ਖੁਰਾਕ ਸੁਰੱਖਿਆ ਅਤੇ ਕਿਸਾਨ ਭਲਾਈ-ਮੋਦੀ ਦੀ ਗਾਰੰਟੀ
Saturday, Feb 24, 2024 - 02:26 PM (IST)
ਅਜਿਹੇ ਸਮੇਂ ਵਿਚ ਜਦੋਂ ਯੁੱਧ, ਮੌਸਮ ਅਤੇ ਅਸਥਿਰਤਾ ਦੇ ਚਲਦੇ ਪੈਦਾ ਹੋਈ ਬਾਜ਼ਾਰ ਦੀ ਨਾਜ਼ੁਕ ਸਥਿਤੀ ਦੀ ਵਜ੍ਹਾ ਨਾਲ ਗਲੋਬਲ ਫੂਡ ਸਪਲਾਈ ਦਬਾਅ ਵਿਚ ਹੈ, ਉਪਭੋਗਤਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਦ੍ਰਿਸ਼ਟੀ ਨਾਲ ਭਾਰਤ ਵਿਚ ਸਥਿਤੀਆਂ ਉਮੀਦ ਤੋਂ ਬਿਹਤਰ ਹਨ।
ਵੀਰਵਾਰ ਨੂੰ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੈਬਨਿਟ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ 8 ਪ੍ਰਤੀਸ਼ਤ ਵਧਾ ਦਿੱਤਾ ਹੈ। ਗੰਨਾ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਵਿਸ਼ਵ ਵਿਚ ਗੰਨੇ ਦਾ ਸਭ ਤੋਂ ਵੱਧ ਮੁੱਲ ਮਿਲ ਰਿਹਾ ਹੈ, ਜਦਕਿ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਭਾਰਤੀ ਉਪਭੋਗਤਾਵਾਂ ਨੂੰ ਵਿਸ਼ਵ ਵਿਚ ਸਭ ਤੋਂ ਸਸਤੀ ਖੰਡ ਉਪਲੱਬਧ ਹੋਵੇ।
ਇਸ ਪ੍ਰਕਾਰ ਦੀਆਂ ਪਹਿਲਾਂ ਦੀ ਇਕ ਲੜੀ ਹੈ, ਜੋ ਕਿਸਾਨ ਭਲਾਈ ਨੂੰ ਉਪਭੋਗਤਾ ਹਿੱਤਾਂ ਦੇ ਨਾਲ ਜੋੜਦੀਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਨਾਗਰਿਕ ਨੂੰ ਪੌਸ਼ਟਿਕ ਭੋਜਨ ਉਪਲੱਬਧ ਕਰਵਾਉਣ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, 29 ਰੁਪਏ ਪ੍ਰਤੀ ਕਿੱਲੋ ਦੀ ਦਰ ’ਤੇ ‘ਭਾਰਤ ਰਾਈਸ’ ਦੀ ਸ਼ੁਰੂਆਤ ਕਰ ਕੇ ਇਕ ਵਾਰ ਫਿਰ ਦੇਸ਼ ਦੇ ਨਾਗਰਿਕਾਂ ਨੂੰ ਕਿਫਾਇਤੀ ਦਰਾਂ ’ਤੇ ਖੁਰਾਕ ਦੀ ਸਪਲਾਈ ਸੁਨਿਸ਼ਚਿਤ ਕੀਤੀ ਹੈ।
ਇਸ ਦੇ ਲਈ ਅਸੀਂ ਸਖ਼ਤ ਮਿਹਨਤ ਕਰਨ ਵਾਲੇ ਸਾਡੇ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ, ਜੋ ਜ਼ਿਆਦਾਤਰ ਖੇਤੀਬਾੜੀ ਵਸਤੂਆਂ ਦਾ ਲੋੜੀਂਦਾ ਉਤਪਾਦਨ ਕਰ ਕੇ ਦੇਸ਼ ਨੂੰ ਆਤਮਨਿਰਭਰ ਬਣਾ ਰਹੇ ਹਨ। ਸਰਕਾਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀ. ਐੱਮ. ਜੀ. ਕੇ. ਏ. ਵਾਈ.) ਤਹਿਤ 80 ਕਰੋੜ ਲੋਕਾਂ ਨੂੰ ਮੁਫ਼ਤ ਖੁਰਾਕ ਉਪਲੱਬਧ ਕਰਵਾ ਰਹੀ ਹੈ। ਇਸ ਦੇ ਇਲਾਵਾ ਬਾਕੀ ਅਾਬਾਦੀ ਲਈ ਵੀ ਖੁਰਾਕ ਉਤਪਾਦਾਂ ਦੀ ਬਹੁਤ ਹੀ ਉਚਿਤ ਕੀਮਤ ਤੈਅ ਕੀਤੀ ਗਈ ਹੈ।
ਭਾਰਤ ਰਾਈਸ, ਆਟਾ, ਦਾਲ-ਮੋਦੀ ਸਰਕਾਰ ਨੇ ਜ਼ਰੂਰੀ ਖੁਰਾਕ ਵਸਤੂਆਂ ਦੀ ਕੀਮਤ ਵਿਚ ਅਸਾਧਾਰਨ ਵਾਧੇ ਨਾਲ ਨਜਿੱਠਣ ਲਈ ਹਮੇਸ਼ਾ ਤੇਜ਼ੀ ਨਾਲ ਕੰਮ ਕੀਤਾ ਹੈ। ਪਿਛਲੇ ਵਰ੍ਹੇ, ਸਰਕਾਰ ਨੇ 60 ਰੁਪਏ ਪ੍ਰਤੀ ਕਿੱਲੋ ਦੀ ਵੱਧ ਤੋਂ ਵੱਧ ਸਬਸਿਡੀ ਦਰ ’ਤੇ ‘ਭਾਰਤ ਦਾਲ’ ਅਤੇ 27.50 ਰੁਪਏ ਪ੍ਰਤੀ ਕਿੱਲੋ ਦੀ ਘੱਟ ਕੀਮਤ ’ਤੇ ‘ਭਾਰਤ ਆਟਾ’ ਲਾਂਚ ਕੀਤਾ ਸੀ। ਇਸੇ ਪ੍ਰਕਾਰ ਕੇਂਦਰੀ ਏਜੰਸੀਆਂ ਸਸਤਾ ਪਿਆਜ਼ ਵੇਚਦੀਆਂ ਹਨ। ਇਨ੍ਹਾਂ ਨੇ ਉਸ ਸਮੇਂ ਵੀ ਟਮਾਟਰ ਦੀ ਸਪਲਾਈ ਕੀਤੀ, ਜਦੋਂ ਇਸ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਸਨ, ਕੇਂਦਰ ਸਰਕਾਰ ਨੇ ਕੀਮਤਾਂ ਵਿਚ ਇਸ ਅੰਤਰ ਦਾ ਭਾਰੀ ਬੋਝ ਉਠਾਇਆ। ‘ਭਾਰਤ’ ਖੁਰਾਕ ਪਦਾਰਥਾਂ ਦੀ ਵਿਕਰੀ ਤੇਜ਼ੀ ਨਾਲ ਵਧੀ ਹੈ ਅਤੇ ਇਹ ਪਦਾਰਥ 18,000 ਤੋਂ ਵੱਧ ਦੁਕਾਨਾਂ ’ਤੇ ਉਪਲੱਬਧ ਹਨ।
ਬੇਮਿਸਾਲ ਤੇਜ਼ੀ-ਇਸ ਤੋਂ ਪਹਿਲਾਂ ਕਦੇ ਵੀ ਕੇਂਦਰ ਸਰਕਾਰ ਨੇ ਖੁਦਰਾ ਬਾਜ਼ਾਰ ਵਿਚ ਖੁਰਾਕ ਜਾਂ ਦਾਲਾਂ ਨਹੀਂ ਵੇਚੀਆਂ। ਇਨ੍ਹਾਂ ਦੀ ਕੀਮਤ ’ਤੇ ਕੰਟ੍ਰੋਲ ਲਈ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਨਿਰਣਾਇਕ ਕਦਮ ਉਠਾਉਂਦੇ ਰਹੇ ਹਨ। ਪਿਛਲੇ ਵਰ੍ਹੇ, ਜਿਵੇਂ ਹੀ ਬੇਮੌਸਮ ਦੇ ਮੀਂਹ ਨੇ ਟਮਾਟਰਾਂ ਦੀ ਸਪਲਾਈ ਵਿਚ ਰੁਕਾਵਟ ਪਾਈ ਤਾਂ ਸਰਕਾਰ ਤੁਰੰਤ ਹਰਕਤ ਵਿਚ ਆਈ ਜਿਸ ਨਾਲ ਟਮਾਟਰਾਂ ਦੀਆਂ ਕੀਮਤਾਂ ਵਿਚ ਵਾਧੇ ’ਤੇ ਰੋਕ ਲੱਗੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਚੰਗੀ ਗੁਣਵੱਤਾ ਵਾਲੀ ਦਾਲ, ਚਾਵਲ ਅਤੇ ਆਟੇ ਦੀ ਸਪਲਾਈ ਕਿਫਾਇਤੀ ਕੀਮਤਾਂ ’ਤੇ ਕੀਤੀ ਜਾਵੇ। ਇਹ ਉਪਾਅ ਸਮਾਜ ਦੇ ਹਰ ਵਰਗ ਦੀ ਮਦਦ ਲਈ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੇ ਗਏ ਹਨ।
ਇਸ ਸਰਕਾਰ ਦੀ ਇਕ ਹੋਰ ਬੇਮਿਸਾਲ ਕਾਰਵਾਈ ਤੇਜ਼ ਬਾਜ਼ਾਰ ਉਪਾਵਾਂ ਲਈ ਖੇਤੀਬਾੜੀ-ਬਾਗਬਾਨੀ ਵਸਤੂਆਂ ਦਾ ਬਫਰ ਸਟਾਕ ਬਣਾਉਣ ਲਈ ਇਕ ਸਮਰਪਿਤ ਮੁੱਲ ਸਥਿਰੀਕਰਨ ਫੰਡ ਬਣਾਇਆ ਗਿਆ। ਸਰਕਾਰ ਨੇ 27,489 ਕਰੋੜ ਰੁਪਏ ਦੀ ਸੰਚੀ ਬਜਟੀ ਸਹਾਇਤਾ ਨਾਲ ਪ੍ਰਮੁੱਖ ਦਾਲਾਂ ਅਤੇ ਪਿਆਜ਼ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਵੀ ਇਤਿਹਾਸਿਕ ਪਹਿਲ ਕੀਤੀ ਹੈ।
ਸਰਕਾਰ ਨੇ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਮ੍ਹਾਂਖੋਰੀ ਜਾਂ ਬਾਜ਼ਾਰ ਵਿਚ ਹੇਰਾਫੇਰੀ ਕਰਨ ਦੀ ਕੋਈ ਵੀ ਕੋਸ਼ਿਸ਼ ਭਾਰੀ ਪਵੇਗੀ। ਹਾਲਾਂਕਿ, ਕੁਝ ਮਹੀਨਿਆਂ ਵਿਚ ਹੀ ਕਣਕ ਦਾ ਰਿਕਾਰਡ ਫਸਲ ਹੋਣ ਦਾ ਅਨੁਮਾਨ ਹੈ ਪਰ ਸਰਕਾਰ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੁੰਦੀ ਹੈ। ਸਰਕਾਰ ਨੇ ਕਣਕ ’ਤੇ ਸਟਾਕ ਸੀਮਾ ਲਾਗੂ ਕਰ ਦਿੱਤੀ ਹੈ ਅਤੇ ਬਾਜ਼ਾਰ ਵਿਚ ਕਣਕ ਦੀ ਸਪਲਾਈ ਵਧਾਉਣ ਲਈ ਵੀ ਤਿਆਰ ਹੈ।
ਰੋਜ਼ਾਨਾ 22 ਜ਼ਰੂਰੀ ਖੁਰਾਕ ਵਸਤੂਆਂ ਦੇ ਖੁਦਰਾ ਅਤੇ ਥੋਕ ਕੀਮਤਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 550 ਮੁੱਲ-ਨਿਗਰਾਨੀ ਕੇਂਦਰਾਂ ਤੋਂ ਪ੍ਰਾਪਤ ਇਨਪੁਟ ਦੇ ਨਾਲ, ਮੁੱਲ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਕਿ ਕੀਮਤਾਂ ਨੂੰ ਘੱਟ ਕਰਨ ਲਈ ਬਫਰ ਸਟਾਕ ਜਾਰੀ ਕਰਨ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਸਟਾਕ ਸੀਮਾ ਲਗਾਉਣ ਬਾਰੇ ਉਚਿਤ ਫ਼ੈਸਲੇ ਲਏ ਜਾ ਸਕਣ।
ਸਸਤੀ ਖੰਡ, ਖੁਸ਼ਹਾਲ ਕਿਸਾਨ-ਨਵੇਂ ਗੰਨਾ-ਪਿੜਾਈ ਸੀਜ਼ਨ ਦੀ ਸ਼ੁਰੂਆਤ ਦੇ ਬਾਅਦ ਖੰਡ ਦੀਆਂ ਏਕਸ-ਮਿੱਲ ਕੀਮਤਾਂ ਵਿਚ 3.5 ਤੋਂ 4 ਪ੍ਰਤੀਸ਼ਤ ਦੀ ਗਿਰਾਵਟ ਆਈ, ਜਦਕਿ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਕਿਸਾਨਾਂ ਦੀ ਆਮਦਨ ਚੰਗੀ ਹੋਵੇ ਅਤੇ ਉਨ੍ਹਾਂ ਦਾ ਸਮੇਂ ’ਤੇ ਭੁਗਤਾਨ ਹੋਵੇ। ਈਥਾਨੌਲ-ਬਲੈਂਡਿੰਗ ਪ੍ਰੋਗਰਾਮ ਨੇ ਉਦਯੋਗ ਦੀ ਵਿਵਹਾਰਤਾ ਨੂੰ ਹੁਲਾਰਾ ਦਿੱਤਾ ਹੈ ਜਿਸ ਨਾਲ ਮਿੱਲ ਮਾਲਕਾਂ ਨੂੰ 2022-23 ਵਿਚ ਲਗਭਗ 99.5 ਪ੍ਰਤੀਸ਼ਤ ਗੰਨਾ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਵਿਚ ਮਦਦ ਮਿਲੀ ਹੈ। ਇਹ ਹੁਣ ਤੱਕ ਦਾ ਸਭ ਤੋਂ ਘੱਟ ਪੈਂਡਿੰਗ ਬਕਾਇਆ ਹੈ, ਜੋ ਕਿਸਾਨ ਭਲਾਈ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਫੋਕਸ ਨੂੰ ਦਰਸਾਉਂਦਾ ਹੈ।
ਆਯਾਤ ਫੀਸਾਂ ਵਿਚ ਬਦਲਾਅ ਸਹਿਤ ਉਠਾਏ ਗਏ ਸਰਗਰਮ ਕਦਮਾਂ ਦੇ ਬਾਅਦ ਖਾਣਾ ਪਕਾਉਣ ਦੇ ਤੇਲ ਦੀਆਂ ਕੀਮਤਾਂ ਦੋ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ। ਪਿਛਲੇ ਸਾਲ ਸਰ੍ਹੋਂ ਦੇ ਤੇਲ ਦੇ ਖੁਦਰਾ ਮੁੱਲ 18.3 ਪ੍ਰਤੀਸ਼ਤ, ਸੋਇਆਬੀਨ ਤੇਲ 17.1 ਪ੍ਰਤੀਸ਼ਤ, ਸੂਰਜਮੁਖੀ ਤੇਲ 23.8 ਪ੍ਰਤੀਸ਼ਤ ਅਤੇ ਆਰ. ਬੀ. ਡੀ. ਪਾਮੋਲੀਨ 12 ਪ੍ਰਤੀਸ਼ਤ ਘੱਟ ਹੋਏ ਹਨ। ਸਰਕਾਰ ਕਣਕ ਦੇ ਮੁੱਲ ’ਤੇ ਕੰਟ੍ਰੋਲ ਲਈ ਵੀ ਪ੍ਰਭਾਵੀ ਕਦਮ ਉਠਾ ਰਹੀ ਹੈ। ਖੁਦਰਾ ਅਤੇ ਥੋਕ ਬਾਜ਼ਾਰਾਂ ਵਿਚ ਕਣਕ ਤੇ ਆਟੇ ਦੇ ਅਖਿਲ ਭਾਰਤੀ ਔਸਤ ਮੁੱਲ ਗਿਰਾਵਟ ਦਾ ਰੁਝਾਨ ਦਰਸਾ ਰਹੇ ਹਨ।
ਸਰਕਾਰ ਨੇ ਲੋੜੀਂਦੀ ਘਰੇਲੂ ਸਪਲਾਈ ਅਤੇ ਘੱਟ ਕੀਮਤਾਂ ਸੁਨਿਸ਼ਚਿਤ ਕਰਨ ਲਈ ਕਣਕ, ਚਾਵਲ ਅਤੇ ਖੰਡ ਦੇ ਨਿਰਯਾਤ ’ਤੇ ਪ੍ਰਤੀਬੰਧ ਲਗਾ ਦਿੱਤਾ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਕਿਸਾਨਾਂ ਨੂੰ ਲਾਭਕਾਰੀ ਮੁੱਲ ਮਿਲਣ। ਸਰਕਾਰ ਨੇ ਘਰੇਲੂ ਸਪਲਾਈ ਵਧਾਉਣ ਲਈ ਖੁੱਲ੍ਹੀ ਬਾਜ਼ਾਰ ਵਿਕਰੀ ਯੋਜਨਾ ਦੇ ਤਹਿਤ ਚਾਵਲ ਅਤੇ ਕਣਕ ਦੀ ਵਿਕਰੀ ਵਧਾਈ ਹੈ। ‘ਭਾਰਤ ਰਾਈਸ’ ਲਾਂਚ ਕੀਤੇ ਜਾਣ ਦੇ ਬਾਅਦ ਕੀਤੇ ਗਏ ਉਪਾਵਾਂ ਦੀ ਲੜੀ ਦੇ ਪਾਲਣ ਨਾਲ ਚਾਵਲ ਦੀਆਂ ਕੀਮਤਾਂ ਨੂੰ ਕੰਟ੍ਰੋਲ ਕਰਨ ਵਿਚ ਬਹੁਤ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਦੇ ਤੀਸਰੇ ਕਾਰਜਕਾਲ ਵਿਚ ਮੁਫਤ ਖੁਰਾਕ-ਮੁਫਤ ਖੁਰਾਕ ਯੋਜਨਾ ਨੇ ਦੇਸ਼ ਦੇ ਲੋਕਾਂ ਦੀ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਵਿਨਾਸ਼ਕਾਰੀ ਮਹਾਮਾਰੀ ਦਾ ਸਾਹਮਣਾ ਕਰਨ ਵਿਚ ਮਦਦ ਕੀਤੀ ਸੀ। ਮਹਾਮਾਰੀ ਦਾ ਸਮਾਂ ਬੀਤ ਗਿਆ ਹੈ ਪਰ ਪ੍ਰਧਾਨ ਮੰਤਰੀ ਦੀ ਹਮਦਰਦ ਅਗਵਾਈ ਸਦਕਾ ਉਦਾਰ ਕਲਿਆਣ ਯੋਜਨਾ ਜਾਰੀ ਹੈ। ਸਰਕਾਰ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਤੀਸਰੇ ਕਾਰਜਕਾਲ ਵਿਚ ਪੀ. ਐੱਮ. ਜੀ. ਕੇ. ਏ. ਵਾਈ. ਤਹਿਤ ਅਗਲੇ ਪੰਜ ਵਰ੍ਹਿਆਂ ਵਿਚ 11.80 ਲੱਖ ਕਰੋੜ ਰੁਪਏ ਦੀ ਭਾਰੀ ਭਰਕਮ ਰਾਸ਼ੀ ਦਾ ਵਾਅਦਾ ਕੀਤਾ ਹੈ। ਇਹ ਯੋਜਨਾ ਵਿੱਤੀ ਅਨੁਸ਼ਾਸਨ ਨਾਲ ਸਮਝੌਤਾ ਕੀਤੇ ਬਿਨਾਂ ਉਦਾਰ ਕਲਿਆਣਕਾਰੀ ਯੋਜਨਾਵਾਂ ਚਲਾਉਣ ਦੇ ਪ੍ਰਧਾਨ ਮੰਤਰੀ ਦੇ ਬੇਮਿਸਾਲ ਰਿਕਾਰਡ ਨੂੰ ਅੱਗੇ ਵਧਾਉਂਦੀ ਹੈ। ਇਸੇ ਪ੍ਰਕਾਰ, ਇਹ ਸਰਕਾਰ ਜ਼ਰੂਰੀ ਖੁਰਾਕ ਵਸਤੂਆਂ ਦੇ ਬਾਜ਼ਾਰ ਵਿਚ ਨੈਤਿਕਤਾ ਅਤੇ ਅਨੁਸ਼ਾਸਨ ਸੁਨਿਸ਼ਚਿਤ ਕਰਦੀ ਹੈ।
ਪਿਊਸ਼ ਗੋਇਲ (ਕੇਂਦਰੀ ਮੰਤਰੀ)