ਅਫਗਾਨਿਸਤਾਨ-ਪਾਕਿ-ਅਮਰੀਕਾ ਦੋਵੇਂ ਹੀ ਡਿਪਲੋਮੈਟਿਕ ਢੋਂਗ ਦੀ ਖੇਡ ਰਹੇ ਹਨ ਖੇਡ
Tuesday, Aug 10, 2021 - 03:57 AM (IST)

ਮਾਈਕਲ ਹਿਰਸ਼
ਇਤਿਹਾਸ ਵਿਰੁੱਧ ਇਕ ਜੂਆ ਖੇਡਣ ਦੀ ਉਮੀਦ ’ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੀ ਟੀਮ ਭਰੋਸਾ ਕਰ ਰਹੀ ਹੈ ਕਿ ਮੁੜ ਸਿਰ ਚੁੱਕ ਰਿਹਾ ਤਾਲਿਬਾਨ ਅਫਗਾਨਿਸਤਾਨ ’ਚ ਇਕ ਸ਼ਾਂਤੀ ਸਮਝੌਤੇ ਲਈ ਸਹਿਮਤ ਹੋਵੇਗਾ ਅਤੇ ਅੱਤਵਾਦੀ ਗਰੁੱਪ ਦਾ ਲੰਬੇ ਸਮੇਂ ਤੋਂ ਸਪਾਂਸਰ ਪਾਕਿਸਤਾਨ ਉਸ ’ਤੇ ਅਫਗਾਨ ਸਰਕਾਰ ਨਾਲ ਸੱਤਾ ਨੂੰ ਸਾਂਝਾ ਕਰਨ ਲਈ ਦਬਾਅ ਪਾਏਗਾ।
ਪਰ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਉਮੀਦਾ ਭੁਲੇਖੇ ਵਾਲੀਆਂ ਹਨ। ਅੰਤ ’ਚ ਇਤਿਹਾਸ ਦੇ ਦੁਹਰਾਏ ਜਾਣ ਦਾ ਖਦਸ਼ਾ ਹੈ। ਪਾਕਿਸਤਾਨ ਅਤੇ ਤਾਲਿਬਾਨ ਦੀ ਲੀਡਰਸ਼ਿਪ ਜਿਸ ਦਾ ਹੈੱਡਕੁਆਰਟਰ ਅਜੇ ਵੀ ਪਾਕਿਸਤਾਨ ’ਚ ਹੈ, ਜੰਗ ਦੇ ਮੈਦਾਨ ਦੇ ਨਾਲ-ਨਾਲ ਗੱਲਬਾਤ ਦੀ ਮੇਜ਼ ’ਤੇ ਵੀ ਇਕ ਦੂਜੇ ਦੀ ਪਿੱਠ ਥਾਪੜਦੇ ਰਹਿਣਗੇ। ਸੰਖੇਪ ’ਚ ਪਾਕਿਸਤਾਨ ਚਾਹੁੰਦਾ ਹੈ ਕਿ ਤਾਲਿਬਾਨ ਜਿੱਤ ਜਾਏ ਜਾਂ ਘੱਟੋ-ਘੱਟ ਅਜਿਹਾ ਹੋਣ ਤੋਂ ਰੋਕਣ ਲਈ ਕੁਝ ਕਰਨ ਲਈ ਤਿਆਰ ਹੋ ਜਾਣ।
ਬਰੂਸ ਰਿਡੇਲ ਜਿਨ੍ਹਾਂ ਨੇ 4 ਅਮਰੀਕੀ ਰਾਸ਼ਟਰਪਤੀਆਂ ਲਈ ਦੱਖਣੀ ਏਸ਼ੀਆ ਅਤੇ ਮੱਧ ਪੂਰਬ ’ਚ ਇਕ ਸੀਨੀਅਰ ਸਲਾਹਕਾਰ ਵਜੋਂ ਕੰਮ ਕੀਤਾ, ਨੇ ਕਿਹਾ ਕਿ ਪਾਕਿਸਤਾਨੀ ਸਾਜ਼ੋ-ਸਾਮਾਨ ਦੀ ਹਮਾਇਤ ਤੋਂ ਬਿਨਾਂ ਤਾਲਿਬਾਨ ਵੱਡੀ ਪੱਧਰ ’ਤੇ ਦੇਸ਼ ਪੱਧਰੀ ਹਮਲੇ ਨਹੀਂ ਕਰ ਸਕਿਆ ਸੀ। ਪਾਕਿਸਤਾਨ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈ.ਐੱਸ.ਆਈ. ਪਹਿਲਾਂ ਤੋਂ ਹੀ ਖੁਸ਼ ਹੈ ਕਿ ਉਸ ਨੇ ਅਫਗਾਨਿਸਤਾਨ ’ਚੋਂ ਸਭ ਵਿਦੇਸ਼ੀ ਫੌਜੀਆਂ ਨੂੰ ਕੱਢ ਦਿੱਤਾ ਹੈ। ਹੁਣ ਨਿਸ਼ਾਨਾ ਅਫਗਾਨ ਸਰਕਾਰ ਅਤੇ ਫੌਜ ’ਚ ਦਹਿਸ਼ਤ ਪੈਦਾ ਕਰਨੀ ਹੈ।
ਬਾਈਡੇਨ ਟੀਮ ਦੀ ਦਲੀਲ ਇਹ ਹੈ ਕਿ ਅਫਗਾਨਿਸਤਾਨ ’ਚੋਂ ਅਮਰੀਕਾ ਦੀ ਵਾਪਸੀ ਦੇ ਨਾਲ ਨਾ ਤਾਂ ਤਾਲਿਬਾਨ ਅਤੇ ਨਾ ਹੀ ਇਸਲਾਮਾਬਾਦ ਉਸ ਖੂਨੀ ਇਤਿਹਾਸ ਨੂੰ ਦੁਹਰਾਉਣ ਦੀ ਇੱਛਾ ਰੱਖਦੇ ਹਨ, ਜਿਸ ਕਾਰਨ 9/11 ਦੀ ਘਟਨਾ ਵਾਪਰੀ। ਅਮਰੀਕਾ ਦੇ ਮੁੱਖ ਵਾਰਤਾਕਾਰ ਖਲੀਲਜਾਦ ਨੇ ਬੀਤੇ ਦਿਨੀਂ ਐਸਪੇਨ ਸਕਿਓਰਿਟੀ ਫੋਰਮ ’ਚ ਕਿਹਾ ਕਿ ਤਾਲਿਬਾਨੀ ਕਹਿੰਦੇ ਹਨ ਕਿ ਉਹ ਇਕ ਖਾਰਜ ਰਾਜ ਨਹੀਂ ਬਣਾਉਣਾ ਚਾਹੁੰਦੇ। ਉਹ ਪਛਾਣਿਆ ਜਾਣਾ ਅਤੇ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹਨ।
ਕਿਉਂਕਿ ਇਹ ਅਲੰਕਾਰਿਕ ਸੰਯੋਗ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦਾ। 2020 ’ਚ ਅਮਰੀਕੀਆਂ ਨਾਲ ਸ਼ਾਂਤੀ ਵਾਰਤਾ ਸ਼ੁਰੂ ਹੋਣ ਪਿੱਛੋਂ ਖੁਦ ਨੂੰ ਵਿਸ਼ਵ ਮੰਚ ’ਤੇ ਡਿਪਲੋਮੈਟ ਵਜੋਂ ਪੇਸ਼ ਕਰਨ ਦੇ ਬਾਵਜੂਦ ਤਾਲਿਬਾਨ ਨੇ ਆਪਣੇ ਬੀਤੇ ਸਮੇਂ ਦੀਆਂ ਭੈੜੀਆਂ ਰਵਾਇਤਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਉਹ ਕੰਧਾਰ, ਲਸ਼ਕਰਗਾਹ ਅਤੇ ਹੇਰਾਤ ਵਰਗੇ ਪ੍ਰਮੁੱਖ ਅਫਗਾਨ ਸ਼ਹਿਰਾਂ ਤੋਂ ਚਲੇ ਗਏ ਹਨ। ਕੰਧਾਰ ਕਾਬੁਲ ਤੋਂ ਬਾਹਰ ਅਫਗਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।
ਇਸ ਹਫਤੇ ਅਮਰੀਕਾ ਸਰਕਾਰ ਨੇ ਉਸ ਅਸਲੀਅਤ ਨੂੰ ਪ੍ਰਵਾਨ ਕਰ ਲਿਆ। ਕਾਬੁਲ ’ਚ ਅਮਰੀਕੀ ਦੂਤ ਘਰ ਨੇ ਪਿਛਲੇ ਸੋਮਵਾਰ ਟਵੀਟ ਕੀਤਾ, ‘‘ਕੰਧਾਰ ਦੇ ਸਪਿਨ ਬੋਲਡਕ ਵਿਖੇ ਤਾਲਿਬਾਨ ਨੇ ਬਦਲਾ ਲੈਣ ਲਈ ਦਰਜਨਾਂ ਨਾਗਰਿਕਾਂ ਦੀ ਹੱਤਿਆ ਕੀਤੀ ਹੈ। ਇਹ ਹੱਤਿਆਵਾਂ ਜੰਗੀ ਅਪਰਾਧ ਬਣ ਸਕਦੀਆਂ ਹਨ। ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਤਾਲਿਬਾਨ ਇਲਾਕਿਆਂ ਜਾਂ ਕਮਾਂਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜੋ ਉਕਤ ਘਟਨਾਵਾਂ ਲਈ ਲੋੜੀਂਦੇ ਹਨ।
ਪਿਛਲੇ ਇਕ ਦਹਾਕੇ ਤੋਂ ਪਾਕਿਸਤਾਨ ਨੇ ਤਾਲਿਬਾਨ ਦੀ ਹਮਾਇਤ ਕੀਤੀ। ਇਥੋਂ ਤਕ ਕਿ ਕਾਬੁਲ ’ਚ ਚੁਣੀ ਹੋਈ ਅਫਗਾਨ ਸਰਕਾਰ ਦੀ ਹਮਾਇਤ ਕਰਨ ਵਾਲੇ ਅਮਰੀਕਾ ਦੀ ਅਗਵਾਈ ’ਚ 46 ਦੇਸ਼ਾਂ ਦੇ ਸਾਹਮਣੇ ਹੀ ਹਮਾਇਤ ਕੀਤੀ ਗਈ। ਅਮਰੀਕੀ ਫੌਜ ਅਤੇ ਨਾਟੋ ਦੇ ਜਾਣ ਅਤੇ ਅਫਗਾਨ ਸਰਕਾਰ ’ਤੇ ਹਮਲੇ ਅਤੇ ਭਰੋਸੇਯੋਗਤਾ ਤੇਜ਼ੀ ਨਾਲ ਦਿਵਾਉਣ ਦੇ ਨਾਲ ਹੀ ਹੁਣ ਇਸ ਨੀਤੀ ’ਚ ਤਬਦੀਲੀ ਦੀ ਸੰਭਾਵਨਾ ਘੱਟ ਹੈ। ਰਾਸ਼ਟਰਵਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧੀਨ ਇਕ ਦੁਸ਼ਮਣੀ ਭਰਿਆ, ਹਮਲਾਵਰ ਭਾਰਤ ਦਾ ਸਾਹਮਣਾ ਕਰਦੇ ਹੋਏ ਪਾਕਿਸਤਾਨ ਅਫਗਾਨਿਸਤਾਨ ’ਚ ਇਸਲਾਮੀ ਬਾਗੀਆਂ ਦੀ ਹਮਾਇਤ ਕਰਨ ਲਈ ਪਹਿਲਾਂ ਤੋਂ ਕਿਤੇ ਵਧ ਪ੍ਰੇਰਿਤ ਹੈ, ਜੋ ਇਸ ਖੇਤਰ ’ਚ ਨਵੀਂ ਦਿੱਲੀ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਲਾਮਾਬਾਦ ਨੂੰ ਡਰ ਹੈ ਕਿ ਭਾਰਤ ਅਤੇ ਪਾਕਿਸਤਾਨ ਨਾਲ ਗਠਜੋੜ ਕਰਨ ਵਾਲੀ ਇਕ ਮਜ਼ਬੂਤ ਅਫਗਾਨ ਸਰਕਾਰ ਪਾਕਿਸਤਾਨ ਨੂੰ ਘੇਰ ਸਕਦੀ ਹੈ।
ਸ਼ਾਂਤੀਵਾਰਤਾ ਕਿਸੇ ਵਲੋਂ ਨਹੀਂ ਕੀਤੀ ਜਾ ਰਹੀ ਕਿਉਂਕਿ ਨਾ ਤਾਂ ਤਾਲਿਬਾਨ ਅਤੇ ਨਾ ਹੀ ਅਫਗਾਨ ਰਾਸ਼ਟਰਪਤੀ ਅਸ਼ਰਫ ਗਣੀ ਇਕ ਦੂਜੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਹਰ ਧਿਰ ਜਾਇਜ਼ ਹੁਕਮਰਾਨ ਵਜੋਂ ਹੋਣ ਦਾ ਦਾਅਵਾ ਕਰਦੀ ਹੈ। ਇਨ੍ਹਾਂ ਦਰਮਿਆਨ ਪਾਕਿਸਤਾਨ ਬੈਠਦਾ ਹੈ, ਜਿਸ ਦਾ ਤਾਲਿਬਾਨ ’ਤੇ ਅਜੇ ਵੀ ਅਹਿਮ ਪ੍ਰਭਾਵ ਹੈ ਕਿਉਂਕਿ ਇਹ ਗਰੁੱਪ ਦੇ ਕਈ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਨ ਦਿੰਦਾ ਹੈ। ਬੀਤੇ ਹਫਤੇ ਵਾਸ਼ਿੰਗਟਨ ’ਚ ਆਯੋਜਿਤ ਗੱਲਬਾਤ ਦੇ ਕਈ ਦੌਰ ਹੋਏ। ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੁਸੂਫ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਅਫਗਾਨਿਸਤਾਨ ਦੇ ਇਕ ਜਬਰੀ ਗੈਰ-ਕਾਨੂੰਨੀ ਕਬਜ਼ੇ ਨੂੰ ਪ੍ਰਵਾਨ ਨਹੀਂ ਕਰਾਂਗੇ।
ਫਿਰ ਵੀ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਦਾ ਇਰਾਦਾ ਇਹੀ ਹੈ ਅਤੇ ਇਸਲਾਮਾਬਾਦ ਦੇ ਉਨ੍ਹਾਂ ਦੇ ਰਾਹ ’ਚ ਖੜ੍ਹੇ ਹੋਣ ਦੀ ਸੰਭਾਵਨਾ ਨਹੀਂ ਹੈ। ਅਫਗਾਨਿਸਤਾਨ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਰੇਯਾਨ ਕ੍ਰੋਕਰ ਨੇ ਕਿਹਾ ਕਿ ਇਹ ਸੋਚਨਾ ਮੂਰਖਤਾ ਵਾਲੀ ਗੱਲ ਹੈ ਕਿ ਇਹ 2001 ਦੀ ਤੁਲਨਾ ’ਚ ਕਿਸੇ ਤਰ੍ਹਾਂ ਇਕ ਨਰਮ ਤਾਲਿਬਾਨ ਹੈ। ਇਹ ਤਾਂ ਇਕ ਸਖਤ ਤਾਲਿਬਾਨ ਹੈ। 20 ਸਾਲ ਤਕ ਜੰਗਲ ’ਚ ਰਹਿਣ ਪਿਛੋਂ ਤਾਲਿਬਾਨ ਨੂੰ ਆਖਿਰ ਆਪਣੀ ਖੇਡ ਵਾਪਸ ਮਿਲ ਰਹੀ ਹੈ। ਉਹ ਕਿਸੇ ਨਾਲ ਗੱਲਬਾਤ ਕਰਨ ’ਚ ਦਿਲਚਸਪੀ ਨਹੀਂ ਦਿਖਾ ਰਿਹਾ।
ਹਡਸਨ ਇੰਸਟੀਚਿਊਟ ਦੇ ਹੁਸੈਨ ਹੱਕਾਨੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਾਈਡੇਨ ਪ੍ਰਸ਼ਾਸਨ ਇਸ ਸਿੱਟੇ ’ਤੇ ਪਹੁੰਚ ਰਿਹਾ ਹੈ ਕਿ ਪਾਕਿਸਤਾਨ ਤਾਲਿਬਾਨ ’ਤੇ ਦਬਾਅ ਨਹੀਂ ਬਣਾਏਗਾ। ਬਾਈਡੇਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੋਨ ਕਰਨ ਦੀ ਵੀ ਜ਼ਹਿਮਤ ਨਹੀਂ ਉਠਾਈ।
ਪਾਕਿਸਤਾਨ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਦੋਹਰੀ ਖੇਡ ’ਚ ਸ਼ਾਮਲ ਹੈ। ਇਸ ਦਾ ਸਬੂਤ ਹੈ ਜ਼ਮੀਨ ’ਤੇ ਤਾਲਿਬਾਨ ਦੀ ਚੁੱਪਚਾਪ ਹਮਾਇਤ ਕਰਦੇ ਹੋਏ ਇਕ ਕੌਮਾਂਤਰੀ ਸਮਝੌਤੇ ਦੀ ਅਪੀਲ ਕਰਨੀ। ਜਾਰਜ ਟਾਊਨ ਯੂਨੀਵਰਸਿਟੀ ਦੇ ਇਕ ਸਿਆਸੀ ਵਿਗਿਆਨੀ ਕ੍ਰਿਸਟੀਨ ਫੇਅਰ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ਤੋਂ ਮੂੰਹ ਨਹੀਂ ਮੋੜਣ ਵਾਲਾ। ਹੁਣ ਉਹ ਅਜਿਹਾ ਕਿਉਂ ਕਰੇਗਾ ਕਿਉਂਕਿ ਤਾਲਿਬਾਨ ਪਾਕਿਸਤਾਨ ਦੇ ਅਣਥੱਕ ਯਤਨਾਂ ਕਾਰਨ ‘ਜਿੱਤਿਆ’ ਹੈ।
ਵਾਸ਼ਿੰਗਟਨ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਦੋ ਮੂੰਹ ਵਾਲੇ ਰਵੱਈਏ ਤੋਂ ਜਾਣੂ ਹੈ ਪਰ ਪਾਕਿਸਤਾਨ ਨੂੰ ਬਹੁਤ ਮੁਸ਼ਕਲ ਨਾਲ ਧੱਕਣ ਲਈ ਅਮਰੀਕਾ ਦੀ ਗੈਰ-ਇੱਛਾ ਇਕ ਵਿਲੱਖਣ ਡਰ ’ਚ ਦਰਜ ਹੈ। ਪਾਕਿਸਤਾਨ ਇਕ ਪ੍ਰਮਾਣੂ ਸੰਪੰਨ ਦੇਸ਼ ਹੈ। ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਅਤੇ ਉਸ ਨੂੰ ਅੱਤਵਾਦ ਦੇ ਹਮਾਇਤੀ ਵਜੋਂ ਪਛਾਣਨ ਕਾਰਨ 1990 ਦੇ ਦਹਾਕੇ ਦੇ ਅੰਤ ’ਚ ਜੋ ਕੁਝ ਹੋਇਆ, ਉਸ ਤੋਂ ਕਿਤੇ ਵਧ ਬੁਰਾ ਸੁਪਨਾ ਹੁਣ ਆਸਾਨੀ ਨਾਲ ਪੈਦਾ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਦੋਂ ਪਾਕਿਸਤਾਨ ਸਮਗਲਿੰਗ ਨੈੱਟਵਰਕ ਨੇ ਲੀਬੀਆ ਨੂੰ ਪ੍ਰਮਾਣੂ ਹਥਿਆਰ ਦਾ ਡਿਜ਼ਾਈਨ ਹਾਸਲ ਕਰਨ ਦੇ ਸਮਰੱਥ ਬਣਾਇਆ ਸੀ।
ਵਾਸ਼ਿੰਗਟਨ ਲਈ ਹੋਰ ਵੀ ਭਿਆਨਕ ਘਟਨਾ ਇਹ ਹੋ ਸਕਦੀ ਹੈ ਕਿ ਇਕ ਅਸਥਿਰ, ਅਲੱਗ-ਥਲੱਗ ਪਾਕਿਸਤਾਨ ਟੁੱਟ ਸਕਦਾ ਹੈ ਅਤੇ ਕੱਟੜਪੰਥੀ ਦੇਸ਼ ਦੇ ਪ੍ਰਮਾਣੂ ਹਥਿਆਰਾਂ ’ਤੇ ਕਬਜ਼ਾ ਕਰ ਸਕਦੇ ਹਨ।
ਨਤੀਜਾ ਇਹ ਹੈ ਕਿ ਵਾਸ਼ਿੰਗਟਨ ਅਤੇ ਇਸਲਾਮਾਬਾਦ ਦੋਵੇਂ ਹੀ ਡਿਪਲੋਮੈਟਿਕ ਢੋਂਗ ਦੀ ਖੇਡ ਖੇਡਦੇ ਨਜ਼ਰ ਆ ਰਹੇ ਹਨ।