ਹੁਣ ਮਿਲੇਗਾ ਬੇਲੋੜੀਆਂ ਮੋਬਾਈਲ ਕਾਲਾਂ ਤੋਂ ਛੁਟਕਾਰਾ

02/26/2024 3:46:46 AM

ਮੋਬਾਈਲ ਫੋਨਾਂ ’ਤੇ ਬੇਲੋੜੀਆਂ ਕਾਲਾਂ ’ਤੇ ਰੋਕ ਲਾਉਣ ਲਈ ਇਕ ਹੋਰ ਕਦਮ ਦੇ ਰੂਪ ’ਚ ‘ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ’ (ਟ੍ਰਾਈ) ਨੇ 23 ਫਰਵਰੀ ਨੂੰ ਸਾਰੇ ਨੈੱਟਵਰਕ ਆਪ੍ਰੇਟਰਾਂ ਨੂੰ ਮੋਬਾਈਲ ਫੋਨ ’ਤੇ ‘ਕਾਲਿੰਗ ਨੇਮ ਡਿਸਪਲੇਅ’ (ਸੀ.ਐੱਨ.ਏ.ਪੀ.) ਸੇਵਾ ਲਾਗੂ ਕਰਨ ਦੀ ਸਿਫਾਰਿਸ਼ ਕਰਦਿਆਂ ਕਿਹਾ ਹੈ ਜੋ ਸਾਰੇ ਸਮਾਰਟਫੋਨ ਨਿਰਮਾਤਾਵਾਂ ਲਈ ਇਕ ਨਿਰਧਾਰਿਤ ਸਮੇਂ ਦੇ ਅੰਦਰ ਇਸ ਸਹੂਲਤ ਨੂੰ ਸਮਰੱਥ ਬਣਾਉਣ ਲਈ ਪਾਬੰਦਕਾਰੀ ਹੋਣੀ ਚਾਹੀਦੀ ਹੈ।

ਇਸ ਦੇ ਤਹਿਤ ਸਰਕਾਰ ਨੂੰ ਢੁੱਕਵੀਂ ਕੱਟ ਆਫ ਮਿਤੀ ਜਿਵੇਂ ਕਿ 6 ਮਹੀਨਿਆਂ ਬਾਅਦ ਭਾਰਤ ’ਚ ਵੇਚੇ ਜਾਣ ਵਾਲੇ ਸਾਰੇ ਮੋਬਾਈਲ ਫੋਨ ਯੰਤਰਾਂ ’ਚ ਇਹ ਸਹੂਲਤ ਮੁਹੱਈਆ ਕਰਨ ਲਈ ਉਚਿਤ ਨਿਰਦੇਸ਼ ਜਾਰੀ ਕਰਨਾ ਚਾਹੀਦਾ ਹੈ। ਸੀ.ਐੱਨ.ਏ.ਪੀ. ਸਹੂਲਤ ਚਾਲੂ ਹੋਣ ’ਤੇ ਗਾਹਕ ਆਪਣੇ ਫੋਨ ਦੀ ਸਕ੍ਰੀਨ ’ਤੇ ਕਾਲਰ ਦਾ ਨਾਂ ਦੇਖ ਸਕੇਗਾ। ਇਸ ਵਿਚ ਸਾਰੀ ਕਿਸਮ ਦੀਆਂ ਕਾਲਾਂ ਸ਼ਾਮਲ ਹਨ, ਭਾਵੇਂ ਉਹ ਆਮ ਵਾਇਸ ਕਾਲ ਹੋਵੇ, ਵ੍ਹਟਸਐਪ, ਫੇਸਟਾਈਮ ਜਾਂ ਕੋਈ ਹੋਰ ਓ.ਟੀ.ਟੀ. ਕਾਲ ਹੋਵੇ।

ਇਕ ਰਿਪੋਰਟ ਦੇ ਅਨੁਸਾਰ ਦੇਸ਼ ਦੇ 60 ਫੀਸਦੀ ਮੋਬਾਈਲ ਫੋਨ ਧਾਰਕਾਂ ਨੂੰ ਰੋਜ਼ਾਨਾ ਘੱਟੋ-ਘੱਟ ਤਿੰਨ ਅਣਚਾਹੀਆਂ ਕਾਲਾਂ ਆਉਂਦੀਆਂ ਹਨ। ਇਸ ’ਤੇ ਰੋਕ ਲਗਾਉਣ ਦੇ ਇਕ ਹੋਰ ਯਤਨ ਦੇ ਰੂਪ ’ਚ ‘ਟ੍ਰਾਈ’ ਨੇ ਆਪਣੀ ਸਿਫਾਰਿਸ਼ ’ਚ ਕਿਹਾ ਕਿ ਸੀ.ਐੱਨ.ਏ.ਪੀ. ਸੇਵਾ ਦੇ ਅਧੀਨ ਮੋਬਾਈਲ ਫੋਨ ਦੀ ਸਕ੍ਰੀਨ ’ਤੇ ਕਾਲ ਕਰਨ ਵਾਲੇ ਦਾ ਨਾਂ ਪ੍ਰਦਰਸ਼ਿਤ ਕਰਨ ਦੀ ਵਿਵਸਥਾ ਸ਼ੁਰੂ ਕੀਤੀ ਜਾਵੇ।

ਮੋਬਾਈਲ ਫੋਨ ਕੁਨੈਕਸ਼ਨ ਲੈਂਦੇ ਸਮੇਂ ਭਰੇ ਜਾਣ ਵਾਲੇ ਗਾਹਕ ਅਰਜ਼ੀ ਪੱਤਰ (ਸੀ.ਏ.ਐੱਫ.) ’ਚ ਦਿੱਤੇ ਗਏ ਨਾਂ ਅਤੇ ਪਛਾਣ ਵੇਰਵੇ ਦੀ ਵਰਤੋਂ ਸੀ.ਐੱਨ.ਏ.ਪੀ. ਸੇਵਾ ਦੇ ਦੌਰਾਨ ਕੀਤੀ ਜਾ ਸਕਦੀ ਹੈ। ਹਾਲਾਂਕਿ ਦੇਸੀ ਸਮਾਰਟਫੋਨ ਟੂਲ ਅਤੇ ‘ਟਰੂਕਾਲਰ’ ਅਤੇ ‘ਭਾਰਤ ਕਾਲਰ’ ਵਰਗੇ ਐਪ ਵੀ ਕਾਲ ਕਰਨ ਵਾਲੇ ਦੇ ਨਾਂ ਦੀ ਪਛਾਣ ਅਤੇ ਸਪੈਮ ਪਛਾਣ ਦੀਆਂ ਸਹੂਲਤਾਂ ਦਿੰਦੇ ਹਨ ਪਰ ਇਹ ਸਹੂਲਤਾਂ ਲੋਕਾਂ ਤੋਂ ਹਾਸਲ ਕੀਤੇ ਗਏ ਅੰਕੜਿਆਂ ’ਤੇ ਆਧਾਰਿਤ ਹਨ ਜੋ ਹਮੇਸ਼ਾ ਭਰੋਸੇਯੋਗ ਨਹੀਂ ਹੁੰਦੀਆਂ।

ਟ੍ਰਾਈ ਨੇ ਨਵੰਬਰ 2022 ’ਚ ਇਸ ਸਬੰਧ ’ਚ ਹਿੱਤਧਾਰਕਾਂ, ਜਨਤਾ ਅਤੇ ਉਦਯੋਗ ਦੀਆਂ ਟਿੱਪਣੀਆਂ ਮੰਗੀਆਂ ਸਨ ਅਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਵੀ ਕਿਹਾ ਸੀ ਕਿ ਕਾਲ ਰਿਸੀਵ ਕਰਨ ਵਾਲੇ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕੌਣ ਕਾਲ ਕਰ ਰਿਹਾ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ’ਤੇ ਖਪਤਕਾਰਾਂ ਨੂੰ ਅਕਸਰ ਆਉਣ ਵਾਲੀਆਂ ਬੇਲੋੜੀਆਂ ਕਾਲਾਂ ਤੋਂ ਛੁਟਕਾਰਾ ਪਾਉਣ ’ਚ ਕਾਫੀ ਮਦਦ ਮਿਲੇਗੀ।

-ਵਿਜੇ ਕੁਮਾਰ


Harpreet SIngh

Content Editor

Related News