ਕਿਵੇਂ ਘੱਟ ਹੋਵੇਗੀ ਦੇਸ਼ ਦੀ 10 ਕਰੋੜ ਨਾਜਾਇਜ਼ ਆਬਾਦੀ

Monday, Nov 18, 2024 - 01:20 PM (IST)

ਕਿਵੇਂ ਘੱਟ ਹੋਵੇਗੀ ਦੇਸ਼ ਦੀ 10 ਕਰੋੜ ਨਾਜਾਇਜ਼ ਆਬਾਦੀ

ਹਾਲਾਂਕਿ ਝਾਰਖੰਡ ਦੀ ਕੋਈ ਵੀ ਸਰਹੱਦ ਬੰਗਲਾਦੇਸ਼ ਜਾਂ ਕਿਸੇ ਹੋਰ ਦੇਸ਼ ਨਾਲ ਨਹੀਂ ਲੱਗਦੀ, ਇਸ ਦੇ ਬਾਵਜੂਦ ਉਥੇ ਵਿਧਾਨ ਸਭਾ ਚੋਣਾਂ ’ਚ ਬੰਗਲਾਦੇਸ਼ੀ ਘੁਸਪੈਠ ਦਾ ਮੁੱਦਾ ਭਖਿਆ ਹੈ। ਇਹ ਕੌੜਾ ਸੱਚ ਹੈ ਕਿ ਸਾਡੇ ਦੇਸ਼ ਦੇ ਦੂਰ-ਦੁਰੇਡੇ ਇਲਾਕਿਆਂ ਤਕ ਬੰਗਲਾਦੇਸ਼ ਅਤੇ ਉਥੋਂ ਦੇ ਹੀ ਰਸਤੇ ਮਿਆਂਮਾਰ ਦੇ ਰੋਹਿੰਗੇ ਦਾਖਲ ਹੋਏ ਹਨ। ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਇਨ੍ਹਾਂ ਨਾਜਾਇਜ਼ ਨਿਵਾਸੀਆਂ ਨੇ ਵੋਟਰ ਕਾਰਡ, ਆਧਾਰ ਕਾਰਡ ਆਦਿ ਵੀ ਬਣਵਾ ਲਏ ਹਨ।

ਹਾਲਾਂਕਿ ਦਸੰਬਰ 2023 ’ਚ ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਦੱਸ ਚੁੱਕੀ ਹੈ ਕਿ ਸਰਕਾਰ ਕੋਲ ਨਾਜਾਇਜ਼ ਨਿਵਾਸੀਆਂ ਦੀ ਗਿਣਤੀ ਦਾ ਕੋਈ ਸਹੀ ਅੰਕੜਾ ਨਹੀਂ ਹੈ। ਨਾਗਰਿਕਤਾ ਕਾਨੂੰਨ ਦੀ ਧਾਰਾ 6 ਏ (2) ਅਧੀਨ ਇਕ ਸੁਣਵਾਈ ’ਚ ਸਰਕਾਰ ਨੇ ਕੋਰਟ ਨੂੰ ਹਲਫਨਾਮੇ ’ਚ ਦੱਸਿਆ ਕਿ ਸੰਨ 2017 ਤੋਂ 2022 ਦੇ ਦਰਮਿਆਨ ਇਕੱਲੇ ਆਸਾਮ ’ਚੋਂ ਨਾਜਾਇਜ਼ ਤੌਰ ’ਤੇ ਰਹਿ ਰਹੇ 14346 ਵਿਅਕਤੀਆਂ ਨੂੰ ਬੰਗਲਾਦੇਸ਼ ਵਾਪਸ ਭੇਜਿਆ ਗਿਆ।

ਸਾਡੇ ਦੇਸ਼ ਦੇ ਸਾਹਮਣੇ ਅਸਲੀ ਚੁਣੌਤੀ ਤਾਂ ਇਸ ਦੇਸ਼ ’ਚ ਘੁਲ-ਮਿਲ ਗਏ ਬਿਨਾਂ ਬੁਲਾਏ ਮਹਿਮਾਨਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਵਾਪਸ ਕਰਨ ਦੀ ਹੈ। ਉਨ੍ਹਾਂ ਦੀ ਭਾਸ਼ਾ, ਰਹਿਣ-ਸਹਿਣ ਅਤੇ ਨਕਲੀ ਦਸਤਾਵੇਜ਼ ਇੰਨੇ ਸਾਡੇ ਦਰਮਿਆਨ ਘੁਲ-ਮਿਲ ਗਏ ਹਨ ਕਿ ਉਨ੍ਹਾਂ ਨੂੰ ਵਿਦੇਸ਼ੀ ਸਿੱਧ ਕਰਨਾ ਲਗਭਗ ਅਸੰਭਵ ਹੋ ਚੁੱਕਾ ਹੈ।

ਇਹ ਲੋਕ ਆਉਂਦੇ ਤਾਂ ਦੀਨ-ਹੀਨ ਯਾਚਕ ਬਣ ਕੇ ਹਨ, ਫਿਰ ਆਪਣੇ ਦੇਸ਼ ਨੂੰ ਪਰਤਣ ਲਈ ਰਾਜ਼ੀ ਨਹੀਂ ਹੁੰਦੇ। ਅਜਿਹੇ ਲੋਕਾਂ ਨੂੰ ਬਾਹਰ ਭਜਾਉਣ ਲਈ ਜਦੋਂ ਕੋਈ ਗੱਲ ਹੋਈ ਤਾਂ ਉਹ ਸਿਆਸਤ ਅਤੇ ਵੋਟਾਂ ਦੀ ਖਿੱਚੋ-ਧੂਹੀ ’ਚ ਉਲਝ ਕੇ ਰਹਿ ਗਈ। ਵਰਨਣਯੋਗ ਹੈ ਕਿ ਉੱਤਰ-ਪੂਰਬ ਦੇ ਸੂਬਿਆਂ ’ਚ ਅਸ਼ਾਂਤੀ ਦੇ ਮੂਲ ’ਚ ਇਹ ਨਾਜਾਇਜ਼ ਬੰਗਾਲਦੇਸ਼ੀ ਹੀ ਹਨ। ਅੱਜ ਆਬਾਦੀ ਦੇ ਧਮਾਕੇ ਨਾਲ ਦੇਸ਼ ਦੀ ਵਿਵਸਥਾ ਡਾਵਾਂਡੋਲ ਹੋ ਗਈ ਹੈ।

ਮੂਲ ਨਾਗਰਿਕਾਂ ਦੇ ਸਾਹਮਣੇ ਭੋਜਨ, ਰਿਹਾਇਸ਼, ਸਫਾਈ, ਰੋਜ਼ਗਾਰ, ਸਿੱਖਿਆ, ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅਜਿਹੇ ’ਚ ਨਾਜਾਇਜ਼ ਬੰਗਲਾਦੇਸ਼ੀ ਅਤੇ ਰੋਹਿੰਗਿਆ ਕਾਨੂੰਨ ਨੂੰ ਟਿੱਚ ਜਾਣ ਕੇ ਭਾਰਤੀਆਂ ਦੇ ਹੱਕ ਨਾਜਾਇਜ਼ ਤੌਰ ’ਤੇ ਖੋਹ ਰਹੇ ਹਨ। ਇਹ ਲੋਕ ਇਥੋਂ ਦੇ ਬਾਸ਼ਿੰਦਿਆਂ ਦੀ ਰੋਟੀ ਤਾਂ ਖੋਹ ਹੀ ਰਹੇ ਹਨ, ਦੇਸ਼ ਦੇ ਸਮਾਜਿਕ ਅਤੇ ਆਰਥਿਕ ਸਮੀਕਰਨ ਵੀ ਇਨ੍ਹਾਂ ਕਾਰਨ ਗੜਬੜਾ ਰਹੇ ਹਨ।

ਕੁਝ ਸਾਲ ਪਹਿਲਾਂ ਮੇਘਾਲਿਆ ਹਾਈ ਕੋਰਟ ਨੇ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਸੰਨ 1971 ਤੋਂ ਬਾਅਦ ਆਏ ਬੰਗਲਾਦੇਸ਼ੀ ਨਾਜਾਇਜ਼ ਤੌਰ ’ਤੇ ਇੱਥੇ ਰਹਿ ਰਹੇ ਹਨ। ਅੰਦਾਜ਼ਾ ਹੈ ਕਿ ਅੱਜ ਕੋਈ ਦਸ ਕਰੋੜ ਦੇ ਲਗਭਗ ਬੰਗਲਾਦੇਸ਼ੀ ਸਾਡੇ ਦੇਸ਼ ’ਚ ਧੱਕੇ ਨਾਲ ਰਹਿ ਰਹੇ ਹਨ। 1971 ਦੀ ਜੰਗ ਦੇ ਸਮੇਂ ਲਗਭਗ 70 ਲੱਖ ਬੰਗਲਾਦੇਸ਼ੀ (ਉਦੋਂ ਦਾ ਪੂਰਬੀ ਪਾਕਿਸਤਾਨ) ਇਧਰ ਆਏ ਸਨ।

ਵੱਖਰਾ ਦੇਸ਼ ਬਣਨ ਤੋਂ ਬਾਅਦ ਕੁਝ ਲੱਖ ਪਰਤੇ ਵੀ ਪਰ ਉਸ ਦੇ ਬਾਅਦ ਭੁੱਖਮਰੀ, ਬੇਰੋਜ਼ਗਾਰੀ ਦੇ ਸ਼ਿਕਾਰ ਬੰਗਲਾਦੇਸ਼ੀਆਂ ਦਾ ਸਾਡੇ ਇਥੇ ਦਾਖਲ ਹੋਣਾ ਬੇਰੋਕ ਜਾਰੀ ਰਿਹਾ। ਪੱਛਮੀ ਬੰਗਾਲ, ਆਸਾਮ, ਬਿਹਾਰ, ਤ੍ਰਿਪੁਰਾ ਦੇ ਸਰਹੱਦੀ ਜ਼ਿਲਿਆਂ ਦੀ ਆਬਾਦੀ ਹਰ ਸਾਲ ਬੜੀ ਵਧ ਰਹੀ ਹੈ। ਨਾਡੀਆ ਜ਼ਿਲਾ (ਪੱ. ਬੰਗਾਲ) ਦੀ ਆਬਾਦੀ 1981 ’ਚ 29 ਲੱਖ ਸੀ। 1986 ’ਚ ਇਹ 45 ਲੱਖ, 1995 ’ਚ 60 ਲੱਖ ਅਤੇ 2011 ਦੀ ਮਰਦਮਸ਼ੁਮਾਰੀ ’ਚ 51 ਲੱਖ 67 ਹਜ਼ਾਰ 600 ਹੋ ਗਈ ਸੀ। ਅੰਦਾਜ਼ਾ ਹੈ ਕਿ ਅੱਜ 80 ਲੱਖ ਨੂੰ ਪਾਰ ਕਰ ਚੁੱਕੀ ਹੈ। ਬਿਹਾਰ ’ਚ ਪੂਰਨੀਆ, ਕਿਸ਼ਨਗੰਜ, ਕਟਿਹਾਰ, ਸਹਰਸਾ ਆਦਿ ਜ਼ਿਲਿਆਂ ਦੀ ਆਬਾਦੀ ’ਚ ਅਚਾਨਕ ਵਾਧੇ ਦਾ ਕਾਰਨ ਉਥੇ ਬੰਗਲਾਦੇਸ਼ੀਆਂ ਦੀ ਅਚਾਨਕ ਆਮਦ ਹੀ ਹੈ।

ਅਰੁਣਾਚਲ ਪ੍ਰਦੇਸ਼ ’ਚ ਮੁਸਲਿਮ ਆਬਾਦੀ ’ਚ ਵਾਧਾ ਸਾਲਾਨਾ 135.01 ਫੀਸਦੀ ਹੈ, ਜਦਕਿ ਉਥੋਂ ਦਾ ਔਸਤ ਵਾਧਾ 38.63 ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀ ਆਬਾਦੀ ਦੇ ਵਾਧੇ ਦੀ ਦਰ ਔਸਤਨ 24 ਫੀਸਦੀ ਦੇ ਨੇੜੇ-ਤੇੜੇ ਹੈ ਪਰ ਮੁਸਲਿਮ ਆਬਾਦੀ ਦਾ ਵਿਸਥਾਰ 37 ਫੀਸਦੀ ਤੋਂ ਵੱਧ ਹੈ। ਇਹੀ ਹਾਲ ਮਣੀਪੁਰ ਅਤੇ ਤ੍ਰਿਪੁਰਾ ਦਾ ਵੀ ਹੈ। ਜ਼ਾਹਿਰ ਹੈ ਕਿ ਇਸ ਦਾ ਮੂਲ ਕਾਰਨ ਬੰਗਲਾਦੇਸ਼ੀਆਂ ਦਾ ਲਗਾਤਾਰ ਆਉਣਾ, ਇਥੇ ਵੱਸਣਾ ਅਤੇ ਨਿਵਾਸੀ ਹੋਣ ਦੇ ਕਾਗਜ਼ਾਤ ਹਾਸਲ ਕਰਨਾ ਹੈ। ਕੋਲਕਾਤਾ ’ਚ ਤਾਂ ਨਾਜਾਇਜ਼ ਬੰਗਲਾਦੇਸ਼ੀ ਵੱਡੇ ਸਮੱਗਲਰ ਅਤੇ ਬਦਮਾਸ਼ ਬਣ ਕੇ ਵਿਵਸਥਾ ਸਾਹਮਣੇ ਵੰਗਾਰ ਬਣੇ ਹੋਏ ਹਨ।

ਰਾਜਧਾਨੀ ਦਿੱਲੀ ’ਚ ਸੀਮਾਪੁਰੀ ਹੋਵੇ ਜਾਂ ਯਮੁਨਾ ਦੇ ਕੰਢੇ ਦੀਆਂ ਕਈ ਕਿਲੋਮੀਟਰ ’ਚ ਫੈਲੀਆਂ ਹੋਈਆਂ ਝੁੱਗੀਆਂ, ਉਥੇ ਲੱਖਾਂ ਬੰਗਲਾਦੇਸ਼ੀ ਡਟੇ ਹੋਏ ਹਨ। ਇਹ ਭਾਸ਼ਾ, ਖਾਣ-ਪੀਣ, ਪਹਿਰਾਵੇ ਕਾਰਨ ਸਥਾਨਕ ਬੰਗਾਲੀਆਂ ’ਚ ਘੁਲ-ਮਿਲ ਜਾਂਦੇ ਹਨ। ਇਨ੍ਹਾਂ ਦੀ ਵੱਡੀ ਗਿਣਤੀ ਇਲਾਕੇ ’ਚ ਗੰਦਗੀ, ਬਿਜਲੀ, ਪਾਣੀ ਦੀ ਚੋਰੀ ਹੀ ਨਹੀਂ ਸਗੋਂ ਡਾਕਾ, ਚੋਰੀ, ਜਾਸੂਸੀ ਅਤੇ ਹਥਿਆਰਾਂ ਦੀ ਸਮੱਗਲਿੰਗ ਬੇਖੌਫ ਕਰਦੀ ਹੈ। ਨਾਲ ਲੱਗਦੇ ਨੋਇਡਾ ਤੇ ਗਾਜ਼ੀਆਬਾਦ ’ਚ ਇਨ੍ਹਾਂ ਦਾ ਖੌਫ ਹੈ। ਇਨ੍ਹਾਂ ਨੂੰ ਭਜਾਉਣ ਲਈ ਕਈ ਮੁਹਿੰਮਾਂ ਚੱਲੀਆਂ। ਕੁਝ ਸੌ ਵਿਅਕਤੀ ਗਾਹੇ-ਬਗਾਹੇ ਸਰਹੱਦ ਤੋਂ ਦੂਜੇ ਪਾਸੇ ਧੱਕੇ ਵੀ ਗਏ ਪਰ ਬੰਗਲਾਦੇਸ਼ ਆਪਣੇ ਹੀ ਲੋਕਾਂ ਨੂੰ ਅਪਣਾਉਂਦਾ ਨਹੀਂ ਹੈ। ਫਿਰ ਉਹ ਬਗੈਰ ਕਿਸੇ ਦਿੱਕਤ ਦੇ ਕੁਝ ਹੀ ਦਿਨ ਬਾਅਦ ਇਥੇ ਪਰਤ ਆਉਂਦੇ ਹਨ।

ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੰਗਲਾਦੇਸ਼ੀ ਬਦਮਾਸ਼ਾਂ ਦਾ ਨੈੱਟਵਰਕ ਇੰਨਾ ਮਜ਼ਬੂਤ ਹੈ ਕਿ ਉਹ ਚੋਰੀ ਦੇ ਮਾਲ ਨੂੰ ਹਵਾਲੇ ਰਾਹੀਂ ਓਧਰ ਭੇਜ ਦਿੰਦੇ ਹਨ। ਦਿੱਲੀ ਦੇ ਨੇੜਲੇ ਨਗਰਾਂ ’ਚ ਇਨ੍ਹਾਂ ਦੀ ਆਬਾਦੀ 10 ਲੱਖ ਤੋਂ ਵੱਧ ਹੈ। ਸਾਰੇ ਨਾਜਾਇਜ਼ ਬਾਸ਼ਿੰਦਿਆਂ ਦੇ ਆਕਾ ਸਾਰੀਆਂ ਸਿਆਸੀ ਪਾਰਟੀਆਂ ’ਚ ਹਨ, ਇਸ ਲਈ ਇਨ੍ਹਾਂ ਨੂੰ ਭਜਾਉਣ ਦੀਆਂ ਹਰ ਵਾਰ ਦੀਆਂ ਮੁਹਿੰਮਾਂ ਦੀ ਹਫਤੇ-ਦੋ-ਹਫਤਿਆਂ ’ਚ ਹਵਾ ਨਿਕਲ ਜਾਂਦੀ ਹੈ।

ਇਥੇ ਵੱਸੇ ਵਿਦੇਸ਼ੀਆਂ ਦੀ ਪਛਾਣ ਅਤੇ ਫਿਰ ਉਨ੍ਹਾਂ ਨੂੰ ਵਾਪਸ ਭੇਜਣਾ ਇਕ ਔਖੀ ਪ੍ਰਕਿਰਿਆ ਹੈ। ਬੰਗਲਾਦੇਸ਼ ਆਪਣੇ ਲੋਕਾਂ ਦੀ ਵਾਪਸੀ ਸਹਿਜੇ ਹੀ ਨਹੀਂ ਕਰੇਗਾ। ਜੇਕਰ ਸਰਕਾਰ ’ਚ ਬੈਠੇ ਲੋਕ ਇਮਾਨਦਾਰੀ ਨਾਲ ਇਸ ਦਿਸ਼ਾ ’ਚ ਪਹਿਲ ਕਰਦੇ ਹਨ ਤਾਂ ਇਕ ਝਟਕੇ ’ਚ ਦੇਸ਼ ਦੀ ਆਬਾਦੀ ਨੂੰ ਘੱਟ ਕਰ ਕੇ ਇਥੋਂ ਦੇ ਸਰੋਤਾਂ, ਕਿਰਤ ਅਤੇ ਸੰਸਕਾਰਾਂ ’ਤੇ ਆਪਣੇ ਦੇਸ਼ ਦੇ ਲੋਕਾਂ ਦਾ ਹਿੱਸਾ ਵਧਾਇਆ ਜਾ ਸਕਦਾ ਹੈ।

-ਪੰਕਜ ਚਤੁਰਵੇਦੀ
 


author

Tanu

Content Editor

Related News