ਰੁਜ਼ਗਾਰ ਤੇ ਭਵਿੱਖ ਲਈ ਚਿੰਤਤ ਨੌਜਵਾਨ ਆਪਣਾ ਵਤਨ ਛੱਡਣ ਲਈ ਮਜਬੂਰ

Monday, Feb 10, 2025 - 12:07 PM (IST)

ਰੁਜ਼ਗਾਰ ਤੇ ਭਵਿੱਖ ਲਈ ਚਿੰਤਤ ਨੌਜਵਾਨ ਆਪਣਾ ਵਤਨ ਛੱਡਣ ਲਈ ਮਜਬੂਰ

ਸੁਲਤਾਨਪੁਰ ਲੋਧੀ (ਧੀਰ)-ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਭਾਰਤ ਦੇਸ਼ ਕਈ ਦਹਾਕਿਆਂ ਤੱਕ ਗੁਲਾਮੀ ਦੀਆਂ ਜ਼ੰਜੀਰਾਂ `ਚ ਜਕੜਿਆ ਰਿਹਾ, ਜਿਸ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਅਤੇ ਹੋਰ ਕ੍ਰਾਂਤੀਕਾਰੀ ਸੂਰਮਿਆਂ ਸਹਿਤ ਹਜਾਰਾਂ ਲੋਕਾਂ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਜੋ ਆਉਣ ਵਾਲੀ ਪੀੜ੍ਹੀ ਖੁੱਲੀ ਫਿਜ਼ਾ ਵਿਚ ਸਾਹ ਲੈ ਸਕੇ।

ਲੰਮੇ ਸੰਘਰਸ਼ ਉਪਰੰਤ ਬੇਸ਼ੱਕ ਅੱਜ ਦੇਸ਼ ਨੂੰ ਆਜ਼ਾਦ ਹੋਏ ਕਰੀਬ 75 ਸਾਲਾਂ ਦਾ ਸਮਾਂ ਲੰਘ ਚੁੱਕਾ ਹੈ ਪਰ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਰੁਜ਼ਗਾਰ ਦੇ ਮੌਕੇ ਨਾ ਦੇਣ ਕਾਰਨ ਨੌਜਵਾਨ ਹੁਣ ਖ਼ੁਦ ਵਿਦੇਸ਼ਾਂ `ਚ ਜਾ ਕੇ ਗੁਲਾਮੀ ਕਰਨ ਲਈ ਮਜਬੂਰ ਹੋ ਰਹੇ ਹਨ। ਬੇਰੋਜ਼ਗਾਰੀ, ਰੋਜ਼ੀ-ਰੋਟੀ ਅਤੇ ਆਪਣੇ ਭਵਿੱਖ ਲਈ ਫਿਕਰ ਮੰਦ ਨੌਜਵਾਨ ਨਾ ਚਾਹੁੰਦੇ ਹੋਏ ਆਪਣੇ ਵਤਨ ਨੂੰ ਛੱਡ ਕੇ ਆਪਣਿਆਂ ਤੋਂ ਦੂਰ ਰਹਿਣ ਲਈ ਮਜਬੂਰ ਹਨ ਜੋਕਿ ਸਰਕਾਰਾਂ ਦੀ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰ ਸੂਬਿਆਂ ਤੋਂ ਲੱਖਾਂ ਦੀ ਤਦਾਦ ਵਿਚ ਨੌਜਵਾਨ ਅਤੇ ਵਪਾਰੀ ਵਰਗ ਆਪਣੇ ਸੂਬਿਆਂ ਨੂੰ ਛੱਡ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਬੰਦ ਰਹਿਣਗੇ ਠੇਕੇ, ਨਹੀਂ ਮਿਲੇਗੀ ਸ਼ਰਾਬ

ਪੰਜਾਬ ‘ਚ 20 ਲੱਖ ਤੋਂ ਵੱਧ ਬੇਰੁਜ਼ਗਾਰ ਨੌਜਵਾਨ
ਪੰਜਾਬ ਜੋਕਿ ਕਿਸੇ ਸਮੇਂ ਇਕ ਖ਼ੁਸ਼ਹਾਲ ਸੂਬਾ ਹੁੰਦਾ ਸੀ ਪਰ ਬਰਬਾਦ ਹੋ ਰਹੀ ਕਿਸਾਨੀ, ਠੱਪ ਹੋ ਰਹੇ ਕਾਰੋਬਾਰ  ਅਤੇ ਬੇਰੁਜ਼ਗਾਰੀ ਕਾਰਨ ਅੱਜ ਆਰਥਿਕ ਸੰਕਟ ਤੋਂ ਜੂਝ ਰਿਹਾ ਹੈ। ਹਾਲਾਤ ਹੁਣ ਇਹ ਹਨ ਕਿ ਇਕ ਅਨੁਮਾਨ ਮੁਤਾਬਕ ਪੰਜਾਬ `ਚ 20 ਲੱਖ ਤੋਂ ਵੱਧ ਨੌਜਵਾਨ ਕਈ ਤਰ੍ਹਾਂ ਦੀਆਂ ਡਿਗਰੀਆਂ ਲੈਣ ਦੇ ਬਾਵਜੂਦ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਸਰਕਾਰੀ ਨੌਕਰੀ ਦੀ ਤਲਾਸ਼ ਵਿਚ ਉਮਰ ਦੇ ਪੜਾਅ ਵੱਲ ਵੱਧਦੇ ਜਾ ਰਹੇ ਹਨ, ਜਿਸ ਦਾ ਪ੍ਰਮੁੱਖ ਕਾਰਨ ਸਰਕਾਰ ਵਲੋਂ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ `ਚ ਕੋਈ ਖਾਸ ਦਿਲਚਸਪੀ ਨਾ ਦਿਖਾਉਣਾ ਹੈ। ਅਜਿਹੇ ਨੌਜਵਾਨ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਤੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਨਾ ਚਾਹੁੰਦੇ ਹੋਏ ਵੀ ਵਿਦੇਸ਼ਾਂ `ਚ ਜਾ ਕੇ ਨੌਕਰੀ ਕਰਨ ਨੂੰ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ

ਕੀ ਕਰਨਾ ਹੈ ਸਰਕਾਰ ਨੂੰ
ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਮੌਕੇ ਮੁਹੱਈਆ ਕਰਵਾਏ ਜਾਣ। ਸਰਕਾਰੀ ਨੌਕਰੀਆਂ ਲਈ ਉਮਰ ਸੀਮਾ ਵਧਾਈ ਜਾਵੇ।ਵੱਖ-ਵੱਖ ਵਿਭਾਗਾਂ 'ਚ ਖ਼ਾਲੀ ਪੋਸਟਾਂ ਨੂੰ ਭਰਿਆ ਜਾਵੇ। ਸਵੈ ਰੁਜ਼ਗਾਰ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ। ਵਪਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ ਅਤੇ ਰਿਆਇਤਾਂ ਦਿੱਤੀਆਂ ਜਾਵੇ।

ਵਿਦੇਸ਼ਾਂ ‘ਚ ਫਸ ਜਾਂਦੇ ਹਨ ਕਈ ਲੋਕ
ਕੁਝ ਨੌਜਵਾਨ ਵਿਦੇਸ਼ ਜਾਣ ਲਈ ਆਪਣੀ ਜਮੀਨ ਵੇਚ ਕੇ ਜਾਂ ਲੱਖਾਂ ਰੁਪਏ ਦਾ ਕਰਜ਼ ਲੈ ਕੇ ਗਲਤ ਏਜੰਟਾਂ ਦੇ ਹੱਥੀ ਚੜ੍ਹ ਜਾਂਦੇ ਹਨ ਵਿਦੇਸ਼ਾਂ `ਚ ਜਾ ਕੇ ਫਸ ਜਾਂਦੇ ਹਨ, ਜਿਨ੍ਹਾਂ ਨੂੰ ਉੱਥੇ ਦੀ ਪੁਲਸ ਵਲੋਂ ਜੇਲ੍ਹ ਦੀਆਂ ਸਲਾਖਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਇਥੇ ਉਨ੍ਹਾਂ ਦਾ ਪਰਿਵਾਰ ਇੰਤਜ਼ਾਰ ਕਰਦਾ ਰਹਿੰਦਾ ਹੈ ਪਰ ਜਦੋਂ ਅਜਿਹੀ ਘਟਨਾ ਬਾਰੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਸਰਕਾਰਾਂ ਤੇ ਆਗੂਆਂ ਅੱਗੇ ਕਈ ਸਾਲਾਂ ਤੱਕ ਗੁਹਾਰ ਲਗਾਉਂਦੇ ਰਹਿੰਦੇ ਹਨ, ਜਿਸ ਤੋਂ ਬਾਅਦ ਕੁਝ ਹੀ ਨੌਜਵਾਨਾਂ ਦੀ ਵਤਨ ਵਾਪਸੀ ਹੁੰਦੀ ਹੈ ।ਇਸ ਤਰ੍ਹਾਂ ਦੇ ਕਈ ਮਾਮਲੇ ਅਕਸਰ ਵੇਖਣ 'ਚ ਆਉਂਦੇ ਹਨ ਪਰ ਇਸ ਦੇ ਬਾਵਜੂਦ ਵੀ ਲੋਕ ਬਾਹਰ ਜਾਣ ਦਾ ਰਿਸਕ ਚੁੱਕ ਰਹੇ ਹਨ, ਜਿਸ ਦਾ ਕਾਰਨ ਰੋਜ਼ੀ-ਰੋਟੀ ਹੀ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਚੋਣਾ ਦੋਰਾਨ ਬੇਰੋਜ਼ਗਾਰੀ ਦੂਰ ਕਰਨ ਦੇ ਆਪਣੇ ਵਾਅਦੇ 'ਤੇ ਖਰੀ ਉੱਤਰਦੀਆਂ ਤਾਂ ਅਜਿਹੀਆਂ ਘਟਨਾਵਾਂ ਦੇ ਗ੍ਰਾਫ਼ ਵਿਚ ਜ਼ਰੂਰ ਕਮੀ ਆਉਣੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ, ਪਵੇਗੀ ਅਜੇ ਹੋਰ ਠੰਡ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ

ਵਿਦੇਸ਼ਾਂ 'ਚ ਵੱਸਦੇ ਜਾ ਰਹੇ ਹਨ ਵਪਾਰੀ
ਸਰਕਾਰਾਂ ਵੱਲੋਂ ਵਪਾਰੀ ਵਰਗ 'ਤੇ ਲਾਏ ਗਏ ਕਈ ਤਰ੍ਹਾਂ ਦੇ ਟੈਕਸਾਂ ਅਤੇ ਰਿਆਇਤਾਂ ਨਾ ਮਿਲਣ ਕਾਰਨ ਕਈ ਵਾਪਰੀ ਆਪਣਾ ਕਾਰੋਬਾਰ ਬੰਦ ਕਰ ਚੁੱਕੇ ਹਨ। ਜ਼ਿਲ੍ਹੇ ‘ਚ ਜਿਆਦਾਤਰ ਨੌਜਵਾਨ ਲੜਕੇ-ਲੜਕੀਆਂ ਤੇ ਹੋਰ ਲੋਕ ਆਪਣਾ ਵਪਾਰ ਬੰਦ ਕਰਕੇ ਤੇ ਆਪਣੀਆਂ ਦੁਕਾਨਾਂ ਵੇਚ ਕੇ ਵਿਦੇਸ਼ਾਂ ‘ਚ ਜਾ ਵਸੇ ਹਨ ਤੇ ਕਈ ਤਿਆਰੀ ਵਿਚ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਠੋਸ ਨੀਤੀ ਬਨਾਉਣ ਦੀ ਬਜਾਏ ਕਈ ਤਰਾਂ ਦੇ ਟੈਕਸ ਲਗਾ ਦਿੱਤੇ ਗਏ ਹਨ, ਜਿਸ ਕਾਰਨ ਅੱਜ ਪੰਜਾਬ ਦੇ ਵਪਾਰੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਤਰ੍ਹਾਂ ਦੇ ਉਦਯੋਗ ਅਤੇ ਵਪਾਰ ਬੰਦ ਹੋ ਚੁੱਕੇ ਹਨ। ਅਜਿਹੇ ਵਪਾਰੀ ਆਪਣੇ ਪਰਿਵਾਰ ਅਤੇ ਬੱਚਿਆਂ ਸਮੇਤ ਵਿਦੇਸ਼ਾਂ 'ਚ ਹੀ ਕੋਈ ਛੋਟਾ ਮੋਟਾ ਕਾਰੋਬਾਰ ਕਰਨ ਨੂੰ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਖ਼ਾਸ ਖ਼ਬਰ, ਭੰਡਾਰਿਆਂ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ  
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News