ਜਿਊਣ ਦਾ ਸਭ ਨੂੰ ਓਨਾ ਹੀ ਹੱਕ ਹੈ ਜਿੰਨਾ ਤੁਹਾਨੂੰ ਅਤੇ ਮੈਨੂੰ
Friday, Feb 21, 2025 - 05:21 PM (IST)

ਭਾਰਤੀ ਪੁਲਸ ਸੇਵਾ ਵਿਚ 36 ਸਾਲ ਬਿਤਾਉਣ ਅਤੇ ਫਿਰ ਉਸ ਤੋਂ ਬਾਅਦ ਰੋਮਾਨੀਆ ਵਿਚ ਸਾਡੇ ਦੇਸ਼ ਦੇ ਰਾਜਦੂਤ ਵਜੋਂ 4 ਸਾਲ ਬਿਤਾਉਣ ਪਿੱਛੋਂ, ਮੈਂ ਆਪਣੇ ਸ਼ਹਿਰ, ਮੁੰਬਈ ਵਾਪਸ ਆ ਗਿਆ, ਜਿੱਥੇ ਮੇਰਾ ਜਨਮ ਹੋਇਆ ਸੀ ਅਤੇ ਜਿੱਥੇ ਮੇਰੇ ਪਿਤਾ ਦੇ ਪੁਰਖੇ 19ਵੀਂ ਸਦੀ ਦੇ ਪਹਿਲੇ ਅੱਧ ਵਿਚ ਵਸ ਗਏ ਸਨ। ਮੈਂ ਆਪਣੀ ਪਤਨੀ ਦੀ ਇੱਛਾ ਨੂੰ ਸਵੀਕਾਰ ਕਰਨ ਅਤੇ ਸਾਡੇ ਸਥਾਈ ਘਰ ਵਿਚ ‘ਵਸਣ’ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਜਿਨ੍ਹਾਂ ਲਈ ਮੈਨੂੰ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਸੀ।
ਬੁਖਾਰੈਸਟ ਤੋਂ ਲਿਸਬਨ ਹੁੰਦੇ ਹੋਏ ਲੰਬੇ ਸਫ਼ਰ ਪਿੱਛੋਂ ਜਹਾਜ਼ ਤੋਂ ਉਤਰਨ ਬਾਅਦ ਵੀ ਮੇਰਾ ਪਹਿਲਾ ਵਿਚਾਰ ਉਸ ਕਾਂਸਟੇਬਲ ਲਈ ਕੰਮ ਕਰਨ ਦਾ ਸੀ ਜੋ ਮੇਰੇ ਸਥਾਈ ਨਿਵਾਸ ਦੇ ਪਿੱਛੇ ਪੁਲਸ ਲਾਈਨ ਵਿਚ ਰਹਿੰਦਾ ਸੀ।
‘ਪੁਲਸ ਲਾਈਨ’ ਵਿਚ ਇਕ ਵਾਰ ਜਾਣ ’ਤੇ ਮੈਨੂੰ ਇਸ ਤੱਥ ਦਾ ਅਹਿਸਾਸ ਹੋਇਆ ਕਿ ਸ਼ਰਾਬ ਦੀ ਲਤ, ਪਤਨੀ ਦੀ ਕੁੱਟਮਾਰ ਅਤੇ ਬੱਚਿਆਂ ਦਾ ਬੇਕਾਬੂ ਹੋ ਕੇ ਭੱਜਣਾ-ਫਿਰਨਾ ਵਰਗੀਆਂ ਪੁਰਾਣੀਆਂ ਸਮੱਸਿਆਵਾਂ ਬੀਤੇ ਦੀ ਗੱਲ ਹੋ ਗਈਆਂ ਸਨ। ਕਾਂਸਟੇਬਲ ਬਹੁਤ ਪੜ੍ਹੇ-ਲਿਖੇ ਸਨ ਅਤੇ ਸਿਰਫ਼ ਗ੍ਰੈਜੂਏਟ ਹੀ ਭਰਤੀ ਕੀਤੇ ਜਾ ਸਕਦੇ ਸਨ। ਇਕ ਤਰ੍ਹਾਂ ਨਾਲ ਇਹ ਨਿੱਜੀ ਖੇਤਰ ਵਿਚ ਤਨਖਾਹ ਵਾਲੀਆਂ ਨੌਕਰੀਆਂ ਦੀ ਘਾਟ ਜਾਂ ਉਦਯੋਗਿਕ ਘਰਾਣਿਆਂ ਵਲੋਂ ਜੂਨੀਅਰ ਪੱਧਰ ’ਤੇ ਵੀ ਲੋੜੀਂਦੇ ਹੁਨਰਾਂ ਦੀ ਘਾਟ ਨੂੰ ਦਰਸਾਉਂਦਾ ਹੈ।
ਇਕ ਹੋਰ ਪ੍ਰਮੁੱਖ ਵਿਚਾਰ ਸੀ ਜਿਸ ਨੇ ਪੁਲਸ ਵਾਲਿਆਂ ਦੇ ਬੱਚਿਆਂ ਨੂੰ ਆਪਣੇ ਪਿਤਾ ਦਾ ਪੇਸ਼ਾ ਅਪਣਾਉਣ ਲਈ ਪ੍ਰੇਰਿਤ ਕੀਤਾ। ਇਹ ਵਿਚਾਰ ਉਨ੍ਹਾਂ ਆਦਮੀਆਂ ਨੂੰ ਭਰੋਸਾ ਦਿਵਾਉਣ ਦੀ ਲੋੜ ਬਾਰੇ ਸੀ ਜੋ ਸੇਵਾ ਤੋਂ ਸੇਵਾਮੁਕਤ ਹੋਣ ਵਾਲੇ ਸਨ।
ਜੇਕਰ ਪੁੱਤਰ, ਅਤੇ ਹੁਣ ਜਦੋਂ ਕਿ ਜ਼ਿਆਦਾ ਔਰਤਾਂ ਨੂੰ ਫੋਰਸ ਵਿਚ ਭਰਤੀ ਕੀਤਾ ਜਾ ਰਿਹਾ ਹੈ, ਧੀਆਂ ਮੁਕਾਬਲੇ ਤੋਂ ਬਚਣ ਵਿਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਪ੍ਰਚੱਲਿਤ ਨੀਤੀ ਅਨੁਸਾਰ ਨਵੇਂ ਭਰਤੀ ਹੋਣ ਵਾਲੇ ਨੂੰ ਜੱਦੀ ‘ਖੋਲ੍ਹੀ’ ਅਲਾਟ ਕੀਤੀ ਜਾਵੇਗੀ। ਇਸ ਦਾ ਮਤਲਬ ਇਹ ਹੋਵੇਗਾ ਕਿ ‘ਪਾਪਾ’ ਆਪਣੇ ਪਿੰਡ ਵਾਪਸ ਜਾਣ ਦੀ ਬਜਾਏ ਵੱਡੇ ਸ਼ਹਿਰ ਵਿਚ ਹੀ ਰਹਿਣਾ ਜਾਰੀ ਰੱਖਣਗੇ ਜਿੱਥੇ ਉਨ੍ਹਾਂ ਦੇ ਭਰਾ-ਭੈਣਾਂ ਅਤੇ ਉਨ੍ਹਾਂ ਦੇ ਪਰਿਵਾਰ ਪਹਿਲਾਂ ਹੀ ਵਸ ਚੁੱਕੇ ਸਨ।
ਸਾਰੀਆਂ ਔਰਤਾਂ ਨੌਕਰੀ ਨਹੀਂ ਕਰਦੀਆਂ ਪਰ ਜੋ ਹਨ ਉਨ੍ਹਾਂ ਨੇ ਆਪਣੇ ਜੀਵਨ ਪੱਧਰ ਅਤੇ ਪਰਿਵਾਰ ਦੇ ਸਮਾਜਿਕ ਦ੍ਰਿਸ਼ਟੀਕੋਣ ’ਤੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ। ਉਹ ਆਪਣੇ ਬੱਚਿਆਂ ਦੀ ਗਿਣਤੀ ਸੀਮਤ ਰੱਖਦੀਆਂ ਹਨ ਅਤੇ ਆਪਣੇ ਇਕਲੌਤੇ ਬੱਚੇ ਜਾਂ ਦੋ ਬੱਚਿਆਂ ਨੂੰ ‘ਅੰਗਰੇਜ਼ੀ ਮਾਧਿਅਮ’ ਸਕੂਲਾਂ ਵਿਚ ਭੇਜਦੀਆਂ ਹਨ। ਅਜਿਹੇ ਸਕੂਲਾਂ ਦੀ ਇੱਛਾ ਹੁੰਦੀ ਹੈ। ਇਕ ਸਮੇਂ ਲਗਭਗ ਇਕ ਦਹਾਕਾ ਪਹਿਲਾਂ ਮੈਨੂੰ ਕੁਝ ਉਤਸੁਕ ਮਾਪਿਆਂ ਨੇ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਆਪਣੇ ਅਦਾਰਿਆਂ ਵਿਚ ਪੁਲਸ ਦੇ ਬੱਚਿਆਂ ਨੂੰ ਦਾਖਲਾ ਦੇਣ ਲਈ ਬੇਨਤੀ ਕਰਨ ਲਈ ਕਿਹਾ ਸੀ। ਕਈ ਪ੍ਰਿੰਸੀਪਲਾਂ ਨੇ ਉਨ੍ਹਾਂ ਦੀ ਗੱਲ ਮੰਨ ਲਈ।
ਆਈ. ਪੀ. ਐੱਸ. ’ਚ ਮੇਰੇ ਸਾਥੀ, ਸ਼ਿਵਾਨੰਦਨ, ਜਦੋਂ ਠਾਣੇ ਪੁਲਸ ਕਮਿਸ਼ਨਰ ਵਜੋਂ ਤਾਇਨਾਤ ਸਨ ਤਾਂ ਉਨ੍ਹਾਂ ਨੇ ਉਸ ਸ਼ਹਿਰ ਦੇ ਪੁਲਸ ਮੁਲਾਜ਼ਮਾਂ ਦੇ ਬੱਚਿਆਂ ਦੀ ਦੇਖਭਾਲ ਲਈ ਪੁਲਸ ਲਾਈਨ ਵਿਚ ਇਕ ਸਕੂਲ ਖੋਲ੍ਹਿਆ ਸੀ। ਜਦੋਂ ਉਹ ਪੁਲਸ ਕਮਿਸ਼ਨਰ ਵਜੋਂ ਮੁੰਬਈ ਚਲੇ ਗਏ, ਮੈਂ ਉਨ੍ਹਾਂ ਨੂੰ ਇੱਥੇ ਵੀ ਉਹੀ ਕੰਮ ਦੁਹਰਾਉਣ ਦੀ ਬੇਨਤੀ ਕੀਤੀ।
ਇਸ ਸਾਲ 1 ਜਨਵਰੀ ਨੂੰ ਮੇਰਾ ਪਿਛਲਾ ਪੀ. ਐੱਸ. ਓ. (ਨਿੱਜੀ ਸੁਰੱਖਿਆ ਅਧਿਕਾਰੀ) ਰਾਹੁਲ ਲਕਸ਼ਮਣ ਭੋਜ ਅਤੇ ਉਨ੍ਹਾਂ ਦੀ ਪਤਨੀ ਮੈਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਆਏ। ਉਹ ਆਪਣੇ ਨਾਲ ਆਪਣੀ ਇਕਲੌਤੀ ਧੀ, ਇਕ ਲੜਕੀ ਨੂੰ ਵੀ ਲਿਆਏ ਸਨ। ਉਸ ਦੀ ਪਤਨੀ ਸਵਾਤੀ ਇਕ ਸਾਫਟਵੇਅਰ ਇੰਜੀਨੀਅਰ ਹੈ, ਜੋ ਸ਼ਾਇਦ ਮਾਂ ਬਣਨ ਤੋਂ ਪਹਿਲਾਂ ਰਾਹੁਲ ਨਾਲੋਂ ਵੱਧ ਕਮਾਈ ਕਰਦੀ ਸੀ ਅਤੇ ਉਸ ਨੂੰ ਕੰਮ ਤੋਂ ਛੁੱਟੀ ਲੈਣੀ ਪਈ।
ਉਨ੍ਹਾਂ ਦੀ ਧੀ ਈਰਾ, ਜੋ 7 ਸਾਲਾਂ ਦੀ ਹੈ ਅਤੇ 8 ਸਾਲਾਂ ਦੀ ਹੋਣ ਵਾਲੀ ਹੈ, ਸਪੱਸ਼ਟ ਤੌਰ ’ਤੇ ਇਕ ਬਹੁਤ ਹੀ ਬੁੱਧੀਮਾਨ ਬੱਚੀ ਸੀ, ਆਤਮ-ਵਿਸ਼ਵਾਸ ਨਾਲ ਭਰਪੂਰ ਅਤੇ ਜਲਦੀ ਸਮਝਣ ਵਾਲੀ। ਉਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਨੂੰ ਯਕੀਨ ਹੈ ਕਿ ਮਾਂ ਵੱਲੋਂ ਬੱਚੇ ਨੂੰ ਦਿੱਤੇ ਜਾ ਰਹੇ ਨਿੱਜੀ ਧਿਆਨ ਨਾਲ ਉਹ (ਈਰਾ) ਪਰਿਵਾਰ, ਸਾਡੇ ਮਹਾਰਾਸ਼ਟਰ ਰਾਜ ਅਤੇ ਸਾਡੇ ਦੇਸ਼ ਲਈ ਇਕ ਜਾਇਦਾਦ ਸਾਬਤ ਹੋਵੇਗੀ।
ਕਾਰਤਿਕ ਰਮੇਸ਼ ਦਾ ਪੁੱਤਰ ਹੈ, ਜੋ ਉਸ ਇਮਾਰਤ ਦੇ ਅਹਾਤੇ ਵਿਚ ਸਫਾਈ ਸੇਵਕ ਵਜੋਂ ਕੰਮ ਕਰ ਰਿਹਾ ਹੈ ਜਿੱਥੇ ਮੈਂ ਅਤੇ ਮੇਰੇ ਸਾਬਕਾ ਸਾਥੀ ਕਈ ਸਾਲਾਂ ਤੋਂ ਰਹਿੰਦੇ ਹਾਂ। ਉਸ ਨੂੰ ਇਕ ਅੰਗਰੇਜ਼ੀ ਮਾਧਿਅਮ ਸਕੂਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਸਨੂੰ ਆਪਣੇ ਬੋਲਣ ਦੀ ਸਮਰੱਥਾ ਵਿਚ ਬਹੁਤ ਸੁਧਾਰ ਦੀ ਲੋੜ ਸੀ। ਮੈਂ ਮੁੰਡੇ ਨੂੰ ਹਰ ਰੋਜ਼ ਮੇਰੀ ਇਮਾਰਤ ਦੇ ਆਲੇ-ਦੁਆਲੇ ਘੁੰਮਣ ਲਈ ਕਿਹਾ ਅਤੇ ਉਹ ਸਿਰਫ਼ ਅੰਗਰੇਜ਼ੀ ਵਿਚ ਹੀ ਗੱਲ ਕਰਦਾ ਸੀ। ਉਸ ਦੇ ਹੁਨਰ ਵਿਚ ਸੁਧਾਰ ਹੋਇਆ। ਉਸ ਨੇ ਯੂਨੀਵਰਸਿਟੀ ’ਚ ਦਾਖਲਾ ਲਿਆ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਇਕ ਈਵੈਂਟ ਮੈਨੇਜਰ ਵਜੋਂ ਨੌਕਰੀ ਮਿਲ ਗਈ।
10 ਸਾਲ ਪਹਿਲਾਂ ਮੈਂ ਇਕ ਬੇਜ਼ਮੀਨੇ ਮਜ਼ਦੂਰ ਦੇ ਪੁੱਤਰ ਨੂੰ ਮਿਲਣ ਗਿਆ ਸੀ, ਜਿਸ ਨੂੰ ਗੋਆ ਵਿਚ ਮੇਰੇ ਨਾਨਾ-ਨਾਨੀ ਦੀ ਜ਼ਮੀਨ ’ਤੇ ਇਕ ਛੋਟਾ ਜਿਹਾ ਪਲਾਟ ਅਲਾਟ ਕੀਤਾ ਗਿਆ ਸੀ। ਮੁੰਡੇ ਨੂੰ ਦੁਬਈ ਵਿਚ ਨੌਕਰੀ ਮਿਲ ਗਈ ਸੀ, ਉਸ ਨੇ ਚੰਗੇ ‘ਦਿਰਹਮ’ ਕਮਾ ਲਏ ਸਨ, ਵਾਪਸ ਆ ਕੇ ਉਸ ਨੇ ਰਹਿਣ ਲਈ ਮਿੱਟੀ ਦੀ ਝੌਂਪੜੀ ਦੀ ਥਾਂ ਇਕ ਵਧੀਆ ਘਰ ਬਣਾਇਆ ਸੀ।
ਉਸ ਦੀਆਂ ਦੋ ਧੀਆਂ ਨੇ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਈ ਕੀਤੀ, ਗ੍ਰੈਜੂਏਸ਼ਨ ਕੀਤੀ, ਮੁੰਬਈ ਵਿਚ ਕਲੈਰੀਕਲ ਨੌਕਰੀਆਂ ਪ੍ਰਾਪਤ ਕੀਤੀਆਂ, ਵਿਆਹ ਕਰਵਾਏ ਅਤੇ ਆਪਣੇ ਗਰੀਬ ਮਾਪਿਆਂ ਨਾਲੋਂ ਬਿਹਤਰ ਜ਼ਿੰਦਗੀ ਬਣਾਈ।
ਜਦੋਂ 5 ਸਾਲ ਪਹਿਲਾਂ ਮੇਰੀ ਫੀਮਰ ਦੀ ਹੱਡੀ ਟੁੱਟ ਗਈ ਸੀ ਅਤੇ ਇਸ ਨੂੰ ਠੀਕ ਕਰਨ ਲਈ ਸਰਜਰੀ ਕਰਵਾਉਣੀ ਪਈ ਸੀ ਤਾਂ ਪ੍ਰਸਿੱਧ ਡਾ. ਫਾਰੂਖ ਉਦਵਾਡੀਆ ਨੇ ਮੈਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਮੈਂ ਦੁਬਾਰਾ ਡਿੱਗ ਪਿਆ ਤਾਂ ਇਸ ਦੇ ਹੋਰ ਵੀ ਮਾੜੇ ਨਤੀਜੇ ਹੋਣਗੇ। ਮੈਂ ਡਿੱਗਣ ਤੋਂ ਬਚਣ ਲਈ ਬਿਹਾਰ ਦੇ ਇਕ ਮੁੰਡੇ ਨੂੰ ਨੌਕਰੀ ’ਤੇ ਰੱਖਿਆ।
ਉਸ ਨੇ ਮੈਨੂੰ ਦੱਸਿਆ ਕਿ ਉਹ ਇਕ ‘ਮਹਾ ਦਲਿਤ’ ਹੈ। ਮੈਂ ਮਹਾਰਾਸ਼ਟਰ ਵਿਚ ਅਜਿਹੀ ਕਿਸੇ ਸ਼੍ਰੇਣੀ ਬਾਰੇ ਨਹੀਂ ਸੁਣਿਆ ਸੀ। 5 ਮਹੀਨੇ ਪਹਿਲਾਂ ਉਹ ਅੱਖਾਂ ਵਿਚ ਹੰਝੂ ਲੈ ਕੇ ਮੇਰੇ ਕੋਲ ਆਇਆ ਕਿਉਂਕਿ ਉਸ ਦੇ ਹਾਲ ਹੀ ਵਿਚ ਪੈਦਾ ਹੋਏ ਪੁੱਤਰ ਦੇ ਦਿਲ ਵਿਚ ਛੇਕ ਹੋਣ ਦਾ ਪਤਾ ਪਿੰਡ ਦੇ ਸਰਕਾਰੀ ਮੈਡੀਕਲ ਕਲੀਨਿਕ ਵਿਚੋਂ ਲੱਗਿਆ ਸੀ।
ਇੰਚਾਰਜ ਡਾਕਟਰ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਆਪਣੇ ਪੁੱਤਰ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਦਿੱਲੀ ਜਾਂ ਬੰਬਈ ਲੈ ਜਾਣਾ ਚਾਹੀਦਾ ਹੈ। ਮੈਨੂੰ ਲੱਗਿਆ ਕਿ ਅਧਿਕਾਰੀਆਂ ਵੱਲੋਂ ਪਿੰਡਾਂ ਦੇ ਇਕ ਸਮੂਹ ਵਿਚ ਇਕ ਮੈਡੀਕਲ ਯੂਨਿਟ ਖੋਲ੍ਹਣਾ ਇਕ ਵੱਡੀ ਪ੍ਰਗਤੀ ਸੀ। ਇਕ ਜਾਂ ਦੋ ਦਹਾਕੇ ਪਹਿਲਾਂ ਦਿਲ ਵਿਚ ਛੇਕ ਦਾ ਪਤਾ ਨਹੀਂ ਲੱਗਣਾ ਸੀ! ਮਾਂ ਅਤੇ ਪੁੱਤਰ ਦੇ ਮੁੰਬਈ ਜਾਣ ਦਾ ਪ੍ਰਬੰਧ ਕੀਤਾ ਗਿਆ। ਮੇਰਾ ਭਤੀਜਾ, ਜੋ ਮੁੰਬਈ ਦੇ ਮੋਹਰੀ ਦਿਲ ਦੇ ਰੋਗਾਂ ਦੇ ਮਾਹਿਰਾਂ ਵਿਚੋਂ ਇਕ ਹੈ, ਨੇ ਇਸ ਛੋਟੇ ਜਿਹੇ ਇਨਸਾਨ ਦੀ ਦੇਖਭਾਲ ਕੀਤੀ ਜਿਸ ਨੂੰ ਜਿਊਣ ਦਾ ਓਨਾ ਹੀ ਹੱਕ ਹੈ ਜਿੰਨਾ ਤੁਹਾਨੂੰ ਅਤੇ ਮੈਨੂੰ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)