ਭਾਜਪਾ ਦੀ ਨਜ਼ਰ ਹੁਣ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਜਿੱਤਣ ’ਤੇ

09/11/2019 2:18:40 AM

ਕਲਿਆਣੀ ਸ਼ੰਕਰ

ਲੋਕ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਨੇ ਹੁਣ ਤਿੰਨ ਸੂਬਿਆਂ–ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਨੂੰ ਬਣਾਈ ਰੱਖਣ ਦਾ ਟੀਚਾ ਮਿੱਥਿਆ ਹੋਇਆ ਹੈ, ਜਿਥੇ ਇਸ ਸਾਲ ਦੇ ਅਖੀਰ ’ਚ ਚੋਣਾਂ ਹੋਣੀਆਂ ਹਨ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਮਿਸ਼ਨ-75 ਪਲੱਸ’, ਝਾਰਖੰਡ ਲਈ ‘ਮਿਸ਼ਨ-65 ਪਲੱਸ’ ਅਤੇ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਲਈ ‘ਮਿਸ਼ਨ-220 ਪਲੱਸ’ ਦਾ ਟੀਚਾ ਮਿੱਥਿਆ ਹੈ। ਇਹ ਚੋਣਾਂ ਇਸ ਗੱਲ ਦੀ ਕਸੌਟੀ ਹੋਣਗੀਆਂ ਕਿ ਕੀ ਭਾਜਪਾ ਆਪਣੀ ਜਿੱਤ ਦਾ ਸਿਲਸਿਲਾ ਬਣਾਈ ਰੱਖੇਗੀ?

ਭਾਜਪਾ ਇੰਨੀ ਆਸਵੰਦ ਕਿਉਂ

ਸਭ ਤੋਂ ਪਹਿਲਾਂ ਇਹ ਚੋਣਾਂ ਮੋਦੀ ਦੀ ਮਈ ਵਿਚ ਹੋਈ ਸ਼ਾਨਦਾਰ ਜਿੱਤ ਦੇ ਪਿਛੋਕੜ ਵਿਚ ਹੋ ਰਹੀਆਂ ਹਨ ਅਤੇ ਤਿੰਨਾਂ ਸੂਬਿਆਂ ਵਿਚ ਵਿਰੋਧੀ ਧਿਰ ਲੱਗੇ ਝਟਕੇ ਤੋਂ ਉੱਭਰ ਨਹੀਂ ਸਕੀ ਹੈ।

ਦੂਜਾ, ਵਿਰੋਧੀ ਧਿਰ ਅਜੇ ਵੀ ਇਕਜੁੱਟ ਨਹੀਂ ਹੈ। ਤੀਜਾ, ਵਿਰੋਧੀ ਪਾਰਟੀਆਂ ਕੋਲ ਕੌਮੀ ਜਾਂ ਸੂਬਾਈ ਪੱਧਰ ਦੇ ਉੱਚੇ ਕੱਦ ਦੇ ਨੇਤਾ ਨਹੀਂ ਹਨ, ਜੋ ਮੋਦੀ ਦੀ ਬਰਾਬਰੀ ਕਰ ਸਕਣ। ਚੌਥਾ, 2014 ’ਚ ਭਾਜਪਾ ਨੇ ਹਰਿਆਣਾ ਦੀਆਂ 90 ’ਚੋਂ 47 ਸੀਟਾਂ, ਝਾਰਖੰਡ ਵਿਚ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਨਾਲ ਗੱਠਜੋੜ ਕਰ ਕੇ 81 ’ਚੋਂ 42 ਅਤੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਗੱਠਜੋੜ ਕਰ ਕੇ 288 ’ਚੋਂ 122 ਸੀਟਾਂ ਜਿੱਤੀਆਂ ਸਨ।

ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਵਿਚ ਵੀ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੇ ਇਨ੍ਹਾਂ ਸੂਬਿਆਂ ਵਿਚ ਕੁਲ 72 ਲੋਕ ਸਭਾ ਸੀਟਾਂ ’ਚੋਂ 63 ਸੀਟਾਂ ਜਿੱਤ ਕੇ ਵਿਰੋਧੀ ਧਿਰ ਦਾ ਲੱਗਭਗ ਸਫਾਇਆ ਕਰ ਦਿੱਤਾ ਸੀ। ਪੰਜਵਾਂ, ਵਿਰੋਧੀ ਧਿਰ ਕੋਲ ਭਾਜਪਾ ਵਰਗੀ ਧਨ-ਸ਼ਕਤੀ, ਸੰਚਾਰ ਕੁਸ਼ਲਤਾ, ਸੰਗਠਨਾਤਮਕ ਕੁਸ਼ਲਤਾ ਜਾਂ ਲੀਡਰਸ਼ਿਪ ਦੀ ਘਾਟ ਹੈ।

ਪਾਰਟੀ ਨੇ ਕੌਮੀ ਅਖੰਡਤਾ ਅਤੇ ਸੁਰੱਖਿਆ ਦੀ ਮੁੱਖ ਚੋਣ ਮੁੱਦਿਆਂ ਵਜੋਂ ਪਛਾਣ ਕੀਤੀ ਹੈ। ਧਾਰਾ-370 ਅਤੇ ‘ਤਿੰਨ ਤਲਾਕ’ ਨੂੰ ਹਟਾਉਣਾ ਅਤੇ ਚੰਦਰਯਾਨ ਪ੍ਰਮੁੱਖ ਮੁੱਦੇ ਬਣੇ ਰਹਿਣਗੇ। ਇਸ ਦੇ ਉਲਟ ਵਿਰੋਧੀ ਧਿਰ ਕਿਸਾਨਾਂ ਦੇ ਸੰਕਟ, ਵਧ ਰਹੀ ਬੇਰੋਜ਼ਗਾਰੀ ਅਤੇ ਆਰਥਿਕ ਮੰਦੀ ਵਰਗੇ ਮੁੱਦੇ ਉਠਾਏਗੀ। ਭਾਜਪਾ ਦੇ ਫਾਇਦੇ ’ਚ ਇਕ ਗੱਲ ਹੋਰ ਇਹ ਹੈ ਕਿ ਗਿਰਾਵਟ ਵੱਲ ਜਾ ਰਹੀ ਕਾਂਗਰਸ ਮਹਾਰਾਸ਼ਟਰ ਅਤੇ ਹਰਿਆਣਾ ’ਚ ਭਾਜਪਾ ਦੀ ਮੁੱਖ ਸਿਆਸੀ ਵਿਰੋਧੀ ਹੈ, ਜਦਕਿ ਝਾਰਖੰਡ ਵਿਚ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਚੱਲ ਰਿਹਾ ਹੈ।

ਉਮੀਦ ਦੇ ਕਾਰਨ

ਭਾਜਪਾ ਨੂੰ ਉਮੀਦ ਹੈ ਕਿ ਕਮਜ਼ੋਰ ਵਿਰੋਧੀ ਧਿਰ, ਰਾਸ਼ਟਰਵਾਦ ’ਚ ਉਭਾਰ ਦੇ ਨਾਲ-ਨਾਲ ਭਾਜਪਾ-ਸ਼ਿਵ ਸੈਨਾ ਗੱਠਜੋੜ ਸੱਤਾਧਾਰੀ ਪਾਰਟੀ ਨੂੰ ਮੁੜ ਸੱਤਾ ਵਿਚ ਆਉਣ ’ਚ ਮਦਦ ਕਰੇਗਾ। ਦੇਵੇਂਦਰ ਫੜਨਵੀਸ ਦਾਅਵਾ ਕਰਦੇ ਹਨ ਕਿ ਭਾਜਪਾ-ਸ਼ਿਵ ਸੈਨਾ ਗੱਠਜੋੜ 288 ’ਚੋਂ 229 ਸੀਟਾਂ ਜਿੱਤੇਗਾ। ਉਹ ਇਹ ਦਾਅਵਾ ਬਾਂਬੇ ਹਾਈਕੋਰਟ ਦੇ ਮਰਾਠਾ ਰਾਖਵੇਂਕਰਨ ਬਾਰੇ ਹੁਕਮ, ਕਾਂਗਰਸ-ਰਾਕਾਂਪਾ ਛੱਡ ਕੇ ਆਉਣ ਵਾਲੇ ਨੇਤਾਵਾਂ ਅਤੇ ਵਿਰੋਧੀ ਧਿਰ ਦੀਆਂ ਵੋਟਾਂ ਵੰਡ ਹੋਣ ਦੇ ਆਧਾਰ ’ਤੇ ਕਰ ਰਹੇ ਹਨ।

ਹੋਰ ਤਾਂ ਹੋਰ ਭਾਜਪਾ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਉਣ ਵਾਲਿਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੀ ਹੈ। ਕਾਂਗਰਸ ਅਤੇ ਰਾਕਾਂਪਾ ’ਚ ਖੋਰਾ ਵਧ ਰਿਹਾ ਹੈ ਕਿਉਂਕਿ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂ ਭਾਜਪਾ ਵਿਚ ਚਲੇ ਗਏ ਹਨ। ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ‘ਜਦੋਂ ਲੋਹਾ ਗਰਮ ਹੋਵੇ, ਉਦੋਂ ਸੱਟ ਮਾਰੋ’ ਵਾਲੇ ਸਬੰਧਾਂ ਦਾ ਇਕ ਵਾਰ ਫਿਰ ਪ੍ਰੀਖਣ ਹੋਵੇਗਾ।

ਭਾਜਪਾ ਨੂੰ ਗੱਠਜੋੜ ਵਿਚ ਜ਼ਿਆਦਾ ਚੁਣੌਤੀ ਹੈ ਕਿਉਂਕਿ ਸ਼ਿਵ ਸੈਨਾ ਦੇ ਨੇਤਾ ਆਦਿੱਤਿਆ ਠਾਕਰੇ ਚੋਣਾਂ ਲੜਨ ਦੀ ਯੋਜਨਾ ਬਣਾ ਰਹੇ ਹਨ। ਚੋਣ ਸਿਆਸਤ ’ਚ ਜਾਣ ਵਾਲੇ ਉਹ ਪਹਿਲੇ ਠਾਕਰੇ ਹੋਣਗੇ। ਜੇ ਸ਼ਹਿਰੀ ਖੇਤਰਾਂ ਵਿਚ ਰਾਜ ਠਾਕਰੇ ਦਾ ਕ੍ਰਿਸ਼ਮਾ, ਸ਼ਰਦ ਪਵਾਰ ਦੀ ਚੋਣ ਰਣਨੀਤੀ ਅਤੇ ਸੱਤਾ ਵਿਰੋਧੀ ਲਹਿਰ ਕੰਮ ਕਰ ਗਈ ਤਾਂ ਇਸ ਨਾਲ ਕੁਝ ਚੁਣੌਤੀ ਖੜ੍ਹੀ ਹੋ ਸਕਦੀ ਹੈ।

ਗੱਲ ਹਰਿਆਣਾ ਦੀ

ਜਿਥੋਂ ਤਕ ਹਰਿਆਣਾ ਦੀ ਗੱਲ ਹੈ, ਭਾਜਪਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਰੂਪ ’ਚ ਜੇਤੂ ਲੱਭ ਲਿਆ ਹੈ, ਜੋ ਆਪਣੇ ਤੌਰ ’ਤੇ ਇਕ ਨੇਤਾ ਵਜੋਂ ਉੱਭਰੇ ਹਨ। ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਇਥੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਚੁੱਕੇ ਹਨ। ਸੂਬੇ ਵਿਚ ਕਾਂਗਰਸ ਅੰਦਰ ਚੱਲ ਰਹੀ ਲੜਾਈ ਅਤੇ ਇਨੈਲੋ ਦੇ ਦੋਫਾੜ ਹੋਣ ਨਾਲ ਖੱਟੜ ਲਈ ਕੰਮ ਕੁਝ ਸੌਖਾ ਹੋ ਗਿਆ ਹੈ। ਭਾਜਪਾ ਦੇ ਮੁੱਖ ਵਿਰੋਧੀ ਕਾਂਗਰਸ, ਇਨੈਲੋ ਅਤੇ ਹਰਿਆਣਾ ਜਨਹਿੱਤ ਕਾਂਗਰਸ ਹਨ। ਉੱਚ ਜਾਤਾਂ, ਬਾਣੀਆਂ, ਵਪਾਰੀਆਂ ਅਤੇ ਓ. ਬੀ. ਸੀਜ਼ ਦਾ ਧਰੁਵੀਕਰਨ ਕਰਨ ਲਈ ਭਾਜਪਾ ਗੈਰ-ਜਾਟ ਦੇ ਪੱਤੇ ਖੇਡ ਰਹੀ ਹੈ, ਜਦਕਿ ਇਨੈਲੋ ਤੇ ਕਾਂਗਰਸ ਦੋਵੇਂ ਜਾਟ ਵੋਟਾਂ ਲਈ ਦੌੜ ’ਚ ਹਨ, ਜੋ ਕਿ ਵੰਡ ਹੋ ਸਕਦੀਆਂ ਹਨ।

ਹਰਿਆਣਾ ਇਕ ਵਧੀਆ ਮਿਸਾਲ ਹੈ ਕਿ ਕਿਵੇਂ ਇਕ ਵਿਸ਼ਾਲ ਪੁਰਾਣੀ ਪਾਰਟੀ ਨੇ ਅਜਿਹੇ ਸੂਬੇ ਵਿਚ ਆਪਣੇ ਮੌਕੇ ਗੁਆ ਲਏ, ਜਿੱਥੇ ਅੱਜ ਭਾਜਪਾ ਦੀ ਮੌਜੂਦਗੀ ਹੈ, ਮਜ਼ਬੂਤ ਨੇਤਾਵਾਂ ਦੇ ਨਾਲ-ਨਾਲ ਉਸ ਦਾ ਇਕ ਸਮਾਜਿਕ ਆਧਾਰ ਹੈ। ਹਰਿਆਣਾ ’ਚ ਆਪਣੀ ਬੁਰੀ ਦਸ਼ਾ ਲਈ ਕਾਂਗਰਸ ਖ਼ੁਦ ਜ਼ਿੰਮੇਵਾਰ ਹੈ। ਤਿੱਖੀ ਅੰਦਰੂਨੀ ਲੜਾਈ, ਸੰਗਠਨ ਦੀ ਘਾਟ ਅਤੇ ਨਵੇਂ ਜਾਤੀ ਸਮੀਕਰਣਾਂ ਨੇ ਯਕੀਨੀ ਬਣਾਇਆ ਹੈ ਕਿ ਕਾਂਗਰਸ ਭਾਜਪਾ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਚੁਣੌਤੀ ਪੇਸ਼ ਨਾ ਕਰੇ।

ਦੇਰੀ ਨਾਲ ਚੁੱਕਿਆ ਗਿਆ ਕਦਮ

ਸੋਨੀਆ ਗਾਂਧੀ ਨੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਦੀ ਪੀ. ਸੀ. ਸੀ. ਦੇ ਪ੍ਰਧਾਨ ਵਜੋਂ ਨਿਯੁਕਤੀ ਕਰਨ ਦੇ ਨਾਲ-ਨਾਲ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵੀ ਸ਼ਾਂਤ ਕੀਤਾ ਹੈ ਪਰ ਇਹ ਬਹੁਤ ਦੇਰੀ ਨਾਲ ਚੁੱਕਿਆ ਗਿਆ ਕਦਮ ਹੈ।

ਇਸੇ ਤਰ੍ਹਾਂ ਝਾਰਖੰਡ ਵਿਚ ਰਘੁਬਰ ਦਾਸ ਦੀ ਸਰਕਾਰ ਵਿਕਾਸ ਕਾਰਜਾਂ ’ਚ ਆਪਣਾ ਪ੍ਰਭਾਵ ਛੱਡਣ ’ਚ ਅਸਫਲ ਰਹੀ ਹੈ, ਫਿਰ ਵੀ ਉਨ੍ਹਾਂ ਨੂੰ ਇਕ ਹੋਰ ਕਾਰਜਕਾਲ ਦੀ ਉਮੀਦ ਹੈ। ‘ਘਰ-ਘਰ ਰਘੁਬਰ’ ਦੇ ਚੋਣ ਨਾਅਰਾ ਬਣਨ ਦੀ ਸੰਭਾਵਨਾ ਹੈ। ਭਾਜਪਾ ਨੇ ਸੂਬੇ ’ਚ 14 ਲੋਕ ਸਭਾ ਸੀਟਾਂ ’ਚੋਂ 12 ਜਿੱਤੀਆਂ ਹਨ ਪਰ ਹੁਣ ਇਸ ਨੂੰ ਮੁੱਖ ਮੰਤਰੀ ਰਘੁਬਰ ਦਾਸ ਵਿਰੁੱਧ ਸੱਤਾ ਵਿਰੋਧੀ ਲਹਿਰ ’ਚੋਂ ਉੱਭਰਨਾ ਪੈਣਾ ਹੈ।

ਕਾਂਗਰਸ ਚਿੰਤਤ ਹੈ ਕਿ ਭਾਜਪਾ ਸੂਬੇ ਵਿਚ ਵਧ ਰਹੀ ਹੈ, ਖਾਸ ਕਰਕੇ ਸ਼ਹਿਰੀ ਖੇਤਰਾਂ ਵਿਚ, ਜਦਕਿ ਸਿਰਫ ਮੁਸਲਮਾਨ ਅਤੇ ਜਨਜਾਤੀ ਲੋਕ ਹੀ ਕਾਂਗਰਸ ਦੇ ਨਾਲ ਰਹਿ ਗਏ ਹਨ। ਕਾਂਗਰਸ ਨੂੰ ਉਦੋਂ ਵੀ ਇਕ ਝਟਕਾ ਲੱਗਾ ਸੀ, ਜਦੋਂ ਇਸ ਦੀ ਸੂਬਾ ਇਕਾਈ ਦੇ ਮੁਖੀ ਅਜੈ ਕੁਮਾਰ ਨੇ ਪਿੱਛੇ ਜਿਹੇ ਪਾਰਟੀ ਛੱਡ ਦਿੱਤੀ ਸੀ।

ਫਿਲਹਾਲ ਉਮੀਦ ਹੈ ਕਿ ਭਾਜਪਾ ਇਨ੍ਹਾਂ ਤਿੰਨਾਂ ਸੂਬਿਆਂ ਨੂੰ ਜਿੱਤ ਲਵੇਗੀ। ਕਾਂਗਰਸ ਵਿਚ ਲੀਡਰਸ਼ਿਪ ਦਾ ਸੰਕਟ, ਸੰਗਠਨ ਦੀ ਘਾਟ ਅਤੇ ਪਾਰਟੀ ’ਚ ਖੋਰਾ ਭਾਜਪਾ ਤੇ ਉਸ ਦੇ ਸਹਿਯੋਗੀਆਂ ਲਈ ਰਾਹ ਸੁਖਾਲਾ ਬਣਾ ਦੇਵੇਗਾ। ਨਿਰਉਤਸ਼ਾਹਿਤ ਕਾਂਗਰਸ ਲਈ ਇਕ ਸੂਬਾ ਵੀ ਜਿੱਤਣਾ ਇਸ ਦੇ ਵਰਕਰਾਂ ਦਾ ਮਨੋਬਲ ਵਧਾਏਗਾ। ਕੁਲ ਮਿਲਾ ਕੇ ਭਾਜਪਾ ਹੀ ਅੱਗੇ ਚੱਲ ਰਹੀ ਹੈ।

(kalyani60@gmail.com)


Bharat Thapa

Content Editor

Related News