ਆਨਲਾਈਨ ਵਿਆਹ ਦੇ ਖਤਰੇ
Monday, Jan 01, 2024 - 01:45 PM (IST)
ਜਦੋਂ ਤੋਂ ਸੋਸ਼ਲ ਮੀਡੀਆ ਦਾ ਨੈੱਟਵਰਕ ਪੂਰੀ ਦੁਨੀਆ ’ਚ ਵਧਿਆ ਹੈ, ਉਦੋਂ ਤੋਂ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ ਕਰੋੜਾਂ ’ਚ ਪੁੱਜ ਗਈ ਹੈ। ਇਸ ਦਾ ਇਕ ਲਾਭ ਤਾਂ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਨੁੱਕਰ ’ਚ ਬੈਠਾ ਆਦਮੀ ਦੂਜੇ ਕੰਢੇ ’ਤੇ ਬੈਠੇ ਆਦਮੀ ਨਾਲ 24 ਘੰਟੇ ਸੰਪਰਕ ’ਚ ਰਹਿ ਸਕਦਾ ਹੈ। ਫਿਰ ਉਹ ਭਾਵੇਂ ਆਪਸੀ ਤਸਵੀਰਾਂ ਦਾ ਵਟਾਂਦਰਾ ਹੋਵੇ, ਟੈਲੀਫੋਨ ਗੱਲਬਾਤ ਹੋਵੇ ਜਾਂ ਕਈ ਲੋਕਾਂ ਦੀ ਰਲ ਕੇ ਆਨਲਾਈਨ ਮੀਟਿੰਗ ਹੋਵੇ। ਇਸ ਦਾ ਇਕ ਲਾਭ ਉਨ੍ਹਾਂ ਲੋਕਾਂ ਨੂੰ ਵੀ ਹੋਇਆ ਹੈ ਜੋ ਜੀਵਨਸਾਥੀ ਦੀ ਭਾਲ ’ਚ ਰਹਿੰਦੇ ਹਨ। ਫਿਰ ਉਹ ਭਾਵੇਂ ਮਰਦ ਹੋਣ ਜਾਂ ਔਰਤਾਂ।
ਸਾਡੀ ਸਾਰਿਆਂ ਦੀ ਜਾਣਕਾਰੀ ’ਚ ਅਜਿਹੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਇਸ ਵਸੀਲੇ ਦਾ ਲਾਭ ਉਠਾ ਕੇ ਆਪਣਾ ਜੀਵਨਸਾਥੀ ਚੁਣਿਆ ਹੈ ਅਤੇ ਸੁਖੀ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਜੇਕਰ ਇਕ ਪਹਿਲੂ ਇਹ ਹੈ ਤਾਂ ਦੂਜਾ ਪਹਿਲੂ ਇਹ ਵੀ ਹੈ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਧੋਖਾ ਮਿਲਿਆ ਹੈ ਅਤੇ ਆਰਥਿਕ ਤੇ ਮਾਨਸਿਕ ਤਸੀਹੇ ਵੀ ਝੱਲਣੇ ਪਏ ਹਨ।
ਭਾਰਤ ’ਚ ਕਿਸੇ ਅਣਵਿਆਹੀ ਔਰਤ ਦਾ ਜੀਵਨ ਜਿਊਣਾ ਸੌਖਾ ਨਹੀਂ ਹੁੰਦਾ। ਉਸ ’ਤੇ ਸਮਾਜ ਅਤੇ ਪਰਿਵਾਰ ਦਾ ਭਾਰੀ ਦਬਾਅ ਰਹਿੰਦਾ ਹੈ ਕਿ ਉਹ ਸਮਾਂ ਰਹਿੰਦਿਆਂ ਵਿਆਹ ਕਰਾਵੇ। ਕਿਉਂਕਿ ਅੱਜਕਲ ਸ਼ਹਿਰਾਂ ਦੀਆਂ ਲੜਕੀਆਂ ਕਾਫੀ ਪੜ੍ਹ-ਲਿਖ ਗਈਆਂ ਹਨ ਅਤੇ ਚੰਗੀ ਆਮਦਨੀ ਵਾਲੀਆਂ ਨੌਕਰੀਆਂ ਵੀ ਕਰ ਰਹੀਆਂ ਹਨ, ਇਸ ਲਈ ਅਕਸਰ ਅਜਿਹੀਆਂ ਲੜਕੀਆਂ ਸਿਰਫ ਮਾਤਾ-ਪਿਤਾ ਦੇ ਸੁਝਾਅ ਨੂੰ ਮੰਨ ਕੇ ਪੁਰਾਣੇ ਢੰਗ ਨਾਲ ਵਿਆਹ ਨਹੀਂ ਕਰਨਾ ਚਾਹੁੰਦੀਆਂ। ਉਹ ਆਪਣੇ ਕਾਰਜ ਖੇਤਰ ’ਚ ਜਾਂ ਫਿਰ ਸੋਸ਼ਲ ਮੀਡੀਆ ’ਤੇ ਆਪਣੀ ਪਸੰਦ ਦਾ ਜੀਵਨਸਾਥੀ ਲੱਭਦੀਆਂ ਰਹਿੰਦੀਆਂ ਹਨ।
ਇਸ ਦੇ ਨਾਲ ਹੀ ਅਜਿਹੀਆਂ ਔਰਤਾਂ ਦੀ ਗਿਣਤੀ ਘੱਟ ਨਹੀਂ ਹੈ ਜੋ ਘੱਟ ਉਮਰ ’ਚ ਤਲਾਕਸ਼ੁਦਾ ਹੋ ਗਈਆਂ ਜਾਂ ਵਿਧਵਾ ਹੋ ਗਈਆਂ। ਇਨ੍ਹਾਂ ਔਰਤਾਂ ਕੋਲ ਵੀ ਆਪਣੇ ਗੁਜ਼ਾਰੇ ਲਈ ਆਰਥਿਕ ਸੁਰੱਖਿਆ ਤਾਂ ਜ਼ਰੂਰ ਹੁੰਦੀ ਹੈ ਪਰ ਭਾਵਨਾਤਮਕ ਅਸੁਰੱਖਿਆ ਕਾਰਨ ਇਨ੍ਹਾਂ ਨੂੰ ਵੀ ਮੁੜ ਤੋਂ ਜੀਵਨਸਾਥੀ ਦੀ ਭਾਲ ਰਹਿੰਦੀ ਹੈ। ਇਨ੍ਹਾਂ ਦੋਵਾਂ ਹੀ ਕਿਸਮ ਦੀਆਂ ਔਰਤਾਂ ਨੂੰ ਦੁਨੀਆ ਭਰ ’ਚ ਬੈਠੇ ਠੱਗ ਅਕਸਰ ਮੂਰਖ ਬਣਾ ਕੇ ਮੋਟੀ ਰਕਮ ਬਟੋਰ ਲੈਂਦੇ ਹਨ। ਬਿਨਾਂ ਵਿਆਹ ਕਰਾਵੇ ਇਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਅਜਿਹੀਆਂ ਹੀ ਕੁਝ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਬੀ. ਬੀ. ਸੀ. ਦੀ ਇਕ ਵੈੱਬ ਸੀਰੀਜ਼ ‘ਵੈਡਿੰਗ ਕਾਨ’ ਇਸੇ ਹਫਤੇ ਓ. ਟੀ. ਟੀ. ਪਲੇਟਫਾਰਮ ਐਮਾਜ਼ੋਨ ਪ੍ਰਾਈਮ ’ਤੇ ਜਾਰੀ ਹੋਈ ਹੈ।
ਇਹ ਸੀਰੀਜ਼ ਇੰਨੀ ਪ੍ਰਭਾਵਸ਼ਾਲੀ ਹੈ ਕਿ ਇਸ ਨੂੰ ਹਰ ਉਨ੍ਹਾਂ ਔਰਤਾਂ ਨੂੰ ਦੇਖਣਾ ਚਾਹੀਦਾ ਹੈ ਜੋ ਸੋਸ਼ਲ ਮੀਡੀਆ ’ਤੇ ਜੀਵਨਸਾਥੀ ਦੀ ਭਾਲ ’ਚ ਲੱਗੀਆਂ ਹੋਈਆਂ ਹਨ। ਬਾਲੀਵੁੱਡ ਦੀ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਤਨੁਜਾ ਚੰਦਰਾ ਨੇ ਵੱਡੇ ਤਜਰਬੇਕਾਰ ਅਤੇ ਯੋਗ ਫਿਲਮਕਾਰਾਂ ਦੀ ਮਦਦ ਨਾਲ ਇਸ ਨੂੰ ਬਣਾਇਆ ਹੈ। ਇਸ ਸੀਰੀਜ਼ ’ਚ ਜਿਹੜੀਆਂ ਔਰਤਾਂ ਨਾਲ ਹੋਏ ਹਾਦਸੇ ਦਿਖਾਏ ਗਏ ਹਨ, ਉਨ੍ਹਾਂ ’ਚੋਂ ਇਕ ਵਿਧਵਾ ਔਰਤ ਤਾਂ ਆਪਣੀ ਮਿਹਨਤ ਦੀ ਕਮਾਈ ਦਾ ਲਗਭਗ ਡੇਢ ਕਰੋੜ ਰੁਪਏ ਉਸ ਆਦਮੀ ’ਤੇ ਲੁਟਾ ਬੈਠੀ ਜਿਸ ਨੂੰ ਉਸ ਨੇ ਕਦੀ ਦੇਖਿਆ ਤੱਕ ਨਹੀਂ ਸੀ। ਇਸੇ ਤਰ੍ਹਾਂ ਇਕ ਦੂਜੀ ਔਰਤ ਨੇ 50 ਲੱਖ ਰੁਪਏ ਗਵਾਏ ਤਾਂ ਤੀਜੀ ਔਰਤ ਨੇ 22 ਲੱਖ ਰੁਪਏ। ਚਿੰਤਾ ਦੀ ਗੱਲ ਇਹ ਹੈ ਕਿ ਇਹ ਸਾਰੀਆਂ ਔਰਤਾਂ ਖੂਬ ਪੜ੍ਹੀਆਂ-ਲਿਖੀਆਂ, ਰੱਜੇ-ਪੁੱਜੇ ਪਰਿਵਾਰਾਂ ’ਚੋਂ ਅਤੇ ਪ੍ਰੋਫੈਸ਼ਨਲ ਨੌਕਰੀਆਂ ’ਤੇ ਲੱਗੀਆਂ ਹੋਈਆਂ ਸਨ। ਵਿਆਹ ਦੀ ਰੀਝ ’ਚ ਸੋਸ਼ਲ ਮੀਡੀਆ ’ਤੇ ਇਹ ਲੋਕਾਂ ਦੇ ਜਾਲ ’ਚ ਫਸ ਗਈਆਂ, ਜਿਨ੍ਹਾਂ ਨੇ ਆਪਣੀ ਅਸਲੀਅਤ ਲੁਕਾ ਕੇ ਵਿਆਹ ਦੀਆਂ ਵੈੱਬਸਾਈਟਾਂ ’ਤੇ ਨਕਲੀ ਪ੍ਰੋਫਾਈਲਾਂ ਬਣਾਈਆਂ ਹੋਈਆਂ ਸਨ।
ਇਹ ਠੱਗ ਇਸ ਹੁਨਰ ’ਚ ਇੰਨੇ ਮਾਹਿਰ ਸਨ ਕਿ ਉਨ੍ਹਾਂ ਦੀ ਭਾਸ਼ਾ ਅਤੇ ਗੱਲਬਾਤ ਤੋਂ ਇਨ੍ਹਾਂ ਔਰਤਾਂ ਨੂੰ ਰੱਤੀ ਭਰ ਵੀ ਸ਼ੱਕ ਨਾ ਹੋਇਆ। ਉਹ ਬਿਨਾਂ ਮਿਲੇ ਹੀ ਉਨ੍ਹਾਂ ਦੇ ਜਾਲ ’ਚ ਫਸਦੀਆਂ ਗਈਆਂ ਅਤੇ ਉਨ੍ਹਾਂ ਦੀਆਂ ਭਾਵੁਕ ਕਹਾਣੀਆਂ ਸੁਣ-ਸੁਣ ਕੇ ਆਪਣੀ ਖੂਨ-ਪਸੀਨੇ ਦੀ ਕਮਾਈ ਉਨ੍ਹਾਂ ਦੇ ਖਾਤਿਆਂ ’ਚ ਟ੍ਰਾਂਸਫਰ ਕਰਦੀਆਂ ਚਲੀਆਂ ਗਈਆਂ। ਇਨ੍ਹਾਂ ਔਰਤਾਂ ਨੂੰ ਕਦੀ ਇਹ ਜਾਪਿਆ ਹੀ ਨਹੀਂ ਕਿ ਸਾਹਮਣੇ ਵਾਲਾ ਵਿਅਕਤੀ ਕੋਈ ਬਹਿਰੂਪੀਆ ਜਾਂ ਠੱਗ ਹੈ ਅਤੇ ਉਹ ਬਣਾਉਟੀ ਪਿਆਰ ਪ੍ਰਗਟਾ ਕੇ ਇਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਰਿਹਾ ਹੈ। ਇਨ੍ਹਾਂ ’ਚੋਂ 2 ਵਿਅਕਤੀ ਤਾਂ ਅਜਿਹੇ ਨਿਕਲੇ ਜੋ 30 ਤੋਂ 50 ਔਰਤਾਂ ਨੂੰ ਧੋਖਾ ਦੇ ਚੁੱਕੇ ਸਨ। ਤਦ ਕਿਤੇ ਜਾ ਕੇ ਪੁਲਸ ਉਨ੍ਹਾਂ ਨੂੰ ਫੜ ਸਕੀ।
ਹੈਰਾਨੀ ਦੀ ਗੱਲ ਇਹ ਹੈ ਕਿ ਅਮੀਰ ਪਰਿਵਾਰਾਂ ਦੀਆਂ ਇਹ ਪੜ੍ਹੀਆਂ-ਲਿਖੀਆਂ ਔਰਤਾਂ ਇਸ ਤਰ੍ਹਾਂ ਠੱਗਾਂ ਦੇ ਝਾਂਸੇ ’ਚ ਆ ਗਈਆਂ ਕਿ ਪੂਰੀ ਤਰ੍ਹਾਂ ਲੁੱਟੀਆਂ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਦੀ ਆਪਣੇ ਮਾਤਾ-ਪਿਤਾ ਤੱਕ ਤੋਂ ਇਸ ਵਿਸ਼ੇ ’ਚ ਸਲਾਹ ਨਹੀਂ ਲਈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਆਰਥਿਕ ਲੈਣ-ਦੇਣ ਬਾਰੇ ਕਦੀ ਕੁਝ ਦੱਸਿਆ। ਜਦੋਂ ਇਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਉਹ ਕਿਸੇ ਆਧੁਨਿਕ ਠੱਗ ਦੇ ਜਾਲ ’ਚ ਫਸ ਚੁੱਕੀਆਂ ਹਨ, ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ। ਹੁਣ ਪਛਤਾਉਣ ਦਾ ਕੀ ਫਾਇਦਾ ਜਦੋਂ ਸਭ ਕੁਝ ਲੁੱਟ-ਪੁੱਟ ਗਿਆ। ਇਸ ਅਣਕਿਆਸੀ ਹਾਲਤ ਨੇ ਉਨ੍ਹਾਂ ਨੂੰ ਅਜਿਹਾ ਸਦਮਾ ਦਿੱਤਾ ਕਿ ਕੁਝ ਤਾਂ ਆਪਣੇ ਹੋਸ਼ੋ-ਹਵਾਸ ਹੀ ਗਵਾ ਬੈਠੀਆਂ। ਉਨ੍ਹਾਂ ਦੇ ਮਾਤਾ-ਪਿਤਾ ਨੂੰ ਜੋ ਧੱਕਾ ਲੱਗਾ, ਉਹ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
ਫਿਰ ਵੀ ਇਨ੍ਹਾਂ ’ਚੋਂ ਕੁਝ ਔਰਤਾਂ ਨੇ ਹਿੰਮਤ ਕੀਤੀ ਅਤੇ ਪੁਲਸ ਕੋਲ ਸ਼ਿਕਾਇਤ ਲਿਖਵਾਉਣ ਦੀ ਦਲੇਰੀ ਦਿਖਾਈ। ਫਿਰ ਵੀ ਇਹ ਵਧੇਰੇ ਠੱਗਾਂ ਨੂੰ ਫੜਵਾ ਨਹੀਂ ਸਕੀਆਂ। ਸਾਈਬਰ ਕ੍ਰਾਈਮ ਨਾਲ ਜੁੜੇ ਪੁਲਸ ਦੇ ਵੱਡੇ ਅਧਿਕਾਰੀ ਅਤੇ ਸਾਈਬਰ ਕ੍ਰਾਈਮ ਦੇ ਮਾਹਿਰ ਵਕੀਲ ਇਹ ਕਹਿੰਦੇ ਹਨ ਕਿ ਮੌਜੂਦਾ ਕਾਨੂੰਨ ਅਤੇ ਸਰੋਤ ਅਜਿਹੇ ਠੱਗਾਂ ਨਾਲ ਨਜਿੱਠਣ ਲਈ ਨਾਕਾਫੀ ਹਨ। ਇਨ੍ਹਾਂ ’ਚੋਂ ਵੀ ਜੋ ਠੱਗ ਵਿਦੇਸ਼ਾਂ ’ਚ ਰਹਿੰਦੇ ਹਨ, ਉਨ੍ਹਾਂ ਤੱਕ ਪਹੁੰਚਣਾ ਤਾਂ ਅਸੰਭਵ ਹੈ ਕਿਉਂਕਿ ਅਜਿਹੇ ਠੱਗਾਂ ਦੀ ਹਵਾਲਗੀ ਕਰਵਾਉਣ ਲਈ ਭਾਰਤ ਦੀ ਦੂਜੇ ਦੇਸ਼ਾਂ ਨਾਲ ਦੋਪੱਖੀ ਹਵਾਲਗੀ ਸੰਧੀ ਨਹੀਂ ਹੈ। ਅਜਿਹੇ ਠੱਗਾਂ ਨੂੰ ਵੀ ਫੜਨਾ ਇੰਨਾ ਸੌਖਾ ਨਹੀਂ ਹੁੰਦਾ ਕਿਉਂਕਿ ਉਹ ਫਰਜ਼ੀ ਪਛਾਣ, ਫਰਜ਼ੀ ਆਧਾਰ ਕਾਰਡ, ਫਰਜ਼ੀ ਪੈਨਕਾਰਡ, ਫਰਜ਼ੀ ਟੈਲੀਫੋਨ ਨੰਬਰ ਦੀ ਵਰਤੋਂ ਕਰਦੇ ਹਨ ਅਤੇ ਆਪਣੇ ਮਕਸਦ ਨੂੰ ਹਾਸਲ ਕਰਨ ਦੇ ਬਾਅਦ ਇਨ੍ਹਾਂ ਸਾਰਿਆਂ ਨੂੰ ਨਸ਼ਟ ਕਰ ਦਿੰਦੇ ਹਨ।
ਇਸ ਸੀਰੀਜ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਕਰੋੜਾਂ ਭਾਰਤੀ ਔਰਤਾਂ ਨੂੰ ਬੜੀ ਡੂੰਘਾਈ ਨਾਲ ਸਮਝਾਉਣ ’ਚ ਸਫਲ ਰਹੀ ਹੈ ਕਿ ਵਿਆਹ ਦੇ ਮਾਮਲੇ ’ਚ ਸੋਸ਼ਲ ਮੀਡੀਆ ਦੀਆਂ ਸੂਚਨਾਵਾਂ ਨੂੰ ਅਤੇ ਇਸ ਰਾਹੀਂ ਸੰਪਰਕ ’ਚ ਆਉਣ ਵਾਲੇ ਵਿਅਕਤੀਆਂ ਨੂੰ ਉਦੋਂ ਤੱਕ ਸਹੀ ਨਾ ਮੰਨੋ ਜਦੋਂ ਤੱਕ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਪਿਛੋਕੜ ਦੀ ਕਿਸੇ ਸਮਾਨਾਂਤਰ ਪ੍ਰਕਿਰਿਆ ਤੋਂ ਜਾਂਚ ਨਾ ਕਰਵਾ ਲੈਣ। ਕੋਈ ਕਿੰਨਾ ਵੀ ਪਿਆਰ ਕਿਉਂ ਨਾ ਪ੍ਰਗਟਾਵੇ, ਆਪਣੀ ਸ਼ਾਨ ਦਾ ਕਿੰਨਾ ਵੀ ਪ੍ਰਦਰਸ਼ਨ ਕਿਉਂ ਨਾ ਕਰੇ, ਉਸ ਨੂੰ ਇਕ ਪੈਸਾ ਵੀ ਵਿਆਹ ਤੋਂ ਪਹਿਲਾਂ ਕਿਸੇ ਕੀਮਤ ’ਤੇ ਨਾ ਦਿਓ।
ਵਿਆਹ ਦੇ ਬਾਅਦ ਵੀ ਆਪਣੇ ਪੈਸੇ ਅਤੇ ਬੈਂਕ ਅਕਾਊਂਟ ਨੂੰ ਆਪਣੇ ਹੀ ਕੰਟ੍ਰੋਲ ’ਚ ਰੱਖੋ, ਉਸ ਨੂੰ ਨਵੇਂ ਰਿਸ਼ਤੇ ਦੇ ਵਿਅਕਤੀ ਦੇ ਹੱਥਾਂ ’ਚ ਨਾ ਸੌਂਪੋ, ਨਹੀਂ ਤਾਂ ਜ਼ਿੰਦਗੀ ਭਰ ਪਛਤਾਉਣਾ ਪਵੇਗਾ। ਜਿਹੜੀਆਂ ਔਰਤਾਂ ਕੋਲ ਓ. ਟੀ. ਟੀ. ਪਲੇਟਫਾਰਮ ਦੀ ਸਹੂਲਤ ਨਹੀਂ ਹੈ, ਆਪਣੀਆਂ ਸਹੇਲੀਆਂ ਜਾਂ ਰਿਸ਼ਤੇਦਾਰਾਂ ਦੇ ਘਰ ਜਾ ਕੇ ਇਸ ਸੀਰੀਜ਼ ਨੂੰ ਜ਼ਰੂਰ ਦੇਖਣ ਅਤੇ ਆਪਣੇ ਸਾਥੀਆਂ ਨੂੰ ਇਸ ਬਾਰੇ ਦੱਸਣ, ਤਾਂ ਕਿ ਭਵਿੱਖ ’ਚ ਕੋਈ ਔਰਤ ਇਨ੍ਹਾਂ ਠੱਗਾਂ ਦੇ ਜਾਲ ’ਚ ਨਾ ਫਸੇ।