ਚੀਨ ਵਧਾ ਰਿਹਾ ਆਪਣੀ ਪ੍ਰਮਾਣੂ ਸ਼ਕਤੀ

11/04/2023 1:41:22 PM

ਹਾਲ ਹੀ ’ਚ ਅਮਰੀਕੀ ਰੱਖਿਆ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਚੀਨ ਆਪਣੇ ਪ੍ਰਮਾਣੂ ਹਥਿਆਰਾਂ ’ਚ ਵਾਧਾ ਕਰ ਰਿਹਾ ਹੈ, ਇਸ ਦੇ ਨਾਲ ਹੀ ਡਿਪਲੋਮੈਟਿਕ, ਸਿਆਸੀ ਅਤੇ ਫੌਜੀ ਦਬਾਅ ਵੀ ਆਪਣੇ ਗੁਆਂਢੀ ਦੇਸ਼ ਤਾਈਵਾਨ ’ਤੇ ਵਧਾ ਰਿਹਾ ਹੈ। ਅਮਰੀਕਾ ਨੇ ਹਾਲ ਹੀ ’ਚ ਚਾਈਨਾ ਮਿਲਟਰੀ ਪਾਵਰ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ ਫੌਜੀ ਅਤੇ ਸੁਰੱਖਿਆ ਵਾਧੇ ਦੇ ਨਾਂ ਨਾਲ ਚੀਨ ਦੀ ਕਮਿਊਨਿਸਟ ਸਰਕਾਰ ਨੇ 19 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਚੀਨ ਕੋਲ ਮਈ ਮਹੀਨੇ ਤੱਕ 500 ਤੋਂ ਵੱਧ ਪ੍ਰਮਾਣੂ ਬੰਬ ਹਨ।

ਅਮਰੀਕਾ ਦਾ ਕਹਿਣਾ ਹੈ ਕਿ ਇਹ ਗਿਣਤੀ ਸਾਲ 2021 ’ਚ ਜਾਰੀ ਕੀਤੀ ਗਈ ਰਿਪੋਰਟ ਤੋਂ 100 ਵੱਧ ਹੈ ਅਤੇ ਉਸ ਤੋਂ ਪਹਿਲਾਂ ਦੇ ਅੰਦਾਜ਼ਿਆਂ ਤੋਂ ਵੀ ਵੱਧ ਹੈ। ਪੈਂਟਾਗਨ ਮੁਤਾਬਕ ਸਾਲ 2030 ਤਕ ਚੀਨ ਕੋਲ 1000 ਤੋਂ ਵੱਧ ਪ੍ਰਮਾਣੂ ਬੰਬ ਹੋਣਗੇ। ਇਸ ਦੇ ਨਾਲ ਹੀ ਅਮਰੀਕਾ ਨੂੰ ਇਸ ਗੱਲ ਦਾ ਵੀ ਖਦਸ਼ਾ ਹੈ ਕਿ ਪੀਪਲਜ਼ ਲਿਬ੍ਰੇਸ਼ਨ ਆਰਮੀ ਰਵਾਇਤੀ ਆਈ. ਸੀ. ਬੀ. ਐੱਮ. ਮਿਜ਼ਾਈਲਾਂ ਨੂੰ ਵੀ ਬਣਾ ਰਹੀ ਹੈ। ਜੇ ਚੀਨ ਅਜਿਹਾ ਕਰਨ ’ਚ ਸਮਰੱਥ ਹੋ ਜਾਂਦਾ ਹੈ ਤਾਂ ਚੀਨ ਦੀਆਂ ਮਿਜ਼ਾਈਲਾਂ ਦੀ ਜ਼ੱਦ ’ਚ ਅਮਰੀਕਾ, ਹਵਾਈ ਅਤੇ ਅਲਾਸਕਾ ਵੀ ਆ ਜਾਣਗੇ ਜੋ ਬਹੁਤ ਖਤਰਨਾਕ ਸਥਿਤੀ ਨੂੰ ਜਨਮ ਦੇਵੇਗਾ।

ਅਮਰੀਕੀ ਥਿੰਕਟੈਂਕ ਦਾ ਮੰਨਣਾ ਹੈ ਕਿ ਜਦੋਂ ਤੋਂ ਸ਼ੀ ਜਿਨਪਿੰਗ ਨੇ ਚੀਨ ਦੀ ਸੱਤਾ ਸੰਭਾਲੀ ਹੈ ਉਦੋਂ ਤੋਂ ਚੀਨ ਪ੍ਰਮਾਣੂ ਹਥਿਆਰਾਂ ਦੀ ਹੋੜ ’ਚ ਅੱਗੇ ਵਧਦਾ ਜਾ ਰਿਹਾ ਹੈ ਜੋ ਸ਼ੀ ਜਿਨਪਿੰਗ ਦੀ ਰਣਨੀਤੀ ਦਾ ਹਿੱਸਾ ਹੈ। ਅਜਿਹਾ ਕਰ ਕੇ ਚੀਨ ਅਮਰੀਕਾ ਨੂੰ ਹਥਿਆਰਾਂ ਦੀ ਦੌੜ ’ਚ ਪਛਾੜਨਾ ਚਾਹੁੰਦਾ ਹੈ। ਹਾਲਾਂਕਿ ਪ੍ਰਮਾਣੂ ਬੰਬਾਂ ਦੀ ਵਰਤੋਂ ਸੌਖੀ ਨਹੀਂ ਹੈ ਸਗੋਂ ਇਹ ਰੱਖਿਆਤਮਕ ਸਥਿਤੀ ’ਚ ਦੇਸ਼ ਨੂੰ ਮਜ਼ਬੂਤੀ ਜ਼ਰੂਰ ਦਿੰਦਾ ਹੈ। ਜੇ ਅਸੀਂ ਚੀਨ ਦੀ ਅੱਜ ਪ੍ਰਮਾਣੂ ਸ਼ਕਤੀ ਦੀ ਤੁਲਨਾ ਅਮਰੀਕਾ ਅਤੇ ਰੂਸ ਨਾਲ ਕਰੀਏ ਤਾਂ ਇਹ ਅੱਜ ਵੀ ਬਹੁਤ ਘੱਟ ਹੈ।

ਜਿੱਥੋਂ ਤੱਕ ਸਮੁੰਦਰੀ ਫੌਜ ਦੀ ਗੱਲ ਹੈ ਤਾਂ ਗਿਣਤੀ ਦੇ ਆਧਾਰ ’ਤੇ ਚੀਨ ਦੀ ਸਮੁੰਦਰੀ ਫੌਜ ਇਸ ਸਮੇਂ ਦੁਨੀਆ ’ਚ ਸਭ ਤੋਂ ਵੱਡੀ ਹੈ, ਜਿਸ ਕੋਲ 370 ਜੰਗੀ ਬੇੜੇ ਅਤੇ ਪਣਡੁੱਬੀਆਂ ਹਨ, ਇਸ ’ਚ 140 ਜੰਗੀ ਬੇੜੇ ਜ਼ਮੀਨੀ ਲੜਾਈ ’ਚ ਵੀ ਵੱਡੀ ਭੂਮਿਕਾ ਨਿਭਾਉਣ ’ਚ ਸਮਰੱਥ ਹਨ। ਪਿਛਲੇ ਸਾਲ ਚੀਨ ਦੀ ਸਮੁੰਦਰੀ ਫੌਜ ਕੋਲ 340 ਜੰਗੀ ਬੇੜੇ ਅਤੇ ਪਣਡੁੱਬੀਆਂ ਸਨ। ਤਾਈਵਾਨ ਨੈਸ਼ਨਲ ਡਿਫੈਂਸ ਅਕੈਡਮੀ ਦੇ ਡਿਫੈਂਸ ਸਟ੍ਰੈਟੇਜੀ ਐਂਡ ਰਿਸੋਰਸਿਜ਼ ਦੇ ਨਿਰਦੇਸ਼ਕ ਸੂ ਸਿਯੇਨ ਨੇ ਕਿਹਾ ਕਿ ਡੋਨਾਲਡ ਟ੍ਰੰਪ ਦੇ ਸਮੇਂ ਤੋਂ ਹੀ ਚੀਨ ਨਵੀਂ ਪੀੜ੍ਹੀ ਦੇ ਪ੍ਰਮਾਣੂ ਹਥਿਆਰਾਂ ਨੂੰ ਬਣਾਉਣ ’ਚ ਲੱਗਾ ਹੋਇਆ ਹੈ।

ਇਨ੍ਹਾਂ ’ਚ ਚੀਨ ਦਾ ਪਹਿਲਾ ਪੜਾਅ ਹੈ। ਸਿਆਸੀ ਪੱਧਰ ’ਤੇ ਦੁਨੀਆ ਦੀਆਂ ਅੱਖਾਂ ’ਚ ਧੂੜ ਪਾਉਣੀ, ਦੂਸਰਾ ਕੌਮਾਂਤਰੀ ਹਾਲਾਤ ਅਤੇ ਸਿਆਸੀ ਸਥਿਤੀਆਂ ’ਚ ਬਦਲਾਅ ਕਰਨਾ, ਹਾਲਾਂਕਿ ਦੁਨੀਆ ਜਿਸ ਨੂੰ ਸਿਆਸੀ ਸ਼ਕਤੀ ਕਹਿੰਦੀ ਹੈ, ਚੀਨ ਉਸ ਨੂੰ ਆਰਥਿਕ, ਫੌਜ ਅਤੇ ਪ੍ਰਮਾਣੂ ਸ਼ਕਤੀ ਬੋਲਦਾ ਹੈ। ਇਸ ਨਾਲ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੀਨ ਆਪਣੀ ਯੋਜਨਾ ’ਚ ਕਿੰਨਾ ਨਾਪ-ਤੋਲ ਕੇ ਕੰਮ ਕਰ ਰਿਹਾ ਹੈ। ਜੇ ਚੀਨ ਨੇ ਆਪਣੇ ਪ੍ਰਮਾਣੂ ਹਥਿਆਰਾਂ ’ਚ ਹੋਰ ਵਾਧਾ ਕੀਤਾ ਤਾਂ ਇਹ ਪੂਰੇ ਵਿਸ਼ਵ ਲਈ ਖਤਰਨਾਕ ਹੋਵੇਗਾ।

ਹਾਲਾਂਕਿ ਸੂ ਸਿਯੇਨ ਨੇ ਇਹ ਵੀ ਦੱਸਿਆ ਕਿ ਚੀਨ ਦੇ ਫੌਜੀ ਸੰਚਾਰ ਅਤੇ ਕਮਾਂਡ ਸਿਸਟਮ ’ਚ ਕਮੀਆਂ ਵੀ ਹਨ, ਜਿਸ ’ਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਚੀਨੀ ਫੌਜੀ ਕਮਾਂਡ ਕਮਿਊਨਿਸਟ ਪਾਰਟੀ ਦੇਖਦੀ ਹੈ ਅਤੇ ਅਜਿਹੇ ’ਚ ਉਹ ਸਮੇਂ ਨਾਲ ਆਪਣੀ ਕਾਰਜਸ਼ੈਲੀ ’ਚ ਬਦਲਾਅ ਨਹੀਂ ਕਰ ਸਕਦੀ, ਜਿਸ ਨਾਲ ਉਸ ਦਾ ਕੰਬੈਟ ਅਤੇ ਕਮਾਂਡ ਸਿਸਟਮ ਲਚਕੀਲਾ ਨਹੀਂ ਹੈ।

ਹਾਲਾਂਕਿ ਚੀਨ ਪੱਛਮ ਤੋਂ ਤਕਨੀਕ, ਯੁੱਧ ਹੁਨਰ ਅਤੇ ਲਾਜਿਸਟਿਕ ਸਿੱਖਣਾ ਚਾਹੁੰਦਾ ਹੈ ਪਰ ਚੀਨ ਦੀ ਕਮਾਂਡ ਅਤੇ ਕੰਬੈਟ ਯੋਜਨਾ ਪੱਛਮ ਤੋਂ ਬਹੁਤ ਵੱਖਰੀ ਹੈ ਭਾਵ ਪੱਛੜੀ ਹੋਈ ਹੈ। ਇਸ ਲਈ ਸੂ ਸਿਯੇਨ ਦਾ ਕਹਿਣਾ ਹੈ ਕਿ ਜਦੋਂ ਤੱਕ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਆਗੂ ’ਚ ਕੋਈ ਬਦਲਾਅ ਨਹੀਂ ਆਵੇਗਾ, ਫੌਜੀ ਕਮਾਂਡ ਅਤੇ ਕੰਬੈਟ ਸਿਸਟਮ ’ਚ ਬਦਲਾਅ ਕਰਨਾ ਬਹੁਤ ਮੁਸ਼ਕਲ ਹੈ।

ਪਰ ਚੀਨ ਇਕ ਪਾਸੇ ਜਿੱਥੇ ਆਪਣੀ ਫੌਜੀ ਸ਼ਕਤੀ ਦਾ ਵਿਸਥਾਰ ਕਰ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਦੇਸ਼ ਦੀਆਂ ਹੱਦਾਂ ਦੇ ਬਾਹਰ ਵੀ ਉਹ ਬਹੁਤ ਹਮਲਾਵਰ ਹੁੰਦਾ ਜਾ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ’ਚ, 2021 ਤੋਂ 23 ਦਰਮਿਆਨ ਚੀਨ ਹਿੰਦ ਪ੍ਰਸ਼ਾਂਤ ਖੇਤਰ ’ਚ ਅਮਰੀਕੀ ਲੜਾਕੂ ਜਹਾਜ਼ਾਂ ਵੱਲ 180 ਵਾਰ ਆਪਣੇ ਹਮਲਾਵਰ ਰੁਖ ਨੂੰ ਦਿਖਾ ਚੁੱਕਾ ਹੈ।

ਇਹ ਘਟਨਾਵਾਂ ਪਿਛਲੇ 2 ਸਾਲਾਂ ’ਚ ਜਿੰਨੀ ਤੇਜ਼ੀ ਨਾਲ ਵਧੀਆਂ ਹਨ ਓਨੀਆਂ ਪਿਛਲੇ ਇਕ ਦਹਾਕੇ ’ਚ ਨਹੀਂ ਵਧੀਆ ਸਨ। ਇਨ੍ਹਾਂ 2 ਸਾਲਾਂ ’ਚ ਪੀਪਲਜ਼ ਲਿਬ੍ਰੇਸ਼ਨ ਆਰਮੀ ਨੇ 100 ਤੋਂ ਵੱਧ ਘਟਨਾਵਾਂ ’ਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ’ਤੇ ਆਪਣਾ ਫੌਜੀ ਹਮਲਾਵਰ ਰੁਖ ਦਿਖਾਇਆ ਹੈ ਜਿਸ ਨਾਲ ਇਹ ਦੇਸ਼ ਪ੍ਰਸ਼ਾਂਤ ਖੇਤਰ ’ਚ ਕਾਨੂੰਨੀ ਤੌਰ ’ਤੇ ਵੀ ਆਪਣੀਆਂ ਗਤੀਵਿਧੀਆਂ ਨਾ ਚਲਾ ਸਕਣ।

ਅਮਰੀਕੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਚੀਨ ਦੇ ਆਪਣੇ ਖੇਤਰੀ ਦਾਅਵਿਆਂ ਨੂੰ ਕੌਮਾਂਤਰੀ ਮਾਨਤਾ ਨਹੀਂ ਮਿਲੀ ਅਤੇ ਚੀਨ ਕੌਮਾਂਤਰੀ ਮਾਨਤਾਵਾਂ ਨੂੰ ਨਹੀਂ ਮੰਨਦਾ, ਅਜਿਹੇ ’ਚ ਖੇਤਰੀ ਹੱਦਾਂ ਨੂੰ ਲੈ ਕੇ ਉਸ ਦਾ ਟਕਰਾਅ ਗੁਆਂਢੀ ਦੇਸ਼ਾਂ ਨਾਲ ਵੱਧ ਹੋਵੇਗਾ। ਅਜਿਹੇ ’ਚ ਚੀਨ ਗੁਆਂਢੀ ਦੇਸ਼ਾਂ ’ਤੇ ਦਬਾਅ ਵਧਾਉਣ ਲਈ ਪ੍ਰਮਾਣੂ ਬੰਬਾਂ ਦੀ ਧੌਂਸ ਜਮਾ ਸਕਦਾ ਹੈ। ਅਜਿਹਾ ਕਰ ਕੇ ਚੀਨ ਇਕ ਵਾਰ ਫਿਰ ਵਿਸ਼ਵ ਨੂੰ ਸੀਤ ਯੁੱਧ ਦੇ ਦੌਰ ’ਚ ਧੱਕਣਾ ਚਾਹੁੰਦਾ ਹੈ।


Rakesh

Content Editor

Related News