ਨਿਰੋਗੀ ਅਤੇ ਸਿਹਤਮੰਦ ਜ਼ਿੰਦਗੀ ਲਈ ਜੰਕ ਫੂਡ ਦਾ ਤਿਆਗ’ ਜ਼ਰੂਰੀ
Saturday, May 11, 2024 - 04:02 AM (IST)

ਸਾਡੀ ਸਿਹਤ ਚੰਗੀ ਅਤੇ ਸੰਤੁਲਿਤ ਪੌਸ਼ਟਿਕ ਖੁਰਾਕ ’ਤੇ ਨਿਰਭਰ ਕਰਦੀ ਹੈ। ਇਸ ਨਾਲ ਨਾ ਸਿਰਫ਼ ਭਾਰ ਵਧਣ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਸਗੋਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਸਟ੍ਰੋਕ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਨਵੀਂ ਦਿੱਲੀ ਦੀ ਰਿਪੋਰਟ ਮੁਤਾਬਕ ਭਾਰਤ ਵਿਚ 56.4 ਫੀਸਦੀ ਲੋਕ ਗੈਰ-ਸਿਹਤਮੰਦ ਖੁਰਾਕ ਕਾਰਨ ਬੀਮਾਰ ਹੋ ਜਾਂਦੇ ਹਨ, ਜਿਸ ਤੋਂ ਆਪਣੀ ਖੁਰਾਕ ਵਿਚ ਜ਼ਰੂਰੀ ਪੌਸ਼ਟਿਕ ਤੱਤ ਸ਼ਾਮਲ ਕਰ ਕੇ ਬਚਿਆ ਜਾ ਸਕਦਾ ਹੈ। ਇਸ ਰਿਪੋਰਟ ਵਿਚ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਖੁਰਾਕ ਸਬੰਧੀ 17 ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਵਿਚ ਤੇਲ, ਚੀਨੀ ਦੀ ਵਰਤੋਂ ਘੱਟ ਕਰਨੀ ਅਤੇ ਪ੍ਰੋਟੀਨ ਸਪਲੀਮੈਂਟ ਤੋਂ ਪਰਹੇਜ਼ ਕਰਨਾ ਸ਼ਾਮਲ ਹੈ।
‘ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ’, ਹੈਦਰਾਬਾਦ ਦੀ ਡਾਇਰੈਕਟਰ ਡਾ. ਹੇਮਲਤਾ ਦੁਆਰਾ ਤਿਆਰ ‘ਭਾਰਤੀਆਂ ਲਈ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼’ ਸਿਰਲੇਖ ਵਾਲੀ ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੌਸ਼ਟਿਕ ਖੁਰਾਕ ਅਤੇ ਸਰੀਰਕ ਸਰਗਰਮੀ ਕੋਰੋਨਰੀ ਦਿਲ ਦੇ ਰੋਗ ਅਤੇ ਹਾਈਪਰਟੈਨਸ਼ਨ ਨੂੰ ਘੱਟ ਕਰਨ ਤੋਂ ਇਲਾਵਾ ਨਾਲ-ਨਾਲ ਟਾਈਪ-2 ਸ਼ੂਗਰ ਨੂੰ 80 ਫੀਸਦੀ ਤੱਕ ਰੋਕ ਸਕਦੇ ਹਨ।
ਸਿਹਤਮੰਦ ਜ਼ਿੰਦਗੀ ਲਈ ਜੰਕ ਫੂਡ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ। ਇਕ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸ਼ਿਤ ਇਕ ਅਹਿਮ ਅਧਿਐਨ ਵਿਚ, ਵਿਗਿਆਨੀਆਂ ਨੇ 34 ਸਾਲ ਤੱਕ ਲਗਭਗ 44,000 ਬਾਲਗਾਂ ਦੀ ਖੁਰਾਕ ਅਤੇ ਸਿਹਤ ਬਾਰੇ ਵਿਸਥਾਰਤ ਜਾਣਕਾਰੀ ਲੈਣ ਤੋਂ ਬਾਅਦ, ਇਹ ਸਿੱਟਾ ਕੱਢਿਆ ਕਿ ਜਿਨ੍ਹਾਂ ਲੋਕਾਂ ਨੇ ‘ਅਲਟਰਾ-ਪ੍ਰੋਸੈੱਸਡ ਫੂਡ’ ਜ਼ਿਆਦਾ ਮਾਤਰਾ ਵਿਚ ਖਾਧਾ, ਉਨ੍ਹਾਂ ਵਿਚ ਜਲਦੀ ਮੌਤ ਹੋਣ ਦਾ ਖ਼ਤਰਾ ਹੋਰਾਂ ਨਾਲੋਂ ਵੱਧ ਸੀ।
‘ਅਲਟਰਾ ਪ੍ਰੋਸੈੱਸਡ ਫੂਡ’ ਉਹ ਹੁੰਦੇ ਹਨ ਜਿਨ੍ਹਾਂ ਦਾ ਕੁਦਰਤੀ ਰੂਪ ’ਚ ਕਾਫੀ ਹੱਦ ਤੱਕ ਬਦਲਾਅ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਖਾਧ-ਪਦਾਰਥਾਂ ਵਿਚ ਆਮ ਤੌਰ ’ਤੇ ਖੰਡ, ਲੂਣ, ਚਰਬੀ ਅਤੇ ਨਕਲੀ ਤੱਤ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਪੈਕ ਕੀਤੇ ਸਨੈਕਸ, ਡੱਬਾਬੰਦ ਭੋਜਨ, ਨੂਡਲਜ਼, ਇੰਸਟੈਂਟ ਸੂਪ, ਕੋਲਡ ਡਰਿੰਕਸ ਆਦਿ ‘ਅਲਟਰਾ ਪ੍ਰੋਸੈੱਸਡ ਫੂਡ’ ਦੀ ਸ਼੍ਰੇਣੀ ਵਿਚ ਆਉਂਦੇ ਹਨ।
ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਅਤੇ ਬਦਲਦੀ ਜੀਵਨਸ਼ੈਲੀ ਦੇ ਨਤੀਜੇ ਵਜੋਂ, ਪ੍ਰੋਸੈੱਸਡ ਫੂਡ (ਜੰਕ ਫੂਡ) ਦੀ ਵਧਦੀ ਖਪਤ ਅਤੇ ਪੌਸ਼ਟਿਕ ਖਾਧ -ਪਦਾਰਥਾਂ ਦੀ ਖਪਤ ਵਿਚ ਲਗਾਤਾਰ ਕਮੀ ਕਾਰਨ ਲੋਕਾਂ ਦੀ ਸਿਹਤ ਵੀ ਉਸੇ ਅਨੁਪਾਤ ਵਿਚ ਵਿਗੜ ਰਹੀ ਹੈ। ਇਸ ਲਈ, ਇਕ ਨਿਰੋਗ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ, ਜੰਕ ਫੂਡ ਦਾ ਤਿਆਗ ਅਤੇ ਬਿਹਤਰ ਖੁਰਾਕ ਅਨੁਸ਼ਾਸਨ ਦੀ ਪਾਲਣਾ ਕਰਨਾ ਜ਼ਰੂਰੀ ਹੈ।
-ਵਿਜੇ ਕੁਮਾਰ