ਜ਼ਿਮਨੀ ਚੋਣ ਨਤੀਜੇ ਵੀ ਭਾਜਪਾ ਦੇ ਲਈ ਚਿੰਤਾਜਨਕ

Tuesday, Jul 16, 2024 - 06:01 PM (IST)

ਜ਼ਿਮਨੀ ਚੋਣ ਨਤੀਜੇ ਵੀ ਭਾਜਪਾ ਦੇ ਲਈ ਚਿੰਤਾਜਨਕ

ਭਾਜਪਾ ਦੀਆਂ ਚਿੰਤਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਲੋਕ ਸਭਾ ਦੀਆਂ ਚੋਣਾਂ ਦੇ ਬਾਅਦ 7 ਸੂਬਿਆਂ ’ਚ ਹੋਈ 13 ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ’ਚ ਵੀ ਵੋਟਰਾਂ ਨੇ ਭਾਜਪਾ ਅਤੇ ਉਸ ਦੀ ਅਗਵਾਈ ਵਾਲੇ ਰਾਜਗ ਨੂੰ ਝਟਕਾ ਦਿੱਤਾ ਹੈ। ਭਾਜਪਾ ਭਾਵ ਰਾਜਗ ਸਿਰਫ ਦੋ ਸੀਟਾਂ ਜਿੱਤ ਸਕੇ ਹਨ। ਜਦਕਿ ਵਿਰੋਧੀ ਗੱਠਜੋੜ ‘ਇੰਡੀਆ’ ਉਸ ਨਾਲੋਂ 5 ਗੁਣਾ ਜਾਂ 10 ਸੀਟਾਂ ਜਿੱਤਣ ’ਚ ਸਫਲ ਰਿਹਾ ਹੈ। ਬਾਕੀ ਇਕ ਸੀਟ ਰੂਪੌਲੀ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ।

ਇਸੇ ਸਾਲ 19 ਅਪ੍ਰੈਲ ਤੋਂ 1 ਜੂਨ ਦੇ ਦਰਮਿਆਨ ਹੋਈਆਂ 18ਵੀਂ ਲੋਕ ਸਭਾ ਦੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਕੇਂਦਰੀ ਸੱਤਾ ਦੀ ‘ਹੈਟ੍ਰਿਕ’ ਲਗਾਉਣ ’ਚ ਸਫਲ ਰਹੀ ਪਰ ਉਸ ਦੀਆਂ ਆਪਣੀਆਂ ਸੀਟਾਂ 303 ਤੋਂ ਘਟ ਕੇ 240 ਰਹਿ ਗਈਆਂ ਅਤੇ ਬਹੁਮਤ ਲਈ ਉਸ ਨੂੰ ਤੇਲਗੂ ਦੇਸ਼ਮ ਪਾਰਟੀ ਅਤੇ ਜਨਤਾ ਦਲ (ਯੂ) ਵਰਗੀਆਂ ਭਾਈਵਾਲ ਪਾਰਟੀਆਂ ’ਤੇ ਨਿਰਭਰ ਹੋਣਾ ਪਿਆ। ਮੁੱਖ ਵਿਰੋਧੀ ਪਾਰਟੀ ਕਾਂਗਰਸ 99 ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਮਿਲ ਕੇ 234 ਸੀਟਾਂ ਹੀ ਜਿੱਤ ਸਕੇ।

ਇਸ ਲਈ ਭਾਜਪਾ ਨੇ ਲੋਕ ਸਭਾ ਚੋਣਾਂ ’ਚ ਲੱਗੇ ਝਟਕੇ ਨੂੰ ਵੀ ਆਪਣੀ ਜਿੱਤ ਅਤੇ ਜਨਤਾ ਦਾ ਆਸ਼ੀਰਵਾਦ ਦੱਸਿਆ ਪਰ ਇਨ੍ਹਾਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਫਿਰ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਕਿ ਜ਼ਮੀਨ ’ਤੇ ਉਸ ਦੇ ਲਈ ਸਭ ਕੁਝ ਠੀਕ ਨਹੀਂ ਹੈ। ਇਹ ਨਤੀਜੇ ਕਿਸੇ ਇਕ ਸੂਬੇ ਦੇ ਨਹੀਂ ਸਗੋਂ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਹਨ, ਇਸ ਲਈ ਇਨ੍ਹਾਂ ਨੂੰ ਹਲਕੇ ’ਚ ਲੈਣ ਦੀ ਗਲਤੀ ਭਾਜਪਾ ਨੂੰ ਨਹੀਂ ਕਰਨੀ ਚਾਹੀਦੀ।

ਜ਼ਿਮਨੀ ਚੋਣਾਂ ਦੇ ਨਤੀਜੇ ਸਾਫ ਦੱਸਦੇ ਹਨ ਕਿ ਭਾਜਪਾ ਅਜੇਤੂ ਹੋਣ ਦਾ ਭਰਮਜਾਲ ਟੁੱਟ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਸੂਬਿਆਂ ’ਚ ਵੀ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਜਿੱਥੇ ਉਹ ਲੋਕ ਸਭਾ ਚੋਣਾਂ ’ਚ ਸਾਰੀਆਂ ਸੀਟਾਂ ਜਿੱਤਣ ’ਚ ਸਫਲ ਰਹੀ ਸੀ।

ਹਿਮਾਚਲ ’ਚ ਲੋੜੀਂਦੇ ਵਿਧਾਇਕ ਨਾ ਹੋਣ ਦੇ ਬਾਵਜੂਦ ਭਾਜਪਾ ਨੇ ਰਾਜ ਸਭਾ ਸੀਟ ਜਿੱਤਣ ਲਈ ਕਾਂਗਰਸ ਅਤੇ ਉਸ ਦੇ ਸਮਰਥਕ ਆਜ਼ਾਦ ਵਿਧਾਇਕਾਂ ’ਚ ਜੋੜ-ਤੋੜ ਕੀਤਾ ਸੀ। ਉਨ੍ਹਾਂ ਹੀ 3 ਆਜ਼ਾਦ ਵਿਧਾਇਕਾਂ ਦੇ ਅਸਤੀਫੇ ਕਾਰਨ ਇਹ ਜ਼ਿਮਨੀ ਚੋਣਾਂ ਹੋਈਆਂ।

ਭਾਜਪਾ ਨੇ ਉਨ੍ਹਾਂ ਤਿੰਨਾਂ ਆਜ਼ਾਦ ਵਿਧਾਇਕਾਂ ਨੂੰ ਆਪਣੀ ਟਿਕਟ ’ਤੇ ਜ਼ਿਮਨੀ ਚੋਣ ਲੜਾਈ ਪਰ 2 ਸੀਟਾਂ ’ਤੇ ਕਾਂਗਰਸ ਬਾਜ਼ੀ ਮਾਰ ਗਈ। ਦਿਲ ਰੱਖਣ ਲਈ ਭਾਜਪਾ ਕਹਿ ਸਕਦੀ ਹੈ ਕਿ ਉਸ ਨੂੰ ਤਾਂ 1 ਸੀਟ ਦਾ ਫਾਇਦਾ ਹੀ ਹੋਇਆ ਹੈ ਪਰ ਸੱਚ ਇਹ ਹੈ ਕਿ ਕਾਂਗਰਸ ਉਸ ਤੋਂ 2 ਗੁਣਾ ਭਾਵ 2 ਸੀਟਾਂ ਜਿੱਤ ਗਈ।

ਇਨ੍ਹਾਂ ਵਿਚ ਦੇਹਰਾ ਸੀਟ ਤੋਂ ਜਿੱਤੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਵੀ ਸ਼ਾਮਲ ਹਨ। ਲੋਕ ਸਭਾ ਚੋਣਾਂ ਦੇ ਨਾਲ ਹੋਈ ਕਾਂਗਰਸ ਬਾਗੀਆਂ ਦੀ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ’ਚ ਵੀ ਭਾਜਪਾ ਨੂੰ ਝਟਕਾ ਲੱਗਾ ਸੀ। ਉੱਤਰਾਖੰਡ ਵਿਚ ਹੋਈ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਨਤੀਜੇ ਕਾਂਗਰਸ ਦੇ ਪੱਖ ਵਿਚ ਗਏ ਹਨ। ਮੰਗਲੌਰ ਸੀਟ ’ਤੇ ਜ਼ਿਮਨੀ ਚੋਣ ਬਸਪਾ ਵਿਧਾਇਕ ਸਰਵਤ ਕਰੀਮ ਅੰਸਾਰੀ ਦੇ ਦਿਹਾਂਤ ਕਾਰਨ ਹੋਈ।

ਜਦਕਿ ਬਦਰੀਨਾਥ ਸੀਟ ਤੋਂ ਜਿੱਤੇ ਕਾਂਗਰਸ ਵਿਧਾਇਕ ਰਾਜਿੰਦਰ ਭੰਡਾਰੀ ਅਸਤੀਫਾ ਦੇ ਕੇ ਭਾਜਪਾਈ ਹੋ ਗਏ ਸਨ। ਇਸ ਵਾਰ ਭਾਜਪਾ ਦੀ ਟਿਕਟ ’ਤੇ ਲੜੇ ਭੰਡਾਰੀ ਨੂੰ ਕਾਂਗਰਸ ਉਮੀਦਵਾਰ ਲਖਪਤ ਸਿੰਘ ਬੁਟੋਲਾ ਨੇ 5000 ਤੋਂ ਵੀ ਵੱਧ ਵੋਟਾਂ ਨਾਲ ਹਰਾ ਦਿੱਤਾ।

ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ’ਚ ਜਲੰਧਰ ਸੀਟ ’ਤੇ ਤੀਜੇ ਸਥਾਨ ’ਤੇ ਰਹਿਣ ਦੀ ਸ਼ਰਮਿੰਦਗੀ ਝਲਣ ਤੋਂ ਬਾਅਦ ਸੱਤਾਧਾਰੀ ‘ਆਪ’ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਜ਼ਿਮਨੀ ਚੋਣ ’ਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਜਿੱਤ ਕੇ ਆਪਣਾ ਸਨਮਾਨ ਬਚਾਅ ਲਿਆ ਹੈ।

ਜਲੰਧਰ ਪੱਛਮੀ ’ਚ ਜ਼ਿਮਨੀ ਚੋਣ ਦੀ ਨੌਬਤ ਵੀ ਪਿਛਲੀ ਵਾਰ ਉਥੋਂ ਜਿੱਤੇ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਕਾਰਨ ਆਈ, ਜੋ ਭਾਜਪਾ ’ਚ ਚਲੇ ਗਏ ਸਨ। ਭਾਜਪਾ ਨੂੰ ਸਭ ਤੋਂ ਵੱਡਾ ਝਟਕਾ ਪੱਛਮੀ ਬੰਗਾਲ ’ਚ ਲੱਗਾ ਹੈ।

ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਤੋਂ ਲਗਾਤਾਰ ਹਾਰ ਖਾ ਰਹੀ ਭਾਜਪਾ ਪਹਿਲਾਂ ਤਾਂ ਲੋਕ ਸਭਾ ਚੋਣਾਂ ਵਿਚ ਆਪਣੀ ਪਿਛਲੀ ਸੀਟ ਗਿਣਤੀ ਵੀ ਕਾਇਮ ਰੱਖਣ ’ਚ ਅਸਫਲ ਰਹੀ ਅਤੇ ਹੁਣ 4 ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ’ਚ ਖਾਲੀ ਹੱਥ ਰਹੀ। ਇਨ੍ਹਾਂ ’ਚੋਂ 3 ਜ਼ਿਮਨੀ ਚੋਣਾਂ ਦੀ ਨੌਬਤ ਤਾਂ ਭਾਜਪਾ ਵਿਧਾਇਕਾਂ ਦੇ ਅਸਤੀਫਾ ਦੇਣ ਨਾਲ ਹੀ ਆਈ ਸੀ।

ਇਕ ਹੋਰ ਸੀਟ ’ਤੇ ਤ੍ਰਿਣਮੂਲ ਵਿਧਾਇਕ ਦੇ ਦਿਹਾਂਤ ਕਾਰਨ ਜ਼ਿਮਨੀ ਚੋਣ ਕਰਾਉਣੀ ਪਈ। ਜ਼ਿਮਨੀ ਚੋਣਾਂ ’ਚ ਚਾਰੋਂ ਸੀਟਾਂ ਤ੍ਰਿਣਮੂਲ ਦੇ ਖਾਤੇ ’ਚ ਗਈਆਂ ਹਨ। ਬਿਹਾਰ ਵਿਚ ਭਾਜਪਾ ਦੀ ਮਿੱਤਰ ਪਾਰਟੀ ਜਦ (ਯੂ) ਨੂੰ ਰੂਪੌਲੀ ਸੀਟ ਗੁਆਉਣੀ ਪਈ।

ਇਸ ਵਾਰ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਬਾਜ਼ੀ ਮਾਰੀ। ਬੇਸ਼ੱਕ ਨਤੀਜਾ ਮੁੱਖ ਵਿਰੋਧੀ ਪਾਰਟੀ ਰਾਜਦ ਲਈ ਵੀ ਝਟਕਾ ਹੈ, ਜਿਸ ਦੀ ਉਮੀਦਵਾਰ ਬੀਮਾ ਭਾਰਤੀ 40 ਦਿਨ ਦੇ ਅੰਦਰ ਹੀ ਲੋਕ ਸਭਾ ਦੇ ਬਾਅਦ ਵਿਧਾਨ ਸਭਾ ਉਪ ਚੋਣ ਵੀ ਹਾਰ ਗਈ।

ਪਿਛਲੀ ਵਾਰ ਜਦ (ਯੂ) ਦੀ ਟਿਕਟ ’ਤੇ ਵਿਧਾਇਕ ਚੁਣੀ ਗਈ ਬੀਮਾ ਭਾਰਤੀ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਪਾਲਾ ਬਦਲ ਕੇ ਵਾਪਸ ਰਾਜਗ ਵਿਚ ਜਾਣ ’ਤੇ ਰਾਜਦ ’ਚ ਸ਼ਾਮਲ ਹੋ ਗਈ ਸੀ।

ਰਾਜਦ ਨੇ ਉਨ੍ਹਾਂ ਨੂੰ ਪੂਰਣੀਆ ਤੋਂ ਲੋਕ ਸਭਾ ਉਮੀਦਵਾਰ ਵੀ ਬਣਾਇਆ ਪਰ ਉਹ ਆਜ਼ਾਦ ਪੱਪੂ ਯਾਦਵ ਤੋਂ ਹਾਰ ਗਈ। ਉਂਝ ਵਿਧਾਨ ਸਭਾ ਜ਼ਿਮਨੀ ਚੋਣ ’ਚ ਬੀਮਾ ਭਾਰਤੀ ਤੀਜੇ ਸਥਾਨ ’ਤੇ ਰਹੀ ਜਦਕਿ ਜਦ (ਯੂ) ਉਮੀਦਵਾਰ ਕਲਾਧਾਰ ਮੰਡਲ ਨੂੰ ਹਰਾਉਣ ਵਾਲੇ ਆਜ਼ਾਦ ਦਰਅਸਲ ਚਿਰਾਗ ਪਾਸਵਾਨ ਦੀ ਲੋਜਪਾ ਦੇ ਨੇਤਾ ਰਹੇ ਹਨ।

ਤਾਮਿਲਨਾਡੂ ’ਤੇ ਵਿਰਕ ਵੰਡੀ ਵਿਧਾਨ ਸਭਾ ਸੀਟ ਦੇ ਲਈ ਹੋਈ ਜ਼ਿਮਨੀ ਚੋਣ ’ਚ ਸੱਤਾਧਾਰੀ ਪਾਰਟੀ ਦ੍ਰਮੁਕ ਦੀ ਜਿੱਤ ਅਣਕਿਆਸੀ ਹੀ ਸੀ ਪਰ ਮੱਧ ਪ੍ਰਦੇਸ਼ ’ਚ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਪ੍ਰਭਾਵ ਵਾਲੇ ਇਲਾਕੇ ਦੀ ਅਮਰਵਾੜਾ ਵਿਧਾਨ ਸਭਾ ਸੀਟ ਹਾਰ ਜਾਣਾ ਕਾਂਗਰਸ ਲਈ ਵੱਡਾ ਝਟਕਾ ਹੈ।

ਪਿਛਲੇ ਸਾਲ ਉਥੋਂ ਕਾਂਗਰਸ ਦੀ ਟਿਕਟ ’ਤੇ ਕਮਲੇਸ਼ ਸ਼ਾਹ ਜਿਤੇ ਸਨ, ਜੋ ਵਿਧਾਇਕੀ ਛੱਡ ਕੇ ਭਾਜਪਾ ਵਿਚ ਚਲੇ ਗਏ। ਇਸ ਵਾਰ ਕਮਲੇਸ਼ ਸ਼ਾਹ ਨੇ ਭਾਜਪਾ ਉਮੀਦਵਾਰ ਵਜੋਂ 3000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ।

ਪਿਛਲੇ ਸਾਲ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਕਮਲਨਾਥ ਦੇ ਰਵਾਇਤੀ ਸੰਸਦੀ ਹਲਕੇ ਛਿੰਦਵਾੜਾ ਦੀਆਂ ਸਾਰੀਆਂ 8 ਵਿਧਾਨ ਸਭਾ ਸੀਟਾਂ ਜਿੱਤਣ ਵਿਚ ਸਫਲ ਰਹੀ ਸੀ ਪਰ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ ਸਾਰੀਆਂ 29 ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਿਹੜੀਆਂ 13 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਹੋਈਆਂ, ਉਨ੍ਹਾਂ ’ਚੋਂ 10 ’ਤੇ ਵਿਰੋਧੀ ਗੱਠਜੋੜ ‘ਇੰਡੀਆ’ ਦੀ ਜਿੱਤ ਯਕੀਨਨ ਹੀ ਭਾਜਪਾ ਅਤੇ ਰਾਜਗ ਲਈ ਵੱਡਾ ਝਟਕਾ ਹੈ।

ਰਲਗਡ ਆਧਾਰ ’ਤੇ ਦੇਖੀਏ ਤਾਂ ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਜਿਹੜੀਆਂ 4 ਸੀਟਾਂ ਲਈ ਜ਼ਿਮਨੀ ਚੋਣ ਹੋਈ, ਉਨ੍ਹਾਂ ’ਚੋਂ ਇਕ ਹੀ ਤ੍ਰਿਣਮੂਲ ਦੇ ਕੋਲ ਸੀ ਪਰ ਹੁਣ ਉਹ ਚਾਰੋਂ ਜਿੱਤ ਗਈ।

ਜ਼ਿਮਨੀ ਚੋਣ ਵਾਲੀਆਂ 13 ’ਚੋਂ 2 ਹੀ ਸੀਟਾਂ ਕਾਂਗਰਸ ਦੇ ਕੋਲ ਸਨ ਪਰ ਹੁਣ ਉਹ 4 ਜਿੱਤ ਗਈ। ਉਂਝ 13 ’ਚੋਂ 3 ਸੀਟਾਂ ਹੀ ਭਾਜਪਾ ਦੇ ਕੋਲ ਸਨ, ਇਸ ਲਈ ਤਕਨੀਕੀ ਤੌਰ ’ਤੇ ਉਸ ਨੂੰ ਸਿਰਫ 1 ਸੀਟ ਦਾ ਨੁਕਸਾਨ ਹੋਇਆ ਹੈ ਪਰ ਕੁੱਲ ਜ਼ਿਮਨੀ ਚੋਣ ਨਤੀਜੇ ਦਾ ਸਿਆਸੀ ਸੰਦੇਸ਼ ਉਸ ਦੇ ਲਈ ਨਾਂਹ-ਪੱਖੀ ਮੰਨਿਆ ਜਾ ਰਿਹਾ ਹੈ।

ਰਾਜ ਕੁਮਾਰ ਸਿੰਘ


author

Rakesh

Content Editor

Related News