ਕੀ ਭਾਰਤ ‘ਕਾਂਗਰਸ ਦੀ ਮੌਤ’ ਬਰਦਾਸ਼ਤ ਕਰ ਸਕਦਾ ਹੈ

10/20/2019 1:32:01 AM

ਡੀ. ਭੱਟਾਚਾਰੀਆ

ਸਿਆਸੀ ਦਲ ਪ੍ਰਤੀਨਿਧੀ ਲੋਕਤੰਤਰ ਦੀ ਕਾਰਜਪ੍ਰਣਾਲੀ ਦੇ ਕੇਂਦਰਬਿੰਦੂ ਵਿਚ ਹਨ ਕਿਉਂਕਿ ਕੋਈ ਬਹੁਦਲੀ ਲੋਕਤੰਤਰ ਮਤਦਾਨ ਕਰਨ ਵਾਲੀ ਜਨਤਾ ਲਈ ਵੱਖ-ਵੱਖ ਨੀਤੀ ਬਦਲ ਪੈਦਾ ਕਰਦਾ ਹੈ। ਨੀਤੀ ਬਦਲਾਂ ਦਾ ਉਦੇਸ਼ ਵੋਟਰਾਂ ਦੇ ਹਿੱਤਾਂ ਅਤੇ ਖਾਹਿਸ਼ਾਂ ਨੂੰ ਪੂਰਾ ਕਰਨਾ ਹੁੰਦਾ ਹੈ। ਸਿਆਸੀ ਅਪੋਜ਼ੀਸ਼ਨ ਅਤੇ ਵਿਸ਼ੇਸ਼ ਤੌਰ ’ਤੇ ਅੰਤਰ-ਦਲੀ ਅਪੋਜ਼ੀਸ਼ਨ ਉਦਾਰ ਜਮਹੂਰੀ ਵਿਚਾਰ ’ਚ ਇਕ ਮਹੱਤਵਪੂਰਨ ਸਿਧਾਂਤ ਹੈ। ਦਿਲਚਸਪ ਗੱਲ ਇਹ ਹੈ ਕਿ ਸਿਆਸੀ ਦਲਾਂ ਦਾ ਇਕ ਬਰਾਬਰ ਕੰਮ ਹੁੰਦਾ ਹੈ–ਉਹ ਸਾਰੇ ਸਰਕਾਰ ਬਣਾਉਣ ਲਈ ਜਾਂ ਜਦੋਂ ਉਹ ਅਪੋਜ਼ੀਸ਼ਨ ਦੀ ਭੂਮਿਕਾ ਨਿਭਾਉਣ ਵਿਚ ਅਸਫਲ ਹੋ ਜਾਂਦੇ ਹਨ, ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।

2019 ਦੀਆਂ ਚੋਣਾਂ ਹੋ ਚੁੱਕੀਆਂ ਹਨ। ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਨੂੰ 2014 ਅਤੇ 2019 ਦੋਹਾਂ ਸੰਸਦੀ ਚੋਣਾਂ ਵਿਚ ਮਿਲੀ ਸ਼ਾਨਦਾਰ ਸਫਲਤਾ ਨੇ ਭਾਜਪਾ ਨੂੰ ਸਭ ਤੋਂ ਵੱਡੀ ਪਾਰਟੀ ਬਣਾ ਦਿੱਤਾ, ਉਥੇ ਹੀ ਕਾਂਗਰਸ ਨੂੰ ਇਕ ਤੋਂ ਬਾਅਦ ਇਕ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਦੀਆਂ ਆਮ ਚੋਣਾਂ ਵਿਚ ਭਾਜਪਾ ਨੇ ਰਾਜਗ ਦੀਆਂ 352 ਸੀਟਾਂ ’ਚੋਂ 303 ਸੀਟਾਂ ਅਤੇ ਕਾਂਗਰਸ ਦੀ ਅਗਵਾਈ ਵਾਲਾ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) 91 ਸੀਟਾਂ ’ਤੇ ਸਿਮਟ ਗਿਆ, ਜਿਸ ਵਿਚ ਪੁਰਾਣੀ ਵੱਡੀ ਪਾਰਟੀ ਬੜੀ ਮੁਸ਼ਕਿਲ ਨਾਲ 52 ਦੇ ਨਾਲ ਅਰਧ ਸੈਂਕੜੇ ਦਾ ਅੰਕੜਾ ਪਾਰ ਕਰ ਸਕੀ। ਜਿੱਥੇ ਭਾਜਪਾ ਦੀ ਜਿੱਤ 70 ਫੀਸਦੀ (ਲੜੀਆਂ ਗਈਆਂ 437 ਸੀਟਾਂ ’ਚੋਂ 303 ’ਤੇ ਜੇਤੂ) ਉੱਤੇ ਪਹੁੰਚ ਗਿਆ, ਉਥੇ ਹੀ ਮੁੱਖ ਵਿਰੋਧੀ ਪਾਰਟੀ ਆਪਣੀ ਹੋਂਦ ਦੇ ਸੰਕਟ ਨਾਲ ਜੂਝ ਰਹੀ ਹੈ। ਇਸ ਤਰ੍ਹਾਂ ਭਾਜਪਾ ਦੀ ਸ਼ਾਨਦਾਰ ਜਿੱਤ ਨੇ ਅਪੋਜ਼ੀਸ਼ਨ ਅਤੇ ਕਾਂਗਰਸ ਨੂੰ ਕਮਜ਼ੋਰ ਅਤੇ ਗੈਰ-ਪ੍ਰਸੰਗਿਕ ਬਣਾ ਦਿੱਤਾ।

ਵਿਰੋਧੀ ਧਿਰ ਦਾ ਅਰਥ

ਕਿਉਂ ਇਕ ਵਿਰੋਧੀ ਧਿਰ ਮਹੱਤਵਪੂਰਨ ਹੈ? ਵਿਰੋਧੀ ਧਿਰ ਦਾ ਮਤਲਬ ਨਾ ਸਿਰਫ ਸਰਕਾਰ ਦੇ ਫੈਸਲਿਆਂ ’ਤੇ ਨਾਂਹ-ਪੱਖੀ ਪ੍ਰਤੀਕਿਰਿਆ ਜ਼ਾਹਿਰ ਕਰਨਾ ਹੈ, ਸਗੋਂ ਸਰਕਾਰ ਦੀ ਰਚਨਾਤਮਕ ਆਲੋਚਨਾ ਦੇ ਨਾਲ-ਨਾਲ ਇਕ ਪ੍ਰਗਤੀਸ਼ੀਲ ਨੀਤੀ ਬਦਲ ਮੁਹੱਈਆ ਕਰਵਾਉਣਾ ਵੀ ਹੈ। ਇਸ ਮੋਰਚੇ ’ਤੇ ਸਪੱਸ਼ਟ ਤੌਰ ’ਤੇ ਕਾਂਗਰਸ ਕੋਲ ਵਿਆਪਕ ਰਣਨੀਤੀ ਦੀ ਘਾਟ ਹੈ ਜਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦੇ ਰੂਪ ’ਚ ਭਾਜਪਾ ਦੀ ਤਾਕਤ ਦਾ ਸਾਹਮਣਾ ਕਰਨ ਦਾ ਦਮ ਨਹੀਂ ਹੈ।

ਇਹ ਸੱਚ ਹੈ ਕਿ ਲੋਕਾਂ ਦੀ ਆਮ ਤੌਰ ’ਤੇ ਦੁਨੀਆ ਨੂੰ ਉਸੇ ਰੂਪ ’ਚ ਦੇਖਣ ਲਈ, ਜਿਹੋ ਜਿਹਾ ਉਹ ਚਾਹੁੰਦੇ ਹਨ, ਆਲੋਚਨਾ ਕੀਤੀ ਜਾਂਦੀ ਹੈ, ਬਜਾਏ ਇਸ ਦੇ ਜਿਹੋ ਜਿਹੀ ਉਹ ਹੈ ਪਰ ਕੀ ਸਾਨੂੰ ਅਸਲ ਵਿਚ ਕਿਸੇ ਸਮੇਂ ਮਹਾਨ ਰਹੀ ਸਿਆਸੀ ਪਾਰਟੀ ਦਾ ਆਪਣੀਆਂ ਅੱਖਾਂ ਸਾਹਮਣੇ ਪਤਨ ਹੁੰਦਾ ਦੇਖਣ ਲਈ ਦੂਰਬੀਨ ਦੀ ਲੋੜ ਹੈ। ਸਰਵਉੱਚ ਤੋਂ ਲੈ ਕੇ ਹੇਠਲੇ ਪੱਧਰ ਦੇ ਨੇਤਾ ਅਤੇ ਵਿਧਾਇਕ ਪਾਰਟੀ ਛੱਡ ਰਹੇ ਹਨ ਅਤੇ ਪ੍ਰਮੁੱਖ ਨੇਤਾ ਪਾਰਟੀ ਲਾਈਨ ਦੇ ਵਿਰੁੱਧ ਜਾ ਕੇ ਵਿਚਾਰ ਪ੍ਰਗਟ ਕਰ ਰਹੇ ਹਨ। ਇਹ ਸਿਰਫ ਡੂੰਘੇ ਅੰਤਰ-ਦਲੀ ਵਿਵਾਦਾਂ ਅਤੇ ਝਗੜਿਆਂ ਦੇ ਸੰਕੇਤ ਹਨ। ਜੇਕਰ ਧਿਆਨ ਨਾਲ ਸੁਣੀਏ ਤਾਂ ਪਤਾ ਲੱਗੇਗਾ ਕਿ ਪਾਰਟੀ ਛੱਡਣ ਦੇ ਫੈਸਲੇ ਅਤੇ ਆਪਣੀ ਆਵਾਜ਼ ਉਠਾਉਣ ਲਈ ਅਸਲ ਕਾਰਣ ਕੀ ਹੈ?

ਬੀਤੇ ਸਾਲ ਅਪ੍ਰੈਲ ’ਚ ਮੈਂ ਇਕ ਲੇਖ ’ਚ ਵਰਣਨ ਕੀਤਾ ਸੀ ਕਿ ‘‘ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ’ਚ 133 ਸਾਲ ਪੁਰਾਣੀ ਰਾਸ਼ਟਰੀ ਪਾਰਟੀ ਲਈ ਸੁੰਘੜਦਾ ਸਿਆਸੀ ਸਥਾਨ ਜਿੰਨਾ ਪਾਰਟੀ ਲਈ ਚਿੰਤਾਜਨਕ ਹੈ, ਓਨਾ ਹੀ ਖੁਦ ਲੋਕਤੰਤਰ ਲਈ ਵੀ ਅਤੇ ਇਸ ਲਈ ਕਾਂਗਰਸ ਦੀ ਮੁੜ-ਸੁਰਜੀਤੀ ਦੇਸ਼ ਲਈ ਮਹੱਤਵਪੂਰਨ ਅਤੇ ਇਸ ਦੀ ਪਾਰਟੀ ਲੀਡਰਸ਼ਿਪ ਲਈ ਚੁਣੌਤੀ ਭਰੀ ਹੈ। ਇਹ ਕੰਮ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਗਿਆ ਹੈ ਕਿਉਂਕਿ ਵਧੀਆ ਨੇਤਾਵਾਂ ਨੂੰ ਪਾਰਟੀ ਦੇ ਮੁੜ ਗਠਨ ਅਤੇ ਇਸ ਦੀ ਖਰਾਬ ਦਿੱਖ ਦੇ ਮੁੜ-ਨਿਰਮਾਣ ਦਾ ਜ਼ਿੰਮਾ ਸੌਂਪਿਆ ਗਿਆ ਹੈ।

ਤਾਨਾਸ਼ਾਹੀ ਭਰੀ ਕਾਰਜਪ੍ਰਣਾਲੀ

ਡੇਢ ਸਾਲ ਬਾਅਦ ਕਾਂਗਰਸ ਉਸ ਤੋਂ ਵੀ ਜ਼ਿਆਦਾ ਖਰਾਬ ਸਥਿਤੀ ’ਚ ਹੈ, ਜਿਵੇਂ ਕਿ ਲੋਕਾਂ ਨੂੰ ਡਰ ਸੀ। ਕੌੜੀ ਸੱਚਾਈ ਇਹ ਹੈ ਕਿ ਕਾਂਗਰਸ ਬੜੇ ਲੰਬੇ ਸਮੇਂ ਤੋਂ ਤਾਨਾਸ਼ਾਹੀ ਢੰਗ ਨਾਲ ਕੰਮ ਕਰਦੀ ਆ ਰਹੀ ਹੈ। ਸੰਗਠਨ ’ਚ ਸਹੀ ਸਥਾਨ ਲਈ ਬਹੁਤ ਸਾਰੇ ਯੋਗ ਪਾਰਟੀ ਵਰਕਰਾਂ ਨੂੰ ਦਰਕਿਨਾਰ ਕੀਤਾ ਗਿਆ। ਅੰਤਰ-ਪਾਰਟੀ ਲੋਕਤੰਤਰਿਕ ਨਿਯਮ ਸਥਾਪਿਤ ਕਰਨਾ ਹੁਣ ਇਕ ਬਦਲ ਨਹੀਂ ਸਗੋਂ ਲੋੜ ਹੈ। ਪਾਰਟੀ ਨੂੰ ਟੁੱਟਣ ਤੋਂ ਬਚਾਉਣ ਲਈ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਉਣਾ ਪਵੇਗਾ ਅਤੇ ਅਰਥਪੂਰਨ ਵਿਵੇਚਨਾ ਨੂੰ ਉਤਸ਼ਾਹਿਤ ਕਰਨਾ ਪਵੇਗਾ। ਕਾਂਗਰਸ ਨੂੰ ਸਵਾਰਥੀ ਅਤੇ ਭ੍ਰਿਸ਼ਟ ਪੁਰਾਣੇ ਕਾਂਗਰਸੀਆਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਪਾਰਟੀ ’ਚ ਬਹੁਤ ਸਾਰੇ ਸਮਰੱਥ ਨੌਜਵਾਨ ਨੇਤਾ ਹਨ, ਜੋ ਪਾਰਟੀ ਦੀਆਂ ਕੁਮਲਾ ਚੁੱਕੀਆਂ ਨਾੜੀਆਂ ’ਚ ਫਿਰ ਜਾਨ ਫੂਕ ਸਕਦੇ ਹਨ।

ਘੱਟਗਿਣਤੀ ਸਿਆਸੀ ਲਾਭ ਹਮੇਸ਼ਾ ਹੀ ਲੰਬੇ ਸਮੇਂ ਦੇ ਸਿਆਸੀ ਨੁਕਸਾਨ ਨੂੰ ਯਕੀਨੀ ਕਰਦੇ ਹਨ। ਰਾਜਨੀਤੀ ਨਾਲ ਸਮਝੌਤਾ ਕਰਨ ਕਰਕੇ 1952 ’ਚ ਪਹਿਲਾਂ ਆਮ ਚੋਣਾਂ ’ਚ 489 ਲੋਕ ਸਭਾ ਸੀਟਾਂ ’ਚੋਂ 364 ਸੀਟਾਂ ਦੇ ਮੁਕਾਬਲੇ 2014 ’ਚ 543 ’ਚੋਂ ਸਿਰਫ 44 ’ਤੇ ਸਿਮਟ ਗਈ। ਜਿਥੇ ਕਾਂਗਰਸ ਤੋਂ ਲੋਕਾਂ ਨੂੰ ਬਹੁਤ ਘੱਟ ਇੱਛਾਵਾਂ ਹਨ। ਪਾਰਟੀ ਦੇ ਉੱਭਰਨ ਦੀ ਲੋੜ ਕਦੇ ਵੀ ਇੰਨੀ ਜ਼ਿਆਦਾ ਨਹੀਂ ਰਹੀ। ਰਾਜਨੀਤੀ ’ਚ ਬਦਲਾਅ ਓਨਾ ਹੀ ਲਗਾਤਾਰ ਹੋਣਾ ਚਾਹੀਦਾ ਹੈ, ਜਿਵੇਂ ਕਿ ਜੀਵਨ ’ਚ। ਜੋ ਲੋਕ ਅਜਿਹੇ ਬਦਲਾਅ ਤੋਂ ਬਚਦੇ ਹਨ, ਉਹ ਖੁਦ ਨੂੰ ਵਿਚਾਰਾਂ ਦੇ ਸਾਗਰ ਤੋਂ ਪਰ੍ਹੇ ਧੱਕੇ ਜਾਂਦੇ ਅਤੇ ਇਤਿਹਾਸ ’ਚ ਗਲਤ ਅਤੇ ਸਥਾਪਿਤ ਕੀਤੇ ਜਾਂਦੇ ਦੇਖੇ ਹਨ।

ਮੌਜੂਦਾ ਕਾਂਗਰਸ ਪਾਰਟੀ ਲਈ ਸਭ ਤੋਂ ਵੱਧ ਪ੍ਰਸੰਗਿਕ ਟਿੱਪਣੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਪ੍ਰੋ. ਮੁਹੰਮਦ ਆਯੂਬ ਨੇ ਕੀਤੀ ਹੈ ਕਿ ‘‘ਕਾਂਗਰਸ ਦੀ ਮੁਰੰਮਤ ਨਹੀਂ ਹੋ ਸਕਦੀ।’’ ਉਹ ਲਿਖਦੇ ਹਨ ਕਿ ਦੋ ਪ੍ਰਮੁੱਖ ਚੋਣ ਹਾਰਾਂ ਦੇ ਬਾਵਜੂਦ ਵੰਸ਼ ਆਪਣਾ ਕੰਟਰੋਲ ਛੱਡਣ ਤੋਂ ਇਨਕਾਰ ਕਰ ਰਿਹਾ ਹੈ ਅਤੇ ਜਾਣਬੁੱਝ ਕੇ ਇਹ ਅਹਿਸਾਸ ਨਹੀਂ ਕਰ ਰਿਹਾ ਕਿ ਉਹ ਕਾਂਗਰਸ ਦੀ ਵਾਪਸੀ ਦੇ ਮੌਕਿਆਂ ਨੂੰ ਤਬਾਹ ਕਰ ਰਿਹਾ ਹੈ। ਪਰਿਵਾਰ ਦੇ ਨਾਲ ਪਾਰਟੀ ਦੇ ਸਮੀਕਰਣ ਨੇ ਇਸ ਦੇ ਨਵ-ਜਾਗਰਣ ਦੀ ਕਿਸੇ ਵੀ ਸੰਭਾਵਨਾ ਨੂੰ ਤਬਾਹ ਕਰ ਦਿੱਤਾ ਹੈ। ਇਸ ਸਾਲ ਦੀਆਂ ਸੰਸਦੀ ਚੋਣਾਂ ’ਚ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਜਪਾ ਨੇ ਜਿੱਥੇ 333 ਸੰਸਦ ਮੈਂਬਰਾਂ ਦਾ ਟੀਚਾ ਰੱਖ ਕੇ 2024 ਦੀਆਂ ਆਮ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਕਾਂਗਰਸ ਨੂੰ ਇਕ ਛੋਟੀ ਅਤੇ ਸੰਘਰਸ਼ਸ਼ੀਲ ਪਾਰਟੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਕਾਂਗਰਸ ਲਈ ਸਿਆਸੀ ਮੌਕਾ

ਕਾਂਗਰਸ ਦਾ ਪਤਨ ਕਈ ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਪਰ 2014 ’ਚ ਨਰਿੰਦਰ ਮੋਦੀ ਦੀ ਚੋਣ ਨਾਲ ਇਸ ’ਚ ਤੇਜ਼ੀ ਆ ਗਈ। ਅਜਿਹਾ ਨਹੀਂ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਬਿਨਾਂ ਕਿਸੇ ਰੁਕਾਵਟ ਦੇ ਦੌੜ ਰਹੀ ਹੈ। ਆਰਥਿਕ ਸੰਕਟ ਤੋਂ ਇਲਾਵਾ ਇਸ ਦੀ ਕਾਰਜਪ੍ਰਣਾਲੀ ਦੇ ਹੋਰ ਪਹਿਲੂ ਆਮ ਲੋਕਾਂ ਲਈ ਚਿੰਤਾਜਨਕ ਹਨ। ਸਰਕਾਰ ਖੇਤੀ ਸੰਕਟ ਤੋਂ ਲੈ ਕੇ ਬੇਰੋਜ਼ਗਾਰੀ ਤਕ ਵਰਗੇ ਮਹੱਤਵਪੂਰਨ ਮੁੱਦਿਆਂ ਦਾ ਸੰਤੋਸ਼ਜਨਕ ਹੱਲ ਕਰਨ ’ਚ ਅਸਫਲ ਰਹੀ ਹੈ। ਇਥੋਂ ਤਕ ਕਿ ਸੰਸਾਰਕ ਭੁੱਖ ਸੂਚਕਅੰਕ ਨੇ ਭਾਰਤ ਦਾ ਦਰਜਾ ਹੋਰ ਹੇਠਾਂ ਡੇਗ ਦਿੱਤਾ ਹੈ। ਇਸ ਲਈ ਕਾਂਗਰਸ ਲਈ ਸਿਆਸੀ ਮੌਕੇ ਮੌਜੂਦ ਹਨ। ਇਹ ਸਹੀ ਸਮੇਂ ’ਤੇ ਸਹੀ ਮੌਕਾ ਕੈਚ ਕਰਨਾ ਹੈ।

ਪਾਰਟੀ ਦੀ ਕਮਾਨ ਫਿਰ ਇਕ ਪਰਿਵਾਰ ਨੂੰ ਸੌਂਪ ਕੇ ਕਾਂਗਰਸ ਨੇ ਸ਼ਾਇਦ ਆਪਣੇ ਅੰਦਰ ਖੋਰੇ ਨੂੰ ਰੋਕ ਦਿੱਤਾ ਹੈ ਪਰ ਜੇਕਰ ਇਹ ਸੋਚਦੀ ਹੈ ਕਿ ਛੇਤੀ ਮਜ਼ਬੂਤੀ ਦੇ ਨਾਲ ਉੱਭਰੇਗੀ ਤਾਂ ਇਹ ਬਹੁਤ ਵੱਡੀ ਗਲਤੀ ਕਰੇਗੀ। ਪਾਰਟੀ ਲੀਡਰਸ਼ਿਪ ਨੂੰ ਆਪਣੇ ਕੰਮ ’ਚ ਜ਼ਰੂਰ ਕੁਝ ਵੱਡੀ ਅਤੇ ਡੂੰਘੀ ਪਛਾਣ ਕਰਨੀ ਹੋਵੇਗੀ। ਮੌਜੂਦਾ ਸਿਆਸੀ ਸੰਸਕ੍ਰਿਤੀ ’ਚ ਜੇਕਰ ਪਾਰਟੀ ਨੇਤਾ ਨੌਜਵਾਨ ਪੀੜ੍ਹੀ ਨੂੰ ਸਵੀਕਾਰ ਕਰਨ ਤੋਂ ਟਾਲਦੀ ਰਹੀ ਤਾਂ ਖਿੰਡਾਅ ਇਕ ਹੋਰ ਬਦਲ ਹੋਵੇਗਾ। ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਤੋਂ ਬਿਨਾਂ ਕਾਂਗਰਸ ਬਾਰੇ ਸੋਚਿਆ ਜਾ ਸਕਦਾ ਹੈ ਪਰ ਕਾਂਗਰਸ ਦੇ ਬਿਨਾਂ ਭਾਰਤੀ ਰਾਜਨੀਤੀ ਇਕ ਦੁਖਦਾਈ ਅਤੇ ਅਤਿਅੰਤ ਬਦਕਿਸਮਤੀ ਵਾਲੇ ਮੋੜ ’ਤੇ ਹੋਵੇਗੀ। (ਐੱਸ.)


Bharat Thapa

Content Editor

Related News