ਸਿਆਸੀ ਪਾਰਟੀਆਂ ’ਚ ‘ਖਾਨਦਾਨਾਂ ਦਾ ਗਲਬਾ’

05/22/2024 5:32:33 PM

ਵਰਤਮਾਨ ’ਚ ਜਾਰੀ ਚੋਣ ਨੌਟੰਕੀ ’ਚ ਇਸ ਹਫਤੇ ਖਾਨਦਾਨ ਛਾਇਆ ਰਿਹਾ। ਮੈਂ ਕਿਸੇ ਪਸ਼ੂ ਦੀ ਪ੍ਰਜਾਤੀ ਦਾ ਜ਼ਿਕਰ ਨਹੀਂ ਕਰ ਰਹੀ, ਬਲਕਿ ਸਿਆਸੀ ਵਿਰਾਸਤ ਦਾ ਜ਼ਿਕਰ ਕਰ ਰਹੀ ਹਾਂ, ਜਿੱਥੇ ਸਿਆਸੀ ਪਾਰਟੀਆਂ ਲਾਭ ਉਠਾਉਣ ਲਈ ਆਪਣੇ ਖਾਨਦਾਨ ਨੂੰ ਬੁਲਾਉਣ ’ਚ ਰੁੱਝੀਆਂ ਹੋਈਆਂ ਹਨ ਅਤੇ ਇਹ ਇਕ ਤਰ੍ਹਾਂ ਨਾਲ ਭਾਰਤ ਦੀ ਸਿਆਸਤ ਨੂੰ ਪਤਨ ਦੀ ਨਿਵਾਨ ਵੱਲ ਧੱਕਣ ਦਾ ਰਾਹ ਹੈ।

ਭਾਰਤੀ ਲੋਕਤੰਤਰ ਇਕ ਵਿਅਕਤੀ, ਇਕ ਮਤ ਦੇ ਸਿਧਾਂਤ ’ਤੇ ਆਧਾਰਿਤ ਹੈ, ਪਰ ਇੱਥੇ ਚੋਣਾਂ ਇਕ ਪਰਿਵਾਰ ਅਤੇ ਉਸ ਪਰਿਵਾਰ ਦੇ ਕਈ ਮੈਂਬਰਾਂ ਨੂੰ ਟਿਕਟ ਦੇਣ ਦੇ ਸਿਧਾਂਤ ’ਤੇ ਚੱਲ ਰਹੀਆਂ ਹਨ ਅਤੇ ਇਹ ਇਕ ਨਵਾਂ ਮਾਪਦੰਡ ਬਣ ਗਿਆ ਹੈ। ਕਾਂਗਰਸ ਨਹਿਰੂ-ਗਾਂਧੀ ਪਰਿਵਾਰ ਦੀ ਅਗਲੀ ਪੀੜ੍ਹੀ ਅਤੇ ਹੋਰ ਵੰਸ਼ਵਾਦੀ ਆਗੂਆਂ ਨੂੰ ਚੋਣ ਮੈਦਾਨ ’ਚ ਉਤਾਰਦੀ ਹੈ ਤਾਂ ਭਾਜਪਾ ਭਰਾ-ਭੈਣ ਅਤੇ ਰਿਸ਼ਤੇਦਾਰਾਂ ਨੂੰ।

ਇਲਾਕਾਈ ਪਾਰਟੀਆਂ ’ਚ ਰਾਕਾਂਪਾ ਦੇ ਪਵਾਰ, ਲਾਲੂ ਦੀ ਰਾਜਦ, ਠਾਕਰੇ ਦੀ ਸ਼ਿਵ ਸੈਨਾ, ਬਾਦਲ ਦਾ ਅਕਾਲੀ ਦਲ, ਅਬਦੁੱਲਾ ਦੀ ਨੈਸ਼ਨਲ ਕਾਨਫਰੰਸ, ਅਖਿਲੇਸ਼ ਦੀ ਸਮਾਜਵਾਦੀ ਪਾਰਟੀ, ਚੌਟਾਲਾ ਦੀ ਆਈ. ਐੱਨ. ਐੱਲ. ਡੀ., ਮਹਿਬੂਬਾ ਦੀ ਪੀ. ਡੀ. ਪੀ., ਪਾਸਵਾਨ ਦੀ ਐੱਲ. ਜੇ. ਪੀ. ਪਤਨੀ, ਪੁੱਤਰੀ ਅਤੇ ਪੁੱਤਰ ਪ੍ਰੇਮ ’ਚ ਭਰੋਸਾ ਕਰਦੀ ਹੈ ਅਤੇ ਇਸ ਤਰ੍ਹਾਂ ਇਹ ਇਕ ਘਰੇਲੂ ਤਮਾਸ਼ਾ ਬਣ ਗਿਆ ਹੈ ਅਤੇ ਟੀ. ਆਰ. ਪੀ. ਰੇਟਿੰਗ ਦੇ ਮਾਮਲੇ ’ਚ ਇਸ ਨੇ ‘ਇੰਡੀਆਜ਼ ਗਾਟ ਟੈਲੇਂਟ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਭਾਜਪਾ ’ਚ ਵੀ ਖਾਨਦਾਨੀ ਆਗੂਆਂ ਦੀ ਗਿਣਤੀ ਕਾਂਗਰਸ ਤੋਂ ਘੱਟ ਨਹੀਂ ਹੈ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੇ ਪਿਤਾ ਭਾਜਪਾ ਦੇ ਕੈਸ਼ੀਅਰ ਸਨ ਅਤੇ ਉਨ੍ਹਾਂ ਦੀ ਮਾਤਾ ਤਿੰਨ ਵਾਰ ਵਿਧਾਇਕ ਰਹਿ ਚੁੱਕੀ ਹੈ। ਮੇਨਕਾ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਵਰੁਣ ਗਾਂਧੀ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਉੱਤਰ ਪ੍ਰਦੇਸ਼ ’ਚ ਵਿਧਾਇਕ ਹਨ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਧੂਮਲ, ਸੰਸਦ ਮੈਂਬਰ ਵਿਜੇਵਰਗੀਯ, ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ, ਸਾਹਿਬ ਸਿੰਘ ਦਾ ਲਾਡਲਾ, ਸਵਰਗੀ ਸੁਸ਼ਮਾ ਸਵਰਾਜ ਦੀ ਬੇਟੀ, ਪ੍ਰਮੋਦ ਮਹਾਜਨ ਅਤੇ ਮੁੰਡੇ ਦੀਆਂ ਲਾਡਲੀਆਂ ਆਦਿ ਸਾਰੇ ਚੋਣ ਮੈਦਾਨ ’ਚ ਹਨ।

ਗੋਆ ’ਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਰਾਣੇ ਦਾ ਪੁੱਤਰ ਵਿਸ਼ਵਜੀਤ ਮੰਤਰੀ ਹੈ। ਸਿੰਧੀਆ ਵੰਸ਼ ਰਾਜਸ਼ਾਹੀ ਤੋਂ ਸਿਆਸਤ ਵੱਲ ਸੁਚਾਰੂ ਢੰਗ ਨਾਲ ਅੱਗੇ ਵਧਿਆ। ਸਾਬਕਾ ਕਾਂਗਰਸੀ ਆਗੂ ਮਾਧਵ ਰਾਓ ਸਿੰਧੀਆ ਦੇ ਪੁੱਤਰ ਜਿਓਤਿਰਾਦਿਤਿਆ ਹੁਣ ਮੋਦੀ ਸਰਕਾਰ ’ਚ ਮੰਤਰੀ ਹਨ ਅਤੇ ਉਨ੍ਹਾਂ ਦੀ ਭੈਣ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਲਾਡਲਾ ਸੰਸਦ ਮੈਂਬਰ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ 75 ਨਵੇਂ ਚਿਹਰਿਆਂ ’ਚੋਂ 33 ਚਿਹਰੇ 75 ਸਾਲ ਤੋਂ ਵੱਧ ਉਮਰ ਦੇ ਆਗੂਆਂ ਦੇ ਬੇਟੇ-ਬੇਟੀਆਂ ਸਨ।

ਭਾਜਪਾ ਵੰਸ਼ਵਾਦੀ ਸਿਆਸਤ ਦੇ ਵਿਰੋਧ ਦਾ ਕਾਰਡ ਇਸ ਲਈ ਖੇਡਦੀ ਹੈ ਕਿ ਉਸ ਦੇ ਵੰਸ਼ਵਾਦੀ ਆਗੂ ਘੱਟ ਦਿਖਾਈ ਦਿੰਦੇ ਹਨ ਅਤੇ ਉਹ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਤੱਕ ਨਹੀਂ ਪੁੱਜੇ। ਤ੍ਰਾਸਦੀ ਦੇਖੋ, ਰਾਹੁਲ ਗਾਂਧੀ ਇਕ ਪਾਸੇ ਕਾਂਗਰਸ ਦੇ ਲੋਕਤੰਤਰੀਕਰਨ ਦੀ ਗੱਲ ਕਰਦੇ ਹਨ, ਪਰ ਪਾਰਟੀ ’ਚ ਅੱਜ ਵੀ ਪਰਿਵਾਰਕ ਪ੍ਰਭਾਵ ਜਾਰੀ ਹੈ। ਉਨ੍ਹਾਂ ਦੀ ਭੈਣ ਪਾਰਟੀ ਦੀ ਜਨਰਲ ਸਕੱਤਰ ਹੈ। ਸੀਨੀਅਰ ਆਗੂ ਚਿਦਾਂਬਰਮ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ, ਅਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ, ਹਰਿਆਣਾ ਦੇ ਰਾਓ ਵਰਿੰਦਰ ਸਿੰਘ ਅਤੇ ਸੁਰਜੇਵਾਲਾ ਦੇ ਬੇਟੇ ਚੋਣ ਲੜ ਰਹੇ ਹਨ ਜਦਕਿ ਹੁੱਡਾ ਦੀਆਂ ਅੱਖਾਂ ਦਾ ਤਾਰਾ ਸੰਸਦ ਮੈਂਬਰ ਹੈ। ਸਵਰਗੀ ਰਾਜੇਸ਼ ਪਾਇਲਟ ਦਾ ਬੇਟਾ ਰਾਜਸਥਾਨ ’ਚ ਆਗੂ ਹੈ। ਜਤਿੰਦਰ ਪ੍ਰਸਾਦ ਯੋਗੀ ਦੇ ਉੱਤਰ ਪ੍ਰਦੇਸ਼ ’ਚ ਮੰਤਰੀ ਹਨ। ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਮੋਹਨ ਦੇਵ ਦੀ ਬੇਟੀ ਤ੍ਰਿਣਮੂਲ ਕਾਂਗਰਸ ਦੀ ਰਾਜ ਸਭਾ ਮੈਂਬਰ ਹੈ।

ਇਲਾਕਾਈ ਪਾਰਟੀਆਂ ਬਾਰੇ ਘੱਟ ਕਿਹਾ ਜਾਵੇ ਤਾਂ ਬਿਹਤਰ ਹੈ। ਬਿਹਾਰ ’ਚ ਲਾਲੂ-ਰਾਬੜੀ ਪਰਿਵਾਰ ਦਾ ਸਬੰਧ ਰਾਜਦ ਨਾਲ ਹੈ। ਲਾਲੂ ਦੀ ਬੇਟੀ ਮੀਸਾ ਰਾਜ ਸਭਾ ਦੀ ਮੈਂਬਰ ਹੈ ਅਤੇ ਉਨ੍ਹਾਂ ਦਾ ਬੇਟਾ ਤੇਜਸਵੀ ਪਾਰਟੀ ਦਾ ਪ੍ਰਧਾਨ ਹੈ ਅਤੇ ਉਸ ਦੀ ਭੈਣ ਰੋਹਿਣੀ ਚੋਣ ਮੈਦਾਨ ’ਚ ਹੈ। ਪੰਜਾਬ ’ਚ ਅਕਾਲੀ ਦਲ ਬਾਦਲ ਪਤੀ-ਪਤਨੀ ਦੀ ਵਿਰਾਸਤ ਬਣਿਆ ਹੋਇਆ ਹੈ। ਬੀ. ਆਰ. ਐੱਸ. ਦੇ ਰਾਓ ਦੇ ਬੇਟਾ-ਬੇਟੀ, ਮਮਤਾ ਦਾ ਭਤੀਜਾ, ਉਮਰ ਅਬਦੁੱਲਾ ਆਪਣੇ ਪਿਤਾ ਫਾਰੂਖ ਅਬਦੁੱਲਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਪੀ. ਡੀ. ਪੀ. ਮਹਿਬੂਬਾ ਨੇ ਆਪਣੇ ਪਿਤਾ ਕੋਲੋਂ ਪਾਰਟੀ ਦੀ ਵਾਗਡੋਰ ਸੰਭਾਲੀ।

ਦ੍ਰਮੁਕ ਦੇ ਸਾਬਕਾ ਸੀਨੀਅਰ ਆਗੂ ਕਰੁਣਾਨਿਧੀ ਦੇ ਬੇਟੇ ਸਟਾਲਿਨ ਇਸ ਸਮੇਂ ਤਮਿਲਨਾਡੂ ’ਚ ਮੁੱਖ ਮੰਤਰੀ ਹਨ, ਜਦਕਿ ਉਨ੍ਹਾਂ ਦੀ ਭੈਣ ਸੰਸਦ ਮੈਂਬਰ ਹੈ। ਹਰਿਆਣਾ ’ਚ ਸਾਬਕਾ ਮੱੁਖ ਮੰਤਰੀ ਦੇਵੀ ਲਾਲ ਦਾ ਪੋਤਾ ਦੁਸ਼ਯੰਤ ਜੇ. ਐੱਲ. ਡੀ. ਦਾ ਪ੍ਰਧਾਨ ਹੈ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਾਡੀ ਸਿਆਸੀ ਪ੍ਰਣਾਲੀ ਨਾ ਸਿਰਫ ਕਮਜ਼ੋਰ ਹੈ ਸਗੋਂ ਇਹ ਇਕ ਤਰ੍ਹਾਂ ਨਾਲ ਛੋਟੀਆਂ-ਛੋਟੀਆਂ ਰਾਜਸ਼ਾਹੀਆਂ ਦਾ ਗਲਬਾ/ਸਰਦਾਰੀ ਹੈ। ਤੁਸੀਂ ਤਦ ਤੱਕ ਸਿਆਸਤ ’ਚ ਕੁਝ ਵੀ ਵੱਡਾ ਹਾਸਲ ਕਰਨ ਦੀ ਇੱਛਾ ਨਹੀਂ ਕਰ ਸਕਦੇ ਜੇ ਤੁਸੀਂ ਕਿਸੇ ਪ੍ਰਮੁੱਖ ਸਿਆਸੀ ਆਗੂ ਦੇ ਬੇਟੀ ਜਾਂ ਬੇਟਾ ਨਾ ਹੋਵੋ। ਹਰ ਕੋਈ ਆਪਣੇ ਪਰਿਵਾਰ ਦੇ ਬਲੀਦਾਨ ਅਤੇ ਦੇਸ਼ ਭਗਤੀ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ।

ਸਵਾਲ ਉੱਠਦਾ ਹੈ ਕਿ ਵੰਸ਼ ਜਾਂ ਖਾਨਦਾਨਾਂ ’ਚ ਅਜਿਹਾ ਕੀ ਹੈ ਕਿ ਲੋਕ ਉਨ੍ਹਾਂ ਵੱਲ ਖਿੱਚੇ ਜਾਂਦੇ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਜ਼ਿਆਦਾਤਰ ਵੋਟਰ ਅੰਗੂਠਾ ਛਾਪ ਹਨ, ਇਸ ਲਈ ਪਾਰਟੀ ਦੀ ਥਾਂ ਆਗੂ ਨਾਲ ਉਹ ਵੱਧ ਜੁੜੇ ਹੁੰਦੇ ਹਨ। ਹਾਲਾਂਕਿ ਵੰਸ਼ਵਾਦ ਜਾਂ ਪਰਿਵਾਰਵਾਦ ਲੋਕਤੰਤਰ ਅਤੇ ਚੋਣ ਸਿਆਸਤ ਦੇ ਵਿਰੋਧੀ ਹਨ। ਪਾਰਟੀ ਟਿਕਟ ਯੋਗਤਾ ਦੇ ਆਧਾਰ ’ਤੇ ਨਹੀਂ ਸਗੋਂ ਜਗੀਰੂ ਕਾਨੂੰਨਾਂ ਅਤੇ ਸਬੰਧਾਂ ਦੇ ਆਧਾਰ ’ਤੇ ਵੰਡੇ ਜਾਂਦੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਵਰਤਮਾਨ ਲੋਕ ਸਭਾ ’ਚ 157 ਮੈਂਬਰ ਸਿਆਸੀ ਪਰਿਵਾਰਾਂ ’ਚੋਂ ਹਨ। 28 ਬੇਟੇ-ਬੇਟੀਆਂ ਨੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਆਪਣਾ ਜਨਮ ਸਿੱਧ ਅਧਿਕਾਰ ਮੰਨ ਲਿਆ ਹੈ। ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਜੇ ਡਾਕਟਰ ਦਾ ਬੇਟਾ ਡਾਕਟਰ ਬਣ ਸਕਦਾ ਹੈ, ਵਕੀਲ ਦਾ ਬੇਟਾ ਵਕੀਲ ਬਣ ਸਕਦਾ ਹੈ ਤਾਂ ਜੇ ਸਿਆਸੀ ਆਗੂ ਦਾ ਬੇਟਾ ਸਿਆਸੀ ਆਗੂ ਬਣ ਜਾਂਦਾ ਹੈ ਤਾਂ ਇਸ ’ਚ ਕੀ ਗਲਤ ਹੈ। ਉਨ੍ਹਾਂ ਦੀ ਬੇਟੀ ਸੁਪ੍ਰਿਆ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਦੇ ਵਿਰੁੱਧ ਖੜ੍ਹੀ ਹੈ। ਇਕ ਵੰਸ਼ਵਾਦੀ ਆਗੂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਦੇ ਬੇਟੇ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਇਸ ਕਾਰਨ ਇਕ ਅਜਿਹੀ ਸਥਿਤੀ ਬਣ ਗਈ ਹੈ ਜਿੱਥੇ ਜ਼ਿਆਦਾਤਰ ਪਾਰਟੀਆਂ ਇਕ ਸੁਪਰੀਮ ਆਗੂ ਦੀਆਂ ਗੁਲਾਮ ਬਣ ਗਈਆਂ ਹਨ ਅਤੇ ਅਜਿਹਾ ਸੁਪਰੀਮ ਆਗੂ ਪਾਰਟੀ ’ਤੇ ਆਪਣੇ ਬੇਟੇ-ਬੇਟੀਆਂ ਨੂੰ ਥੋਪ ਸਕਦਾ ਹੈ। ਇਸ ਲਈ ਤੁਹਾਡਾ ਨਾਂ ਵੱਡਾ ਹੋਣਾ ਚਾਹੀਦਾ ਹੈ। ਇਸ ਲਈ ਸ਼ਾਸਨ ’ਚ ਅਨੁਭਵ ਦੀ ਕੋਈ ਲੋੜ ਨਹੀਂ।

ਅਜਿਹੇ ਮਾਹੌਲ ’ਚ ਯੋਗ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਅਣਡਿੱਠ ਕੀਤਾ ਜਾਂਦਾ ਹੈ। ਇਕ ਸਿਆਸੀ ਵਿਗਿਆਨੀ ਅਨੁਸਾਰ ਸੱਤਾ ਦਾ ਇਹ ਕੇਂਦਰੀਕਰਨ ਇਕ ਸਮੱਸਿਆ ਬਣ ਗਿਆ ਹੈ ਖਾਸ ਕਰ ਕੇ ਉਸ ਵੇਲੇ ਜਦ ਯੋਗਤਾ ਦੇ ਮਾਪਦੰਡਾਂ ਨਾਲ ਸਮਝੌਤਾ ਕੀਤਾ ਜਾਂਦਾ ਹੈ। ਸ਼ਾਇਦ ਇਸੇ ਕਾਰਨ ਰਾਕਾਂਪਾ ’ਚ ਵੰਡ ਹੋਈ, ਜਦ ਸ਼ਰਦ ਪਵਾਰ ਨੇ ਵੱਧ ਯੋਗ ਆਗੂ ਬਾਗੀ ਅਜੀਤ ਪਵਾਰ ਦੀ ਥਾਂ ਆਪਣੀ ਬੇਟੀ ਸੁਪ੍ਰਿਆ ਨੂੰ ਅਹਿਮੀਅਤ ਦਿੱਤੀ। ਇਹੀ ਸਥਿਤੀ ਊਧਵ ਠਾਕਰੇ ਦੀ ਸ਼ਿਵ ਸੈਨਾ ਦੀ ਹੈ। ਜਦ ਉਨ੍ਹਾਂ ਨੇ ਆਪਣੇ ਬੇਟੇ ਆਦਿੱਤਿਆ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਤਾਂ ਏਕਨਾਥ ਸ਼ਿੰਦੇ ਬਹੁਗਿਣਤੀ ਵਿਧਾਇਕਾਂ ਨਾਲ ਵੱਖਰੇ ਹੋ ਗਏ ਅਤੇ ਭਾਜਪਾ ਦੀ ਮਦਦ ਨਾਲ ਉਨ੍ਹਾਂ ਨੇ ਸਰਕਾਰ ਬਣਾਈ। ਹਾਲਾਂਕਿ ਉਨ੍ਹਾਂ ਦਾ ਬੇਟਾ ਵੀ ਸੰਸਦ ਮੈਂਬਰ ਹੈ।

ਇਸ ਦਿਸ਼ਾ ’ਚ ਅਗਲਾ ਕਦਮ ਕੀ ਹੋਵੇ? ਲੋਕਾਂ ’ਚ ਜਾਗਰੂਕਤਾ ਵਧਣ ਦੇ ਨਾਲ ਵੰਸ਼ਵਾਦ ਦੀ ਥਾਂ ਲੋਕ ਪਾਰਟੀਆਂ ’ਚ ਲੋਕਤੰਤਰ ਦੀ ਹਮਾਇਤ ਕਰਨਗੇ। ਸਾਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਬਿਹਤਰੀਨ ਸਿਆਸੀ ਪ੍ਰਣਾਲੀ ਸਿਆਸੀ ਪਾਰਟੀਆਂ ’ਚ ਆਜ਼ਾਦ, ਨਿਰਪੱਖ ਅਤੇ ਨਿਯਮਿਤ ਚੋਣਾਂ ’ਤੇ ਆਧਾਰਿਤ ਹੈ। ਲੰਬੇ ਸਮੇਂ ’ਚ ਖਾਨਦਾਨ ਜਾਂ ਪਰਿਵਾਰਵਾਦ ਦੇ ਥੋੜ੍ਹੇ ਸਮੇਂ ਦੇ ਲਾਭ ਭਾਰਤੀ ਸਿਆਸਤ ਲਈ ਸ਼ੁੱਭ ਨਹੀਂ ਹੋਣਗੇ। ਸਮਾਂ ਆ ਗਿਆ ਹੈ ਕਿ ਸੱਚੇ ਲੋਕਤੰਤਰ ਦਾ ਸਨਮਾਨ ਕੀਤਾ ਜਾਵੇ ਨਹੀਂ ਤਾਂ ਅਸੀਂ ਸਿਆਸੀ ਰਸਾਤਲ ਵੱਲ ਵਧਦੇ ਜਾਵਾਂਗੇ ਅਤੇ ਖਾਨਦਾਨ ਅੱਗੇ ਵਧਦੇ ਰਹਿਣਗੇ, ਨਵੇਂ ਰਾਜੇ ਅਤੇ ਨਵੀਆਂ ਰਾਣੀਆਂ ਬਣਦੀਆਂ ਰਹਿਣਗੀਆਂ ਅਤੇ ਭਾਰਤ ਜਗੀਰੂ ਪ੍ਰਣਾਲੀ ਵੱਲ ਵਧਦਾ ਰਹੇਗਾ।

ਪੂਨਮ ਆਈ. ਕੌਸ਼ਿਸ਼


Rakesh

Content Editor

Related News