ਮਿਡ-ਡੇ ਮੀਲ ’ਚ ਖੁਆਈਆਂ ਜਾ ਰਹੀਆਂ ਗਿਰਗਿਟਾਂ, ਕਿਰਲੀਆਂ, ਡੱਡੂ

Sunday, Sep 15, 2024 - 01:52 AM (IST)

ਮਿਡ-ਡੇ ਮੀਲ ’ਚ ਖੁਆਈਆਂ ਜਾ ਰਹੀਆਂ ਗਿਰਗਿਟਾਂ, ਕਿਰਲੀਆਂ, ਡੱਡੂ

‘ਮਿਡ-ਡੇ ਮੀਲ’ ਭਾਵ ‘ਦੁਪਹਿਰ ਦਾ ਭੋਜਨ ਯੋਜਨਾ’ ਦੁਨੀਆ ਦੀ ਸਭ ਤੋਂ ਵੱਡੀ ਮੁਫਤ ਖੁਰਾਕ ਵੰਡ ਯੋਜਨਾ ਹੈ। ਇਸ ਦੀ ਸ਼ੁਰੂਆਤ 1995 ’ਚ ਗਰੀਬ ਬੱਚਿਆਂ ਨੂੰ ਸਕੂਲਾਂ ਵੱਲ ਖਿੱਚਣ ਲਈ ਕੀਤੀ ਗਈ ਸੀ। ਤਦ ਜ਼ਿਆਦਾਤਰ ਸੂਬਿਆਂ ਨੇ ਇਸ ਦੇ ਤਹਿਤ ਲਾਭਪਾਤਰੀਆਂ ਨੂੰ ਕੱਚਾ ਅਨਾਜ ਦੇਣਾ ਸ਼ੁਰੂ ਕੀਤਾ ਸੀ ਪਰ 28 ਨਵੰਬਰ, 2002 ਨੂੰ ਸੁਪਰੀਮ ਕੋਰਟ ਦੇ ਇਕ ਹੁਕਮ ’ਤੇ ਬੱਚਿਆਂ ਨੂੰ ਪਕਾ ਕੇ ਭੋਜਨ ਦੇਣਾ ਸ਼ੁਰੂ ਕੀਤਾ ਗਿਆ।

ਇਕ ਚੰਗੀ ਯੋਜਨਾ ਹੋਣ ਦੇ ਬਾਵਜੂਦ ਭੋਜਨ ਪਕਾਉਣ ’ਚ ਲਾਪਰਵਾਹੀ ਅਤੇ ਸਿਹਤ ਅਤੇ ਸੁਰੱਖਿਆ ਸਬੰਧੀ ਨਿਯਮਾਂ ਦੀ ਅਣਦੇਖੀ ਕਾਰਨ ਇਹ ਯੋਜਨਾ ਵਰਦਾਨ ਦੀ ਥਾਂ ਸਰਾਪ ਸਿੱਧ ਹੋ ਰਹੀ ਹੈ।

‘ਮਿਡ-ਡੇ ਮੀਲ’ ’ਚ ਸਬਜ਼ੀਆਂ ਨਾਲ ਗਿਰਗਿਟ, ਕਿਰਲੀਆਂ, ਡੱਡੂ ਅਤੇ ਐਕਸਪਾਇਰਡ ਬਿਸਕੁਟ ਆਦਿ ਖੁਆ ਕੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 21 ਜੂਨ ਨੂੰ ਆਸਾਮ ਦੇ ‘ਬੋਂਗਾਯਗਾਂਵ’ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਐਕਸਪਾਇਰਡ ਬਿਸਕੁਟ ਖਾਣ ਨਾਲ ਕਈ ਬੱਚੇ ਬੀਮਾਰ ਹੋ ਗਏ।

* 1 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਨੇ ‘ਮਿਡ-ਡੇ ਮੀਲ’ ਵਿਚ ਪਰੋਸੇ ਜਾਣ ਵਾਲੇ ਭੋਜਨ ਦੀ ਦਾਲ ਵਿਚ ਕੀੜੇ ਅਤੇ ਰੋਟੀਆਂ ਖਾਣ ਦੇ ਯੋਗ ਨਾ ਹੋਣ ਦੀ ਸ਼ਿਕਾਇਤ ਕੀਤੀ ਜਿਨ੍ਹਾਂ ਨੂੰ ਖਾਣ ਦੇ 15 ਮਿੰਟਾਂ ਬਾਅਦ ਹੀ ਬੱਚਿਆਂ ਨੂੰ ਢਿੱਡ ਦਰਦ ਅਤੇ ਉਲਟੀਆਂ ਆਉਣ ਲੱਗੀਆਂ।

* 9 ਅਗਸਤ ਨੂੰ ਓਡਿਸ਼ਾ ਦੇ ਬਾਲਾਸੋਰ ਜ਼ਿਲੇ ਦੇ ‘ਸੋਰੋ’ ਬਲਾਕ ਦੇ ‘ਸਿਰਾਪੁਰ’ ਪਿੰਡ ਦੇ ਸਰਕਾਰੀ ਸਕੂਲ ’ਚ ਬੱਚਿਆਂ ਨੂੰ ਪਰੋਸਿਆ ਗਿਆ ‘ਮਿਡ-ਡੇ ਮੀਲ’ ਖਾਣ ਨਾਲ 100 ਵਿਦਿਆਰਥੀ ਬੀਮਾਰ ਹੋ ਗਏ। ਇੱਥੇ ਭੋਜਨ ’ਚ ਮਰੀ ਹੋਈ ਕਿਰਲੀ ਮਿਲੀ।

* 2 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੀ ਬੇਹਟ ਤਹਿਸੀਲ ਦੇ ‘ਅਲਾਉਦੀਨਪੁਰ’ ਪਿੰਡ ਦੇ ਲੋਕਾਂ ਨੇ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਪਰੋਸੇ ਜਾਣ ਵਾਲੇ ‘ਿਮਡ-ਡੇ ਮੀਲ’ ਦੀ ਜਾਂਚ ਕੀਤੀ ਤਾਂ ਚੌਲਾਂ ’ਚ ਕੀੜੇ ਅਤੇ ਸੁਸਰੀ ਪਾਈ ਗਈ।

* 3 ਸਤੰਬਰ ਨੂੰ ਬਿਹਾਰ ’ਚ ਕਿਸ਼ਨਗੰਜ ਦੇ ‘ਬਹਾਦੁਰਗੰਜ’ ’ਚ ‘ਸਤਾਲ’ ਸਥਿਤ ਸੈਕੰਡਰੀ ਸਕੂਲ ’ਚ ‘ਮਿਡ-ਡੇ ਮੀਲ’ ’ਚ ਕਿਰਲੀ ਨਿਕਲੀ।

* 5 ਸਤੰਬਰ ਨੂੰ ਛੱਤੀਸਗੜ੍ਹ ’ਚ ਗਰੀਆਬੰਦ ਜ਼ਿਲੇ ਦੇ ‘ਪੀਪਲ ਖੁੰਟਾ’ ਸਥਿਤ ਮਿਡਲ ਸਕੂਲ ’ਚ ਪਕਾਇਆ ਗਿਆ ਮਿਡ-ਡੇ ਮੀਲ ਖਾਣ ਨਾਲ ਕਈ ਬੱਚੇ ਬੀਮਾਰ ਪੈ ਗਏ। ਇਥੇ ਵੀ ਦਾਲ ’ਚ ਮਰੀ ਹੋਈ ਕਿਰਲੀ ਮਿਲੀ।

* 6 ਸਤੰਬਰ ਨੂੰ ਰਾਜਸਥਾਨ ਦੇ ਚਿਤੌੜਗੜ੍ਹ ’ਚ ‘ਗਿਲੂਣਡ’ ਗ੍ਰਾਮ ਪੰਚਾਇਤ ਦੇ ਮਹਾਤਮਾ ਗਾਂਧੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ‘ਮਿਡ-ਡੇ ਮੀਲ’ ’ਚ ਦਿੱਤੇ ਗਏ ਦਲੀਏ ’ਚੋਂ ਮਰਿਆ ਹੋਇਆ ਡੱਡੂ ਨਿਕਲਿਆ।

* 11 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ‘ਬੰਸੀਪੁਰ’ ਸਥਿਤ ਸੈਕੰਡਰੀ ਸਕੂਲ ’ਚ ‘ਮਿਡ-ਡੇ ਮੀਲ’ ’ਚ ਬਣਾਈ ਗਈ ਖਿਚੜੀ ਅਜੇ ਕੁਝ ਹੀ ਬੱਚਿਆਂ ’ਚ ਵੰਡੀ ਗਈ ਸੀ ਕਿ ਉਨ੍ਹਾਂ ਨੇ ਪੇਟ ਦਰਦ ਦੇ ਨਾਲ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਚੱਕਰ ਆਉਣ ਲੱਗੇ।

ਬੱਚਿਆਂ ਦੀ ਤਬੀਅਤ ਵਿਗੜਦੀ ਦੇਖ ਖਿਚੜੀ ਵੰਡਣੀ ਬੰਦ ਕਰਵਾ ਕੇ ਜਦ ਉਸ ਦੀ ਜਾਂਚ ਕੀਤੀ ਗਈ ਤਾਂ ਜਿਸ ਬਰਤਨ ’ਚ ਖਿਚੜੀ ਪਕਾਈ ਗਈ ਸੀ, ਉਸ ’ਚੋਂ ਇਕ ਲੋਹਟਨ (ਕਿਰਲੀ ਵਰਗਾ ਜੀਵ) ਮਰੀ ਹੋਈ ਮਿਲੀ।

* 13 ਸਤੰਬਰ ਨੂੰ ਝਾਰਖੰਡ ਦੇ ਦੁਮਕਾ ਜ਼ਿਲੇ ਦੇ ‘ਮੋਹਨਪੁਰ’ ਸਥਿਤ ਸਰਕਾਰੀ ਸਕੂਲ ’ਚ ‘ਮਿਡ-ਡੇ ਮੀਲ’ ਖਾਣ ਪਿੱਛੋਂ ਘੱਟ ਤੋਂ ਘੱਟ 65 ਬੱਚੇ ਬੀਮਾਰ ਪੈ ਗਏ। ਇੱਥੇ ਬਣਾਈ ਗਈ ਸਬਜ਼ੀ ’ਚ ਇਕ ਗਿਰਗਿਟ ਮਰੀ ਹੋਈ ਮਿਲੀ।

* 13 ਸਤੰਬਰ ਨੂੰ ਹੀ ਬਿਹਾਰ ਦੇ ਨਾਲੰਦਾ ਜ਼ਿਲੇ ’ਚ ‘ਹਰਬੰਸਪੁਰ ਮੜਵਾ’ ਸਥਿਤ ਸਰਕਾਰੀ ਸਕੂਲ ’ਚ ਇਕ ਐੱਨ. ਜੀ. ਓ. ਵਲੋਂ ਸਪਲਾਈ ਕੀਤਾ ਜਾਣ ਵਾਲਾ ਮਿਡ-ਡੇ ਮੀਲ ਖਾਣ ਦੇ ਬਾਅਦ ਲਗਭਗ 2 ਦਰਜਨ ਬੱਚਿਆਂ ਨੂੰ ਪੇਟ ਦਰਦ ਅਤੇ ਉਲਟੀਆਂ ਸ਼ੁਰੂ ਹੋਣ ਨਾਲ ਹੰਗਾਮਾ ਮੱਚ ਗਿਆ। ਇੱਥੇ ਬੱਚਿਆਂ ਨੂੰ ਪਰੋਸੇ ਗਏ ਭੋਜਨ ਦੇ ਬਰਤਨ ’ਚ ਇਕ ਮਰੀ ਹੋਈ ਕਿਰਲੀ ਮਿਲੀ।

ਹਾਲਾਂਕਿ ਬੱਚਿਆਂ ਨੂੰ ਪਰੋਸਣ ਤੋਂ ਪਹਿਲਾਂ ਭੋਜਨ ਨੂੰ ਇਕ ਅਧਿਆਪਕ ਸਮੇਤ 2 ਬਾਲਗਾਂ ਵਲੋਂ ਖਾ ਕੇ ਜਾਂਚਣਾ ਅਤੇ ਕੱਚੇ ਸਾਮਾਨ ਅਤੇ ਬਰਤਨਾਂ ਆਦਿ ਦੀ ਸ਼ੁੱਧਤਾ ਦੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ, ਪਰ ਜ਼ਿਆਦਾਤਰ ਮਾਮਲਿਆਂ ’ਚ ਅਜਿਹਾ ਨਹੀਂ ਕੀਤਾ ਜਾਂਦਾ। ਇਸੇ ਕਾਰਨ ‘ਮਿਡ-ਡੇ ਮੀਲ’ ਖਾ ਕੇ ਵੱਡੀ ਗਿਣਤੀ ’ਚ ਬੱਚਿਆਂ ਦੇ ਬੀਮਾਰ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।

ਇੰਨਾ ਹੀ ਨਹੀਂ, ਪਕਾਉਣ ਦੌਰਾਨ ਵਰਤੀ ਜਾਣ ਵਾਲੀ ਲਾਪਰਵਾਹੀ ਕਾਰਨ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ, ਇਸ ਲਈ ਅਜਿਹੀ ਲਾਪਰਵਾਹੀ ਲਈ ਜ਼ਿੰਮੇਵਾਰ ਸਟਾਫ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਨੌਨਿਹਾਲਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ।

-ਵਿਜੇ ਕੁਮਾਰ


author

Harpreet SIngh

Content Editor

Related News