ਅਦਾਲਤਾਂ ’ਚ ‘ਕੈਦ’ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ‘ਸਰਦਾਰੀ’

10/08/2021 3:27:07 AM

ਸੁਨੀਲ ਪਾਂਡੇ (ਦਿੱਲੀ ਦੀ ਸਿੱਖ ਸਿਆਸਤ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਅਜੇ ਲਟਕਦਾ ਹੋਇਆ ਨਜ਼ਰ ਆ ਰਿਹਾ ਹੈ। 2 ਦਰਜਨ ਤੋਂ ਵੱਧ ਚੋਣ ਰਿੱਟਾ ਜ਼ਿਲਾ ਅਦਾਲਤਾਂ ’ਚ ਦਾਖਲ ਹੋ ਚੁੱਕੀਆਂ ਹਨ, ਜਿਨ੍ਹਾਂ ’ਤੇ ਜੇਕਰ ਜਲਦੀ ਫੈਸਲਾ ਹੋ ਗਿਆ ਤਾਂ ਬਹੁਮਤ ਦਾ ਅੰਕੜਾ ਬਦਲ ਸਕਦਾ ਹੈ। ਮਾਮੂਲੀ ਬਹੁਮਤ ਦੇ ਨਾਲ ਕਮੇਟੀ ਬਣਾਉਣ ਦੀ ਕੋਸ਼ਿਸ਼ ’ਚ ਲੱਗੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਖੁਦ ਆਪਣੀ ਮੈਂਬਰੀ ਲਈ ਸੰਘਰਸ਼ ਕਰ ਰਹੇ ਹਨ।

ਆਮ ਚੋਣਾਂ ’ਚ ਪੰਜਾਬੀ ਬਾਗ ਵਾਰਡ ਤੋਂ ਚੋਣ ਹਾਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਤੀਨਿਧੀ ਦੇ ਤੌਰ ’ਤੇ ਕਮੇਟੀ ਮੈਂਬਰ ਬਣਨ ਦਾ ਸਿਰਸਾ ਦਾ ਸੁਪਨਾ ਵੀ ਫਿਲਹਾਲ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਗੁਰਦੁਆਰਾ ਚੋਣ ਨਿਰਦੇਸ਼ਕ ਨਰਿੰਦਰ ਸਿੰਘ ਨੇ ਸਿਰਸਾ ਨੂੰ ਗੁਰਮੁਖੀ ਟੈਸਟ ’ਚ ਅਯੋਗ ਕਰਾਰ ਦੇ ਦਿੱਤਾ ਹੈ। ਦਿੱਲੀ ਕਮੇਟੀ ਐਕਟ ਦੀ ਧਾਰਾ-10 ਅਨੁਸਾਰ ਕਿਸੇ ਨੂੰ ਵੀ ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਗੁਰਮੁਖੀ ਦਾ ਗਿਆਨ ਲਾਜ਼ਮੀ ਹੈ। ਹਾਲਾਂਕਿ, ਸਿਰਸਾ ਨੇ ਨਿਰਦੇਸ਼ਕ ਦੇ ਹੁਕਮ ਨੂੰ ਦਿੱਲੀ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ, ਜਿਸ ’ਤੇ ਸ਼ੁੱਕਰਵਾਰ ਨੂੰ ਫੈਸਲਾ ਆਉਣ ਦੀ ਆਸ ਹੈ। ਇਸ ਤੋਂ ਬਾਅਦ ਵੀ ਪੀੜਤ ਧਿਰ ਨੂੰ ਦਿੱਲੀ ਹਾਈਕੋਰਟ ਦੀ ਡਬਲ ਬੈਂਚ ’ਚ ਜਾਣ ਦਾ ਬਦਲ ਖੁੱਲ੍ਹਾ ਰਹੇਗਾ।

ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਜਦ ਤਕ ਸਿਰਸਾ ਦੀ ਅਯੋਗਤਾ ’ਤੇ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤਕ ਉਹ ਜਨਰਲ ਹਾਊਸ ਨਹੀਂ ਸੱਦਣਗੇ। ਓਧਰ ਦੂਸਰੇ ਪਾਸੇ ਵੱਖ-ਵੱਖ ਅਦਾਲਤਾਂ ’ਚ ਦਾਖਲ ਚੋਣ ਰਿੱਟਾਂ ਦੇ ਫੈਸਲੇ ’ਤੇ ਵੀ ਕਮੇਟੀ ਦਾ ਭਵਿੱਖ ਨਿਰਭਰ ਕਰਦਾ ਹੈ। ਇਸ ’ਚ ਗੁਰਮੁਖੀ ਦਾ ਗਿਆਨ, ਗੈਰ-ਅੰਮ੍ਰਿਤਧਾਰੀ, ਚੋਣ ਜ਼ਾਬਤੇ ਦੀ ਉਲੰਘਣਾ, ਕਮੇਟੀ ਦਾ ਕਰਮਚਾਰੀ ਹੋਣ ਨਾਲ ਸੰਬੰਧਤ ਵਿਵਾਦਾਂ ਵਾਲੀਆਂ ਰਿੱਟਾਂ ਸ਼ਾਮਲ ਹਨ। ਆਸ ਪ੍ਰਗਟਾਈ ਜਾ ਰਹੀ ਹੈ ਕਿ ਅਦਾਲਤ ਦੇ ਹੁਕਮ ’ਤੇ 5-6 ਮੈਂਬਰਾਂ ਦਾ ਗੁਰਮੁਖੀ ਟੈਸਟ ਹੋ ਸਕਦਾ ਹੈ।

ਬੀਬੀ ਰਣਜੀਤ ਕੌਰ ਦੀ ਮੈਂਬਰੀ ਵੀ ਖਤਰੇ ’ਚ : ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਨਵੀਂ ਚੁਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਦੀ ਕਮੇਟੀ ਕਰਮਚਾਰੀ ਹੋਣ ਦੇ ਕਾਰਨ ਚੋਣ ਖਤਰੇ ’ਚ ਪੈ ਗਈ ਹੈ। ਰਣਜੀਤ ਕੌਰ ਦੇ ਬਾਰੇ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਮਜ਼ਦਗੀ ਦੇ ਸਮੇਂ ਬੇਸ਼ੱਕ ਉਨ੍ਹਾਂ ਨੇ ਅਧਿਆਪਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਮੈਂਬਰ ਚੁਣੇ ਜਾਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਮਿਲਣ ਵਾਲੀ ਤਨਖਾਹ ਉਨ੍ਹਾਂ ਦੇ ਖਾਤੇ ’ਚ ਆ ਚੁੱਕੀ ਹੈ ਜਦਕਿ ਦਿੱਲੀ ਗੁਰਦੁਆਰਾ ਕਮੇਟੀ ਐਕਟ ਅਨੁਸਾਰ ਕਿਸੇ ਵੀ ਗੁਰਦੁਆਰੇ ਦਾ ਕਰਮਚਾਰੀ ਚੋਣਾਂ ਨਹੀਂ ਲੜ ਸਕਦਾ। ਰਣਜੀਤ ਕੌਰ ਦੀ ਇਸ ਤੋਂ ਪਹਿਲਾਂ ਵੀ ਕਮੇਟੀ ਕਰਮਚਾਰੀ ਹੋਣ ਦੇ ਕਾਰਨ ਮੈਂਬਰੀ ਖਾਰਿਜ ਹੋ ਗਈ ਸੀ। ਉਨ੍ਹਾਂ ਦੇ ਸਿਆਸੀ ਵਿਰੋਧੀ ਕੋਈ ਕਸਰ ਨਹੀਂ ਛੱਡਣੀ ਚਾਹੁੰਦੇ।

ਡਾ. ਜਸਪਾਲ ਸਿੰਘ ਦੇ ਨਾਂ ਦੀ ਕਮੇਟੀ ਗਲਿਆਰਿਆਂ ’ਚ ਚਰਚਾ : ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜਸਪਾਲ ਸਿੰਘ ਦੇ ਵੀ ਸ਼੍ਰੋਮਣੀ ਕਮੇਟੀ ਕੋਟੇ ਤੋਂ ਨਾਮਜ਼ਦ ਹੋਣ ਦੀਆਂ ਕਿਆਸਅਰਾਈਆਂ ਕਮੇਟੀ ਗਲਿਆਰਿਆਂ ’ਚ ਚੱਲ ਰਹੀਆਂ ਹਨ। ਚਰਚਾ ਹੈ ਕਿ ਜੇਕਰ ਸਿਰਸਾ ਆਪਣੀ ਯੋਗਤਾ ਬਚਾਉਣ ’ਚ ਕਾਮਯਾਬ ਨਹੀਂ ਹੋਏ ਤਾਂ ਬਾਦਲ ਪਰਿਵਾਰ ਜਸਪਾਲ ਸਿੰਘ ਨੂੰ ਐੱਸ. ਜੀ. ਪੀ. ਸੀ. ਕੋਟੇ ਤੋਂ ਕਮੇਟੀ ਮੈਂਬਰ ਦੇ ਰੂਪ ’ਚ ਨਾਮਜ਼ਦ ਕਰ ਸਕਦਾ ਹੈ। ਨਾਲ ਹੀ ਪ੍ਰਧਾਨ ਦੀ ਕੁਰਸੀ ਵੀ ਦੇ ਸਕਦਾ ਹੈ। ਹਾਲਾਂਕਿ ਉਹ ਇਸ ਸਮੇਂ ਰਾਸ਼ਟਰੀ ਘੱਟਗਿਣਤੀ ਸਿੱਖਿਆ ਸੰਸਥਾਨ ਕਮਿਸ਼ਨ ਦੇ ਮੈਂਬਰ ਹਨ, ਜੋ ਇਕ ਸੰਵਿਧਾਨਕ ਅਹੁਦਾ ਹੈ। ਡਾ. ਜਸਪਾਲ ਸਿੰਘ ਪਹਿਲਾਂ ਵੀ ਗੁਰਦੁਆਰਾ ਕਮੇਟੀ ਦੀ ਸੇਵਾ ਕਰ ਚੁੱਕੇ ਹਨ।

ਮੈਂਬਰੀ ਬਚਾਉਣ ਲਈ ਗੁਰਮੁਖੀ ਸਿੱਖ ਰਹੇ ਹਨ ਨਵੇਂ ਚੁਣੇ ਮੈਂਬਰ : ਗੁਰਮੁਖੀ ਟੈਸਟ ’ਚ ਮਨਜਿੰਦਰ ਸਿੰਘ ਸਿਰਸਾ ਦੇ ਫੇਲ ਹੋਣ ਤੋਂ ਬਾਅਦ ਇਕ ਦਰਜਨ ਤੋਂ ਵੱਧ ਨਵੇਂ ਚੁਣੇ ਮੈਂਬਰਾਂ ’ਤੇ ਵੀ ਟੈਸਟ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਉਨ੍ਹਾਂ ਨੂੰ ਵੀ ਇਸ ਪ੍ਰਕਿਰਿਆ ’ਚੋਂ ਨਾ ਲੰਘਣਾ ਪਏ। ਇਸ ਤੋਂ ਬਚਣ ਲਈ ਮੈਂਬਰਾਂ ਨੇ ਗੁਰਮੁਖੀ ਅਤੇ ਪੰਜਾਬੀ ਪੜ੍ਹਨੀ-ਲਿਖਣੀ ਸ਼ੁਰੂ ਕਰ ਦਿੱਤੀ ਹੈ। ਕੁਝ ਮੈਂਬਰ ਆਪਣੇ ਘਰ ਟਿਊਸ਼ਨ ਲੈ ਰਹੇ ਹਨ ਜਦਕਿ ਕੁਝ ਗੁਰਦੁਆਰਿਆਂ ’ਚ ਜਾ ਕੇ ਬਾਕਾਇਦਾ ਸਿੱਖ ਰਹੇ ਹਨ। ਜੇਕਰ ਉਹ ਗੁਰਮੁਖੀ ਪੜ੍ਹਨ-ਲਿਖਣ ’ਚ ਸਫਲ ਹੋ ਜਾਂਦੇ ਹਨ ਤਾਂ ਇਸ ਦਾ ਪੂਰਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੂੰ ਜਾਏਗਾ। ਸਰਨਾ ਨੇ ਹੀ ਇਸ ਮਸਲੇ ਨੂੰ ਅਦਾਲਤ ’ਚ ਚੁੱਕਿਆ ਹੈ।

ਪ੍ਰਧਾਨ ਮੰਤਰੀ ਨਾਲ ਮਿਲਣਾ ਸੀ, ਨਹੀਂ ਇਕੱਠੇ ਕਰ ਸਕੇ 32 ਮੈਂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣ ਦੇ ਇਕ ਮਹੀਨੇ ਬਾਅਦ ਵੀ ਨਵੀਂ ਕਮੇਟੀ ਦਾ ਗਠਨ ਨਾ ਹੋ ਸਕਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ 6 ਅਕਤੂਬਰ ਨੂੰ 32 ਮੈਂਬਰਾਂ ਦੀ ਪਰੇਡ ਕਰਵਾਉਣ ਦਾ ਦਾਅਵਾ ਕੀਤਾ ਸੀ ਪਰ ਐਨ ਵਕਤ ’ਤੇ ਆਪਣੇ ਹੀ ਮੈਂਬਰ ਪੂਰੇ ਨਹੀਂ ਇਕੱਠੇ ਕਰ ਸਕਿਆ। ਨਤੀਜੇ ਵਜੋਂ ਮੁਲਾਕਾਤ ਦੀ ਗੱਲ ਫੁਸ ਹੋ ਗਈ। ਸਿਆਸੀ ਗਲਿਆਰਿਆਂ ’ਚ ਚਰਚਾ ਵੀ ਰਹੀ ਕਿ ਅਕਾਲੀ ਦਲ ਆਪਣੇ ਹੀ ਪੂਰੇ ਮੈਂਬਰਾਂ ਨੂੰ ਇਕੱਠੇ ਕਰਨ ’ਚ ਅਸਫਲ ਰਿਹਾ, ਜਿਸ ਦੇ ਕਾਰਨ ਉਸ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮੁਲਤਵੀ ਕਰ ਦਿੱਤੀ।

ਹਾਲਾਂਕਿ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ 5 ਅਕਤੂਬਰ ਨੂੰ ਬਾਕਾਇਦਾ ਪ੍ਰੈੱਸ ਨੋਟ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ 6 ਅਕਤੂਬਰ ਨੂੰ ਪ੍ਰਧਾਨ ਮੰਤਰੀ ਦਫਤਰ ’ਚ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਧਿਆਨ ਦਿੱਲੀ ਦੀ ‘ਆਪ’ ਸਰਕਾਰ ਵਲੋਂ ਸਿੱਖ ਕੌਮ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਕਰਦੇ ਹੋਏ ਦਿੱਲੀ ਕਮੇਟੀ ਦੇ ਜਨਰਲ ਹਾਊਸ ਦਾ ਗਠਨ ਨਾ ਹੋਣ ਦੇਣ ਵੱਲ ਦਿਵਾਇਆ ਜਾਵੇਗਾ। ਨਾਲ ਹੀ ਗੁਰਦੁਆਰਾ ਚੋਣ ਨਿਰਦੇਸ਼ਕ ਨਰਿੰਦਰ ਸਿੰਘ ਦੀ ਸ਼ਿਕਾਇਤ ਵੀ ਕਰਨ ਦੀ ਯੋਜਨਾ ਸੀ।


Bharat Thapa

Content Editor

Related News