ਕਿਸਾਨ-ਸਰਕਾਰ : ਸ਼ੁੱਭ ਗੱਲਬਾਤ

01/01/2021 3:22:50 AM

ਡਾ. ਵੇਦਪ੍ਰਤਾਪ ਵੈਦਿਕ

ਜਿਵੇਂ ਕਿ ਮੈਨੂੰ ਆਸ ਸੀ, ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਥੋੜ੍ਹੀ ਅੱਗੇ ਜ਼ਰੂਰ ਵਧੀ ਹੈ। ਦੋਵੇਂ ਪਹਿਲਾਂ ਨਾਲੋਂ ਨਰਮ ਤਾਂ ਪਏ ਹਨ। ਇਸ ਮਾਮੂਲੀ ਸਫਲਤਾ ਲਈ ਜਿੰਨੇ ਕਿਸਾਨ ਨੇਤਾ ਵਧਾਈ ਦੇ ਪਾਤਰ ਹਨ, ਓਨੇ ਹੀ ਸ਼ਲਾਘਾ ਦੇ ਪਾਤਰ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਪਾਰ-ਉਦਯੋਗ ਮੰਤਰੀ ਪਿਊਸ਼ ਗੋਇਲ ਵੀ ਹਨ।

5 ਘੰਟਿਅਾਂ ਦੀ ਗੱਲਬਾਤ ਦੇ ਬਾਅਦ ਦੋ ਮੁੱਦਿਅਾਂ ’ਤੇ ਦੋਵਾਂ ਧਿਰਾਂ ਦੀ ਸਹਿਮਤੀ ਹੋਈ। ਸਰਕਾਰ ਨੇ ਮੰਨਿਆ ਕਿ ਹਵਾ-ਪ੍ਰਦੂਸ਼ਣ ਆਰਡੀਨੈਂਸ ਅਤੇ ਬਿਜਲੀ ਦੇ ਤਜਵੀਜ਼ਤ ਕਾਨੂੰਨ ’ਚ ਉਹ ਸੋਧ ਕਰ ਲਵੇਗੀ। ਹੁਣ ਕਿਸਾਨਾਂ ’ਤੇ ਉਹ ਕਾਨੂੰਨ ਲਾਗੂ ਨਹੀਂ ਹੋਵੇਗਾ ਜਿਸ ਦੇ ਤਹਿਤ ਪਰਾਲੀ ਸਾੜਨ ’ਤੇ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਜਾਂ 1 ਕਰੋੜ ਰੁਪਏ ਦਾ ਜੁਰਮਾਨਾ ਵੀ ਦੇਣਾ ਪੈ ਸਕਦਾ ਸੀ। ਇਸੇ ਤਰ੍ਹਾਂ ਬਿਜਲੀ ਦੇ ਬਿੱਲ ’ਚ ਮਿਲਣ ਵਾਲੀਅਾਂ ਰਿਆਇਤਾਂ ਵੀ ਕਿਸਾਨਾਂ ਨੂੰ ਮਿਲਦੀਅਾਂ ਰਹਿਣਗੀਅਾਂ।

ਇਨ੍ਹਾਂ ਦੋਵਾਂ ਰਿਆਇਤਾਂ ਨਾਲ 41 ਕਿਸਾਨ ਇੰਨੇ ਖੁਸ਼ ਸਨ ਕਿ ਉਨ੍ਹਾਂ ਨੇ ਮੰਤਰੀਅਾਂ ਨੂੰ ਆਪਣਾ ਲਿਆਂਦਾ ਹੋਇਆ ਭੋਜਨ ਛਕਾਇਆ ਅਤੇ ਬਾਅਦ ’ਚ ਉਨ੍ਹਾਂ ਨੇ ਮੰਤਰੀਅਾਂ ਦੀ ਚਾਹ ਵੀ ਪ੍ਰਵਾਨ ਕੀਤੀ। ਯਾਦ ਕਰੋ ਕਿ ਪਿਛਲੀਅਾਂ ਬੈਠਕਾਂ ’ਚ ਕਿਸਾਨਾਂ ਨੇ ਸਰਕਾਰੀ ਮਹਿਮਾਨਨਿਵਾਜ਼ੀ ਨੂੰ ਅਪ੍ਰਵਾਨ ਕਰ ਦਿੱਤਾ ਸੀ। ਹੁਣ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਕਿਸਾਨਾਂ ਦੀਅਾਂ 50 ਫੀਸਦੀ ਮੰਗਾਂ ਤਾਂ ਪ੍ਰਵਾਨ ਹੋ ਗਈਅਾਂ ਹਨ। ਇਹ ਆਸ਼ਾਵਾਦੀ ਬਿਆਨ ਕੁਝ ਕਿਸਾਨ ਨੇਤਾਵਾਂ ਨੂੰ ਪ੍ਰਵਾਨ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਤਾਂ ਛੋਟੇ-ਮੋਟੇ ਮਸਲੇ ਸਨ। ਅਸਲੀ ਮਾਮਲਾ ਤਾਂ ਇਹ ਹੈ ਕਿ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਹੋਣ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। ਕਿਸਾਨਾਂ ਦੀ ਇਸ ਬੇਨਤੀ ਨੂੰ ਮੰਤਰੀਅਾਂ ਨੇ ਰੱਦ ਨਹੀਂ ਕੀਤਾ ਹੈ। ਇਹ ਉਨ੍ਹਾਂ ਦੀ ਪਰਿਪੱਕਤਾ ਦਾ ਸੂਚਕ ਹੈ। ਉਹ ਗੱਲਬਾਤ ਦੀਅਾਂ ਖਿੜਕੀਅਾਂ ਖੁੱਲ੍ਹੀਅਾਂ ਰੱਖਣੀਅਾਂ ਚਾਹੁੰਦੇ ਹਨ।

ਉਹ ਇਨ੍ਹਾਂ ਸੁਝਾਵਾਂ ’ਤੇ ਗੌਰ ਕਰਨ ਲਈ ਇਕ ਸਾਂਝੀ ਕਮੇਟੀ ਬਣਾਉਣ ਲਈ ਵੀ ਤਿਆਰ ਹਨ। ਹੁਣ ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ 4 ਜਨਵਰੀ ਨੂੰ ਮੁੜ ਗੱਲਬਾਤ ਹੋਵੇਗੀ। ਇਸ ਗੱਲਬਾਤ ਦੀ ਭੂਮਿਕਾ ਵੀ ਚੰਗੇ ਢੰਗ ਨਾਲ ਤਿਆਰ ਹੋ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸਾਨਾਂ ਦੇ ਜ਼ਖਮਾਂ ’ਤੇ ਡੂੰਘੀ ਮਰਹਮ ਲਗਾ ਦਿੱਤੀ ਹੈ। ਉਨ੍ਹਾਂ ਨੇ ਭਾਰਤੀ ਕਿਸਾਨਾਂ ਨੂੰ ਵਿਦੇਸ਼ੀ ਏਜੰਟ, ਅੱਤਵਾਦੀ ਜਾਂ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਸਿੱਖ ਬਹਾਦੁਰਾਂ ਵਲੋਂ ਦੇਸ਼ ਦੀ ਰੱਖਿਆ ਲਈ ਕੀਤੀਅਾਂ ਜਾ ਰਹੀਅਾਂ ਕੁਰਬਾਨੀਅਾਂ ਨੂੰ ਵੀ ਯਾਦ ਕੀਤਾ।

ਕੋਰੋਨਾ ਦੇ ਸੰਕਟ ਕਾਲ ’ਚ ਖੇਤੀਬਾੜੀ ਉਤਪਾਦਨ ਦੀ ਸ੍ਰੇਸ਼ਠਤਾ ਦਾ ਵੀ ਵਿਖਿਆਨ ਉਨ੍ਹਾਂ ਨੇ ਕੀਤਾ ਪਰ ਇਹ ਦੁਖਦਾਈ ਹੀ ਹੈ ਕਿ ਕੁਝ ਵਿਘਨ ਪਾਉਣ ਵਾਲੇ ਕਿਸਾਨਾਂ ਨੇ ਲਗਭਗ 1600 ਮੋਬਾਇਲ ਟਾਵਰ ਤੋੜ ਦਿੱਤੇ ਹਨ। ਉਹ ਅੰਬਾਨੀ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਪਰ ਅਜਿਹਾ ਕਰ ਕੇ ਉਹ ਆਪਣੇ ਹੀ ਪੈਰਾਂ ’ਤੇ ਕੁਹਾੜੀ ਮਾਰ ਰਹੇ ਹਨ। ਭਾਰਤੀ ਕਿਸਾਨਾਂ ਦੇ ਸ਼ਾਨਦਾਰ ਅਤੇ ਅਹਿੰਸਕ ਸੱਤਿਆਗ੍ਰਹਿ ਨੂੰ ਉਹ ਕਲੰਕਿਤ ਕਰ ਰਹੇ ਹਨ।


Bharat Thapa

Content Editor

Related News