ਨਿਰਾਸ਼ਾ ’ਚੋਂ ਨਿੱਕਲ ਕੇ ਖੁਸ਼ਹਾਲੀ ਆਸ ਦੀ ਰਾਹ ’ਤੇ ਚੱਲ ਪਿਆ ਪੰਜਾਬ

03/14/2024 1:38:06 PM

16 ਮਾਰਚ, 2022 ਦਾ ਦਿਨ ਕੈਲੰਡਰ ਦੇ ਹਿਸਾਬ ਨਾਲ ਇਕ ਸਾਧਾਰਨ ਦਿਨ ਸੀ ਪਰ ਪੰਜਾਬ ਲਈ ਇਸ ਦਿਨ ਦਾ ਇਤਿਹਾਸਕ ਮਹੱਤਵ ਸੀ ਕਿਉਂਕਿ ਇਸੇ ਦਿਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਸ਼ਾਨਦਾਰ ਫਤਵੇ ਨਾਲ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਸੇਵਾ ਕਰਨ ਦੀ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਰੋਹ ਵੀ ਚੰਡੀਗੜ੍ਹ ’ਚ ਨਹੀਂ ਸਗੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ ’ਚ ਆਯੋਜਿਤ ਕੀਤਾ ਗਿਆ ਸੀ, ਜਿਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਸੰਕਲਪ ਲਿਆ ਸੀ।

ਇਸ ਪਵਿੱਤਰ ਭੂਮੀ ਤੋਂ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਨੌਜਵਾਨਾਂ ਨੂੰ ਰੋਜ਼ਗਾਰ, ਵਿਸ਼ਵ ਪੱਧਰੀ ਮੁਫਤ ਸਿੱਖਿਆ, ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਵਾਅਦਾ ਪੰਜਾਬੀਆਂ ਨਾਲ ਕੀਤਾ ਤਾਂ ਕਿ ਪੰਜਾਬ ਨੂੰ ਸਹੀ ਮਾਅਨੇ ’ਚ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਦੋ ਸਾਲ ਦਾ ਸਫਰ ਪੂਰਾ ਕਰ ਲਿਆ ਹੈ ਅਤੇ ਹੁਣ ਹਰੇਕ ਪੰਜਾਬੀ ਸੂਬੇ ’ਚ ਬਦਲਾਅ ਨੂੰ ਮਹਿਸੂਸ ਕਰ ਰਿਹਾ ਹੈ।

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਆਈਆਂ ਤਬਦੀਲੀਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਕਿਹਾ ਕਰਦੇ ਹਨ, ‘‘ਹੁਣ ਪੰਜਾਬ ’ਚ ਹਰ ਦਿਨ ਖੁਸ਼ੀ ਦੇ ਸਮਾਗਮ ਹੁੰਦੇ ਹਨ ਜਦਕਿ ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬੀਆਂ ਦੇ ਚਿਹਰਿਆਂ ਤੋਂ ਮੁਸਕਰਾਹਟ ਗਾਇਬ ਸੀ। ਰਵਾਇਤੀ ਪਾਰਟੀਆਂ ਨੇ ਪੰਜਾਬ ਲਈ ਚੰਗਾ ਕਰਨ ਦੀ ਬਜਾਏ ਵਿਅਕਤੀਵਾਦ, ਭਾਈ-ਭਤੀਜਾਵਾਦ ਅਤੇ ਨਿੱਜੀ ਕਾਰੋਬਾਰ ਨੂੰ ਪਹਿਲ ਦਿੱਤੀ, ਜਿਸ ਤੋਂ ਬੇਵੱਸ ਹੋਏ ਲੋਕ ਨਿਰਾਸ਼ਾ ’ਚ ਚਲੇ ਗਏ।’’

ਆਮ ਆਦਮੀ ਪਾਰਟੀ ਸਰਕਾਰ ਨੇ ਸਿੱਖਿਆ, ਸਿਹਤ ਅਤੇ ਰੋਜ਼ਗਾਰ ਖੇਤਰਾਂ ਨੂੰ ਪਹਿਲ ਦਿੰਦੇ ਹੋਏ ਇਨ੍ਹਾਂ ਖੇਤਰਾਂ ’ਚ ਕ੍ਰਾਂਤੀਕਾਰੀ ਕਦਮ ਚੁੱਕੇ। ਜੇਕਰ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ 118 ‘ਸਕੂਲ ਆਫ ਐਮੀਨੈਂਸ’ ਸਥਾਪਿਤ ਕੀਤੇ ਜਾ ਰਹੇ ਹਨ ਜਿਥੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਇਨ੍ਹਾਂ ਸਕੂਲਾਂ ’ਚ ਦਾਖਲਾ ਲੈ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ’ਚ ਦਾਖਲੇ ’ਚ ਲਗਭਗ 17 ਫੀਸਦੀ ਵਾਧਾ ਹੋਇਆ। ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਧੀਆ ਟ੍ਰੇਨਿੰਗ ਦੇਣ ਲਈ ਸਿੰਗਾਪੁਰ ਅਤੇ ਅਹਿਮਦਾਬਾਦ ਭੇਜਿਆ ਗਿਆ। ਸਰਕਾਰੀ ਸਕੂਲਾਂ ਦੇ ਬੱਚਿਆਂ ਮੁੱਖ ਤੌਰ ’ਤੇ ਕੁੜੀਆਂ ਲਈ ਬੱਸਾਂ ਚਲਾਈਆਂ ਗਈਆਂ ਤਾਂ ਕਿ ਦੂਰ-ਦੁਰਾਡੇ ਦੇ ਇਲਾਕੇ ’ਚ ਰਹਿਣ ਵਾਲੀ ਕੋਈ ਵੀ ਬੱਚੀ ਆਵਾਜਾਈ ਦੀ ਕਮੀ ਹੋਣ ਕਾਰਨ ਸਿੱਖਿਆ ਤੋਂ ਵਾਂਝੀ ਨਾ ਰਹੇ। ਸਕੂਲਾਂ ’ਚ ਅਧਿਆਪਕਾਂ ਦੀ ਲੋੜੀਂਦੀ ਗਿਣਤੀ ਯਕੀਨੀ ਕਰਨ ਲਈ ਅਪ੍ਰੈਲ 2022 ਤੋਂ 9518 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। 10 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ 12316 ਯੋਗ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਗਿਆ।

ਸਿਹਤ ਦੇ ਖੇਤਰ ’ਚ ਵੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਕੋਲ ਹੀ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ’ਚ ਸੂਬੇ ’ਚ 664 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਤੋਂ ਇਕ ਕਰੋੜ ਤੋਂ ਵੱਧ ਲੋਕ ਇਲਾਜ ਪ੍ਰਾਪਤ ਕਰ ਚੁੱਕੇ ਹਨ। ਹਾਲ ਹੀ ’ਚ 150 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਗਏ, ਜਿਸ ਨਾਲ ਇਨ੍ਹਾਂ ਦੀ ਕੁਲ ਗਿਣਤੀ 829 ਹੋ ਗਈ ਹੈ।

2 ਸਾਲ ਪਹਿਲਾਂ ਨੌਜਵਾਨਾਂ ਨੂੰ ਪਤਾ ਵੀ ਨਹੀਂ ਸੀ ਕਿ ਕੋਈ ਸਰਕਾਰ ਉਨ੍ਹਾਂ ਨੂੰ ਨੌਕਰੀ ਦੇਣ ਲਈ ਘਰੋਂ ਬੁਲਾਏਗੀ। ਹੁਣ ਪੰਜਾਬ ’ਚ ਅਜਿਹਾ ਹੀ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤਕ 43000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਚੁੱਕੀ ਹੈ। ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਦੇ ਬਿਲਕੁਲ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ, ਜਿਸ ਕਾਰਨ ਇਕ ਵੀ ਨੌਕਰੀ ਨੂੰ ਅਦਾਲਤੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ।

ਬਿਜਲੀ ਦਾ ਖੇਤਰ ਹਰੇਕ ਵਿਅਕਤੀ ਨਾਲ ਸਿੱਧਾ ਜੁੜਿਆ ਹੈ। ਮਹਿੰਗੀ ਬਿਜਲੀ ਨਾਲ ਲੋਕਾਂ ਦਾ ਬੁਰਾ ਹਾਲ ਸੀ। ਹਜ਼ਾਰਾਂ ਰੁਪਇਆਂ ਦੇ ਘਰ ਦੇ ਬਿਜਲੀ ਬਿੱਲਾਂ ਨੇ ਲੋਕਾਂ ਦੀ ਘਰੇਲੂ ਵਿਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੁਲਾਈ 2022 ਤੋਂ ਹਰੇਕ ਘਰ ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੋਣ, ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ। ਅੱਜ ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ, ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਬਦਲ ਗਿਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਕਹਿੰਦੇ ਹਨ ਕਿ ਸਰਕਾਰ ਹੁਣ ਚੰਡੀਗੜ੍ਹ ਤੋਂ ਨਹੀਂ, ਸਗੋਂ ਪਿੰਡਾਂ ਅਤੇ ਸ਼ਹਿਰਾਂ ਤੋਂ ਚੱਲੇਗੀ। ਹੁਣ ਪੰਜਾਬੀਆਂ ਨੂੰ ਆਪਣੇ ਕੰਮ ਲਈ ਕਿਸੇ ਸਰਕਾਰੀ ਦਫਤਰ ’ਚ ਜਾਣ ਦੀ ਲੋੜ ਨਹੀਂ ਹੈ। ‘ਆਪ ਦੀ ਸਰਕਾਰ, ਆਪ ਦੇ ਦੁਆਰ’ ਯੋਜਨਾ ਸ਼ੁਰੂ ਕੀਤੀ ਗਈ। ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਦਿਹਾਤੀ ਅਤੇ ਸ਼ਹਿਰੀ ਖੇਤਰਾਂ ’ਚ 11600 ਕੈਂਪ ਲਗਾਏ ਗਏ।

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਕਲਿਆਣ ਲਈ ਵੱਡੇ ਯਤਨ ਕੀਤੇ ਹਨ। ਕਿਸਾਨਾਂ ਨੂੰ ਦੇਸ਼ ’ਚ ਸਭ ਤੋਂ ਵੱਧ ਗੰਨੇ ਦਾ ਮੁੱਲ 391 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲੀ ਵਾਰ ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ ’ਚ ਸਰਕਾਰ-ਕਿਸਾਨ ਮਿਲਣੀਆਂ’ ਆਯੋਜਿਤ ਕੀਤੀਆਂ ਗਈਆਂ। ਝੋਨੇ ਦੇ ਸੀਜ਼ਨ ’ਚ ਕਿਸਾਨਾਂ ਨੂੰ ਬਿਨਾਂ ਰੁਕਾਵਟ ਬਿਜਲੀ ਮੁਹੱਈਆ ਕਰਵਾਈ ਗਈ। ਪੰਜਾਬ ਸਰਕਾਰ ਨੇ ਪਹਿਲੀ ਵਾਰ ਆਖਰੀ ਕੰਢੇ ਤਕ ਨਹਿਰੀ ਪਾਣੀ ਪਹੁੰਚਾਇਆ ਹੈ।

ਪੰਜਾਬ ਸਰਕਾਰ ਦੇ ਸਖਤ ਯਤਨਾਂ ਨਾਲ ਪੰਜਾਬ ’ਚ 65,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਨੌਜਵਾਨਾਂ ਨੂੰ ਲਗਭਗ ਤਿੰਨ ਲੱਖ ਨੌਕਰੀਆਂ ਮਿਲਣਗੀਆਂ। ਸਾਲ 2022-23 ਦੌਰਾਨ 2.98 ਲੱਖ ਐੱਮ. ਐੱਸ. ਐੱਮ. ਈ. ਦੀ ਰਜਿਸਟ੍ਰੇਸ਼ਨ ਦੇ ਨਾਲ ਪੰਜਾਬ ਉੱਤਰ ਭਾਰਤ ’ਚ ਪਹਿਲੇ ਸਥਾਨ ’ਤੇ ਰਿਹਾ।

ਮੁੱਖ ਮੰਤਰੀ ਸੜਕ ਹਾਦਸਿਆਂ ’ਚ ਜਾਣ ਵਾਲੀਆਂ ਕੀਮਤੀ ਜ਼ਿੰਦਗੀਆਂ ਨੂੰ ਲੈ ਕੇ ਬਹੁਤ ਚਿੰਤਤ ਹਨ। ਇਸ ਕਾਰਨ ਸੂਬਾ ਸਰਕਾਰ ਨੇ ਸੜਕ ਹਾਦਸਿਆਂ ’ਚ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਅਤੇ ਆਵਾਜਾਈ ਨੂੰ ਵਿਵਸਥਿਤ ਕਰਨ ਲਈ ‘ਸੜਕ ਸੁਰੱਖਿਆ ਬਲ’ ਦਾ ਗਠਨ ਕੀਤਾ। ਅਕਸਰ ਦੇਖਿਆ ਜਾਂਦਾ ਹੈ ਕਿ ਹਾਦਸਿਆਂ ’ਚ ਜ਼ਿਆਦਾਤਰ ਮੌਤਾਂ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੁੰਦੀਆਂ ਹਨ ਪਰ ਇਹ ਫੋਰਸ ਪੰਜਾਬੀਆਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ’ਚ ਮਦਦ ਕਰ ਰਹੀ ਹੈ। ਇਹ ਫੋਰਸ ਸੂਬੇ ਦੀਆਂ 5500 ਕਿ. ਮੀ. ਸੜਕਾਂ ਦੀ ਨਿਗਰਾਨੀ ਕਰ ਰਹੀ ਹੈ। ਇਨ੍ਹਾਂ ਗੱਡੀਆਂ ਨੂੰ ਹਰ 30 ਕਿ. ਮੀ. ਦੇ ਦਾਇਰੇ ’ਚ ਤਾਇਨਾਤ ਕੀਤਾ ਗਿਆ ਹੈ।

ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ-ਬ-ਦਿਨ ਬਿਹਤਰ ਹੁੰਦੀ ਜਾ ਰਹੀ ਹੈ। ਗੈਂਗਸਟਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਐਂਟੀ-ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ, ਜਿਸ ਨਾਲ ਸੂਬੇ ’ਚ ਗੈਂਗਸਟਰਵਾਦ ’ਤੇ ਰੋਕ ਲੱਗ ਗਈ। ਪੰਜਾਬ ਪੁਲਸ ਨੇ 16 ਮਾਰਚ 2022 ਤੋਂ ਹੁਣ ਤਕ 18,953 ਐੱਫ.ਆਈ.ਆਰ. ਦਰਜ ਕਰ ਕੇ 25,385 ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸੂਬੇ ਭਰ ਤੋਂ 1860 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਮੁੱਖ ਮੰਤਰੀ ਨੇ ਹੁਸੈਨੀਵਾਲਾ ਦੀ ਇਤਿਹਾਸਕ ਭੂਮੀ ਤੋਂ ਭ੍ਰਿਸ਼ਟਾਚਾਰ ਵਿਰੁੱਧ ਜੰਗ ਦਾ ਐਲਾਨ ਕੀਤਾ ਅਤੇ ਸ਼ਿਕਾਇਤ ਦਰਜ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 ਜਾਰੀ ਕੀਤਾ। ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਨਾਜਾਇਜ਼ ਕਬਜ਼ਿਆਂ ਵਿਰੁੱਧ ਸਖਤ ਕਦਮ ਚੁੱਕੇ ਹਨ। ਹੁਣ ਤਕ 12224 ਏਕੜ ਤੋਂ ਵੱਧ ਸ਼ਾਮਲਾਟ ਭੂਮੀ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ।

ਸੂਬੇ ’ਚ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ। ਨਵੀਂ ਖੇਡ ਨੀਤੀ ਤਹਿਤ ਪਹਿਲੀ ਵਾਰ 58 ਖਿਡਾਰੀਆਂ ਨੂੰ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਮੁੱਢਲੀ ਧਨਰਾਸ਼ੀ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਸ਼ੁਰੂ ਕੀਤੀ, ਜਿਸ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਜਾ ਕੇ ਮੱਥਾ ਟੇਕਣ ਦੀ ਸਹੂਲਤ ਮਿਲ ਰਹੀ ਹੈ। ਸਰਕਾਰ ਨੇ ਦੋ ਸਾਲ ਲੋਕਾਂ ਦੇ ਕਲਿਆਣ ਲਈ ਸਮਰਪਿਤ ਕੀਤੇ ਹਨ ਅਤੇ ਇਨ੍ਹਾਂ ਇਮਾਨਦਾਰ ਯਤਨਾਂ ਅਤੇ ਪੰਜਾਬੀਆਂ ਦੇ ਭਰੋਸੇ ਕਾਰਨ ਸੂਬਾ ਜਲਦੀ ਹੀ ਸਹੀ ਮਾਅਨਿਆਂ ’ਚ ‘ਰੰਗਲਾ ਪੰਜਾਬ’ ਦੇ ਰੂਪ ’ਚ ਉਭਰੇਗਾ।

ਪ੍ਰਵੀਨ ਨਿਰਮੋਹੀ


Rakesh

Content Editor

Related News