ਸੀਟ ਸ਼ੇਅਰਿੰਗ ’ਚ ਘਾਟੇ ਦਾ ਸੌਦਾ ਕਰਨ ਨੂੰ ਮਜਬੂਰ ਕਾਂਗਰਸ
Thursday, Feb 29, 2024 - 01:47 PM (IST)
ਕਿਸੇ ਸਮੇਂ ਦੇਸ਼ ’ਤੇ ਏਕਾਧਿਕਾਰ ਵਜੋਂ ਰਾਜ ਕਰਨ ਵਾਲੀ ਕਾਂਗਰਸ ਲੋਕ ਸਭਾ ਚੋਣਾਂ ਦੀਆਂ ਸੀਟਾਂ ਲਈ ਖੇਤਰੀ ਪਾਰਟੀਆਂ ਨਾਲ ਘਾਟੇ ਦਾ ਸੌਦਾ ਕਰਨ ਲਈ ਮਜਬੂਰ ਹੋ ਗਈ ਹੈ। ਕਾਂਗਰਸ ਦੀ ਇਹ ਹਾਲਤ ਪਿਛਲੀਆਂ ਲੋਕ ਸਭਾ ਚੋਣਾਂ ’ਚ ਅਤੇ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਖਾਣ ਪਿੱਛੋਂ ਹੋਈ ਹੈ। ਕਮਜ਼ੋਰ ਹੁੰਦੀ ਕਾਂਗਰਸ ਨਾਲ ਖਾਲੀ ਹੁੰਦਾ ਸਿਆਸੀ ਸਥਾਨ ਖੇਤਰੀ ਪਾਰਟੀਆਂ ਲੈ ਰਹੀਆਂ ਹਨ। ਕਾਂਗਰਸ ਦੀ ਸਥਿਤੀ ਇਹ ਹੋ ਗਈ ਹੈ ਕਿ ਜੇ ਸਿਆਸਤ ਵਿਚ ਟਿਕਣਾ ਹੈ ਤਾਂ ਖੇਤਰੀ ਪਾਰਟੀਆਂ ਸਾਹਮਣੇ ਝੁਕਣਾ ਪਵੇਗਾ। ਕਾਂਗਰਸ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰ ਕੇ ਤਕਰੀਬਨ 70 ਸੀਟਾਂ ਦੀ ਕੁਰਬਾਨੀ ਦੇ ਚੁੱਕੀ ਹੈ। ਇਨ੍ਹਾਂ ਸੀਟਾਂ ’ਤੇ ਪਿਛਲੀ ਵਾਰ ਕਾਂਗਰਸ ਨੇ ਚੋਣ ਲੜੀ ਸੀ।
ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ 421 ਸੀਟਾਂ ’ਤੇ ਚੋਣ ਲੜੀ ਸੀ। ਇਨ੍ਹਾਂ ’ਚੋਂ ਕਾਂਗਰਸ ਸਿਰਫ 52 ਸੀਟਾਂ ਜਿੱਤਣ ’ਚ ਹੀ ਕਾਮਯਾਬ ਹੋ ਸਕੀ। ਜਿਸ ਤਰ੍ਹਾਂ ਕਾਂਗਰਸ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰ ਰਹੀ ਹੈ, ਉਸ ਨਾਲ ਆਗਾਮੀ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਇਹ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਆਉਣ ’ਤੇ ਬ੍ਰੇਕ ਲੱਗ ਸਕਦੀ ਹੈ। ਅਜਿਹੀ ਹਾਲਤ ’ਚ ਕੇਂਦਰ ’ਚ ਜੇ ਗੈਰ-ਭਾਜਪਾ ਗੱਠਜੋੜ ਬਹੁਮਤ ’ਚ ਆਉਂਦਾ ਵੀ ਹੈ ਤਾਂ ਕਾਂਗਰਸ ਲਈ ਕਪਤਾਨ ਦੀ ਭੂਮਿਕਾ ਨਿਭਾ ਸਕਣੀ ਮੁਸ਼ਕਲ ਹੋਵੇਗੀ। ਹਾਲਾਂਕਿ ਬੀਤੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਜੇ ਲੋਕ ਸਭਾ ਚੋਣਾਂ ਦੀ ਭਵਿੱਖਬਾਣੀ ਮੰਨੀਏ ਤਾਂ ਵਿਰੋਧੀ ਧਿਰ ਗੱਠਜੋੜ ਦੀ ਕੇਂਦਰ ’ਚ ਸਰਕਾਰ ਬਣਾਉਣ ਦੀ ਸੰਭਾਵਨਾ ਘੱਟ ਹੈ।
ਲੋਕ ਸਭਾ ਚੋਣਾਂ 2024 ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਦਿੱਲੀ ਤੋਂ ਇਲਾਵਾ ਹਰਿਆਣਾ, ਗੁਜਰਾਤ, ਗੋਆ ਅਤੇ ਚੰਡੀਗੜ੍ਹ ’ਚ ਵੀ ਗੱਠਜੋੜ ਹੋਇਆ ਹੈ। ਆਮ ਆਦਮੀ ਪਾਰਟੀ 46 ’ਚੋਂ 7 ਸੀਟਾਂ ’ਤੇ ਚੋਣ ਲੜ ਰਹੀ ਹੈ। ਗੋਆ ਅਤੇ ਚੰਡੀਗੜ੍ਹ ਲਈ ਵੀ ਅਰਵਿੰਦ ਕੇਜਰੀਵਾਲ ਨੇ ਆਪਣੇ ਉਮੀਦਵਾਰ ਨੂੰ ਚੋਣ ਲੜਾਉਣ ਦੀ ਤਿਆਰੀ ਕੀਤੀ ਸੀ ਪਰ ਗੱਠਜੋੜ ਪਿੱਛੋਂ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਦਿੱਤਾ। ਗੋਆ ’ਚ ਇਕ ਸੀਟ ’ਤੇ ਉਮੀਦਵਾਰ ਦਾ ਐਲਾਨ ਕਰਨ ਪਿੱਛੋਂ ਆਮ ਆਦਮੀ ਪਾਰਟੀ ਨੇ ਦੋਵੇਂ ਸੀਟਾਂ ਕਾਂਗਰਸ ਨੂੰ ਦਿੱਤੀਆਂ ਹਨ। ਦਿੱਲੀ ’ਚ ਵੀ ਪਹਿਲਾਂ ਆਮ ਆਦਮੀ ਪਾਰਟੀ ਨੇ 6 ਸੀਟਾਂ ’ਤੇ ਚੋਣ ਲੜਨ ਦੀ ਗੱਲ ਕਹੀ ਸੀ ਪਰ ਬਾਅਦ ’ਚ 4 ਸੀਟਾਂ ’ਤੇ ਹੀ ਸਮਝੌਤਾ ਕਰ ਲਿਆ।
ਦਿੱਲੀ ’ਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਨਾਲ 3 ਸੀਟਾਂ ’ਤੇ ਚੋਣ ਲੜਨ ਦੀ ਸਹਿਮਤੀ ’ਤੇ ਸਮਝੌਤਾ ਕਰਨਾ ਪਿਆ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ 7 ਵਿਚੋਂ 4 ਸੀਟਾਂ - ਪੱਛਮੀ ਦਿੱਲੀ, ਦੱਖਣੀ ਦਿੱਲੀ, ਪੂਰਬੀ ਦਿੱਲੀ ਅਤੇ ਨਵੀਂ ਦਿੱਲੀ ’ਤੇ ਚੋਣ ਲੜੇਗੀ। ਬਾਕੀ 3- ਉੱਤਰ-ਪੂਰਬੀ ਦਿੱਲੀ, ਉੱਤਰ-ਪੱਛਮੀ ਦਿੱਲੀ ਅਤੇ ਚਾਂਦਨੀ ਚੌਕ ਸੰਸਦੀ ਸੀਟ ਤੋਂ ਕਾਂਗਰਸ ਚੋਣ ਲੜੇਗੀ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਲਗਾਤਾਰ 2 ਵਾਰ ਲੋਕ ਸਭਾ ਚੋਣਾਂ ’ਚ ‘ਆਪ’ ਅਤੇ ‘ਕਾਂਗਰਸ’ ਦੇ ਉਮੀਦਵਾਰ ਇਕ ਵੀ ਸੀਟ ’ਤੇ ਜਿੱਤ ਦਰਜ ਕਰਨ ’ਚ ਕਾਮਯਾਬ ਨਹੀਂ ਹੋਏ।
ਗੁਜਰਾਤ ’ਚ 26 ’ਚੋਂ 2 ਸੀਟਾਂ ਅਨੁਸੂਚਿਤ ਜਾਤੀ ਅਤੇ 4 ਸੀਟਾਂ ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ। ਆਮ ਆਦਮੀ ਪਾਰਟੀ 2 ਅਤੇ ਕਾਂਗਰਸ 24 ਸੀਟਾਂ ’ਤੇ ਚੋਣ ਲੜੇਗੀ। ਕਾਂਗਰਸ ਦੀ ਕਮਜ਼ੋਰ ਸਿਆਸੀ ਹਾਲਤ ਦਾ ਫਾਇਦਾ ਉਠਾਉਣ ਤੋਂ ਗੱਠਜੋੜ ਦੀ ਕੋਈ ਵੀ ਪਾਰਟੀ ਪਿੱਛੇ ਨਹੀਂ ਹਟ ਰਹੀ। ਹਰ ਪਾਰਟੀ ਜਿੰਨਾ ਹੋ ਸਕੇ ਕਾਂਗਰਸ ਦੀ ਬਾਂਹ ਮਰੋੜਨ ’ਚ ਲੱਗੀ ਹੋਈ ਹੈ। ਸਮਾਜਵਾਦੀ ਪਾਰਟੀ ਵੱਲੋਂ ਤਿੱਖੇ ਤੇਵਰ ਦਿਖਾਉਣ ਪਿੱਛੋਂ ਕਾਂਗਰਸ ਨੂੰ ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ ਘਾਟਾ ਪਿਆ ਹੈ। ਕਾਂਗਰਸ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਡੀਲ ਕਰ ਚੁੱਕੀ ਹੈ। ਪਾਰਟੀ ਉੱਤਰ ਪ੍ਰਦੇਸ਼ ’ਚ 17 ਸੀਟਾਂ ’ਤੇ ਚੋਣ ਲੜੇਗੀ, ਜੋ ਲੋਕ ਸਭਾ ’ਚ ਸਭ ਤੋਂ ਜ਼ਿਆਦਾ ਸੰਸਦ ਮੈਂਬਰ ਭੇਜਦਾ ਹੈ। ਮਹਾਰਾਸ਼ਟਰ ’ਚ ਕਾਂਗਰਸ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਦਰਮਿਆਨ 8 ਸੀਟਾਂ ’ਤੇ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ, ਜਿਸ ’ਤੇ ਅੜਿੱਕਾ ਬਣਿਆ ਹੋਇਆ ਹੈ।
ਪੱਛਮੀ ਬੰਗਾਲ ਵੀ ਕਾਂਗਰਸ ਦੀ ਚੁਣੌਤੀ ਬਣਿਆ ਹੋਇਆ ਹੈ। ਤ੍ਰਿਣਮੂਲ ਸਾਰੀਆਂ 42 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਕਾਂਗਰਸ ਨੂੰ ਆਪਣੇ ਪ੍ਰਭਾਵ ਖੇਤਰ ਵਾਲੇ ਸੂਬਿਆਂ ’ਚ ਚੋਣ ਲੜਨੀ ਚਾਹੀਦੀ ਹੈ। ਖੇਤਰੀ ਪਾਰਟੀਆਂ ਵਾਲੇ ਸੂਬਿਆਂ ’ਚ ਕਾਂਗਰਸ ਲਈ ਕੋਈ ਥਾਂ ਨਹੀਂ ਹੈ। ਮਮਤਾ ਦੇ ਇਨ੍ਹਾਂ ਤੇਵਰਾਂ ਤੋਂ ਜ਼ਾਹਿਰ ਹੈ ਕਿ ਉਂਝ ਤਾਂ ਪੱਛਮੀ ਬੰਗਾਲ ’ਚ ਤ੍ਰਿਣਮੂਲ ਨਾਲ ਕੋਈ ਸੀਟ ਸ਼ੇਅਰਿੰਗ ਨਹੀਂ ਹੋਵੇਗੀ, ਜੇ ਹੁੰਦੀ ਵੀ ਹੈ ਤਾਂ ਕਾਂਗਰਸ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕੇਗੀ। ਤ੍ਰਿਣਮੂਲ ਕਾਂਗਰਸ ਨੂੰ 2 ਤੋਂ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਹੈ, ਜੋ ਪੂਰਬੀ ਸੂਬੇ ’ਚ ਘੱਟ ਤੋਂ ਘੱਟ 5 ਸੀਟਾਂ ਮੰਗ ਰਹੀ ਹੈ। ਹਾਲਾਂਕਿ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਡੈਰੇਕ ਓ ਬ੍ਰਾਇਨ ਨੇ ਕਿਹਾ ਕਿ ਪਾਰਟੀ ਮੁਖੀ ਮਮਤਾ ਬੈਨਰਜੀ ਨੇ ਆਪਣਾ ਰੁਖ ਰੱਖ ਦਿੱਤਾ ਹੈ ਅਤੇ ਸਥਿਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਸੰਭਾਵਿਤ ਸੌਦੇ ਨੂੰ ਮਿੱਠਾ ਬਣਾਉਣ ਲਈ ਕਾਂਗਰਸ ਕਥਿਤ ਤੌਰ ’ਤੇ ਆਸਾਮ ’ਚ ਤ੍ਰਿਣਮੂਲ ਨੂੰ ਦੋ ਅਤੇ ਮੇਘਾਲਿਆ ’ਚ ਇਕ ਸੀਟ ਦੇਣ ਨੂੰ ਤਿਆਰ ਸੀ।
ਇੰਡੀਆ ਬਲਾਕ, ਜਿਸ ਨੂੰ ਪਿਛਲੇ ਸਾਲ ਭਾਜਪਾ ਨਾਲ ਮੁਕਾਬਲਾ ਕਰਨ ਲਈ ਸਥਾਪਤ ਕੀਤਾ ਗਿਆ ਸੀ, ਪਹਿਲਾਂ ਹੀ ਦੋ ਪ੍ਰਮੁੱਖ ਮੈਂਬਰਾਂ ਨੂੰ ਗੁਆ ਚੁੱਕਾ ਹੈ। ਨਿਤੀਸ਼ ਕੁਮਾਰ ਦੀ ਜਨਤਾ ਦਲ-ਯੂਨਾਈਟਿਡ ਅਤੇ ਜੈਅੰਤ ਚੌਧਰੀ ਦੀ ਰਾਸ਼ਟਰੀ ਲੋਕ ਦਲ ਨੇ ਬੀ.ਜੇ.ਪੀ. ਨਾਲ ਗੱਠਜੋੜ ਕਰ ਲਿਆ ਹੈ। ਅਜਿਹੇ ’ਚ ਕਾਂਗਰਸ ਕੋਲ ਬਿਹਾਰ ’ਚ ਸਿਰਫ ਲਾਲੂ ਯਾਦਵ ਦੀ ਪਾਰਟੀ ਰਾਜਦ ਨਾਲ ਸਮਝੌਤਾ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਜੇ ਕਾਂਗਰਸ ਰਾਸ਼ਟਰੀ ਜਨਤਾ ਦਲ ਨਾਲ ਸਮਝੌਤਾ ਕਰਦੀ ਹੈ ਤਾਂ ਭਾਜਪਾ ਨੂੰ ਦੁੱਗਣੀ ਤਾਕਤ ਨਾਲ ਕਾਂਗਰਸ ’ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਵਾਰ ਕਰਨ ਦਾ ਮੌਕਾ ਮਿਲ ਜਾਵੇਗਾ।
ਪਿਛਲੀਆਂ ਚੋਣਾਂ ’ਚ ਭਾਜਪਾ ਤੋਂ ਹਾਰ ਖਾਣ ਪਿੱਛੋਂ ਕਮਜ਼ੋਰ ਹੋਈ ਕਾਂਗਰਸ ਦੀ ਹਾਲਤ ਨੂੰ ਖਿੱਲਰਦੇ ਇੰਡੀਆ ਗੱਠਜੋੜ ਨੇ ਤਕੜੇ ਝਟਕੇ ਦਿੱਤੇ ਹਨ। ਜਿਸ ਤਰ੍ਹਾਂ ਕਾਂਗਰਸ ਦੀ ਹਾਲਤ ਹੋ ਗਈ ਹੈ, ਉਸ ਹਿਸਾਬ ਨਾਲ ਸੀਟਾਂ ਦੇ ਸਮਝੌਤਿਆਂ ’ਚ ਗੱਠਜੋੜ ਘੱਟ ਮਜਬੂਰੀ ਵੱਧ ਝਲਕ ਰਹੀ ਹੈ। ਇਹ ਯਕੀਨੀ ਹੈ ਕਿ ਕੇਂਦਰ ਅਤੇ ਸੂਬਿਆਂ ਦੀ ਸੱਤਾ ’ਚ ਧੱਕੀ ਜਾ ਰਹੀ ਕਾਂਗਰਸ ਜਦ ਤੱਕ ਨੀਤੀਆਂ ਸਪੱਸ਼ਟ ਨਹੀਂ ਕਰੇਗੀ ਤਦ ਤੱਕ ਨਾ ਸਿਰਫ ਭਾਜਪਾ ਸਗੋਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਵੀ ਉਸ ਨੂੰ ਹਾਸ਼ੀਏ ’ਤੇ ਧੱਕਣ ਲਈ ਮਜਬੂਰ ਕਰਦੀਆਂ ਰਹਿਣਗੀਆਂ।
ਯੋਗੇਂਦਰ ਯੋਗੀ