‘ਚੋਣਾਂ ਦੌਰਾਨ ਸਾਹਮਣੇ ਆਈਆਂ’ ‘ਚੰਦ ਦਿਲਚਸਪ ਗੱਲਾਂ’

06/06/2024 4:59:05 AM

18ਵੀਆਂ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਅਤੇ ਨਤੀਜਿਆਂ ਦੇ ਐਲਾਨ ਪਿੱਛੋਂ ‘ਰਾਜਗ’  ਅਤੇ ‘ਇੰਡੀਆ’ ਦੋਵਾਂ ਹੀ ਗੱਠਜੋੜਾਂ ਦੇ ਆਗੂ ਆਪਣੀ-ਆਪਣੀ ਸਰਕਾਰ ਬਣਾਉਣ ਦੇ ਜੋੜ-ਤੋੜ ’ਚ ਲੱਗੇ ਹੋਏ ਹਨ ਅਤੇ ਸਹੁੰ ਚੁੱਕ ਸਮਾਗਮ 8 ਜੂਨ ਨੂੰ ਸੰਭਾਵਿਤ ਹੈ। ਇਸ ਦਰਮਿਆਨ ਚੋਣਾਂ ਦੌਰਾਨ ਅਤੇ ਜਿੱਤ ਪਿੱਛੋਂ ਪੂਰੇ ਦੇਸ਼ ’ਚ ਜੋ ਦਿਲਚਸਪ ਗੱਲਾਂ ਹੋਈਆਂ, ਉਹ ਪਾਠਕਾਂ ਦੀ ਦਿਲਚਸਪੀ ਲਈ ਹੇਠਾਂ ਦਰਜ ਹਨ :
* ਇਕ ਤਾਂਤਰਿਕ ਅਨੁਸਾਰ ਕਈ ਉਮੀਦਵਾਰਾਂ ਨੇ ਚੋਣਾਂ ’ਚ ਜਿੱਤ ਲਈ ਰਸਮਾਂ ਕਰਵਾਈਆਂ ਹਨ, ਜਿਨ੍ਹਾਂ ਲਈ ਵੱਖ-ਵੱਖ ਜਾਨਵਰਾਂ ਦੇ ਅੰਗਾਂ ਦੀ ਕਾਫੀ ਮੰਗ ਰਹੀ।
ਹਿਮਾਚਲ ਦੇ ਚੰਬਾ ’ਚ ਵਣ ਵਿਭਾਗ ਨੇ ‘ਗਿੱਦੜ ਸਿੰਗੀ,’ ‘ਮਾਨੀਟਰ ਲਿਜ਼ਰਡ’ (ਇਕ ਤਰ੍ਹਾਂ ਦੀ ਕਿਰਲੀ) ਦੇ ‘ਪੰਜੇ’ ਅਤੇ 13 ਜਬਾੜੇ, ਸੱਪਾਂ ਦੀਆਂ ਖੋਪੜੀਆਂ, ਕੱਛੂਕੁੰਮੇ ਦਾ ਖੋਲ  ਆਦਿ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਪੰਜਾਬ ’ਚ ਚੋਣਾਂ ਤੋਂ ਪਹਿਲਾਂ ਤੰਤਰ-ਮੰਤਰ ਲਈ ਕੀਤੀ ਜਾਣੀ ਸੀ। 
* ਕੋਇੰਬਟੂਰ ’ਚ ਦ੍ਰਮੁਕ ਵਰਕਰਾਂ ਨੇ ਆਪਣੇ ਉਮੀਦਵਾਰ ‘ਗਣਪਤੀ ਪੀ. ਰਾਜਕੁਮਾਰ’   ਦੀ ਜਿੱਤ ਦਾ ਜਸ਼ਨ ਬੇਹੱਦ ਭੱਦੇ ਢੰਗ ਨਾਲ ਮਨਾਇਆ। ਉਨ੍ਹਾਂ ਨੇ ਤਮਿਲਨਾਡੂ ਪ੍ਰਦੇਸ਼ ਭਾਜਪਾ ਪ੍ਰਧਾਨ ‘ਕੇ.ਅੰਨਾਮਲਾਈ’ ਦੀ ਹਾਰ ਦਾ ਮਜ਼ਾਕ ਉਡਾਉਣ ਲਈ ਇਕ ਬੱਕਰੇ ਦੇ ਗਲ ’ਚ ‘ਅੰਨਾਮਲਾਈ’ ਦੀ ਤਸਵੀਰ ਪਾ ਕੇ ਜਲੂਸ ਕੱਢਿਆ ਅਤੇ ਇਸ ਦੌਰਾਨ ਬੱਕਰੇ ਨੂੰ ਤਸੀਹੇ ਵੀ ਦਿੱਤੇ।
* 1980 ’ਚ ਵਧੀਆਂ ਪਿਆਜ਼ ਦੀਆਂ ਕੀਮਤਾਂ ਨੇ ਕੇਂਦਰ ਦੀ ਜਨਤਾ ਸਰਕਾਰ ਨੂੰ ਡੇਗ ਦਿੱਤਾ ਸੀ ਅਤੇ 1977 ’ਚ ਬੁਰੀ ਤਰ੍ਹਾਂ ਹਾਰ ਕੇ ਸੱਤਾ ਤੋਂ ਬਾਹਰ ਹੋਈ ਇੰਦਰਾ ਗਾਂਧੀ ਨੂੰ ਸੱਤਾ ’ਚ ਪਰਤਣ ਦਾ ਮੌਕਾ ਮਿਲ ਗਿਆ ਸੀ। ਪਿਆਜ਼ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਹੀ 1998 ’ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਜਪਾ ਹਾਰ ਗਈ ਸੀ।
ਅਤੇ ਹੁਣ ਫਿਰ ਇਕ ਵਾਰ ਲੋਕ ਸਭਾ ਦੀਆਂ ਚੋਣਾਂ ’ਚ ਪਿਆਜ਼ ਨੇ ਮਹਾਰਾਸ਼ਟਰ ਦੇ ਚੋਣ ਨਤੀਜਿਆਂ ’ਤੇ ਅਸਰ ਪਾਇਆ ਹੈ। ਕੇਂਦਰ ਸਰਕਾਰ ਨੇ ਬੀਤੇ ਸਾਲ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਇਸ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਸੀ। ਇਸ ਨਾਲ ਕੀਮਤਾਂ ਤਾਂ ਕਾਬੂ ’ਚ ਰਹੀਆਂ ਪਰ ਪਿਆਜ਼ ਦੀ ਖੇਤੀ ਕਰਨ ਵਾਲੇ ਸੂਬੇ ਦੇ 18 ਜ਼ਿਲਿਆਂ ਦੇ ਕਿਸਾਨਾਂ ਦੀ ਨਾਰਾਜ਼ਗੀ ਕਾਰਨ ਇਨ੍ਹਾਂ ਚੋਣਾਂ ’ਚ ਭਾਜਪਾ ਅਤੇ ਸ਼ਿਵ ਸੈਨਾ (ਸ਼ਿੰਦੇ ਧੜਾ) ਨੂੰ ਨਾਸਿਕ, ਡਿੰਡੋਰੀ, ਧੁਲੇ ਵਰਗੀਆਂ ਅਹਿਮ ਸੀਟਾਂ ਤੋਂ ਹੱਥ ਧੋਣੇ ਪਏ।
* ਇਟਾਵਾ ਲੋਕ ਸਭਾ ਸੀਟ ’ਤੇ ਡਾ. ਰਾਮ ਸ਼ੰਕਰ ਕਥੇਰੀਆ (ਭਾਜਪਾ)  ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੋਣ ਕਾਰਨ  ਉਨ੍ਹਾਂ ਨੇ ਇਕ ਗੈਸਟ ਹਾਊਸ ’ਚ ਵੱਡੇ ਟੀ.ਵੀ. ’ਤੇ ਨਤੀਜੇ ਦਿਖਾਉਣ ਤੋਂ ਇਲਾਵਾ ਖਾਣ-ਪੀਣ ਦਾ ਸਾਮਾਨ ਅਤੇ ਮਠਿਆਈ ਆਦਿ ਤਿਆਰ ਕਰਨੀ ਸ਼ੁਰੂ ਕੀਤੀ ਹੋਈ ਸੀ ਪਰ ਵੋਟ ਗਿਣਤੀ ਅੱਗੇ ਵਧਣ ਦੇ ਨਾਲ-ਨਾਲ ਉੱਥੇ ਮੌਜੂਦ ਸਾਰੇ ਲੋਕਾਂ ਦੇ ਚਿਹਰਿਆਂ ਦਾ ਰੰਗ ਉੱਡਦਾ ਗਿਆ ਅਤੇ ਸਾਰੀ ਮਠਿਆਈ ਆਦਿ ਬਣੀ-ਬਣਾਈ ਰਹਿ ਗਈ। ਜਦ ਸਪਾ ਦੇ ‘ਜਤਿੰਦਰ ਕੁਮਾਰ ਦੋਹਾਰੇ’ ਨੂੰ ਜੇਤੂ ਐਲਾਨ ਦਿੱਤਾ ਗਿਆ।
* ਜਲੰਧਰ ’ਚ ਵੋਟਾਂ ਦੀ ਗਿਣਤੀ ਦੇ ਸਥਾਨ ’ਤੇ ਪਹੁੰਚੇ ਇਕ ਆਜ਼ਾਦ ਉਮੀਦਵਾਰ ਨੇ ਨਤੀਜਾ ਆਉਣ ਤੋਂ ਪਹਿਲਾਂ ਹੀ ਰੋਣਾ ਸ਼ੁਰੂ ਕਰ ਦਿੱਤਾ ਜਿਸ ’ਤੇ  ਉਸ ਦੇ  ਹਮਾਇਤੀਆਂ ਨੇ ਉਸ ਨੂੰ ਸੰਭਾਲਿਆ ਅਤੇ ਨੋਟਾਂ ਦਾ ਹਾਰ ਪਾ ਕੇ ਉਸ ਨੂੰ ਦਿਲਾਸਾ ਦਿੱਤਾ। 
* ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਦਾ ਮੁੱਦਾ ਭਾਜਪਾ ਦੇ ਚੋਣ  ਪ੍ਰਚਾਰ ਦਾ ਅਹਿਮ ਹਿੱਸਾ ਸੀ। ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪਿੱਛੋਂ ਭਾਜਪਾ ਨੂੰ ਆਸ ਸੀ ਕਿ ਇਸ ਦਾ ਲਾਭ ਉਸ ਨੂੰ ਪੂਰੇ ਦੇਸ਼ ’ਚ ਮਿਲੇਗਾ ਪਰ ਪਾਰਟੀ ਉਮੀਦਵਾਰ ਲੱਲੂ ਸਿੰਘ ਨੂੰ ‘ਅਯੁੱਧਿਆ ਸੀਟ’ ਦੇ ਨਾਂ ਨਾਲ ਮਸ਼ਹੂਰ ਫੈਜ਼ਾਬਾਦ ’ਚ ਸਪਾ ਦੇ ਅਵਧੇਸ਼ ਪ੍ਰਸਾਦ ਨੇ ਹਰਾ ਦਿੱਤਾ। ਰਾਜਦ ਆਗੂ ਤੇਜਸਵੀ ਯਾਦਵ ਨੇ ਇਸ ’ਤੇ ਕਿਹਾ ਕਿ , ‘‘ਭਗਵਾਨ ਰਾਮ ਦਾ ਆਸ਼ੀਰਵਾਦ ‘ਇੰਡੀਆ ਗੱਠਜੋੜ’ ਨੂੰ ਮਿਲਿਆ ਹੈ।’’ 
* ਅੰਮ੍ਰਿਤਸਰ ਸੀਟ ’ਤੇ ਚੋਣ ਲੜਨ ਵਾਲੇ 30 ਉਮੀਦਵਾਰਾਂ ’ਚੋਂ 7 ਆਜ਼ਾਦ ਉਮੀਦਵਾਰ ਤਾਂ 1000 ਵੋਟ ਵੀ ਹਾਸਲ ਨਹੀਂ ਕਰ ਸਕੇ। ਇਨ੍ਹਾਂ ’ਚੋਂ ਦਿਲਬਾਗ ਸਿੰਘ ਨੂੰ ਸਭ ਤੋਂ ਘੱਟ 391 ਵੋਟਾਂ ਮਿਲੀਆਂ। ਉਸ ਪਿੱਛੋਂ ਨੀਲਮ (409), ਪ੍ਰਿਥਵੀ ਪਾਲ (434), ਗਗਨਦੀਪ (610), ਰਮੇਸ਼ ਕੁਮਾਰ (652), ਗੁਰਪ੍ਰੀਤ ਸਿੰਘ ਰਤਨ (738), ਬਲਵਿੰਦਰ ਸਿੰਘ (857) ਅਤੇ ਰਜਿੰਦਰ ਕੁਮਾਰ ਸ਼ਰਮਾ (900) ਦਾ ਸਥਾਨ ਰਿਹਾ।
* ਦਿੱਲੀ ਦੀਆਂ 7 ਸੀਟਾਂ ’ਤੇ ਚੋਣ ਲੜਨ ਵਾਲੇ 162 ਉਮੀਦਵਾਰਾਂ ’ਚੋਂ 148 (91 ਫੀਸਦੀ) ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਚਾਂਦਨੀ ਚੌਕ ਸੰਸਦੀ ਖੇਤਰ ਤੋਂ 23, ਨਵੀਂ ਦਿੱਲੀ ਤੋਂ 15, ਦੱਖਣੀ ਦਿੱਲੀ ਤੋਂ 20, ਪੱਛਮੀ ਦਿੱਲੀ ਤੋਂ 22, ਉੱਤਰ-ਪੂਰਬੀ ਦਿੱਲੀ ਤੋਂ 26, ਪੂਰਬੀ ਦਿੱਲੀ ਤੋਂ 18 ਅਤੇ ਉੱਤਰ-ਪੱਛਮੀ ਦਿੱਲੀ ਤੋਂ 24 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ।
* ਅਮੇਠੀ ’ਚ  ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (ਭਾਜਪਾ) ਨੂੰ ਹਰਾ ਕੇ ਇਤਿਹਾਸ ਰਚਨ ਵਾਲੇ ਕਿਸ਼ੋਰੀ ਲਾਲ ਸ਼ਰਮਾ (ਕਾਂਗਰਸ) ਦੇ ਰਿਸ਼ਤੇਦਾਰਾਂ ਨੇ ਪੰਜਾਬ  ਦੇ ਮਾਲੇਰਕੋਟਲਾ ’ਚ ਉਨ੍ਹਾਂ ਦੀ ਜਿੱਤ ਦਾ ਜਸ਼ਨ ਉਸ ਬੇਕਰੀ ਸਾਹਮਣੇ ਮਨਾਇਆ, ਜਿੱਥੇ ਉਹ ਬਚਪਨ ’ਚ ਸਕੂਲ ’ਚੋਂ ਛੁੱਟੀ ਪਿੱਛੋਂ ਆਪਣੇ ਪਿਤਾ ਦੇ ਕੰਮ ’ਚ ਹੱਥ ਵਟਾਇਆ ਕਰਦੇ ਸਨ।
ਅਸੀਂ ਆਸ ਕਰਦੇ ਹਾਂ ਕਿ ਜਿੱਥੇ ਉਕਤ ਵੇਰਵੇ ਨਾਲ ਸਾਡੇ ਪਾਠਕਾਂ ਦਾ ਕੁਝ ਮਨੋਰੰਜਨ ਹੋਇਆ ਹੋਵੇਗਾ, ਉੱਥੇ ਹੀ ਉਨ੍ਹਾਂ ਦੀ ਜਾਣਕਾਰੀ ’ਚ ਜ਼ਿਆਦਾ ਨਹੀਂ ਤਾਂ ਕੁਝ ਵਾਧਾ ਜ਼ਰੂਰ ਹੋਇਆ ਹੋਵੇਗਾ।    

-ਵਿਜੇ ਕੁਮਾਰ
 


Inder Prajapati

Content Editor

Related News