂਦੇ ਹਨ। ਬੱਚੇ ਸਾਡੇ ਸ਼ਬਦਾਂ ਤੋਂ ਘੱਟ, ਸਾਡੇ ਆਚਰਣ ਤੋਂ ਵੱਧ ਸਿੱਖਦੇ ਹਨ। ਬੱਚਿਆਂ ਨਾਲ ਸ਼ਿਕਾਇਤ ਕਰਨੀ ਸੌਖੀ ਹੈ। ਉਨ੍ਹਾਂ ਦੇ ਸਾਹਮਣੇ ਮਿਸਾਲ ਬਣ ਕੇ ਖੜ੍ਹੇ ਹੋਣਾ ਔਖਾ।

ਸਾਡੀ ਪੀੜ੍ਹੀ ਲਈ ਸੰਸਾਰ ਇਕ ਨਕਸ਼ਾ ਸੀ। ਇਸ ਪੀੜ੍ਹੀ ਲਈ ਸੰਸਾਰ ਇਕ ਛੋਹ ਹੈ। ਇਸ ਲਈ ਇਸ ਦੀਆਂ ਜਿਗਿਆਸਾਵਾਂ ਵੱਧ ਹਨ। ਬਦਲ ਵੱਧ ਹਨ। ਮੌਕੇ ਵੱਧ ਹਨ ਅਤੇ ਉਲਝਣਾਂ ਵੀ ਵੱਧ ਹਨ। ਦੁਨੀਆ ਜਿੰਨੀ ਛੋਟੀ ਹੋਈ ਹੈ, ਮਾਂ-ਪਿਓ, ਅਧਿਆਪਕ ਅਤੇ ਸਮਾਜ ਦੀ ਜ਼ਿੰਮੇਵਾਰੀ ਓਨੀ ਹੀ ਵੱਡੀ ਹੋਈ ਹੈ। ਸੂਚਨਾਵਾਂ ਦੇ ਇਸ ਅਥਾਹ ਸਮੁੰਦਰ ’ਚ ਸਾਨੂੰ ਉਨ੍ਹਾਂ ਲਈ ਕਿਨਾਰਾ ਬਣਨਾ ਪਵੇਗਾ। ਇਕ ਅਜਿਹਾ ਕਿਨਾਰਾ, ਜਿਸ ਦਾ ਨਾਂ ਭਰੋਸਾ ਹੋਵੇ।

ਸ਼ਾਇਦ ਇਹ ਪੀੜ੍ਹੀ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਜਾ ਰਹੀ। ਉਹ ਆਪਣੀਆਂ ਜੜ੍ਹਾਂ ਤੱਕ ਪਹੁੰਚਣ ਦੀ ਆਪਣੀ ਪਗਡੰਡੀ ਲੱਭ ਰਹੀ ਹੈ। ਉਸ ਦਾ ਤਰੀਕਾ ਵੱਖਰਾ ਹੈ। ਉਸ ਦੀ ਭਾਸ਼ਾ ਵੱਖਰੀ ਹੈ। ਉਸ ਦੀ ਜਿਗਿਆਸਾ ਵੱਖਰੀ ਹੈ। ਉਹ ਹਰ ਗੱਲ ਨੂੰ ਸਿਰਫ਼ ਇਸ ਲਈ ਸਵੀਕਾਰ ਨਹੀਂ ਕਰੇਗੀ ਕਿ ਉਸ ਨੂੰ ਕਹਿ ਦਿੱਤਾ ਗਿਆ, ‘ਸਾਡੇ ਇੱਥੇ ਸਦੀਆਂ ਤੋਂ ਅਜਿਹਾ ਹੀ ਹੁੰਦਾ ਆਇਆ ਹੈ।’ ਉਹ ਪੁੱਛੇਗੀ, ਕਿਉਂ? ਅਤੇ ਸਾਨੂੰ ਉਸ ‘ਕਿਉਂ’ ਤੋਂ ਡਰਨਾ ਨਹੀਂ ਚਾਹੀਦਾ। ਸਾਨੂੰ ਪਰੰਪਰਾ ਦੇ ਪਿੱਛੇ ਦਾ ਦਰਸ਼ਨ ਦੱਸਣਾ ਹੋਵੇਗਾ। ਧਰਮ ਦੇ ਪਿੱਛੇ ਦਾ ਮਰਮ ਸਮਝਾਉਣਾ ਹੋਵੇਗਾ। ਸੰਸਕ੍ਰਿਤੀ ਨੂੰ ਕਰਮ ’ਚ ਉਤਾਰ ਕੇ ਦਿਖਾਉਣਾ ਹੋਵੇਗਾ। ਜੜ੍ਹਾਂ ਨਾਲ ਰਿਸ਼ਤਾ ਹੁਕਮ ਨਾਲ ਨਹੀਂ ਬਣਦਾ। ਆਤਮੀਅਤਾ ਨਾਲ ਬਣਦਾ ਹੈ।

ਇਹ ਸਿਰਫ਼ ਰੀਲ ਬਣਾਉਣ ਵਾਲੀ ਪੀੜ੍ਹੀ ਨਹੀਂ। ਜੈੱਨ-ਜ਼ੀ ਨੂੰ ਕੁਝ ਸਕਿੰਟਾਂ ਦੀ ਰੀਲ ’ਚ ਸਮੇਟ ਦੇਣਾ ਉਸ ਦੀ ਵੱਡੀ ਸ਼ਖਸੀਅਤ ਦੇ ਨਾਲ ਅਨਿਆਂ ਹੋਵੇਗਾ। ਇਹੀ ਪੀੜ੍ਹੀ ਸਰਹੱਦ ’ਤੇ ਖੜ੍ਹੀ ਹੈ। ਇਹੀ ਨੌਜਵਾਨ ਵਰਦੀ ਪਾ ਕੇ ਰਾਸ਼ਟਰ ਲਈ ਆਪਣਾ ਸਰਵਉੱਚ ਅਰਪਣ ਕਰਨ ਨੂੰ ਤਿਆਰ ਹੈ। ਇਹੀ ਪੀੜ੍ਹੀ ਸ਼ਤਰੰਜ ਦੀ ਬਿਸਾਤ ’ਤੇ ਸੰਸਾਰ ਨੂੰ ਹੈਰਾਨ ਕਰ ਰਹੀ ਹੈ। ਡੀ. ਗੁਕੇਸ਼ ਵਰਗੇ ਨੌਜਵਾਨ ਭਾਰਤ ਦੀ ਪ੍ਰਤਿਭਾ ਦੀ ਨਵੀਂ ਪਛਾਣ ਲਿਖ ਰਹੇ ਹਨ। ਇਹੀ ਨੌਜਵਾਨ ਸਟਾਰਟਅੱਪ ਖੜ੍ਹੇ ਕਰ ਰਹੇ ਹਨ। ਪ੍ਰਯੋਗਸ਼ਾਲਾਵਾਂ ’ਚ ਨਵੇਂ ਤਜਰਬੇ ਕਰ ਰਹੇ ਹਨ। ਖੇਡ ਦੇ ਮੈਦਾਨ ’ਚ ਤਿਰੰਗਾ ਉੱਚਾ ਚੁੱਕ ਰਹੇ ਹਨ। ਤਕਨੀਕ, ਵਿਗਿਆਨ ਅਤੇ ਉੱਦਮਤਾ ’ਚ ਨਵੇਂ ਰਾਹ ਖੋਲ੍ਹ ਰਹੇ ਹਨ। ਇਹ ਰੀਲ ਵੀ ਬਣਾਉਂਦੀ ਹੈ ਅਤੇ ਰਿਕਾਰਡ ਵੀ। ਇਹੀ ਹੱਥ ਕੀਬੋਰਡ ’ਤੇ ਨਵੀਂ ਤਕਨੀਕ ਘੜਦੇ ਹਨ। ਇਹੀ ਹੱਥ ਤਿਰੰਗਾ ਫੜਦੇ ਹਨ।

ਇਸ ਪੀੜ੍ਹੀ ਦੀ ਇਕ ਸੋਹਣੀ ਵਿਸ਼ੇਸ਼ਤਾ ਹੈ ਸੰਵੇਦਨਾ। ਇਹ ਆਪਣੇ ਨਾਲ-ਨਾਲ ਦੂਜੇ ਦੇ ਦਰਦ ਨੂੰ ਵੀ ਪਛਾਣਨਾ ਚਾਹੁੰਦੀ ਹੈ। ਵਾਤਾਵਰਣ ਦੀ ਚਿੰਤਾ ਹੋਵੇ। ਪਸ਼ੂ-ਪੰਛੀਆਂ ਦੇ ਅਧਿਕਾਰ ਹੋਣ। ਮਾਨਸਿਕ ਸਿਹਤ ਹੋਵੇ। ਬਰਾਬਰ ਮੌਕੇ ਦੀ ਗੱਲ ਹੋਵੇ ਜਾਂ ਕਿਸੇ ਕਮਜ਼ੋਰ ਨਾਲ ਖੜ੍ਹੇ ਹੋਣ ਦਾ ਸਵਾਲ, ਅੱਜ ਦਾ ਨੌਜਵਾਨ ਇਨ੍ਹਾਂ ਵਿਸ਼ਿਆਂ ’ਤੇ ਵਧੇਰੇ ਸਹਿਜਤਾ ਨਾਲ ਬੋਲਦਾ ਹੈ। ਸਹੀ ਦਿਸ਼ਾ ਮਿਲੇ ਤਾਂ ਇਹੀ ਸੰਵੇਦਨਾ ਕਰੁਣਾ ਬਣਦੀ ਹੈ। ਕਰੁਣਾ ਕਰਤੱਵ ’ਚ ਬਦਲ ਜਾਂਦੀ ਹੈ ਅਤੇ ਕਰਤੱਵ ਸਮਾਜ ਨੂੰ ਬਦਲਣ ਦੀ ਤਾਕਤ ਬਣ ਜਾਂਦਾ ਹੈ।

ਹਰ ਵਾਰ ਇਹ ਸੁਣਾਉਣ ਦੀ ਲੋੜ ਨਹੀਂ ਕਿ, ‘ਸਾਡੇ ਜ਼ਮਾਨੇ ’ਚ ਤਾਂ...।’ ਕਦੇ-ਕਦੇ ਉਸ ਕੋਲ ਬੈਠ ਕੇ ਇੰਨਾ ਕਹਿਣਾ ਵਧੇਰੇ ਲਾਹੇਵੰਦ ਹੋਵੇਗਾ, ‘ਕਹੋ, ਮੈਂ ਸੁਣ ਰਿਹਾ ਹਾਂ।’ ਕਿੰਨਾ ਛੋਟਾ ਵਾਕ ਹੈ ਪਰ ਕਿਸੇ ਇਕੱਲੇ ਪੈਂਦੇ ਮਨ ਲਈ ਇਹੀ ਵਾਕ ਪੂਰਾ ਅਾਸਮਾਨ ਬਣ ਸਕਦਾ ਹੈ। ਪੀੜ੍ਹੀਆਂ ਵਿਚਾਲੇ ਦੀਵਾਰ ਨਹੀਂ, ਪੁਲ ਚਾਹੀਦਾ ਹੈ। ਇਸ ਪੀੜ੍ਹੀ ਕੋਲ ਵੀ ਸਾਨੂੰ ਦੇਣ ਲਈ ਬਹੁਤ ਕੁਝ ਹੈ, ਨਵੀਂ ਦ੍ਰਿਸ਼ਟੀ, ਨਵੀਂ ਗਤੀ, ਨਵੀਂ ਤਕਨੀਕ, ਨਵੇਂ ਸਵਾਲ ਅਤੇ ਦੁਨੀਆ ਨੂੰ ਦੇਖਣ ਦੀ ਇਕ ਨਵੀਂ ਖਿੜਕੀ। ਅਸੀਂ ਉਨ੍ਹਾਂ ਨੂੰ ਧੀਰਜ ਦੇ ਸਕਦੇ ਹਾਂ, ਉਹ ਸਾਨੂੰ ਗਤੀ ਦੇ ਸਕਦੇ ਹਨ। ਅਸੀਂ ਉਨ੍ਹਾਂ ਨੂੰ ਜੜ੍ਹਾਂ ਦਾ ਪਤਾ ਦੱਸ ਸਕਦੇ ਹਾਂ, ਉਹ ਸਾਨੂੰ ਨਵੇਂ ਅਾਸਮਾਨ ਦਾ ਰਸਤਾ ਦਿਖਾ ਸਕਦੇ ਹਨ। ਅਸੀਂ ਉਨ੍ਹਾਂ ਨੂੰ ਤਜਰਬੇ ਦੀ ਰੌਸ਼ਨੀ ਦੇ ਸਕਦੇ ਹਾਂ, ਉਹ ਸਾਨੂੰ ਸੰਭਾਵਨਾ ਦਾ ਨਵਾਂ ਸੂਰਜ ਦਿਖਾ ਸਕਦੇ ਹਨ।

ਇਸ ਲਈ ਅਗਲੀ ਵਾਰ ਕਿਸੇ ਮੀਟਿੰਗ ’ਚ ਕੋਈ ਮੁਸਕਰਾਉਂਦਿਆਂ ਕਹੇ, ‘ਅੱਛਾ, ਇਹ ਜੈੱਨ-ਜ਼ੀ ਲੋਕ?’ ਤਾਂ ਸ਼ਾਇਦ ਸਾਨੂੰ ਵੀ ਮੁਸਕਰਾਉਂਦਿਆਂ ਕਹਿਣਾ ਚਾਹੀਦਾ ਹੈ, ‘ਹਾਂ, ਜੈੱਨ-ਜ਼ੀ ਹਨ ਪਰ ‘ਇਹ ਲੋਕ’ ਨਹੀਂ। ਇਹ ਸਾਡੇ ਹੀ ਬੱਚੇ ਹਨ। ਸਾਡੇ ਮਿੱਤਰ ਹਨ। ਸਾਡੀ ਉਮੀਦ ਹਨ। ਸਾਡਾ ਅੱਜ ਹਨ ਅਤੇ ਸਾਡੇ ਕੱਲ ਦੇ ਸਿਰਜਣਹਾਰ ਹਨ।’

—ਸੁਨੀਲ ਬਾਂਸਲ (ਰਾਸ਼ਟਰੀ ਜਨਰਲ ਸਕੱਤਰ, ਭਾਜਪਾ)


author

Shubam Kumar

Content Editor

Related News