ਬਾਲੀਵੁੱਡ ਦਾ ਟ੍ਰੈਜੇਡੀ ਕਿੰਗ ਦਿਲੀਪ ਕੁਮਾਰ
Thursday, Jul 08, 2021 - 03:19 AM (IST)

ਰਿਤੁਪਰਨ ਦਵੇ
ਉਹ ਹਿੰਦੀ ਫਿਲਮਾਂ ਦੇ ਟ੍ਰੈਜੇਡੀ ਕਿੰਗ ਸਨ। ਉਹ ਹਿੰਦੀ ਫਿਲਮਾਂ ਦੀਆਂ ਨਵੀਆਂ ਬੁਲੰਦੀਆਂ ਦੇ ਦੌਰ ਦੇ ਲੀਜੈਂਡ ਭਾਵ ਮਹਾਨ ਚਰਿੱਤਰ ਅਭਿਨੇਤਾ ਸਨ। ਨਵੇਂ ਦੌਰ ਦੀਆਂ ਫਿਲਮਾਂ ਦੇ ਬਿਹਤਰੀਨ ਕਲਾਕਾਰ, ਬੇਹੱਦ ਅਨੁਸ਼ਾਸਿਤ ਅਤੇ ਜ਼ਿੰਮੇਵਾਰ ਸ਼ਖਸੀਅਤ ਸਨ। ਉਹ ਇਕੱਲੇ ਹਿੰਦੀ ਫਿਲਮਾਂ ਦੇ ਅਜਿਹੇ ਜੀਵੰਤ ਕਿਰਦਾਰ ਸਨ, ਜਿਨ੍ਹਾਂ ਦੀ ਨਕਲ ਕਰ ਕੇ ਬਿਨਾਂ ਛੁਪਾਏ ਲੋਕ ਫਖਰ ਨਾਲ ਕਹਿੰਦੇ ਸਨ ਕਿ ਅਸੀਂ ਦਿਲੀਪ ਜੀ ਦੀ ਕਾਪੀ ਕੀਤੀ ਹੈ। ਉਹ ਯੂਸੁਫ ਖਾਨ ਤੋਂ ਦਿਲੀਪ ਕੁਮਾਰ ਬਣੇ ਪਰ ਨਾਂ ਦੇ ਇਸ ਫਰਕ ਨੇ ਕਦੀ ਉਨ੍ਹਾਂ ਦੀ ਪਛਾਣ ’ਚ ਕੋਈ ਫਰਕ ਨਾ ਕੀਤਾ। ਸੱਚ ’ਚ ਉਹ ਇਕ ਅਸਲੀ ਨਾਇਕ ਸਨ।
ਭਾਰਤੀ ਫਿਲਮਾਂ ਨੂੰ ਬੁਲੰਦੀਆਂ ’ਤੇ ਲਿਜਾਣ ਵਾਲੇ ਸਦੀ ਦੇ ਉਹ ਨਾਇਕ ਜਿਸ ਨੇ ਆਪਣੀ ਭੂਮਿਕਾ ਅਤੇ ਅਕਸ ’ਚ ਕਦੀ ਕੋਈ ਆਂਚ ਨਹੀਂ ਆਉਣ ਦਿੱਤੀ। ਉਹ ਦਿਲੀਪ ਕੁਮਾਰ ਹੀ ਸਨ ਜੋ ਆਪਣੀਆਂ ਭੂਮਿਕਾਵਾਂ ਭਾਵ ਮੈਥਡ ਆਫ ਐਕਟਿੰਗ ’ਚ ਕੁਝ ਇਸ ਤਰ੍ਹਾਂ ਡੁੱਬ ਜਾਂਦੇ ਜਿਵੇਂ ਸਭ ਕੁਝ ਸੱਚ ਹੋਵੇ, ਜਿਉਂਦਾ ਹੋਵੇ ਪਰਦੇ ’ਤੇ ਵੀ ਉਨ੍ਹਾਂ ਦੀ ਦਿਸਣ ਵਾਲੀ ਇਹੀ ਹਕੀਕਤ ਉਨ੍ਹਾਂ ਦੀ ਖਾਸ ਪਛਾਣ ਬਣ ਗਈ। ਦੇਖਦੇ ਹੀ ਦੇਖਦੇ ਸਾਰੇ ਦੇਸ਼ ਦੇ ਹੀਰੋ ਬਣ ਗਏ , ਪ੍ਰਸ਼ੰਸਕਾਂ ਦੀਆਂ ਅੱਖਾਂ ਦਾ ਤਾਰਾ ਬਣ ਗਏ। ਸਾਰਿਆਂ ਦੇ ਚਹੇਤੇ ਬਣ ਗਏ, ਜਿਸ ਦੀ ਆਲੋਚਨਾ ਦਾ ਕੋਈ ਆਧਾਰ ਹੀ ਨਹੀਂ ਬਣ ਸਕਿਆ।
ਦਿਲੀਪ ਕੁਮਾਰ ਫਿਲਮ ਇੰਡਸਟਰੀ ਦੀ ਉਹ ਵਿਰਲੀ, ਬੇਹੱਦ ਦਮਦਾਰ ਅਤੇ ਭਰਪੂਰ ਸ਼ਖਸੀਅਤ ਸਨ ਜੋ ਹਰ ਗੱਲ ਨੂੰ ਪੂਰੀ ਸ਼ਿੱਦਤ, ਵਜ਼ਨਦਾਰੀ ਅਤੇ ਤਰਕਾਂ ਨਾਲ ਰੱਖਦੇ ਜਾਂ ਕਹਿੰਦੇ ਸਨ। ਉਹ ਜਿਹੋ ਜਿਹੇ ਸਨ ਉਹੋ ਜਿਹੇ ਹੀ ਦਿਸਦੇ ਸਨ। ਉਨ੍ਹਾਂ ਦੇ ਅਭਿਨੈ ਅਤੇ ਜ਼ਿੰਦਗੀ ਦਾ ਇਹੀ ਤਾਲਮੇਲ ਜਿੱਥੇ ਉਨ੍ਹਾਂ ਦੀਆਂ ਫਿਲਮਾਂ ਦੀ ਸਫਲਤਾ ਦਾ ਰਾਜ਼ ਸੀ, ਉੱਥੇ ਖੁਸ਼ਹਾਲ ਜ਼ਿੰਦਗੀ ਦਾ ਕਾਰਨ ਸੀ। ਸ਼ਾਇਦ ਇਸੇ ਲਈ ਫਿਲਮ ਇੰਡਸਟਰੀ ਦੇ ਇਕੱਲੇ ਸਫਲ ਅਤੇ ਨਿਰਵਿਵਾਦ ਅਭਿਨੇਤਾਵਾਂ ’ਚ ਦਿਲੀਪ ਕੁਮਾਰ ਹੀ ਸ਼ਾਮਲ ਹਨ, ਜਿਨ੍ਹਾਂ ਦਾ ਵਿਵਾਦਾਂ ਨਾਲ ਕਦੀ ਕੋਈ ਨਾਤਾ ਜੁੜ ਹੀ ਨਹੀਂ ਸਕਿਆ।
ਯਕੀਨਨ ਦਿਲੀਪ ਕੁਮਾਰ ਦਾ ਜਾਣਾ ਹਿੰਦੀ ਫਿਲਮਾਂ ਦੇ ਇਕ ਸੁਨਹਿਰੇ ਯੁੱਗ ਦੇ ਇਕ ਅਧਿਆਏ ਦੇ ਅੰਤ ਵਰਗਾ ਹੈ। ਯਕੀਨਨ ਦਿਲੀਪ ਜੀ ਅਭਿਨੈ ਦੀ ਇਕ ਜ਼ਿੰਦਾ ਯੂਨੀਵਰਸਿਟੀ ਸਨ। ਦੌਰ ਬਦਲਦਾ ਰਿਹਾ ਪਰ ਉਨ੍ਹਾਂ ਦੀ ਪਛਾਣ ਅਖੀਰ ਤੱਕ ਨਹੀਂ ਬਦਲ ਸਕੀ। 3 ਪੀੜ੍ਹੀਆਂ ਦੇ ਉਹ ਬੇਹੱਦ ਗੰਭੀਰ ਅਤੇ ਹਰਮਨ-ਪਿਆਰੇ ਅਭਿਨੇਤਾ ਸਨ। 1940 ਦੇ ਦਹਾਕੇ ਤੋਂ ਲੈ ਕੇ 1990 ਤੱਕ 50 ਸਾਲਾਂ ਦੇ ਸਫਰ ’ਚ ਉਨ੍ਹਾਂ ਦੇ ਪ੍ਰੇਰਕ ਅਤੇ ਸਮਾਜਿਕ ਡਾਇਲਾਗਸ ਦਰਮਿਆਨ ਪੀੜ੍ਹੀਆਂ, ਬੱਚੇ ਤੋਂ ਵੱਡੀਆਂ ਹੋਈਆਂ, ਵੱਡੇ ਤੋਂ ਜਵਾਨ ਅਤੇ ਜਵਾਨ ਤੋਂ ਬੁੱਢੀਆਂ ਹੋਈਆਂ।
1944 ’ਚ ਜਵਾਰ ਭਾਟਾ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ 1998 ’ਚ ਆਖਰੀ ਫਿਲਮ ਕਿਲਾ ਤੱਕ ਦਾ ਸਫਰ ਇੰਨਾ ਰੋਹਬਦਾਰ ਅਤੇ ਸ਼ਾਨਦਾਰ ਹੈ ਕਿ ਉਸ ਦੇ ਲਈ ਜਿੰਨਾ ਲਿਖਿਆ ਜਾਵੇ ਘੱਟ ਹੈ। ਹਜ਼ਾਰਾਂ ਪੰਨੇ ਵੀ ਘੱਟ ਪੈ ਜਾਣਗੇ। ਉਨ੍ਹਾਂ ’ਤੇ ਪੀ.ਐੱਚ.ਡੀ. ਵੀ ਭਵਿੱਖ ’ਚ ਇਕ ਵਿਸ਼ਾ ਹੋ ਸਕਦਾ ਹੈ। ਯਕੀਨਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਰਧਾਂਜਲੀ ਦੇ ਟਵੀਟ ’ਚ ਦਿਲੀਪ ਜੀ ਦੇ ਦਿਹਾਂਤ ਨੂੰ ਸੱਭਿਆਚਾਰਕ ਦੁਨੀਆ ਦਾ ਘਾਟਾ ਦੱਸਣਾ ਉਨ੍ਹਾਂ ਦੀ ਕ੍ਰਿਸ਼ਮਈ ਦੀ ਸ਼ਲਾਘਾ ਕਰਵਾਉਣ ਵਰਗਾ ਹੈ।
11 ਦਸੰਬਰ, 1922 ਨੂੰ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ’ਚ ਲਾਲਾ ਗੁਲਾਮ ਸਰਵਰ ਖਾਨ ਅਤੇ ਆਯਸ਼ਾ ਬੇਗਮ ਦੇ ਘਰ ’ਚ ਜੋ ਹੁਣ ਪਾਕਿਸਤਾਨ ’ਚ ਹੈ, ਜਨਮੇ ਯੂਸੁਫ ਖਾਨ ਉਰਫ ਦਿਲੀਪ ਕੁਮਾਰ ਨੇ ਆਪਣੀ ਮੁਢਲੀ ਸਿੱਖਿਆ ਨਾਸਿਕ ’ਚ ਪੂਰੀ ਕੀਤੀ। ਉਨ੍ਹਾਂ ਦੀ ਮੁਲਾਕਾਤ ਬਾਂਬੇ ਟਾਕੀਜ਼ ਫਿਲਮ ਪ੍ਰੋਡਕਸ਼ਨ ਹਾਊਸ ਦੀ ਮਾਲਕਣ ਦੇਵਿਕਾ ਰਾਣੀ ਨਾਲ ਹੋਈ, ਜੋ ਉਸ ਦੌਰ ਦੀ ਮਸ਼ਹੂਰ ਅਦਾਕਾਰਾ ਸੀ।
ਉਨ੍ਹਾਂ ਨੇ ਫਿਲਮਾਂ ’ਚ ਕੰਮ ਦਿਵਾਇਆ। ਉਨ੍ਹਾਂ ਨੇ ਹੀ ਯੂਸੁਫ ਖਾਨ ਨਾਂ ਬਦਲਣ ਨੂੰ ਕਿਹਾ । ਆਪਣੀ ਆਤਮਕਥਾ ‘‘ਦਿਲੀਪ ਕੁਮਾਰ- ਵਜੂਦ ਓਰ ਪਰਛਾਈ’’ ’ਚ ਦਿਲੀਪ ਕੁਮਾਰ ਨੇ ਇਸ ’ਤੇ ਵਿਸਤਾਰ ਨਾਲ ਬਚਪਨ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਇਕ ਫਕੀਰ ਨੇ ਉਨ੍ਹਾਂ ਦੇ ਬਾਰੇ ’ਚ ਐਲਾਨ ਕੀਤਾ ਸੀ ਕਿ ਇਹ ਕੋਈ ਆਮ ਬੱਚਾ ਨਹੀਂ ਹੈ, ਉਨ੍ਹਾਂ ਦੀ ਦਾਦੀ ਨੂੰ ਦੱਸਿਆ ਕਿ ਇਹ ਤਾਂ ਬੇਹੱਦ ਮਸ਼ਹੂਰ ਹੋਣ ਅਤੇ ਖਾਸ ਬੁਲੰਦੀਆਂ ਨੂੰ ਛੂਹਣ ਦੇ ਲਈ ਹੀ ਆਇਆ ਹੈ। ਇਸ ਦਾ ਖੂਬ ਧਿਆਨ ਰੱਖਣਾ, ਜੇਕਰ ਬੁਰੀਆਂ ਨਜ਼ਰਾਂ ਤੋਂ ਬਚਾ ਲਿਆ ਤਾਂ ਬੁਢਾਪੇ ਤੱਕ ਖੂਬਸੂਰਤ ਰਹੇਗਾ। ਹਮੇਸ਼ਾ ਕਾਲਾ ਟੀਕਾ ਲਗਾ ਕੇ ਰੱਖਣਾ। ਸੱਚਮੁੱਚ ਉਨ੍ਹਾਂ ਦੀ ਚਿਹਰੇ ਦੀ ਖੂਬਸੂਰਤੀ ਦਾ ਉਹੀ ਨੂਰ ਆਖਿਰ ਤੱਕ ਝਲਕਦਾ ਰਿਹਾ। ਦਿਲੀਪ ਕੁਮਾਰ ਦੀ ਜਿੰਨੀ ਪਕੜ ਉਰਦੂ ਭਾਸ਼ਾ ’ਤੇ ਸੀ, ਓਨੀ ਹੀ ਗਜ਼ਬ ਦੀ ਪਕੜ ਹਿੰਦੀ ’ਤੇ ਵੀ ਸੀ ਅਤੇ ਇਸ ਦੌਰ ਦੀ ਇੰਗਲਿਸ਼ ’ਤੇ ਵੀ।
ਉਹ ਕਿਤਾਬਾਂ ਦੇ ਵੀ ਬੇਹੱਦ ਸ਼ੌਕੀਨ ਸਨ। ਨਾਵਲ, ਨਾਟਕ, ਜੀਵਨੀਆਂ, ਕਲਾਸਿਕ ਸਾਹਿਤ ਪੜ੍ਹ ’ਚ ਜ਼ਬਰਦਸਤ ਦਿਲਚਸਪੀ ਵੀ। ਟੈਨਿਸ ਵਿਲੀਅਮਜ਼, ਫਯੋਦੋਰ ਦਾਸਤੋਵਿਅਕਸੀ ਅਤੇ ਜੋਸੇਫ ਕੋਨਰਾਡ ਉਨ੍ਹਾਂ ਦੇ ਮਨਪਸੰਦ ਲੇਖਕਾਂ ’ਚ ਰਹੇ ਹਨ, ਜਿੱਥੇ ਰਾਜ ਕਪੂਰ ਉਨ੍ਹਾਂ ਦੇ ਬਚਪਨ ’ਚ ਹੀ ਦੋਸਤ ਬਣ ਗਏ ਸਨ, ਉਥੇ ਦੇਵਿਕਾ ਰਾਣੀ ਨੇ ਫਿਲਮਾਂ ’ਚ ਕੰਮ ਦਿਵਾਇਆ।
22 ਸਾਲ ਦੀ ਉਮਰ ’ਚ ਪਹਿਲੀ ਫਿਲਮ ਜਵਾਰ ਭਾਟਾ ਮਿਲੀ। ਅਭਿਨੇਤਰੀ ਨੂਰਜਹਾਂ ਦੇ ਨਾਲ ਉਨ੍ਹਾਂ ਦੀ ਜੋੜੀ ਹਿੱਟ ਹੋਈ। 1947 ’ਚ ਸ਼ੌਕਤ ਹੁਸੈਨ ਰਿਜਵੀ ਦੇ ਨਿਰਦੇਸ਼ਨ ’ਚ ਬਣੀ ਰੋਮਾਂਟਿਕ ਫਿਲਮ ਜੁਗਨੂੰ ’ਚ ਉਨ੍ਹਾਂ ਦੇ ਨਾਲ ਨੂਰਜਹਾਂ, ਗੁਲਾਮ ਮੁਹੰਮਦ, ਜਿਲੋ, ਲਤਿਕਾ, ਸ਼ਸ਼ੀਕਲਾ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫੀ ਨੇ ਵੀ ਕੰਮ ਕੀਤਾ। ਇਹ ਉਦੋਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਸੀ। 1948 ਦੀ ਸ਼ਹੀਦ ਅਤੇ ਮੇਲਾ ਵੀ ਉਨ੍ਹਾਂ ਦੀਆਂ ਸਫਲ ਫਿਲਮਾਂ ਰਹੀਆਂ। 1949 ’ਚ ਆਈ ਫਿਲਮ ਅੰਦਾਜ਼ ਤਾਂ ਹੋਰ ਵੀ ਸਫਲ ਰਹੀ, ਜਿਸ ’ਚ ਰਾਜ ਕਪੂਰ ਅਤੇ ਨਰਗਿਸ ਵੀ ਉਨ੍ਹਾਂ ਦੇ ਨਾਲ ਸਨ।
1950 ਦੇ ਬਾਅਦ ਤਾਂ ਉਨ੍ਹਾਂ ਨੇ ਸਿਰਫ ਦਮਦਾਰ ਫਿਲਮਾਂ ਅਤੇ ਉਨ੍ਹਾਂ ਦੇ ਸਦਾਬਹਾਰ ਗੀਤਾਂ ’ਚ ਅਭਿਨੈ ਕੀਤਾ, ਜਿਸ ’ਚ ਆਨ (ਪਹਿਲੀ ਟੈਕਨੀਕਲਰ ਫਿਲਮ ),ਤਰਾਨਾ, ਸੰਗਦਿਲ, ਅਮਰ, ਇਨਸਾਨੀਅਤ, ਨਯਾ ਦੌਰ, ਆਜ਼ਾਦ, ਲੀਡਰ, ਦਾਗ, ਗੋਪੀ, ਯਹੂਦੀ, ਮਧੁਮਤੀ, ਪੈਗਾਮ, ਕੋਹਿਨੂਰ, ਰਾਮ ਓਰ ਸ਼ਯਾਮ ਸ਼ਾਮਲ ਹਨ। ਓਧਰ 1960 ’ਚ ਸਭ ਤੋਂ ਮਹਿੰਗੀ ਭਾਰਤੀ ਫਿਲਮ ਮੁਗਲ-ਏ-ਆਜ਼ਮ ਵੀ ਉਸ ਦੌਰ ’ਚ ਸਭ ਤੋਂ ਵੱਧ ਪ੍ਰਸਿੱਧ ਅਤੇ ਕਮਾਈ ਕਰਨ ਵਾਲੀ ਫਿਲਮ ਬਣੀ।
ਇਨ੍ਹਾਂ ਫਿਲਮਾਂ ਨੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਜਗਤ ’ਚ ਟ੍ਰੈਜੇਡੀ ਕਿੰਗ ਦੇ ਰੂਪ ’ਚ ਸਥਾਪਤ ਕੀਤਾ। ਉਦੋਂ ਦੀ ਮਸ਼ਹੂਰ ਅਭਿਨੇਤਰੀ ਮਧੁਬਾਲਾ ਅਤੇ ਵੈਜਯੰਤੀ ਮਾਲਾ ਦੇ ਨਾਲ ਦਿਲੀਪ ਕੁਮਾਰ ਨੇ ਕਈ ਫਿਲਮਾਂ ਕੀਤੀਆਂ। ਉਨ੍ਹਾਂ ਦੀ ਅਦਾਕਾਰੀ ਤਾਂ ਬੇਹੱਦ ਦਮਦਾਰ ਹੁੰਦੀ ਸੀ ਪਰ ਉਨ੍ਹਾਂ ਦੀਆਂ ਫਿਲਮਾਂ ਦੇ ਸੰਗੀਤ ਵੀ ਸਭ ਤੋਂ ਵੱਖਰੇ ਹੁੰਦੇ ਸਨ। ਦੋਵਾਂ ਦੇ ਕਾਰਨ ਹੀ ਦਿਲੀਪ ਕੁਮਾਰ ਦਾ ਉਹ ਜਾਦੂ ਭਾਰਤੀ ਲੋਕਾਂ ’ਤੇ ਜਿਉਂ ਦਾ ਤਿਉਂ ਕਾਇਮ ਹੈ।
ਸਭ ਤੋਂ ਵੱਧ ਐਵਾਰਡ ਹਾਸਲ ਕਰਨ ਵਾਲੇ ਦਿਲੀਪ ਕੁਮਾਰ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਵੀ ਦਰਜ ਹੈ। 1954 ’ਚ ਸਰਵਸ੍ਰੇਸ਼ਠ ਅਭਿਨੇਤਾ ਦਾ ਪਹਿਲਾ ਫਿਲਮ ਫੇਅਰ ਐਵਾਰਡ ਜਿੱਤਣ ਵਾਲੇ ਪਹਿਲੇ ਅਭਿਨੇਤਾ ਸਨ ਜਿਨ੍ਹਾਂ ਨੂੰ 8 ਵਾਰ ਫਿਲਮ ਫੇਅਰ ਐਵਾਰਡ, 1991 ’ਚ ਪਦਮ ਭੂਸ਼ਣ ਸਨਮਾਨ, 1994 ’ਚ ਦਾਦਾ ਸਾਹੇਬ ਫਾਲਕੇ ਐਵਾਰਡ ਅਤੇ 2015 ’ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸੰਨ 2000 ਤੋਂ 2006 ਤੱਕ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ।
1998 ’ਚ ਉਨ੍ਹਾਂ ਨੂੰ ਪਾਕਿਸਤਾਨ ਦੇ ਸਰਵਸ੍ਰੇਸ਼ਠ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਵੀ ਨਿਵਾਜਿਆ ਗਿਆ। ਅਭਿਨੇਤਰੀ ਮਧੁਬਾਲਾ ਦੇ ਨਾਲ ਦਿਲੀਪ ਕੁਮਾਰ ਦਾ ਰਿਸ਼ਤਾ ਸੁਰਖੀਆਂ ’ਚ ਜ਼ਰੂਰ ਰਿਹਾ ਪਰ ਦੋਵਾਂ ਨੇ ਵਿਆਹ ਕਦੀ ਨਾ ਕਰਵਾਇਆ। 1966 ’ਚ ਅਭਿਨੇਤਰੀ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ ਜੋ ਉਨ੍ਹਾਂ ਦੇ ਆਖਰੀ ਸਮੇਂ ਤੱਕ ਪੂਰੀ ਸ਼ਿੱਦਤ ਦੇ ਨਾਲ ਰਹੀ ਅਤੇ ਸਫਲ ਵਿਆਹੁਤਾ ਜ਼ਿੰਦਗੀ ਦੀ ਮਿਸਾਲ ਵੀ ਬਣੀ। 98 ਸਾਲਾ ਦਿਲੀਪ ਕੁਮਾਰ ਦੇ ਟਵਿਟਰ ਹੈਂਡਲ ਤੋਂ ਹੀ ਸਵੇਰੇ 8.01 ਮਿੰਟ ’ਤੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਪਰਿਵਾਰਕ ਮਿੱਤਰ ਫੈਜ਼ਲ ਫਾਰੂਖੀ ਨੇ ਦੇ ਕੇ ਉਨ੍ਹਾਂ ਦੇ ਚਹੇਤਿਆਂ ਨੂੰ ਗਮਗੀਨ ਕਰ ਦਿੱਤਾ।
ਕਾਸ਼ ! ਇਸ ਵਾਰ ਵੀ ਉਨ੍ਹਾਂ ਦੀ ਮੌਤ ਦੀ ਖਬਰ ਝੂਠੀ ਹੋ ਜਾਂਦੀ...! ਲੰਬੀ ਉਮਰ ਨਾਲ ਹੋਣ ਵਾਲੀਆਂ ਬੀਮਾਰੀਆਂ ਨੂੰ ਉਹ ਮਾਤ ਨਾ ਦੇ ਸਕੇ। ਆਪਣੇ ਪ੍ਰਸ਼ੰਸਕਾਂ ਦੇ ਉਨ੍ਹਾਂ ਦੇ 100 ਸਾਲ ਹੋਣ ਦਾ ਜਸ਼ਨ ਮਨਾਉਣ ਦਾ ਮੌਕਾ ਦਿੱਤੇ ਬਗੈਰ 2 ਸਾਲ ਪਹਿਲਾਂ ਹੀ ਦਿਲੀਪ ਕੁਮਾਰ ਦੁਨੀਆ ਨੂੰ ਅਲਵਿਦਾ ਕਹਿ ਗਏ। ਸੱਚ ’ਚ ਸਲੀਕੇ ਦੀ ਕਲਾਕਾਰੀ, ਭਰੀ-ਪੁਰੀ ਅਦਾਕਾਰੀ ਅਤੇ ਦੁਨੀਆ ਨੂੰ ਬਿਹਤਰੀਨ ਫਨਕਾਰੀ ਦਾ ਪੈਗਾਮ ਦੇਣ ਵਾਲੇ ਦਾ ਇੰਝ ‘‘ਸੁਹਾਨਾ ਸਫਰ ਅਤੇ ਯੇ ਮੌਸਮ ਹਸੀਂ ਹਮੇ ਡਰ ਹੈ, ਹਮ ਖੋ ਨਾ ਜਾਏਂ ਕਹੀਂ ’’ ਗੁਨਗੁਨਾਦੇ-ਗੁਨਗੁਨਾਦੇ ਹਮੇਸ਼ਾ-ਹਮੇਸ਼ਾ ਦੇ ਲਈ ਖਾਮੋਸ਼ ਹੋਣਾ ਬੜਾ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ।