ਓ.ਐੱਲ.ਐੱਕਸ ਸਾਈਟ ’ਤੇ ਗੱਡੀ ਦਾ ਸੌਦਾ ਕਰਕੇ 17 ਲੱਖ ਤੋਂ ਵਧੇਰੇ ਗਵਾਏ
Saturday, Feb 22, 2025 - 06:37 PM (IST)

ਫ਼ਰੀਦਕੋਟ (ਰਾਜਨ) : ਓ.ਐਲ.ਐਕਸ ਸਾਈਟ ’ਤੇ ਗੱਡੀ ਦਾ ਸੌਦਾ ਕਰਕੇ ਜ਼ਿਲ੍ਹੇ ਦੇ ਪਿੰਡ ਟਹਿਣਾ ਨਿਵਾਸੀ ਕੁਲਵੰਤ ਸਿੰਘ ਨਾਲ 17 ਲੱਖ ਤੋਂ ਵਧੇਰੇ ਦੀ ਠੱਗੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ’ਤੇ ਇਸ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਪੁਸ਼ਪਿੰਦਰ ਸਿੰਘ ਵਾਸੀ ਮੋਹਾਲੀ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਸਨੂੰ ਘਰੇਲੂ ਵਰਤੋਂ ਲਈ ਗੱਡੀ ਦੀ ਲੋੜ ਸੀ, ਇਸ ਲਈ ਉਸਨੇ ਓ.ਐਲ.ਐਕਸ ਸਾਈਟ ’ਤੇ ਇੱਕ ਗੱਡੀ ਮਾਰਕਾ ਰੇਂਜ ਓਵਰ ਵੇਖੀ ਅਤੇ ਇਸਦੇ ਮਾਲਕ ਉਕਤ ਪੁਸ਼ਪਿੰਦਰ ਸਿੰਘ ਦੇ ਮੋਬਾਇਲ ’ਤੇ ਗੱਲਬਾਤ ਕੀਤੀ ਤਾਂ ਗੱਡੀ ਦਾ ਸੌਦਾ 17 ਲੱਖ 25 ਹਜ਼ਾਰ ਰੁਪਏ ਵਿਚ ਹੋ ਗਿਆ।
ਸ਼ਿਕਾਇਤ ਕਰਤਾ ਵੱਲੋਂ ਲਗਾਏ ਗਏ ਦੋਸ਼ ਅਨੁਸਾਰ ਉਸਨੇ ਇਹ ਗੱਡੀ ਉਕਤ ਰਕਮ ਦੇ ਕੇ ਆਪਣੇ ਕਬਜ਼ੇ ਵਿਚ ਕਰ ਲਈ ਪ੍ਰੰਤੂ ਉਕਤ ਦੋਸ਼ੀ ਨੇ ਚਲਾਕੀ ਨਾਲ ਗੱਡੀ ਦੀ ਰਜਿਸ਼ਟ੍ਰੇਸ਼ਨ ਬੁੱਕ ਆਪਣੇ ਕੋਲ ਇਹ ਕਹਿ ਕੇ ਰੱਖ ਲਈ ਕਿ ਐੱਨ.ਓ.ਸੀ ਕਟਵਾਉਣ ਉਪ੍ਰੰਤ ਦੋਵੇਂ ਦਸਤਾਵੇਜ਼ ਇਕੱਠੇ ਹੀ ਉਹ ਦੇ ਦੇਵੇਗਾ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਥਾਣਾ ਸਦਰ ਕਰਨਾਲ ਦੀ ਪੁਲਸ ਪਾਰਟੀ ਉਸਦੇ ਘਰ ਆਈ ਅਤੇ ਉਨ੍ਹਾਂ ਕਿਹਾ ਕਿ ਇਹ ਗੱਡੀ ਉਨ੍ਹਾਂ ਨੂੰ ਇਕ ਪੁਲਸ ਮੁਕੱਦਮੇਂ ਵਿੱਚ ਲੋੜੀਂਦੀ ਹੈ ਜਿਸ ਉਪ੍ਰੰਤ ਪੁਲਸ ਪਾਰਟੀ ਲਿਖਤੀ ਰੂਪ ਵਿਚ ਗੱਡੀ ਆਪਣੇ ਨਾਲ ਲੈ ਗਈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਨੂੰ ਬਾਅਦ ਵਿਚ ਪਤਾ ਲੱਗਾ ਕਿ ਗੱਡੀ ਦੀ ਮਾਲਕੀ ਉਕਤ ਦੋਸ਼ੀ ਦੇ ਨਾਮ ਨਹੀਂ ਹੈ ਅਤੇ ਇਹ ਗੱਡੀ ਕਿਸੇ ਅਜਿਹੀ ਕੰਪਨੀ ਦੀ ਹੈ ਜੋ ਕੰਮ ਛੱਡ ਕੇ ਭੱਜ ਚੁੱਕੀ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਪੁਸ਼ਪਿੰਦਰ ਸਿੰਘ ਨੇ ਅਜਿਹਾ ਕਰਕੇ ਉਸ ਨਾਲ 17 ਲੱਖ ਤੋਂ ਵਧੇਰੇ ਦੀ ਠੱਗੀ ਮਾਰੀ ਹੈ।