7 ਮਹੀਨਿਆਂ ਤੋਂ ਲਗਾਤਾਰ ਡਿੱਗ ਰਹੀ ਚੀਨ ਦੀ ਉਦਯੋਗਿਕ ਵਿਕਾਸ ਦਰ
Tuesday, Sep 05, 2023 - 01:32 PM (IST)

ਚੀਨ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਇਕ ਪਾਸੇ ਚੀਨ ਦੀ ਅਰਥਿਵਵਸਥਾ ਚੌਪਟ ਹੋ ਰਹੀ ਹੈ ਅਤੇ ਦੂਜੇ ਪਾਸੇ ਕੁਦਰਤ ਦੀ ਮਾਰ ਵੀ ਝੱਲ ਰਿਹਾ ਹੈ। ਦੋਵਾਂ ਫਰੰਟਾਂ ’ਤੇ ਚੀਨ ਇਕਦਮ ਬੇਵੱਸ ਜਿਹਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਕੁਦਰਤੀ ਆਫਤਾਂ ਨੂੰ ਛੱਡ ਦੇਈਏ ਤਾਂ ਬਾਕੀ ਪ੍ਰੇਸ਼ਾਨੀ ਚੀਨ ਨੇ ਖੁਦ ਆਪਣੇ ਲਈ ਖੜ੍ਹੀ ਕੀਤੀ ਹੈ। ਚੀਨ ਦਾ ਬਰਾਮਦ ਰੀਅਲ ਅਸਟੇਟ ਸੈਰ-ਸਪਾਟਾ ਉਦਯੋਗ, ਇਲੈਕਟ੍ਰਾਨਿਕ ਉਦਯੋਗ, ਟਰਾਂਸਪੋਰਟ ਉਦਯੋਗ ਸਭ ਕੁਝ ਠੱਪ ਪਿਆ ਹੈ।
ਇਸ ਸਮੇਂ ਚੀਨ ’ਚ ਕਿਸੇ ਵੀ ਤਰ੍ਹਾਂ ਦਾ ਉਦਯੋਗਿਕ ਵਿਕਾਸ ਨਹੀਂ ਹੋ ਰਿਹਾ ਹੈ ਸਗੋਂ ਵਿਕਾਸ ਦਾ ਗ੍ਰਾਫ ਲਗਾਤਾਰ ਪਿਛਲੇ 7 ਮਹੀਨਿਆਂ ਤੋਂ ਹੇਠਾਂ ਜਾ ਰਿਹਾ ਹੈ। ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਜੁਲਾਈ ’ਚ ਉਦਯੋਗਿਕ ਕੰਪਨੀਆਂ ਦੀ ਗਿਣਤੀ ’ਚ 6.7 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵਿਸ਼ਵ ਦੀ ਦੂਸਰੀ ਸਭ ਤੋਂ ਵੱਡੀ ਅਰਥਵਿਵਸਥਾ ਲਗਾਤਾਰ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੋਰੋਨਾ ਮਹਾਮਾਰੀ ਪਿਛੋਂ ਉਸ ਨੂੰ ਉਭਰਨ ਦਾ ਮੌਕਾ ਨਹੀਂ ਮਿਲ ਰਿਹਾ ਹੈ ਅਤੇ ਲਗਾਤਾਰ ਚੀਨ ਦੇ ਉਦਯੋਗਿਕ ਵਿਕਾਸ ’ਚ ਗਿਰਾਵਟ ਦੇਖੀ ਜਾ ਰਹੀ ਹੈ।
ਲਗਾਤਾਰ 7 ਮਹੀਨਿਆਂ ਤੋਂ ਉਦਯੋਗਿਕ ਵਿਕਾਸ ’ਚ ਗਿਰਾਵਟ ਕਾਰਨ ਹੁਣ ਅੱਗੇ 15.5 ਫੀਸਦੀ ਮੁਨਾਫੇ ’ਚ ਸਾਲ ਦਰ ਸਾਲ ਨੁਕਸਾਨ ਹੁੰਦਾ ਜਾ ਰਿਹਾ ਹੈ। ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ ਇਸ ਸਾਲ ਦੀ ਪਹਿਲੀ ਛਿਮਾਹੀ ’ਚ 16.8 ਫੀਸਦੀ ਦੀ ਗਿਰਾਵਟ ਦੇਖੀ ਜਾ ਰਹੀ ਹੈ।
ਬਾਜ਼ਾਰ ’ਚ ਮੰਗ ਘਟਣ ਦੇ ਨਾਲ ਹੀ ਚੀਨ ਦੀ ਉਦਯੋਗਿਕ ਵਿਕਾਸ ਦੀ ਰਫਤਾਰ ਵੀ ਹੌਲੀ ਹੋਣ ਲੱਗੀ ਹੈ ਅਤੇ ਇਸ ਦਾ ਸਿੱਧਾ ਅਸਰ ਪਿਆ ਹੈ ਚੀਨ ਦੇ ਉਦਯੋਗਿਕ ਮੁਨਾਫੇ ਅਤੇ ਉਦਯੋਗਿਕ ਰੋਜ਼ਗਾਰ ’ਤੇ, ਇਹ ਦੋਵੇਂ ਹੀ ਲਗਾਤਾਰ ਤੇਜ਼ੀ ਨਾਲ ਡਿੱਗਦੇ ਜਾ ਰਹੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਚੀਨ ਦੀ ਆਰਥਿਕ ਤਰੱਕੀ ਨੇ ਰਫਤਾਰ ਨਹੀਂ ਫੜੀ। ਇਸ ਕਾਰਨ ਚੀਨ ਦੀਆਂ ਕਈ ਕੰਪਨੀਆਂ ਨੂੰ ਨੁਕਸਾਨ ਹੋਣ ਲੱਗਾ, ਬਾਜ਼ਾਰ ’ਚ ਉਤਪਾਦਾਂ ਦੀ ਮੰਗ ਘਟਣ ਨਾਲ ਇਨ੍ਹਾਂ ਕੰਪਨੀਆਂ ਨੂੰ ਮੁਨਾਫਾ ਘੱਟ ਹੋਣ ਲੱਗਾ ਜਿਸ ਕਾਰਨ ਇਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਪਈ।
ਇਹ ਕੰਪਨੀਆਂ ਭਾਵੇਂ ਉਤਪਾਦ ਬਣਾਉਣ ਵਾਲੀਆਂ ਹੋਣ ਜਾਂ ਫਿਰ ਸੇਵਾ ਉਦਯੋਗਾਂ ਨਾਲ ਜੁੜੀਆਂ ਹੋਣ। ਇਨ੍ਹਾਂ ਦੋਵਾਂ ਖੇਤਰਾਂ ’ਚ ਚੀਨ ਨੂੰ ਨੁਕਸਾਨ ਹੋਣ ਲੱਗਾ, ਘੱਟ ਆਮਦਨ, ਘੱਟ ਬੱਚਤ ਅਤੇ ਇਸ ਕਾਰਨ ਖਰਚ ’ਚ ਵੀ ਕਮੀ ਆਉਣ ਲੱਗੀ, ਇਹ ਇਕ ਡੋਮੀਨੋ ਇਫੈਕਟ ਵਾਂਗ ਕੰਮ ਕਰਨ ਲੱਗਾ ਜਿਸਨੇ ਚੀਨ ਦੀ ਅਰਥਵਿਵਸਥਾ ਨੂੰ ਤਕੜਾ ਝਟਕਾ ਦਿੱਤਾ। ਇਸ ਕਾਰਨ ਬੈਂਕਾਂ ਨੂੰ ਆਪਣੀ ਵਿਕਾਸ ਦਰ ਨੂੰ ਇਕ ਵਾਰ ਫਿਰ ਬਦਲਣਾ ਪਿਆ ਅਤੇ ਇਸ ਵਾਰ ਸਰਕਾਰ ਵਲੋਂ ਐਲਾਨੀ ਘੱਟੋ-ਘੱਟ ਦਰ 5 ਫੀਸਦੀ ਤੋਂ ਵੀ ਘੱਟ ਵਿਕਾਸ ਦਰ ਬੈਂਕਾਂ ਨੇ ਐਲਾਨੀ।
ਚੀਨ ਦੀ ਇਹ ਹਾਲਤ ਕਈ ਕਾਰਨਾਂ ਕਾਰਨ ਹੋਈ, ਇਸ ਪਿੱਛੇ ਰੀਅਲ ਐਸਟੇਟ ਸੈਕਟਰ ’ਚ ਆਈ ਮੰਦੀ, ਖਪਤਕਾਰ ਦਾ ਬਾਜ਼ਾਰ ਤੋਂ ਭਰੋਸਾ ਉੱਠਣਾ ਅਤੇ ਘੱਟ ਖਰਚ ਕਰਨਾ, ਕ੍ਰੈਡਿਟ ਗ੍ਰੋਥ ’ਚ ਬੇਮਿਸਾਲ ਗਿਰਾਵਟ ਆਉਣਾ ਹੈ। ਕ੍ਰੈਡਿਟ ਕਾਰਡ ਦਾ ਅਰਥ ਬੈਂਕਾਂ ਨਾਲੋਂ ਕਈ ਸੈਕਟਰ ਦੀਆਂ ਕੰਪਨੀਆਂ ਆਪਣੇ ਕੰਮ ਨੂੰ ਵਧਾਉਣ, ਉਤਪਾਦਨ ਨੂੰ ਵਧਾਉਣ, ਵਪਾਰ ਨੂੰ ਮਜ਼ਬੂਤੀ ਦੇਣ ਦੇ ਲਈ ਕਰਜ਼ ਲੈਂਦੀਆਂ ਹਨ ਜਿਸ ਨਾਲ ਉਹ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਦਿੰਦੀਆਂ ਹਨ, ਉਤਪਾਦਨ ਵਧਦਾ ਹੈ, ਇਸ ਦਾ ਲਾਭ ਉਨ੍ਹਾਂ ਦੇ ਮੁਨਾਫੇ ’ਚ ਦਿੱਸਦਾ ਹੈ। ਇਸ ਸਮੇਂ ਕਿਸੇ ਸੈਕਟਰ ਨੂੰ ਕੋਈ ਵੀ ਕੰਪਨੀ ਆਪਣੇ ਕੰਮ ਨੂੰ ਵਧਾਉਣ ਲਈ ਬੈਂਕਾਂ ਤੋਂ ਕਰਜ਼ ਨਹੀਂ ਲੈ ਰਹੀ ਹੈ।
ਡੂੰਘਾਈ ਨਾਲ ਮੁਆਇਨਾ ਕਰਨ ’ਤੇ ਪਤਾ ਲੱਗਦਾ ਹੈ ਕਿ ਚੀਨ ਦੇ ਹਰ ਸੈਕਟਰ ’ਤੇ ਇਸ ਦਾ ਪ੍ਰਭਾਵ ਪਿਆ ਹੈ, ਉਹ ਬੁਰਾ ਪ੍ਰਭਾਵ ਪਿਆ ਹੈ। ਸਰਕਾਰੀ ਕੰਪਨੀਆਂ ਦੇ ਮੁਨਾਫੇ ’ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਇਸ ਸਾਲ ਦੇ ਪਹਿਲੇ 7 ਮਹੀਨਿਆਂ ’ਚ ਸਰਕਾਰੀ ਕੰਪਨੀਆਂ ਦੇ ਲਾਭ ’ਚ 20.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਹੀ ਵਿਦੇਸ਼ੀ ਕੰਪਨੀਆਂ ’ਤੇ ਇਸਦਾ ਕੋਈ ਜ਼ਿਆਦਾ ਬੁਰਾ ਅਸਰ ਨਹੀਂ ਪਿਆ ਪਰ ਫਿਰ ਵੀ ਉਨ੍ਹਾਂ ਦੇ ਮੁਨਾਫੇ ’ਚ ਵੀ 12.4 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਉਥੇ ਹੀ ਚੀਨ ਦੀਆਂ ਨਿੱਜੀ ਕੰਪਨੀਆਂ ਦੇ ਲਾਭ ’ਚ 10.7 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਇਹ ਅੰਕੜੇ ਇੰਨਾ ਦੱਸਣ ਲਈ ਕਾਫੀ ਹਨ ਕਿ ਚੀਨ ਦੇ ਹਰ ਸੈਕਟਰ ’ਚ ਸਰਕਾਰੀ ਤੋਂ ਲੈ ਕੇ ਨਿੱਜੀ ਅਤੇ ਵਿਦੇਸ਼ੀ ਸਾਰਿਆਂ ਨੂੰ ਵੱਖ-ਵੱਖ ਪੱਧਰ ਦਾ ਨੁਕਸਾਨ ਝੱਲਣਾ ਪਿਆ ਹੈ।