ਧਰਮ ਤਬਦੀਲੀ : ਰੱਬ ਅਤੇ ਆਸਥਾ ਨੂੰ ਲੈ ਕੇ ਟਕਰਾਅ

Wednesday, Nov 13, 2024 - 01:39 PM (IST)

ਧਰਮ ਤਬਦੀਲੀ : ਰੱਬ ਅਤੇ ਆਸਥਾ ਨੂੰ ਲੈ ਕੇ ਟਕਰਾਅ

ਧਰਮ ਅੱਜ ਵੋਟਾਂ ਖਿੱਚਣ ਦਾ ਇਕ ਵੱਡਾ ਸਾਧਨ ਬਣਦਾ ਜਾ ਰਿਹਾ ਹੈ ਕਿਉਂਕਿ ਸਾਡੇ ਸਿਆਸੀ ਅੰਨਦਾਤਾ ਧਰਮ ਤਬਦੀਲੀ ਦੇ ਮੁੱਦੇ ਨੂੰ ਕੈਸ਼ ਕਰ ਰਹੇ ਹਨ ਅਤੇ ਇਹ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਅੱਜ ਸਿਆਸੀ ਚਰਚਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ, ਨਫ਼ਰਤ ਫੈਲਾਉਣ ਅਤੇ ਧਾਰਮਿਕ ਲੀਹਾਂ ’ਤੇ ਫ਼ਿਰਕੂ ਮਤਭੇਦਾਂ ਨੂੰ ਵਧਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।

ਬੀਤੇ ਸਾਲਾਂ ਵਿਚ, ਧਰਮ ਤਬਦੀਲੀ ਦਾ ਮੁੱਦਾ ਸਭ ਤੋਂ ਵੱਧ ਵਰਤਿਆ ਗਿਆ ਹੈ ਅਤੇ ਇਹ ਸਭ ਤੋਂ ਵਿਸਫੋਟਕ ਸਮਾਜਿਕ ਅਤੇ ਸਿਆਸੀ ਮੁੱਦਾ ਬਣ ਗਿਆ ਹੈ। ਸਥਿਤੀ ਇਹ ਬਣ ਗਈ ਹੈ ਕਿ ਇਸ ਮੁੱਦੇ ਨੇ ਚਿੰਤਾਜਨਕ ਸਥਿਤੀ ਪੈਦਾ ਕਰ ਦਿੱਤੀ ਹੈ ਕਿਉਂਕਿ ਸਾਡੇ ਨੇਤਾ ਇਸ ਦੀ ਵਰਤੋਂ ਕਰਦੇ ਹਨ। ਇਸ ਸਬੰਧ ਵਿਚ ਸਾਡੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇਕਰ ਭਾਜਪਾ ਮਹਾਰਾਸ਼ਟਰ ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਹ ਜਬਰੀ ਧਰਮ ਤਬਦੀਲੀ ਵਿਰੁੱਧ ਸਖ਼ਤ ਕਾਨੂੰਨ ਲਿਆਏਗੀ। ਭਾਜਪਾ ਨੇ ਝਾਰਖੰਡ ਵਿਚ ਵੀ ਅਜਿਹਾ ਹੀ ਕਾਨੂੰਨ ਲਿਆਉਣ ਦਾ ਇਰਾਦਾ ਪ੍ਰਗਟਾਇਆ ਹੈ।

ਬਦਕਿਸਮਤੀ ਨਾਲ, ਆਪਣੇ ਵਿਰੋਧੀਆਂ ਨੂੰ ਭਾਰਤ ਦੇ ਭਵਿੱਖ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਲਈ ਕਹਿਣ ਦੀ ਬਜਾਏ, ਸਾਰੇ ਨੇਤਾ ਚੋਣ ਲਾਭ ਲਈ ਕੰਮ ਕਰ ਰਹੇ ਹਨ। 5 ਰਾਜਾਂ ਜਿਵੇਂ ਰਾਜਸਥਾਨ, ਓਡਿਸ਼ਾ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ ਅਤੇ ਗੁਜਰਾਤ ਪਹਿਲਾਂ ਹੀ ਧਰਮ ਤਬਦੀਲੀ ਵਿਰੋਧੀ ਕਾਨੂੰਨ ਪਾਸ ਕਰ ਚੁੱਕੇ ਹਨ। ਝਾਰਖੰਡ ਨੇ ਵੀ ਅਜਿਹਾ ਹੀ ਕਾਨੂੰਨ ਪਾਸ ਕਰਨ ਦਾ ਇਰਾਦਾ ਪ੍ਰਗਟਾਇਆ ਹੈ।

ਕਿਸ ਨੂੰ ਦੋਸ਼ ਦੇਈਏ? ਸਾਡੇ ਆਗੂ ਸਿਆਸੀ ਮੁਕਤੀ ਲਈ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਖੜ੍ਹਾ ਕਰ ਰਹੇ ਹਨ ਅਤੇ ਫੁੱਟ-ਪਾਊ ਰੁਝਾਨ ਪੈਦਾ ਕਰ ਰਹੇ ਹਨ, ਜਿਸ ਕਾਰਨ ਫਿਰਕੂ ਮਤਭੇਦ ਵਧ ਰਹੇ ਹਨ। ਕਾਂਗਰਸ ਨੇ ਭਾਜਪਾ ’ਤੇ ਹਿੰਦੂ ਬਹੁਗਿਣਤੀਵਾਦੀ ਫਿਰਕੂ ਸਿਆਸਤ ਕਰਨ ਦਾ ਦੋਸ਼ ਲਾਇਆ ਹੈ ਅਤੇ ਇਸ ਲਈ ਉਹ ਚੋਣ ਨਜ਼ਰੀਏ ਤੋਂ ਹਾਸ਼ੀਏ ’ਤੇ ਪਏ ਮੁਸਲਮਾਨਾਂ ਨੂੰ ਚੋਣ ਉਦੇਸ਼ਾਂ ਲਈ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਤਰ੍ਹਾਂ ਲਵ ਜੇਹਾਦ ਵਰਗੇ ਭਾਵਨਾਤਮਕ ਮੁੱਦਿਆਂ ’ਤੇ ਫਿਰਕੂ ਹਿੰਸਾ ਨੂੰ ਸਰਪ੍ਰਸਤੀ ਦੇ ਰਹੀ ਹੈ।

ਹਿੰਦੂਤਵ ਬ੍ਰਿਗੇਡ ਆਪਣੇ ਵਿਰੋਧੀਆਂ ਨੂੰ ਮੁਸਲਿਮ ਪਾਰਟੀ ਅਤੇ ਟੁਕੜੇ-ਟੁਕੜੇ ਗੈਂਗ ਦੇ ਮੈਂਬਰ ਦੱਸ ਰਹੀ ਹੈ, ਜੋ ਅੱਤਵਾਦੀਆਂ ਨੂੰ ਸੁਰੱਖਿਆ ਦੇ ਰਹੇ ਹਨ ਅਤੇ ਪਾਕਿਸਤਾਨ ਦੇ ਏਜੰਡੇ ’ਤੇ ਕੰਮ ਕਰ ਰਹੇ ਹਨ ਅਤੇ ਪਾਕਿਸਤਾਨ ਦੀਆਂ ਪਾਰਟੀਆਂ ਹਨ।

ਵਿਰੋਧੀ ਧਿਰ ਘੱਟਗਿਣਤੀ ਵਿਰੋਧੀ ਮੋਰਚੇ ’ਤੇ ਭਗਵਾ ਸੰਘ ਦਾ ਵਿਰੋਧ ਅਤੇ ਹਮਲਾਵਰ ਹਿੰਦੂ ਏਕੀਕਰਨ ਦਾ ਵਿਰੋਧ ਕਰ ਰਹੀ ਹੈ, ਪਰ ਉਹ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਅਕਸ ਮੁਸਲਿਮ ਪੱਖੀ ਨਾ ਬਣੇ। ਧਰਮ ਤਬਦੀਲੀ ਲਗਾਤਾਰ ਜਾਰੀ ਹੈ। ਵਿਸ਼ੇਸ਼ ਤੌਰ ’ਤੇ ਪੇਂਡੂ ਅਤੇ ਕਬਾਇਲੀ ਖੇਤਰਾਂ ਵਿਚ ਅਨੁਸੂਚਿਤ ਜਾਤੀਆਂ/ਜਨਜਾਤੀਆਂ ਨੂੰ ਭਰਮਾਉਣ, ਨਕਦੀ, ਅੰਤਰ-ਧਰਮ ਵਿਆਹ ਆਦਿ ਰਾਹੀਂ।

ਧਰਮ ਤਬਦੀਲੀ ਸੋਧ ਬਿੱਲ 2024 ਪਾਸ ਹੋਣ ਤੋਂ ਬਾਅਦ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਚਰਚਾਂ ’ਤੇ ਛਾਪੇ ਮਾਰੇ ਅਤੇ ਇਸ ਦੇ ਮੈਂਬਰਾਂ ’ਤੇ ਧਰਮ ਤਬਦੀਲੀ ਦਾ ਦੋਸ਼ ਲਗਾਇਆ। ਝਾਰਖੰਡ ਵਿਚ ਰਾਸ਼ਟਰੀ ਸਵੈਮਸੇਵਕ ਸੰਘ ਨੇ ਪੂਰੇ ਖੇਤਰ ਨੂੰ ਈਸਾਈ ਧਰਮ ਤੋਂ ਮੁਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਹਾਲ ਹੀ ਵਿਚ 53 ਪਰਿਵਾਰਾਂ ਦੀ ਮੁੜ ਹਿੰਦੂ ਧਰਮ ਵਿਚ ਤਬਦੀਲੀ ਕਰਵਾਈ ਹੈ। ਹਿੰਦੂ ਜਾਗਰਣ ਮੰਚ ਦਾ ਦੋਸ਼ ਹੈ ਕਿ ਭੋਪਾਲ ਅਤੇ ਕੇਰਲ ਤੋਂ ਆਏ ਈਸਾਈ ਪੁਜਾਰੀ ਅਨਪੜ੍ਹ ਆਦਿਵਾਸੀਆਂ ਨੂੰ ਰੋਜ਼ਗਾਰ ਅਤੇ ਧਰਮ ਦਾ ਲੋਭ ਦਿੰਦੇ ਹਨ। ਉਨ੍ਹਾਂ ਦੀ ਸ਼ਰਤ ਇਹ ਹੈ ਕਿ ਉਹ ਉਨ੍ਹਾਂ ਦੀ ਚੰਗਿਆਈ ਸਭਾ ’ਚ ਈਸਾਈ ਧਰਮ ਸਵੀਕਾਰ ਕਰਨ।

ਬਹੁਤ ਸਾਰੇ ਚਰਚਾਂ ਨੂੰ ਅਮਰੀਕਾ ਵਿਚ ਆਪਣੇ ਹੈੱਡਕੁਆਰਟਰ ਤੋਂ ਭਾਰੀ ਫੰਡ ਪ੍ਰਾਪਤ ਹੁੰਦੇ ਹਨ ਅਤੇ ਤਾਮਿਲਨਾਡੂ ਵਿਚ ਸੈਂਕੜੇ ਹਿੰਦੂਆਂ ਨੂੰ ਈਸਾਈ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਈਸਾਈ ਧਰਮ ਅਪਣਾਉਣ ਵਾਲਿਆਂ ’ਚ 77 ਫੀਸਦੀ ਹਿੰਦੂ ਹਨ ਅਤੇ ਇਨ੍ਹਾਂ ’ਚ 63 ਫੀਸਦੀ ਔਰਤਾਂ ਹਨ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਕ ਨੇਤਾ ਦਾ ਕਹਿਣਾ ਹੈ ਕਿ ਹਰ ਸਾਲ 12 ਲੱਖ ਹਿੰਦੂ ਜਾਂ ਤਾਂ ਮੁਸਲਮਾਨ ਜਾਂ ਈਸਾਈ ਬਣ ਜਾਂਦੇ ਹਨ ਅਤੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਗੁਜਰਾਤ ਅਤੇ ਓਡਿਸ਼ਾ ਵਿਚ ਘਰ ਵਾਪਸੀ ਅੰਦੋਲਨ ਚਲਾਇਆ ਜਾ ਰਿਹਾ ਹੈ।

ਸਾਲ 1967-68 ਵਿਚ ਓਡਿਸ਼ਾ ਅਤੇ ਮੱਧ ਪ੍ਰਦੇਸ਼ ਵੱਲੋਂ ਬਣਾਏ ਗਏ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਦੀ ਸੰਵਿਧਾਨਕ ਜਾਇਜ਼ਤਾ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਸੰਵਿਧਾਨ ਕਿਸੇ ਵਿਅਕਤੀ ਨੂੰ ਆਪਣਾ ਧਰਮ ਤਬਦੀਲ ਕਰਨ ਦਾ ਅਧਿਕਾਰ ਨਹੀਂ ਦਿੰਦਾ ਹੈ, ਸਗੋਂ ਆਪਣੇ ਧਰਮ ਦੀਆਂ ਸਿੱਖਿਆਵਾਂ ਨੂੰ ਇਸ ਰਾਹੀਂ ਪ੍ਰਚਾਰ-ਪ੍ਰਸਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸੰਗਠਿਤ ਧਰਮ ਤਬਦੀਲੀ ਧਰਮਨਿਰਪੱਖਤਾ ਵਿਰੋਧੀ ਹੈ ਅਤੇ ਸਾਰੇ ਧਰਮਾਂ ਦਾ ਸਨਮਾਨ ਭਾਰਤ ਦੀ ਧਰਮਨਿਰਪੱਖਤਾ ਦਾ ਸਾਰ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਧੋਖਾਧੜੀ ਅਤੇ ਜਬਰੀ ਧਰਮ ਤਬਦੀਲੀ ਇਕ ਗੰਭੀਰ ਮੁੱਦਾ ਹੈ ਅਤੇ ਬਹੁਤ ਹੀ ਖਤਰਨਾਕ ਹੈ, ਜੋ ਆਖਿਰਕਾਰ ਰਾਸ਼ਟਰ ਦੀ ਸੁਰੱਖਿਆ, ਧਰਮ ਦੀ ਆਜ਼ਾਦੀ ਅਤੇ ਨਾਗਰਿਕਾਂ ਦੀ ਜ਼ਮੀਰ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਹਰ ਆਗੂ ਭਾਈਚਾਰਕ ਸਾਂਝ ਦੀ ਆਪੋ-ਆਪਣੀ ਸੌੜੀ ਪਰਿਭਾਸ਼ਾ ਦੇ ਰਿਹਾ ਹੈ ਅਤੇ ਉਸ ਦਾ ਇਕੋ-ਇਕ ਇਰਾਦਾ ਆਪਣੇ ਵੋਟ ਬੈਂਕ ਨੂੰ ਜਜ਼ਬਾਤੀ ਤੌਰ ’ਤੇ ਕਾਇਮ ਰੱਖਣਾ ਹੈ ਤਾਂ ਕਿ ਉਨ੍ਹਾਂ ਦੇ ਮਨਸੂਬੇ ਪੂਰੇ ਹੋ ਸਕਣ। ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਇਸ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਕੀ ਸਾਡੇ ਆਗੂਆਂ ਨੂੰ ਆਪਣੇ ਕੰਮਾਂ ਦੇ ਨਤੀਜਿਆਂ ਦਾ ਪਤਾ ਹੈ? ਕੀ ਇਸ ਨਾਲ ਦੇਸ਼ ਵਿਚ ਸੰਪਰਦਾਵਾਂ ਦੇ ਆਧਾਰ ’ਤੇ ਲੋਕਾਂ ਵਿਚ ਹੋਰ ਵਖਰੇਵੇਂ ਨਹੀਂ ਪੈਦਾ ਹੋਣਗੇ ਅਤੇ ਧਰਮ ਦੇ ਆਧਾਰ ’ਤੇ ਪਾੜਾ ਹੋਰ ਨਹੀਂ ਵਧੇਗਾ?

ਇਸ ਤਰ੍ਹਾਂ ਇਹ ਆਗੂ ਇਕ ਰਾਖਸ਼ ਪੈਦਾ ਕਰ ਰਹੇ ਹਨ।

ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਵੀ ਹਥਿਆਰਬੰਦ ਨੌਜਵਾਨਾਂ ਦੇ ਗਰੁੱਪ ਬਣਾ ਲਏ ਹਨ, ਜਿਨ੍ਹਾਂ ਨੂੰ ਰਕਸ਼ਾ ਸੈਨਾ ਕਿਹਾ ਜਾਂਦਾ ਹੈ ਅਤੇ ਉਹ ਈਸਾਈ ਧਰਮ ਵਿਚ ਤਬਦੀਲੀ ਨੂੰ ਰੋਕਣ ਲਈ ਕੰਮ ਕਰਦੇ ਹਨ। ਭਾਰਤ ਦੀ ਬਦਕਿਸਮਤੀ ਇਹ ਹੈ ਕਿ ਇੱਥੇ ਹਿੰਦੂ, ਮੁਸਲਿਮ ਅਤੇ ਈਸਾਈ ਕੱਟੜਵਾਦ ਵਧ ਰਿਹਾ ਹੈ ਅਤੇ ਇਸ ਦਾ ਕਾਰਨ ਸਿਆਸੀ ਅਤੇ ਬੌਧਿਕ ਦੋਗਲਾਪਨ ਹੈ।

ਕਿਸੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਇਸ ਨਾਲ ਕੱਟੜ ਫਿਰਕਾਪ੍ਰਸਤੀ ਦੇ ਬੀਜ ਬੀਜੇ ਜਾਂਦੇ ਹਨ ਅਤੇ ਹਿੰਸਾ ਵਧਦੀ ਹੈ। ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਲੋਕਾਂ ਅਤੇ ਫਿਰਕਿਆਂ ਵਿਚ ਨਫ਼ਰਤ ਫੈਲਾਉਣ ਵਾਲੇ ਵਿਅਕਤੀ ਨੂੰ ਕੋਈ ਥਾਂ ਨਹੀਂ ਦਿੱਤੀ ਜਾਣੀ ਚਾਹੀਦੀ, ਭਾਵੇਂ ਉਹ ਹਿੰਦੂ ਮਸੀਹਾ ਹੋਵੇ ਜਾਂ ਮੁਸਲਮਾਨ ਮੁੱਲਾ। ਸਾਡਾ ਨੈਤਿਕ ਗੁੱਸਾ ਚੋਣਵਾਂ ਨਹੀਂ, ਸਗੋਂ ਨਿਆਂਪੂਰਨ, ਬਰਾਬਰ ਅਤੇ ਸਤਿਕਾਰਯੋਗ ਹੋਣਾ ਚਾਹੀਦਾ ਹੈ।

ਸਾਡੇ ਆਗੂ ਇਹ ਮੰਨਣਾ ਨਹੀਂ ਚਾਹੁੰਦੇ ਅਤੇ ਨਾ ਹੀ ਇਸ ਮੁੱਦੇ ਦੀ ਜੜ੍ਹ ਵੱਲ ਧਿਆਨ ਦੇਣਾ ਚਾਹੁੰਦੇ ਹਨ। ਇਸ ਲਈ ਉਹ ਹਿੰਦੂ ਪੁਜਾਰੀਆਂ, ਈਸਾਈ ਮਿਸ਼ਨਰੀਆਂ ਜਾਂ ਮੁਸਲਿਮ ਮੁੱਲਾਂ ਵਲੋਂ ਦਿੱਤੇ ਗਏ ਧਨ ਨੂੰ ਸਵੀਕਾਰ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਇਸ ਨਾਲ ਉਹ ਜਾਤ-ਪਾਤ ਦੇ ਜ਼ੁਲਮ ਤੋਂ ਮੁਕਤ ਨਹੀਂ ਹੁੰਦੇ।

ਦਿਲਚਸਪ ਤੱਥ ਇਹ ਹੈ ਕਿ ਭੂਟਾਨ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਅਲਜੀਰੀਆ ਵਿਚ ਵੀ ਧਰਮ ਤਬਦੀਲੀ ਵਿਰੋਧੀ ਕਾਨੂੰਨ ਹਨ। ਸੰਯੁਕਤ ਅਰਬ ਅਮੀਰਾਤ ’ਚ ਕਿਸੇ ਵਿਅਕਤੀ ਦਾ ਇਸਲਾਮ ’ਚੋਂ ਧਰਮ ਤਬਦੀਲ ਕਰਵਾਉਣਾ ਗੈਰ-ਕਾਨੂੰਨੀ ਹੈ ਅਤੇ ਇਸਲਾਮ ਧਰਮ ਨੂੰ ਛੱਡਣਾ ਅਪਰਾਧ ਹੈ, ਜਿਸ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਅਲਜੀਰੀਆ ਵਿਚ ਇਸ ਲਈ 5 ਸਾਲ ਅਤੇ ਭੂਟਾਨ ਵਿਚ 3 ਸਾਲ ਦੀ ਕੈਦ ਦੀ ਵਿਵਸਥਾ ਹੈ।

ਸਾਡੇ ਆਗੂਆਂ, ਪਾਰਟੀ ਅਤੇ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਇਹ ਸਮਝਣਾ ਪਵੇਗਾ ਕਿ ਉਨ੍ਹਾਂ ਦੀਆਂ ਕਾਰਵਾਈਆਂ ਨਾਲ ਹੋਣ ਵਾਲਾ ਨੁਕਸਾਨ ਸਥਾਈ ਹੈ। ਉਨ੍ਹਾਂ ਦੇ ਨਾਂ ’ਤੇ ਕੀਤੀ ਜਾ ਰਹੀ ਇਸ ਸਿਆਸਤ ਲਈ ਨਾ ਤਾਂ ਭਗਵਾਨ ਰਾਮ ਅਤੇ ਨਾ ਹੀ ਅੱਲ੍ਹਾ ਉਨ੍ਹਾਂ ਨੂੰ ਮੁਆਫ਼ ਕਰਨਗੇ। ਕੁੱਲ ਮਿਲਾ ਕੇ ਸਾਡੇ ਸਿਆਸਤਦਾਨਾਂ ਨੂੰ ਇਹ ਸਮਝਣਾ ਪਵੇਗਾ ਕਿ ਕੌਮ ਦਿਲਾਂ ਅਤੇ ਦਿਮਾਗਾਂ ਦਾ ਮੇਲ ਹੈ ਅਤੇ ਇਸ ਤੋਂ ਅੱਗੇ ਇਹ ਇਕ ਭੂਗੋਲਿਕ ਇਕਾਈ ਹੈ। ਸਾਡੇ ਆਗੂਆਂ ਨੂੰ ਧਰਮ ਤਬਦੀਲੀ ਦੇ ਨਫੇ ਅਤੇ ਨੁਕਸਾਨ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਸਿਆਸੀ ਲਾਭ ਲਈ ਧਰਮ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

-ਪੂਨਮ ਆਈ. ਕੌਸ਼ਿਸ਼


author

Tanu

Content Editor

Related News