‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
Sunday, Aug 09, 2026 - 04:56 PM (IST)
ਡਿਜੀਟਲ ਪਲੇਟਫਾਰਮਾਂ ਨੇ ਜਿੱਥੇ ਦੁਨੀਆ ਨੂੰ ਜੋੜਿਆ ਹੈ, ਉੱਥੇ ਹੀ ਕੁਝ ਮਾਮਲਿਆਂ ’ਚ ਇਸ ਨਾਲ ਮਾਨਸਿਕ ਵਿਗਾੜ ਵੀ ਪੈਦਾ ਹੋਏ ਹਨ। ਇਨਸਾਨ ’ਤੇ ਡਿਜੀਟਲ ਜੁੜਾਅ ਇਸ ਹੱਦ ਤੱਕ ਹਾਵੀ ਹੋ ਚੁੱਕਾ ਹੈ ਕਿ ਇਹ ਇਕ ਆਦਤ ਜਾਂ ਲਤ ਦੇ ਰੂਪ ’ਚ ਸਾਡੇ ਦਿਲ-ਦਿਮਾਗ ਅਤੇ ਵਿਵਹਾਰ ’ਚ ਸ਼ਾਮਲ ਹੋ ਚੁੱਕਾ ਹੈ। ਡਿਜੀਟਲ ਉਪਕਰਣਾਂ ਉੱਤੇ ਹਾਨੀਕਾਰਕ ਨਿਰਭਰਤਾ ਨੂੰ ਡਿਜੀਟਲ ਅਡਿਕਸ਼ਨ ਕਿਹਾ ਜਾਂਦਾ ਹੈ। ਦੇਸ਼ ਦੇ 29 ਫ਼ੀਸਦੀ ਤੋਂ ਵੱਧ ਲੋਕ ਡਿਜੀਟਲ ਅਡਿਕਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ। ਭਾਰਤ ਦੇ ਆਰਥਿਕ ਸਰਵੇਖਣ 2026 ਨੇ ਇਕ ਗੰਭੀਰ ਚਿਤਾਵਨੀ ਦਿੱਤੀ ਸੀ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਡਿਜੀਟਲ ਅਡਿਕਸ਼ਨ ਦੀ ਲਪੇਟ ’ਚ ਆ ਰਹੀ ਹੈ। ਅੱਜ ਸੋਸ਼ਲ ਮੀਡੀਆ, ਆਨਲਾਈਨ ਗੇਮਿੰਗ, ਓ. ਟੀ. ਟੀ. ਪਲੇਟਫਾਰਮਾਂ ਅਤੇ ਸਮਾਰਟਫ਼ੋਨ ਦੀ ਬੇਲੋੜੀ ਵਰਤੋਂ ਹੁਣ ਸਿਰਫ਼ ਮਨੋਰੰਜਨ ਨਹੀਂ ਰਹੀ, ਸਗੋਂ ਮਾਨਸਿਕ ਸਿਹਤ ਅਤੇ ਉਤਪਾਦਕਤਾ ਲਈ ਖ਼ਤਰਾ ਬਣ ਗਈ ਹੈ। ਮੌਜੂਦਾ ਸਮੇਂ ’ਚ ਇਹ ਅਡਿਕਸ਼ਨ ਡਿਜੀਟਲ ਅਡਿਕਸ਼ਨ, ਇੰਟਰਨੈੱਟ ਅਡਿਕਸ਼ਨ, ਮੋਬਾਈਲ ਅਡਿਕਸ਼ਨ, ਸਕ੍ਰੀਨ ਅਡਿਕਸ਼ਨ, ਸੋਸ਼ਲ ਮੀਡੀਆ ਅਡਿਕਸ਼ਨ ਅਤੇ ਵੀਡੀਓ ਗੇਮ ਅਡਿਕਸ਼ਨ ਦੇ ਰੂਪ ’ਚ ਸਾਹਮਣੇ ਆ ਰਹੀ ਹੈ।
ਡਿਜੀਟਲ ਅਡਿਕਸ਼ਨ ਪਿਛਲੇ ਕੁਝ ਸਾਲਾਂ ਤੋਂ ਇਕ ਵਿਸ਼ਵ ਪੱਧਰੀ ਸਮੱਸਿਆ ਬਣ ਚੁੱਕੀ ਹੈ। ਅਸਲ ’ਚ ਡਿਜੀਟਲ ਮਾਧਿਅਮ ਦੀ ਬਹੁਤ ਜ਼ਿਆਦਾ ਵਰਤੋਂ ਵਿਅਕਤੀ ਦੀ ਮਾਨਸਿਕ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ। ਡਿਜੀਟਲ ਅਡਿਕਸ਼ਨ ਵਿਅਕਤੀ ਨੂੰ ਮਾਨਸਿਕ ਤੌਰ ’ਤੇ ਬਿਮਾਰ ਬਣਾ ਦਿੰਦੀ ਹੈ। ਜੇਕਰ ਕੋਈ ਸ਼ਖ਼ਸ ਡਿਜੀਟਲ ਅਡਿਕਸ਼ਨ ਦਾ ਸ਼ਿਕਾਰ ਹੈ, ਤਾਂ ਇਸ ਨੂੰ ਮਨੋਵਿਗਿਆਨਕ ਸੰਕੇਤਾਂ ਤੋਂ ਪਛਾਣਿਆ ਜਾ ਸਕਦਾ ਹੈ। ਜਿਵੇਂ ਕਿ ਕੀ ਅਸੀਂ ਸਮਾਂ ਲੰਘਾਉਣ ਲਈ ਡਿਜੀਟਲ ਮਾਧਿਅਮ ਦਾ ਸਹਾਰਾ ਲੈਂਦੇ ਹਾਂ, ਜਦੋਂ ਕਿ ਉਸ ਸਮੇਂ ਕੁਝ ਹੋਰ ਲਾਭਦਾਇਕ ਕੰਮ ਵੀ ਕੀਤੇ ਜਾ ਸਕਦੇ ਹਨ? ਫ਼ੋਨ ਦੀ ਵਰਤੋਂ ਕਰਦੇ ਸਮੇਂ ਦਾ ਅੰਦਾਜ਼ਾ ਨਾ ਲੱਗਣਾ, ਲੋਕਾਂ ਨਾਲ ਗੱਲ ਕਰਦਿਆਂ ਉਪਕਰਣ ਉੱਤੇ ਨਜ਼ਰ ਟਿਕੀ ਰਹਿਣਾ, ਮੋਬਾਈਲ ਅਤੇ ਡਿਜੀਟਲ ਉਪਕਰਣ ਉੱਤੇ ਸਮਾਂ ਬਿਤਾਉਣ ਦੀ ਮਿਆਦ ਦਾ ਦਿਨੋਂ-ਦਿਨ ਵਧਦੇ ਚਲੇ ਜਾਣਾ, ਹੋਰ ਕੰਮਾਂ ਨੂੰ ਛੱਡ ਕੇ ਜਾਂ ਵਿਚੋਂ ਰੋਕ ਕੇ ਆਪਣੇ ਡਿਜੀਟਲ ਉਪਕਰਣ ’ਤੇ ਲਗਾਤਾਰ ਸਮਾਂ ਬਿਤਾਉਣਾ, ਥੋੜ੍ਹੇ ਸਮੇਂ ਲਈ ਡਿਜੀਟਲ ਉਪਕਰਣ ਤੋਂ ਦੂਰ ਹੋਣ ’ਤੇ ਬੇਚੈਨੀ ਮਹਿਸੂਸ ਹੋਣਾ, ਕੁਝ ਨਵਾਂ ਨਾ ਹੋਣ ’ਤੇ ਵੀ ਡਿਜੀਟਲ ਉਪਕਰਣ ਨੂੰ ਵਾਰ-ਵਾਰ ਚੈੱਕ ਕਰਦੇ ਰਹਿਣਾ, ਡਿਜੀਟਲ ਉਪਕਰਣ ਖ਼ਰਾਬ ਹੋਣ ’ਤੇ ਜਾਂ ਨੈੱਟਵਰਕ ਦੀ ਸਮੱਸਿਆ ਹੋਣ ’ਤੇ ਆਪਣੇ ਆਪ ਨੂੰ ਪ੍ਰੇਸ਼ਾਨ, ਮਾਯੂਸ, ਤਣਾਅਗ੍ਰਸਤ, ਬਿਮਾਰ ਅਤੇ ਅਸਹਿਜ ਮਹਿਸੂਸ ਕਰਨਾ ਆਦਿ ਦੇਖਣ ਨੂੰ ਮਿਲਦੇ ਹਨ।
ਡਿਜੀਟਲ ਅਡਿਕਸ਼ਨ ਦੇ ਮਾੜੇ ਪ੍ਰਭਾਵ ਇਨਸਾਨੀ ਜ਼ਿੰਦਗੀ ਲਈ ਘਾਤਕ ਹਨ, ਜਿਵੇਂ ਸਿਰ, ਹੱਥ, ਗਰਦਨ ਅਤੇ ਪਿੱਠ ’ਚ ਦਰਦ ਵਧਣ ਲੱਗਦਾ ਹੈ। ਇਸ ਤੋਂ ਇਲਾਵਾ ਅੱਖਾਂ ’ਚ ਧੁੰਦਲਾਪਣ ਅਤੇ ਵਾਹਨ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਦਾਸੀ, ਚਿੜਚਿੜਾਪਣ, ਡਿਪਰੈਸ਼ਨ, ਚਿੰਤਾ, ਹਿੰਸਾ ਅਤੇ ਵਿਵਹਾਰਕ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਰਹਿੰਦਾ ਹੈ।
ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ’ਚ ਕੁੜੱਤਣ ਅਤੇ ਨਕਾਰਾਤਮਕਤਾ ਪੈਦਾ ਹੋ ਜਾਂਦੀ ਹੈ। ਵਿਆਹੁਤਾ ਜੀਵਨ ਟੁੱਟਣ ਦੇ ਕੰਢੇ ’ਤੇ ਪਹੁੰਚ ਜਾਂਦਾ ਹੈ। ਵਿੱਦਿਅਕ ਅਤੇ ਕਾਰੋਬਾਰੀ ਪੱਧਰ ’ਚ ਗਿਰਾਵਟ ਆ ਜਾਂਦੀ ਹੈ ਅਤੇ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਜਦੋਂ ਸਥਿਤੀ ਬਹੁਤ ਜ਼ਿਆਦਾ ਭਿਆਨਕ ਹੋ ਜਾਂਦੀ ਹੈ ਤਾਂ ਵਿਅਕਤੀ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਨਹੀਂ ਹਿਚਕਿਚਾਉਂਦਾ ਅਤੇ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲੈਂਦਾ ਹੈ।
ਡਿਜੀਟਲ ਅਡਿਕਸ਼ਨ ਨੂੰ ਘਟਾਉਣ ਲਈ ਕੁਝ ਉਪਾਅ ਕੰਮ ਆ ਸਕਦੇ ਹਨ। ਮੋਬਾਈਲ ’ਤੇ ਵਾਰ-ਵਾਰ ਆਉਣ ਵਾਲੀਆਂ ਸੂਚਨਾਵਾਂ ਉਪਕਰਣ ਵੱਲ ਧਿਆਨ ਖਿੱਚਦੀਆਂ ਹਨ, ਜਿਸ ਨਾਲ ਫ਼ੋਨ ਦੀ ਅਡਿਕਸ਼ਨ ਵਧਣ ਲੱਗਦੀ ਹੈ। ਅਜਿਹੇ ’ਚ ਆਪਣੇ ਕੰਮ ’ਤੇ ਧਿਆਨ ਕੇਂਦਰਿਤ ਰੱਖੋ ਅਤੇ ਸੂਚਨਾਵਾਂ ਨੂੰ ਹਮੇਸ਼ਾ ਬੰਦ ਕਰ ਕੇ ਰੱਖਣ ਦੀ ਕੋਸ਼ਿਸ਼ ਕਰੋ।
ਇਸ ਨਾਲ ਮੋਬਾਈਲ ਤੋਂ ਦੂਰੀ ਬਣਾਉਣ ’ਚ ਮਦਦ ਮਿਲਦੀ ਹੈ। ਦਿਨ ਭਰ ਮੋਬਾਈਲ ਨੂੰ ਦੇਖਣ ਅਤੇ ਸੂਚਨਾਵਾਂ ਚੈੱਕ ਕਰਨ ਦੀ ਬਜਾਏ ਇਕ ਸਮਾਂ ਤੈਅ ਕਰ ਲਓ। ਇਸ ਨਾਲ ਫ਼ੋਨ ’ਤੇ ਵਾਰ-ਵਾਰ ਧਿਆਨ ਜਾਣ ਦੀ ਸਮੱਸਿਆ ਹੱਲ ਹੋ ਜਾਵੇਗੀ। ਨਾਲ ਹੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਣ ਤੋਂ ਵੀ ਬਚਾਈ ਜਾ ਸਕਦੀ ਹੈ। ਘਰ ਦੇ ਕੁਝ ਹਿੱਸਿਆਂ ਜਿਵੇਂ ਬੈੱਡਰੂਮ ਅਤੇ ਖਾਣਾ ਖਾਣ ਵਾਲੀ ਥਾਂ ਨੂੰ ਫ਼ੋਨ-ਮੁਕਤ ਰੱਖੋ।
ਰਾਤ ਨੂੰ ਸੌਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਮੋਬਾਈਲ ਜਾਂ ਹੋਰ ਸਕ੍ਰੀਨ ਨੂੰ ਆਪਣੇ ਆਪ ਤੋਂ ਦੂਰ ਕਰ ਦਿਓ। ਦਿਨ ’ਚ ਕੁਝ ਘੰਟੇ ਅਜਿਹੇ ਤੈਅ ਕਰੋ, ਜਦੋਂ ਤੁਸੀਂ ਇੰਟਰਨੈੱਟ ਜਾਂ ਫ਼ੋਨ ਦੀ ਬਿਲਕੁਲ ਵਰਤੋਂ ਨਹੀਂ ਕਰੋਗੇ। ਫ਼ੋਨ ’ਤੇ ਸਮਾਂ ਬਿਤਾਉਣ ਦੀ ਬਜਾਏ ਕਿਤਾਬਾਂ ਪੜ੍ਹਨਾ, ਪੇਂਟਿੰਗ ਕਰਨਾ ਜਾਂ ਬਾਹਰ ਜਾ ਕੇ ਖੇਡਣਾ ਸ਼ੁਰੂ ਕਰੋ। ਪਰਿਵਾਰ ਅਤੇ ਦੋਸਤਾਂ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰੋ ਅਤੇ ਜਦੋਂ ਉਹ ਕੋਲ ਹੋਣ ਤਾਂ ਫ਼ੋਨ ਹੱਥ ’ਚ ਨਾ ਰੱਖੋ। ਆਖ਼ਰ ’ਚ, ਡਿਜੀਟਲ ਤੰਦਰੁਸਤੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਵੀ ਇਕ ਚੰਗਾ ਸ਼ੁਰੂਆਤੀ ਕਦਮ ਹੋਵੇਗਾ। ਇਸ ਲਈ ਸਾਡੇ ਸਕੂਲ-ਕਾਲਜ ਸ਼ਾਨਦਾਰ ਰਚਨਾਤਮਕ ਭੂਮਿਕਾ ਨਿਭਾਅ ਸਕਦੇ ਹਨ।
