ਹੇਮੰਤ ਸੋਰੇਨ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਅਤੇ ਵਿਰੋਧੀ ਧਿਰ ਨੇ ਦਿਖਾਈ ਤਾਕਤ

12/30/2019 1:47:55 AM

ਰਾਹਿਲ ਨੋਰਾ ਚੋਪੜਾ

ਹਰਿਆਣਾ ਅਤੇ ਮਹਾਰਾਸ਼ਟਰ ਤੋਂ ਬਾਅਦ ਭਾਜਪਾ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਨੂੰ ਵੀ ਗੁਆ ਦਿੱਤਾ ਸੀ ਕਿਉਂਕਿ ਇਨ੍ਹਾਂ ਸੂਬਿਆਂ ਵਿਚ ਚੋਣਾਂ ਰਾਮ ਮੰਦਰ, ਐੱਨ. ਆਰ. ਸੀ., ਤਿੰਨ ਤਲਾਕ, ਪਾਕਿਸਤਾਨ ਅਤੇ ਹੋਰਨਾਂ ਰਾਸ਼ਟਰੀ ਮੁੱਦਿਆਂ ’ਤੇ ਨਹੀਂ, ਸਗੋਂ ਸਥਾਨਕ ਮੁੱਦਿਆਂ ’ਤੇ ਲੜੀਆਂ ਗਈਆਂ ਸਨ। ਭਾਜਪਾ ਹਾਈਕਮਾਨ ਨੇ ਝਾਰਖੰਡ ਵਿਚ ਹਾਰ ਦਾ ਠੀਕਰਾ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਦੇ ਸਿਰ ’ਤੇ ਭੰਨਿਆ ਹੈ, ਜਦਕਿ ਭਾਜਪਾ ਇਹ ਸੋਚ ਰਹੀ ਸੀ ਕਿ ਉਹ ਛੋਟੇ ਦਲਾਂ ਦੀ ਮਦਦ ਨਾਲ ਸਰਕਾਰ ਦਾ ਗਠਨ ਕਰੇਗੀ, ਉਥੇ ਹੀ ਰਘੁਵਰ ਦਾਸ ਆਖਰੀ ਵੋਟ ਦੀ ਗਿਣਤੀ ਤਕ ਇਹ ਦਾਅਵਾ ਠੋਕ ਰਹੇ ਸਨ ਕਿ ਉਹੀ ਸਰਕਾਰ ਬਣਾਉਣਗੇ। ਇਕ ਬੈਠਕ ਵਿਚ ਝਾਮੁਮੋ, ਕਾਂਗਰਸ ਅਤੇ ਰਾਜਦ ਦੇ ਵਿਧਾਇਕਾਂ ਨੇ ਹੇਮੰਤ ਸੋਰੇਨ ਨੂੰ ਆਪਣੇ ਗੱਠਜੋੜ ਦਾ ਨੇਤਾ ਚੁਣਿਆ ਅਤੇ ਉਨ੍ਹਾਂ ਨੇ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੁੰ ਚੁੱਕੀ। ਇਸ ਦੌਰਾਨ ਵਿਰੋਧੀ ਧਿਰ ਨੇ ਆਪਣੀ ਤਾਕਤ ਦਿਖਾਈ। ਕਾਂਗਰਸ ਦੇ ਰਾਹੁਲ ਗਾਂਧੀ, ਤਰੁਣ ਗੋਗੋਈ, ਅਸ਼ੋਕ ਗਹਿਲੋਤ ਅਤੇ ਭੁਪੇਸ਼ ਬਘੇਲ ਹਾਜ਼ਰ ਸਨ। ਇਸ ਦੇ ਨਾਲ-ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦ੍ਰਮੁਕ ਦੇ ਐੱਮ. ਕੇ. ਸਟਾਲਿਨ, ਟੀ. ਆਰ. ਬਾਲੂ, ਕਨੀਮੋਝੀ, ਰਾਜਦ ਦੇ ਤੇਜਸਵੀ ਯਾਦਵ, ਸਪਾ ਦੇ ਅਖਿਲੇਸ਼ ਯਾਦਵ, ‘ਆਪ’ ਦੇ ਸੰਜੇ ਸਿੰਘ, ਸੀ. ਪੀ. ਆਈ. ਨੇਤਾ ਡੀ. ਰਾਜਾ, ਮਾਕਪਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸ਼ਰਦ ਯਾਦਵ ਨੇ ਸਹੁੰ-ਚੁੱਕ ਸਮਾਰੋਹ ਵਿਚ ਹਿੱਸਾ ਲਿਆ। ਸੱਤ ਹੋਰ ਵਿਧਾਇਕਾਂ ਨੇ ਵੀ ਸਰਕਾਰ ਦੇ ਹੱਕ ਵਿਚ ਸਮਰਥਨ ਦੇਣ ਦਾ ਐਲਾਨ ਕੀਤਾ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 2020 ਵਿਚ ਸ਼ੁਰੂ ਹੋਣਗੀਆਂ ਅਤੇ ਭਾਜਪਾ ਨੂੰ ਹੁਣ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਬਕ ਲੈਣਾ ਹੋਵੇਗਾ। ਜੇਕਰ ਉਹ ਭਵਿੱਖ ਵਿਚ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਉਸ ਨੂੰ ਸਥਾਨਕ ਮੁੱਦਿਆਂ ’ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ।

ਕਾਨੂੰਨ ਵਿਵਸਥਾ ’ਚ ਫੇਲ ਹੋਏ ਯੋਗੀ ਆਦਿੱਤਿਆਨਾਥ

ਉੱਤਰ ਪ੍ਰਦੇਸ਼ ਵਿਚ ਯੋਗੀ ਆਦਿੱਤਿਆਨਥ ਦੀ ਸਰਕਾਰ ਨਾ ਸਿਰਫ ਵਿਕਾਸ ਕੰਮਾਂ ਵਿਚ ਫੇਲ ਹੋਈ ਹੈ, ਸਗੋਂ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਉਣ ਵਿਚ ਵੀ ਉਹ ਨਾਕਾਮ ਹੋਈ ਹੈ। ਭਾਵੇਂ ਯੋਗੀ ਨੇ ਆਪਣਾ ਸਖਤੀ ਵਾਲਾ ਚਿਹਰਾ ਦਿਖਾਉਣ ਦਾ ਯਤਨ ਕੀਤਾ ਹੈ ਪਰ ਇਹ ਕਾਨੂੰਨ ਵਿਵਸਥਾ ਲਈ ਕਾਰਗਰ ਸਾਬਿਤ ਨਹੀਂ ਹੋ ਸਕਿਆ। ਵਿਕਾਸ ਕੰਮਾਂ ਲਈ ਸੂਬੇ ਵਿਚ ਕੋਈ ਸਥਾਈ ਮੁੱਖ ਸਕੱਤਰ ਨਹੀਂ ਹੈ। ਇਸ ਦੀ ਨਿਯੁਕਤੀ ਅਜੇ ਤਕ ਨਹੀਂ ਹੋ ਸਕੀ ਹੈ। ਸਿਆਸੀ ਗਲਿਆਰਿਆਂ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਵਿਚਾਲੇ ਮਤਭੇਦ ਜਨਤਕ ਤੌਰ ’ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲਖਨਊ ਵਿਚ ਮੌਰਿਆ ਗਰੁੱਪ ਮੁੱਖ ਮੰਤਰੀ ਦਫਤਰ ’ਤੇ ਇਹ ਦੋਸ਼ ਲਾ ਰਿਹਾ ਹੈ ਕਿ ਉਹ ਲੋਕ ਨਿਰਮਾਣ ਵਿਭਾਗ ਵਿਚ ਦਖਲ ਦੇ ਰਿਹਾ ਹੈ, ਜੋ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਅਧੀਨ ਆਉਂਦਾ ਹੈ। ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਦਾ ਕੰਮ ਵੀ ਵਿਧਾਨ ਸਭਾ ਵਿਚ ਦਿਖਾਈ ਦਿੱਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਅਤੇ ਵਿਧਾਇਕਾਂ ਵਿਚ ਮਤਭੇਦ ਹਨ। ਹਾਲਾਂਕਿ ਯੋਗੀ ਨੇ ਹਾਈਕਮਾਨ ਤੋਂ ਮਿਲੇ ਨਿਰਦੇਸ਼ਾਂ ਦੇ ਤਹਿਤ ਵਿਧਾਇਕਾਂ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਵਿਧਾਨ ਸਭਾ ਵਿਚ ਅਨੁਸ਼ਾਸਨ ਬਣਾ ਕੇ ਰੱਖਿਆ ਜਾਵੇ ਪਰ ਫਿਰ ਵੀ ਯੋਗੀ ਆਪਣੇ ਵਿਧਾਇਕਾਂ ਦੇ ਨਾਲ ਬਿਹਤਰ ਸਬੰਧ ਨਹੀਂ ਬਣਾ ਰਹੇ। ਯੋਗੀ ਸਰਕਾਰ ਐੱਨ. ਆਰ. ਸੀ. ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਉੱਤੇ ਰੋਕ ਨਹੀਂ ਲਾ ਸਕੀ। ਉਸ ਤੋਂ ਬੁਰੀ ਹਾਲਤ ਇਹ ਹੈ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਸਰਕਾਰ ਫਾਇਰਿੰਗ ਕਰ ਰਹੀ ਸੀ, ਜਿਸ ਦੇ ਨਤੀਜੇ ਵਿਚ ਬਿਜਨੌਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ’ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾਅਵਾ ਕਰ ਰਹੇ ਹਨ ਕਿ ਸੂਬੇ ਵਿਚ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਪੁਲਸ ਪੋਸਟਮਾਰਟਮ ਰਿਪੋਰਟਾਂ ਨੂੰ ਮੁਹੱਈਆ ਨਹੀਂ ਕਰਵਾ ਰਹੀ। ਇਸ ਦੌਰਾਨ ਸ਼ਨੀਵਾਰ ਕਾਂਗਰਸ ਨੇ ਦੋਸ਼ ਲਾਇਆ ਕਿ ਯੂ. ਪੀ. ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਦੇ ਨਾਲ ਲਖਨਊ ਵਿਚ ਉਸ ਸਮੇਂ ਧੱਕਾ-ਮੁੱਕੀ ਕੀਤੀ ਗਈ, ਜਿਸ ਸਮੇਂ ਪ੍ਰਿਯੰਕਾ ਐੱਨ. ਆਰ. ਸੀ. ਵਿਰੁੱਧ ਪ੍ਰਦਰਸ਼ਨ ਰੈਲੀ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਬਕਾ ਆਈ. ਪੀ. ਐੱਸ. ਅਧਿਕਾਰੀ ਦਾਰਾਪੁਰੀ ਦੇ ਪਰਿਵਾਰ ਨੂੰ ਮਿਲ ਜਾ ਰਹੀ ਸੀ।

ਚਿੰਤਤ ਹਨ ਅਸ਼ੋਕ ਗਹਿਲੋਤ

ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਰਕਾਰ ਸੂਬੇ ਦੇ ਵਿਕਾਸ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਚੰਗਾ ਕੰਮ ਕਰ ਰਹੀ ਹੈ ਪਰ ਗਹਿਲੋਤ ਹੁਣ ਚਿੰਤਤ ਦਿਖਾਈ ਦੇ ਰਹੇ ਹਨ ਕਿਉਂਕਿ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਅਤੇ ਨਾ ਹੀ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਬਸਪਾ ਜਾਂ ਫਿਰ ਹੋਰ ਆਜ਼ਾਦ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ। ਹਾਲਾਂਕਿ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਸਚਿਨ ਪਾਇਲਟ ਨੇ ਵਿਧਾਇਕਾਂ ਦੀਆਂ ਆਪਣੀਆਂ ਹੀ ਸੂਚੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਕਿ ਮੰਤਰੀ ਮੰਡਲ ਦੇ ਵਿਸਤਾਰ ਦੌਰਾਨ ਸ਼ਾਮਿਲ ਕੀਤਾ ਜਾਵੇਗਾ ਪਰ ਮੰਤਰੀ ਮੰਡਲ ਦੀ ਸਮਰੱਥਾ ਮੁੱਖ ਮੰਤਰੀ ਸਮੇਤ 30 ਤੋਂ ਵੱਧ ਨਹੀਂ ਹੋਵੇਗੀ। ਮੌਜੂਦਾ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਗਹਿਲੋਤ ਨੂੰ ਥੋੜ੍ਹੀ ਰਾਹਤ ਮਿਲੀ ਹੈ ਪਰ ਸੂਬੇ ਦੀਆਂ 3 ਰਾਜ ਸਭਾ ਸੀਟਾਂ ਲਈ ਆਗਾਮੀ ਚੋਣਾਂ ਨੂੰ ਲੈ ਕੇ ਉਨ੍ਹਾਂ ਨੂੰ ਚਿੰਤਾ ਸਤਾ ਰਹੀ ਹੈ। ਉਥੇ ਹੀ ਬਸਪਾ ਵਿਧਾਇਕ ਦਿਨ-ਬ-ਦਿਨ ਗਹਿਲੋਤ ਉੱਤੇ ਸਰਕਾਰ ਵਿਚ ਸ਼ਾਮਿਲ ਹੋਣ ਲਈ ਦਬਾਅ ਪਾ ਰਹੇ ਹਨ।

ਦਿੱਲੀ ਵਿਧਾਨ ਸਭਾ ਚੋਣਾਂ

ਆਉਣ ਵਾਲੇ ਕੁਝ ਹੀ ਦਿਨਾਂ ਵਿਚ ਚੋਣ ਕਮਿਸ਼ਨ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਵਾਲਾ ਹੈ। ਸਾਰੇ 3 ਪ੍ਰਮੁੱਖ ਦਲ ‘ਆਪ’, ਕਾਂਗਰਸ ਅਤੇ ਭਾਜਪਾ ਨੇ ਚੋਣ ਬਿਗੁਲ ਵਜਾ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣਾ ਪੂਰਾ ਸਮਾਂ ਪਾਣੀ, ਬਿਜਲੀ ਅਤੇ ਸੀਵਰੇਜ ਉੱਤੇ ਗਰੀਬ ਅਤੇ ਦਰਮਿਆਨੇ ਵਰਗ ਦੇ ਲੋਕਾਂ ਨੂੰ ਰਾਹਤ ਦੇਣ ਵਿਚ ਲੱਗੇ ਹੋਏ ਹਨ। ਉਹ ਆਪਣੀ ਸਰਕਾਰ ਦੇ ਸਿਹਤ, ਸਿੱਖਿਆ ਅਤੇ ਪ੍ਰਦੂਸ਼ਣ ਲਈ ਕੀਤੇ ਗਏ ਚੰਗੇ ਕੰਮਾਂ ਨੂੰ ਪ੍ਰੋਜੈਕਟ ਕਰ ਰਹੇ ਹਨ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 22 ਦਸੰਬਰ ਦੀ ਰੈਲੀ ਤੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੇ ਹੁਣ ਤਕ ਆਪਣੇ ਮੁੱਖ ਮੰਤਰੀ ਉਮੀਦਵਾਰ ਨੂੰ ਪ੍ਰੋਜੈਕਟ ਨਹੀਂ ਕੀਤਾ ਹੈ। ਭਾਜਪਾ ਨੇ 1731 ਅਣਅਧਿਕਾਰਤ ਕਾਲੋਨੀਆਂ ਦੇ 40 ਲੱਖ ਨਿਵਾਸੀਆਂ ਨੂੰ ਮਾਲਿਕਾਨਾ ਹੱਕ ਦੇਣ ਦਾ ਹੁਕਮ ਸੁਣਾਇਆ ਹੈ। ਕਾਂਗਰਸ ਨੇ ਵੀ ਦਿੱਲੀ ਦੀ ਰਾਮਲੀਲਾ ਗਰਾਊਂਡ ਤੋਂ ‘ਭਾਰਤ ਬਚਾਓ ਰੈਲੀ’ ਨਾਲ ਆਪਣਾ ਚੋਣ ਬਿਗੁਲ ਵਜਾ ਦਿੱਤਾ ਹੈ। ਕਾਂਗਰਸ ਅਰਥ ਵਿਵਸਥਾ, ਬੇਰੋਜ਼ਗਾਰੀ ਅਤੇ ਐੱਨ. ਆਰ. ਸੀ. ਦੇ ਮੁੱਦੇ ਉਠਾਏਗੀ। ਕਾਂਗਰਸ ਨੇ 72 ਸਾਲਾ ਸੁਭਾਸ਼ ਚੋਪੜਾ ਨੂੰ ਦਿੱਲੀ ਸੂਬਾਈ ਕਾਂਗਰਸ ਪ੍ਰਧਾਨ ਅਤੇ ਕੰਪੇਨ ਕਮੇਟੀ ਦਾ ਮੁਖੀ ਕੀਰਤੀ ਆਜ਼ਾਦ ਨੂੰ ਬਣਾਇਆ ਹੈ।

nora_chopra@yahoo.com


Bharat Thapa

Content Editor

Related News