ਕੀ ਭਾਰਤ-ਚੀਨ ਜੰਗ ਹੋ ਸਕਦੀ ਹੈ?

05/28/2020 2:25:39 AM

ਡਾ. ਵੇਦਪ੍ਰਤਾਪ ਵੈਦਿਕ

ਕਈ ਲੋਕ ਮੇਰੇ ਤੋਂ ਪੁੱਛ ਰਹੇ ਹਨ ਕਿ ਕੀ ਭਾਰਤ ਅਤੇ ਚੀਨ ਵਿਚਾਲੇ ਜੰਗ ਹੋਣ ਦੀ ਸੰਭਾਵਨਾ ਹੈ? ਇਸ ਦੇ ਤਿੰਨ ਕਾਰਨ ਦੱਸਦੇ ਹਨ। ਪਹਿਲਾ, ਲੱਦਾਖ ਤੋਂ ਦੋਹਾਂ ਦੇਸ਼ਾਂ ’ਚ ਤਣਾਅ ਦੀ ਖਬਰ ਆਉਣ ’ਤੇ ਪਹਿਲਾਂ ਰੱਖਿਆ ਮੰਤਰੀ ਨੇ ਫੌਜਮੁਖੀਅਾਂ ਦੇ ਨਾਲ ਬੈਠਕ ਕੀਤੀ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਦੇ ਨਾਲ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਕੋਰੋਨਾ ਸੰਕਟ ਦੀ ਗੰਭੀਰਤਾ ਦੇ ਬਾਵਜੂਦ ਸੰਪੂਰਨ ਸ਼ਾਸਨ ਤੰਤਰ ਵਲੋਂ ਭਾਰਤ-ਚੀਨ ਮੁੱਦਿਅਾਂ ’ਤੇ ਕਈ ਘੰਟੇ ਖਰਚ ਕਰਨ ਦਾ ਅਰਥ ਕੀ ਹੈ? ਦੂਸਰਾ, ਲੱਦਾਖ ਅਤੇ ਸਿੱਕਮ ਦੀਅਾਂ ਭਾਰਤੀ ਸਰਹੱਦਾਂ ਦੇ ਨੇੜੇ 3-4 ਥਾਵਾਂ ’ਤੇ ਚੀਨੀ ਫੌਜਾਂ ਦੇ ਭਾਰੀ ਇਕੱਠ ਦਾ ਸੰਦੇਸ਼ ਕੀ ਹੈ? ਆਪਣੇ ਸਰਹੱਦ ਪਾਰਲੇ ਇਲਾਕਿਅਾਂ ’ਚ ਚੀਨ ਨੇ ਪਹਿਲਾਂ ਹੀ ਮਜ਼ਬੂਤ ਸੜਕਾਂ, ਬੰਕਰ ਅਤੇ ਫੌਜੀ ਅੱਡੇ ਬਣਾਏ ਹੋਏ ਹਨ। ਹੁਣ ਹਰ ਚੌਕੀ ’ਤੇ ਉਸ ਨੇ ਫੌਜੀਅਾਂ ਦੀ ਗਿਣਤੀ ਵਧਾ ਦਿੱਤੀ ਹੈ। ਤੀਸਰਾ, ਭਾਰਤ ’ਚ ਕੰਮ ਕਰ ਰਹੇ ਚੀਨੀ ਕਰਮਚਾਰੀਅਾਂ, ਵਪਾਰੀਅਾਂ, ਅਫਸਰਾਂ ਅਤੇ ਯਾਤਰੀਅਾਂ ਨੂੰ ਵਾਪਸ ਚੀਨ ਲਿਜਾਣ ਦਾ ਕੱਲ ਅਚਾਨਕ ਐਲਾਨ ਹੋਇਆ ਹੈ। ਕਿਸੇ ਦੇਸ਼ ’ਚੋਂ ਆਪਣੇ ਨਾਗਰਿਕਾਂ ਦੀ ਇਸ ਤਰ੍ਹਾਂ ਦੀ ਥੋਕ ਵਾਪਸੀ ਦਾ ਕਾਰਨ ਕੀ ਹੋ ਸਕਦਾ ਹੈ?

ਆਪਣੇ ਨਾਗਰਿਕਾਂ ਦੀ ਇਸ ਤਰ੍ਹਾਂ ਦੀ ਸਮੂਹਿਕ ਵਾਪਸੀ ਕੋਈ ਵੀ ਦੇਸ਼ ਉਦੋਂ ਕਰਦਾ ਹੈ, ਜਦੋਂ ਉਸ ਨੂੰ ਜੰਗ ਦਾ ਖਤਰਾ ਹੋਵੇ। ਇਸ ਖਤਰੇ ਦੇ ਖਦਸ਼ੇ ਨੂੰ ਵਧਾਉਣ ’ਚ ਚੀਨੀ ਕਮਿਊਨਿਸਟ ਪਾਰਟੀ ਦੀ ਅਖਬਾਰ ‘ਗਲੋਬਲ ਟਾਈਮਜ਼’ ਦਾ ਵੀ ਯੋਗਦਾਨ ਹੈ। ਉਸ ’ਚ ਛਪੇ ਇਕ ਲੇਖ ’ਚ ਭਾਰਤ ਨੂੰ ਧਮਕੀ ਦਿੱਤੀ ਗਈ ਹੈ। ਉਸ ਨੂੰ ਉਸ ਦੇ ਹਮਲਾਵਰਪੁਣੇ ਲਈ ਸਾਵਧਾਨ ਕੀਤਾ ਗਿਆ ਹੈ। ਉਸ ਨੂੰ ਅਮਰੀਕੀ ਐਨਕ ਉਤਾਰ ਕੇ ਚੀਨ ਵੱਲ ਦੇਖਣ ਲਈ ਕਿਹਾ ਗਿਆ ਹੈ। ਕੁਝ ਮਾਹਿਰਾਂ ਨੇ ਮੈਨੂੰ ਇਹ ਵੀ ਕਿਹਾ ਕਿ ਭਾਰਤ ਨਾਲ ਭਿੜ ਕੇ ਚੀਨ ਦੁਨੀਆ ਦਾ ਧਿਆਨ ਵੰਡਣ ਦੀ ਰਣਨੀਤੀ ਬਣਾ ਰਿਹਾ ਹੈ ਭਾਵ ਚੀਨ ਚਾਹੁੰਦਾ ਹੈ ਕਿ ਕੋਰੋਨਾ ਦੀ ਵਿਸ਼ਵ ਪੱਧਰੀ ਮਹਾਮਾਰੀ ਫੈਲਾਉਣ ’ਚ ਚੀਨ ਦੀ ਭੂਮਿਕਾ ਨੂੰ ਭੁੱਲ ਕੇ ਲੋਕਾਂ ਦਾ ਧਿਆਨ ਭਾਰਤ-ਚੀਨ ਜੰਗ ਦੇ ਮੈਦਾਨ ’ਚ ਭਟਕ ਜਾਵੇ। ਉਨ੍ਹਾਂ ਦਾ ਮੰਨਣਾ ਇਹ ਵੀ ਹੈ ਕਿ ਚੀਨ ਤੋਂ ਉਖੜਨ ਵਾਲੇ ਅਮਰੀਕੀ ਉਦਯੋਗ-ਧੰਦੇ ਭਾਰਤ ਦੀ ਝੋਲੀ ’ਚ ਨਾ ਆ ਪੈਣ, ਇਸ ਦੀ ਚਿੰਤਾ ਵੀ ਚੀਨ ਨੂੰ ਸਤਾ ਰਹੀ ਹੈ। ਭਾਰਤ ਨਾਲ ਭਿੜ ਕੇ ਉਹ ਆਪਣਾ ਉੱਤਮਪੁਣਾ ਸਿੱਧ ਕਰਨਾ ਚਾਹੁੰਦਾ ਹੈ ਅਤੇ ਭੜਾਸ ਵੀ ਕੱਢਣੀ ਚਾਹੁੰਦਾ ਹੈ। ਉਪਰੋਕਤ ਸਾਰੇ ਤਰਕ ਅਤੇ ਤੱਥ ਪ੍ਰਭਾਵਸ਼ਾਲੀ ਤਾਂ ਹਨ ਪਰ ਮੈਨੂੰ ਨਹੀਂ ਜਾਪਦਾ ਕਿ ਮੌਜੂਦਾ ਹਾਲਤਾਂ ’ਚ ਭਾਰਤ ਜਾਂ ਚੀਨ ਜੰਗ ਕਰਨ ਦੀ ਸੋਚ ’ਚ ਹਨ। ਜੋ ਚੀਨ ਜਾਪਾਨ ਅਤੇ ਤਾਈਵਾਨ ਨੂੰ ਗਿੱਦੜਭੱਬਕੀਅਾਂ ਦਿੰਦਾ ਰਿਹਾ ਅਤੇ ਜੋ ਦੱਖਣੀ ਕੋਰੀਆ ਅਤੇ ਹਾਂਗਕਾਂਗ ਨੂੰ ਕਾਬੂ ਨਹੀਂ ਕਰ ਸਕਿਆ। ਉਹ ਭਾਰਤ ’ਤੇ ਹੱਥ ਪਾਉਣ ਦੀ ਜ਼ੁਰਅਤ ਕਿਵੇਂ ਕਰੇਗਾ, ਕਿਉਂ ਕਰੇਗਾ।


Bharat Thapa

Content Editor

Related News