ਨਿਆਂ ਪ੍ਰੀਕਿਰਿਆ ’ਤੇ ਅੰਗਰੇਜ਼ੀ ਦਾ ਸ਼ਿਕੰਜਾ
Monday, Sep 20, 2021 - 03:36 AM (IST)

ਡਾ. ਵੇਦਪ੍ਰਤਾਪ ਵੈਦਿਕ
ਭਾਰਤ ਦੇ ਚੀਫ ਜਸਟਿਸ ਨਥਾਲਪਤੀ ਵੈਂਕਟ ਰਮੰਨਾ ਨੇ ਕੱਲ ਉਹ ਗੱਲ ਕਹਿ ਦਿੱਤੀ, ਜੋ ਕਦੀ ਡਾ. ਰਾਮਮਨੋਹਰ ਲੋਹੀਆ ਕਿਹਾ ਕਰਦੇ ਸਨ। ਜੋ ਗੱਲ ਜਸਟਿਸ ਰਮੰਨਾ ਨੇ ਕਹੀ ਹੈ, ਮੇਰੇ ਖਿਆਲ ’ਚ ਅਜਿਹੀ ਗੱਲ ਅੱਜ ਤੱਕ ਭਾਰਤ ਦੇ ਕਿਸੇ ਜਸਟਿਸ ਨੇ ਨਹੀਂ ਕਹੀ। ਰਮੰਨਾ ਨੇ ਇਕ ਯਾਦਗਾਰੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਨਿਆਂ ਵਿਵਸਥਾ ਬਸਤੀਵਾਦੀ ਅਤੇ ਵਿਦੇਸ਼ੀ ਸ਼ਿਕੰਜੇ ਤੋਂ ਮੁਕਤ ਕੀਤੀ ਜਾਣੀ ਚਾਹੀਦੀ ਹੈ।
ਇਹ ਸ਼ਿਕੰਜਾ ਕੀ ਹੈ? ਇਹ ਸ਼ਿਕੰਜਾ ਹੈ-ਅੰਗਰੇਜ਼ੀ ਦੀ ਗੁਲਾਮੀ ਦਾ! ਸਾਡੇ ਦੇਸ਼ ਨੂੰ ਆਜ਼ਾਦ ਹੋਏ 74 ਸਾਲ ਹੋ ਗਏ ਪਰ ਅੱਜ ਤੱਕ ਦੇਸ਼ ’ਚ ਇਕ ਵੀ ਕਾਨੂੰਨ ਹਿੰਦੀ ਜਾਂ ਕਿਸੇ ਭਾਰਤੀ ਭਾਸ਼ਾ ’ਚ ਨਹੀਂ ਬਣਿਆ। ਸਾਡੀ ਸੰਸਦ ਹੋਵੇ ਜਾਂ ਵਿਧਾਨ ਸਭਾਵਾਂ-ਸਮੁੱਚੇ ਕਾਨੂੰਨ ਅੰਗਰੇਜ਼ੀ ’ਚ ਬਣਦੇ ਹਨ। ਅੰਗਰੇਜ਼ੀ ’ਚ ਜੋ ਕਾਨੂੰਨ ਬਣਦੇ ਹਨ, ਉਨ੍ਹਾਂ ਨੂੰ ਸਾਡੇ ਸੰਸਦ ਮੈਂਬਰ ਅਤੇ ਵਿਧਾਇਕ ਹੀ ਨਹੀਂ ਸਮਝ ਸਕਦੇ ਤਾਂ ਆਮ ਜਨਤਾ ਉਨ੍ਹਾਂ ਨੂੰ ਕਿਵੇਂ ਸਮਝੇਗੀ?
ਇਨ੍ਹਾਂ ਕਾਨੂੰਨਾਂ ਦੇ ਅਸਲੀ ਪਿਤਾ ਤਾਂ ਨੌਕਰਸ਼ਾਹ ਹੁੰਦੇ ਹਨ, ਜੋ ਇਨ੍ਹਾਂ ਨੂੰ ਲਿਖ ਕੇ ਤਿਆਰ ਕਰਦੇ ਹਨ। ਇਨ੍ਹਾਂ ਕਾਨੂੰਨਾਂ ਨੂੰ ਸਮਝਣ ਅਤੇ ਸਮਝਾਉਣ ਦਾ ਕੰਮ ਸਾਡੇ ਵਕੀਲ ਅਤੇ ਜੱਜ ਕਰਦੇ ਹਨ। ਇਨ੍ਹਾਂ ਦੇ ਹੱਥ ’ਚ ਜਾ ਕੇ ਕਾਨੂੰਨ ਜਾਦੂ-ਟੂਣਾ ਬਣ ਜਾਂਦਾ ਹੈ। ਅਦਾਲਤ ’ਚ ਵਾਦੀ ਅਤੇ ਪ੍ਰਤੀਵਾਦੀ ਆਸੇ-ਪਾਸੇ ਝਾਕਦੇ ਹਨ ਅਤੇ ਵਕੀਲਾਂ ਅਤੇ ਜੱਜਾਂ ਦੀ ਗਟਰ-ਪਟਰ ਚੱਲਦੀ ਰਹਿੰਦੀ ਹੈ। ਕਿਸੇ ਮੁਲਜ਼ਮ ਨੂੰ ਫਾਂਸੀ ਹੋ ਜਾਂਦੀ ਹੈ ਅਤੇ ਉਸ ਨੂੰ ਪਤਾ ਹੀ ਨਹੀਂ ਲੱਗਦਾ ਅਤੇ ਵਕੀਲਾਂ ਨੇ ਉਸ ਦੇ ਪੱਖ ਜਾਂ ਵਿਰੋਧ ’ਚ ਕੀ ਤਰਕ ਦਿੱਤੇ ਹਨ ਅਤੇ ਜੱਜ ਦੇ ਫੈਸਲੇ ਦਾ ਆਧਾਰ ਕੀ ਹੈ?
ਇਸੇ ਗੱਲ ’ਤੇ ਜਸਟਿਸ ਰਮੰਨਾ ਨੇ ਜ਼ੋਰ ਦਿੱਤਾ ਹੈ ਕਿ ਇਸ ਨਿਆਂ-ਪ੍ਰਕਿਰਿਆ ’ਚ ਵਾਦੀ ਅਤੇ ਪ੍ਰਤੀਵਾਦੀ ਦੀ ਖੁੱਲ੍ਹ ਕੇ ਠੱਗੀ ਹੁੰਦੀ ਹੈ ਅਤੇ ਨਿਆਂ-ਪ੍ਰਕਿਰਿਆ ’ਚ ਬੜੀ ਦੇਰੀ ਹੋ ਜਾਂਦੀ ਹੈ। ਕਈ ਮਾਮਲੇ 20-20, 30-30 ਸਾਲ ਤੱਕ ਅਦਾਲਤਾਂ ’ਚ ਲਮਕੇ ਰਹਿੰਦੇ ਹਨ। ਇਨਸਾਫ ਦੇ ਨਾਂ ’ਤੇ ਬੇਇਨਸਾਫੀ ਹੁੰਦੀ ਰਹਿੰਦੀ ਹੈ। ਇਸ ਦਿਮਾਗੀ ਗੁਲਾਮੀ ਦਾ ਨਸ਼ਾ ਇੰਨਾ ਡੂੰਘਾ ਹੋ ਜਾਂਦਾ ਹੈ ਕਿ ਭਾਰਤ ਦੇ ਮਾਮਲਿਆਂ ਨੂੰ ਤੈਅ ਕਰਨ ਦੇ ਲਈ ਵਕੀਲ ਅਤੇ ਜੱਜ ਲੋਕ ਅਮਰੀਕਾ ਅਤੇ ਇੰਗਲੈਂਡ ਦੀਆਂ ਅਦਾਲਤੀ ਉਦਾਹਰਣਾਂ ਪੇਸ਼ ਕਰਨ ਲੱਗਦੇ ਹਨ। ਅੰਗਰੇਜ਼ੀ ਦੇ ਸ਼ਬਦ-ਜਾਲ ’ਚ ਫਸ ਕੇ ਇਹ ਮੁਕੱਦਮੇ ਇੰਨੇ ਲੰਬੇ ਖਿੱਚ ਜਾਂਦੇ ਹਨ ਕਿ ਦੇਸ਼ ’ਚ ਇਸ ਸਮੇਂ ਲਗਭਗ 4 ਕਰੋੜ ਮੁਕੱਦਮੇ ਵਰ੍ਹਿਆਂ ਤੋਂ ਅੱਧ-ਵਿਚਾਲੇ ਲਟਕੇ ਹੋਏ ਹਨ।
ਨਿਆਂ ਦੇ ਨਾਂ ’ਤੇ ਚੱਲ ਰਹੀ ਇਸ ਬੇਇਨਸਾਫੀ ਵਾਲੀ ਵਿਵਸਥਾ ਨੂੰ ਆਖਿਰ ਕੌਣ ਬਦਲੇਗਾ? ਇਹ ਕੰਮ ਵਕੀਲਾਂ ਅਤੇ ਜੱਜਾਂ ਦੇ ਵੱਸ ਦਾ ਨਹੀਂ ਹੈ? ਇਹ ਤਾਂ ਨੇਤਾਵਾਂ ਨੂੰ ਕਰਨਾ ਪਵੇਗਾ ਪਰ ਸਾਡੇ ਨੇਤਾਵਾਂ ਦੀ ਹਾਲਤ ਸਾਡੇ ਜੱਜਾਂ ਅਤੇ ਵਕੀਲਾਂ ਤੋਂ ਵੀ ਭੈੜੀ ਹੈ। ਸਾਡੇ ਨੇਤਾ, ਸਾਰੀਆਂ ਪਾਰਟੀਆਂ ਦੇ, ਜਾਂ ਤਾਂ ਅੱਧਪੜ੍ਹ (ਅਨਪੜ੍ਹ ਨਹੀਂ) ਹਨ ਜਾਂ ਹੀਣਤਾ ਗ੍ਰੰਥੀ ਤੋਂ ਗ੍ਰਸਤ ਹਨ। ਉਨ੍ਹਾਂ ਦੇ ਕੋਲ ਨਾ ਤਾਂ ਮੌਲਿਕ ਦ੍ਰਿਸ਼ਟੀ ਹੈ ਅਤੇ ਨਾ ਹੀ ਹਿੰਮਤ ਹੈ ਕਿ ਉਹ ਗੁਲਾਮੀ ਦੀ ਇਸ ਵਿਵਸਥਾ ’ਚ ਮੌਲਿਕ ਤਬਦੀਲੀ ਕਰਨ ਸਕਣ। ਹਾਂ, ਜੇਕਰ ਕੁਝ ਨੌਕਰਸ਼ਾਹ ਚਾਹੁਣ ਤਾਂ ਉਨ੍ਹਾਂ ਨੂੰ ਅਤੇ ਦੇਸ਼ ਨੂੰ ਇਸ ਗੁਲਾਮੀ ਤੋਂ ਉਹ ਜ਼ਰੂਰ ਮੁਕਤ ਕਰਵਾ ਸਕਦੇ ਹਨ।