ਭਾਜਪਾ ਨੂੰ ਦੱਖਣ ’ਚ ਜਿੱਤ ਹਾਸਲ ਕਰਨ ਦੇ ਲਈ ਰਣਨੀਤੀ ਬਦਲਣ ਦੀ ਲੋੜ

Tuesday, Jan 09, 2024 - 01:03 PM (IST)

ਭਾਜਪਾ ਨੂੰ ਦੱਖਣ ’ਚ ਜਿੱਤ ਹਾਸਲ ਕਰਨ ਦੇ ਲਈ ਰਣਨੀਤੀ ਬਦਲਣ ਦੀ ਲੋੜ

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰੀ ਪ੍ਰਸਿੱਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦੱਖਣੀ ਸੂਬਿਆਂ ’ਚ ਚੋਣਾਂ ਦੀ ਸਫਲਤਾ ਹਾਸਲ ਕਰਨ ’ਚ ਮਦਦ ਕਰ ਸਕਦੀ ਹੈ? ਪਾਰਟੀ ਚੁਣੌਤੀਪੂਰਨ ਦੱਖਣੀ ਖੇਤਰ ਵਿਚ ਵੱਧ ਵੋਟਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਾਮਿਲਨਾਡੂ, ਕੇਰਲ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ’ਚ ਇਸ ਦੀ ਹਾਜ਼ਰੀ ਸੀਮਤ ਹੈ। ਕਿਉਂਕਿ ਉੱਤਰੀ ਸੂਬਿਆਂ ’ਚ ਇਹ ਪਹਿਲਾਂ ਹੀ ਸਿਖਰ ’ਤੇ ਹੈ, ਇਸ ਲਈ ਭਾਜਪਾ ਨੂੰ ਦੱਖਣ ਵਿਚ ਵੱਧ ਸੀਟਾਂ ਸੁਰੱਖਿਅਤ ਕਰਨ ਦੀ ਲੋੜ ਹੈ।

ਪਿਛਲੇ ਹਫਤੇ, ਮੋਦੀ ਨੇ ਦੱਖਣੀ ਸੂਬਿਆਂ ਤਾਮਿਲਨਾਡੂ, ਕੇਰਲ ਅਤੇ ਲਕਸ਼ਦੀਪ ’ਚ 2024 ਦੀਆਂ ਚੋਣਾਂ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਕਰੋੜਾਂ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ।

ਭਾਜਪਾ ਨੇ ਅਥਾਹ ਧਨ ਤੱਕ ਪਹੁੰਚ ਬਣਾਈ ਹੈ ਅਤੇ ਉਸ ਦੇ ਕੋਲ ਜ਼ਮੀਨੀ ਪੱਧਰ ’ਤੇ ਸੰਗਠਿਤ ਪਾਰਟੀ ਵਰਕਰ ਹਨ। ਪਾਰਟੀ ਦੇ ਮਕਸਦ ਨੂੰ ਹਾਸਲ ਕਰਨ ਲਈ 40 ਕੇਂਦਰੀ ਮੰਤਰੀਆਂ ਨੂੰ ਦੱਖਣ ’ਚ ਮੈਦਾਨ ’ਚ ਉਤਾਰਿਆ ਗਿਆ ਸੀ।

ਤੇਲੰਗਾਨਾ ’ਚ, ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) 2014 ’ਚ ਆਪਣੀ ਸਥਾਪਨਾ ਦੇ ਬਾਅਦ ਤੋਂ ਮੌਜੂਦ ਸੀ ਪਰ ਹਾਲ ਹੀ ’ਚ ਉਸ ਨੇ ਸੂਬਾ ਗੁਆ ਦਿੱਤਾ ਹੈ। ਕੇਰਲ ਵਿਚ ਕਾਂਗਰਸ ਜਾਂ ਖੱਬੇ-ਪੱਖੀ ਅਗਵਾਈ ਵਾਲੇ ਮੋਰਚੇ ਦਾ ਸ਼ਾਸਨ ਹੈ ਜਦਕਿ ਤਾਮਿਲਨਾਡੂ ਵਿਚ ਦ੍ਰਮੁਕ (ਡੀ.ਐੱਮ.ਕੇ.) ਅਤੇ ਅੰਨਾ ਦ੍ਰਮੁਕ (ਏ.ਆਈ.ਏ.ਡੀ.ਐੱਮ.ਕੇ.) ਦਾ ਸ਼ਾਸਨ ਹੈ। ਕਰਨਾਟਕ ਵਿਚ ਜਨਤਾ ਦਲ (ਸੈਕੂਲਰ), ਕਾਂਗਰਸ ਅਤੇ ਭਾਜਪਾ ਸਾਰਿਆਂ ਦੀ ਸੱਤਾ ’ਚ ਬਦਲਾਅ ਆਇਆ ਹੈ।

ਖੇਤਰ ’ਚ ਵੋਟਰਾਂ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ, ਇਨ੍ਹਾਂ ਵਿਚ ਜਾਤੀ, ਪੈਸਾ, ਸੱਤਾ, ਵਿਚਾਰਧਾਰਾ, ਸਿਨੇਮਾ ਅਤੇ ਸ਼ਰਾਬ ਸ਼ਾਮਲ ਹਨ। ਤਾਮਿਲਨਾਡੂ ’ਚ ਅੰਨਾਦੁਰਈ, ਐੱਮ. ਕਰੁਣਾਨਿਧੀ, ਐੱਮ.ਜੀ.ਆਰ. ਅਤੇ ਜੈਲਲਿਤਾ ਵਰਗੀਆਂ ਸਿਆਸੀ ਹਸਤੀਆਂ ਨੇ ਵੋਟਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਅਤੀਤ ਵਿਚ, ਐੱਨ.ਟੀ. ਰਾਮਾਰਾਓ ਨੇ ਸੰਯੁਕਤ ਆਂਧਰਾ ਪ੍ਰਦੇਸ਼ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਹਾਲਾਂਕਿ ਭਾਜਪਾ ਦੱਖਣੀ ਸੂਬਿਆਂ ’ਚ ਫਿਲਹਾਲ ਪ੍ਰਮੁੱਖ ਨੇਤਾਵਾਂ ਦੀ ਕਮੀ ਝਲ ਰਹੀ ਹੈ। ਐੱਮ. ਕਰੁਣਾਨਿਧੀ ਅਤੇ ਜੈਲਲਿਤਾ ਵਰਗੇ ਪ੍ਰਭਾਵਸ਼ਾਲੀ ਨੇਤਾਵਾਂ ਦੇ ਦਿਹਾਂਤ ਤੋਂ ਬਾਅਦ ਭਾਜਪਾ ਸਿਆਸੀ ਖੱਪੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ।

ਭਾਜਪਾ ਨੇ 2019 ਦੀਆਂ ਚੋਣਾਂ ਵਿਚ 130 ਖੇਤਰੀ ਸੀਟਾਂ ਵਿਚੋਂ 29 ਸੀਟਾਂ ਜਿੱਤੀਆਂ, ਜਿਨ੍ਹਾਂ ’ਚ ਕਰਨਾਟਕ ਵਿਚ 25 ਅਤੇ ਤੇਲੰਗਾਨਾ ’ਚ 4 ਸ਼ਾਮਲ ਹਨ। ਹਾਲਾਂਕਿ ਪਾਰਟੀ ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਤੋਂ ਸੂਬਾ ਹਾਰ ਗਈ।

ਅੰਨਾਦ੍ਰਮੁਕ (ਏ.ਆਈ.ਏ.ਡੀ.ਐੱਮ.ਕੇ.) ਭਾਜਪਾ ਦੀ ਇਕ ਮਹੱਤਵਪੂਰਨ ਸਹਿਯੋਗੀ ਸੀ। ਹਾਲਾਂਕਿ, ਉਨ੍ਹਾਂ ਨੇ 3 ਮਹੀਨੇ ਪਹਿਲਾਂ ਆਪਣਾ ਗੱਠਜੋੜ ਖਤਮ ਕਰ ਦਿੱਤਾ ਸੀ ਅਤੇ ਉਦੋਂ ਤੋਂ ਕਿਸੇ ਵੀ ਪਾਰਟੀ ਨੇ ਸੁਲ੍ਹਾ ਦੀ ਕੋਸ਼ਿਸ਼ ਨਹੀਂ ਕੀਤੀ ਹੈ।

ਭਾਰਤ ਦੇ ਦੱਖਣੀ ਸੂਬੇ ਆਪਣੇ ਅਨੋਖੇ ਸੱਭਿਆਚਾਰਾਂ ਲਈ ਜਾਣੇ ਜਾਂਦੇ ਹਨ। ਇਕ ਧਿਆਨ ਦੇਣ ਯੋਗ ਅੰਤਰ ਉੱਤਰ ਅਤੇ ਦੱਖਣ ਦੇ ਦਰਮਿਆਨ ਭਾਸ਼ਾਈ ਵੰਡ ਹੈ। ਜਿੱਥੇ ਉੱਤਰ ’ਚ ਹਿੰਦੀ ਪਸੰਦੀਦਾ ਭਾਸ਼ਾ ਹੈ, ਉੱਥੇ ਹੀ ਦੱਖਣ ’ਚ ਮੁੱਖ ਤੌਰ ’ਤੇ ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਮਿਲਨਾਡੂ ’ਚ ਦ੍ਰਵਿੜ ਪਾਰਟੀਆਂ ਹਿੰਦੀ ਦੀ ਵਰਤੋਂ ਦਾ ਵਿਰੋਧ ਕਰਦੀਆਂ ਹਨ ਅਤੇ ਨਾਸਤਿਕ ਵਿਚਾਰਧਾਰਾ ਦੀ ਪਾਲਣਾ ਕਰਦੀਆਂ ਹਨ।

ਦੂਜੇ ਪਾਸੇ, ਕੇਰਲ ’ਚ ਇਕ ਮਜ਼ਬੂਤ ਕਮਿਊਨਿਸਟ ਹਾਜ਼ਰੀ ਹੈ ਅਤੇ ਖੱਬੇ-ਪੱਖੀ ਮੋਰਚਾ ਅਤੇ ਕਾਂਗਰਸ ਦੀ ਲੀਡਰਸ਼ਿਪ ਵਾਲੇ ਗੱਠਜੋੜ ਦੇ ਦਰਮਿਆਨ ਬਦਲ ਹਨ। ਚੋਣ ਹਲਕਾ ਪਰਿਸੀਮਨ ਦੇ ਲਈ ਅਬਾਦੀ ਨੂੰ ਇਕ ਉਪਾਅ ਦੇ ਰੂਪ ’ਚ ਵਰਤਣ ਦੀ ਪ੍ਰਣਾਲੀ ਦੇ ਕਾਰਨ ਦੱਖਣ ਨੇ ਖੁਦ ਨੂੰ ਹੀਣ ਮਹਿਸੂਸ ਕੀਤਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਦੱਖਣੀ ਸੂਬਿਆਂ ਵੱਲੋਂ ਲਾਗੂ ਕੀਤੇ ਗਏ ਅਬਾਦੀ ਕੰਟਰੋਲ ਉਪਾਵਾਂ ਦੇ ਨਤੀਜੇ ਵਜੋਂ ਉੱਤਰ ਦੀ ਤੁਲਨਾ ’ਚ ਉੱਥੇ ਅਬਾਦੀ ਘਟੀ ਹੈ, ਜਿਸ ਨਾਲ ਅਨਿਸ਼ਚਿਤਤਾ ਦੀ ਭਾਵਨਾ ਪੈਦਾ ਹੋਈ ਹੈ। ਨਤੀਜੇ ਵਜੋਂ ਉੱਤਰ, ਜਿਸ ਨੇ ਅਜੇ ਤੱਕ ਕੋਈ ਅਬਾਦੀ ਕੰਟਰੋਲ ਉਪਾਅ ਲਾਗੂ ਨਹੀਂ ਕੀਤਾ ਹੈ, ਨੂੰ ਦੱਖਣ ਦੀ ਤੁਲਨਾ ’ਚ ਵੱਧ ਸੰਸਦੀ ਚੋਣ ਹਲਕੇ ਅਲਾਟ ਕੀਤੇ ਜਾਣਗੇ।

ਪਰਿਸੀਮਨ ਮੁੱਦੇ ਦੇ ਹੱਲ ਦਾ ਇਕ ਸੰਭਾਵਿਤ ਹੱਲ ਰਾਜ ਸਭਾ ਦੇ ਢਾਂਚੇ ਨੂੰ ਬਦਲਣ ’ਤੇ ਵਿਚਾਰ ਕਰਨਾ ਹੈ। ਇਹ ਸਾਰੇ ਸੂਬਿਆਂ ਦੀ ਇਕਸਾਰ ਪ੍ਰਤੀਨਿਧਤਾ ਦੀ ਗਾਰੰਟੀ ਦੇਣ ਦੇ ਅਮਰੀਕੀ ਸੀਨੇਟ ਦੇ ਨਜ਼ਰੀਏ ਤੋਂ ਪ੍ਰੇਰਿਤ ਹੋ ਸਕਦਾ ਹੈ। ਹਾਲਾਂਕਿ, ਇਸ ਮਤੇ ਨੂੰ ਅਮਰੀਕਾ ’ਚ ਵੱਡੇ ਸੂਬਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਇਸ ਧਾਰਨਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਜਪਾ ਦੱਖਣ ਭਾਰਤ ਦੇ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੀ। ਭਾਜਪਾ ਨੂੰ ਦੱਖਣੀ ਸੂਬਿਆਂ ਦੇ ਨਾਲ ਅਜੇ ਵੀ ਆਪਸੀ ਸਮਝ ਬਣਾਉਣੀ ਹੋਵੇਗੀ। ਵਿਰੋਧੀ ਗੱਠਜੋੜ I.N.D.I.A., ਵਧੇਰੇ ਦੱਖਣੀ ਸੂਬਿਆਂ ਨੂੰ ਕੰਟਰੋਲ ਕਰਦਾ ਹੈ। ਉਹ 2024 ’ਚ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਪ੍ਰਤੀਬੱਧ ਹਨ।

ਭਾਜਪਾ ਹਿੰਦੂਤਵ, ਅਯੁੱਧਿਆ ਰਾਮ ਮੰਦਰ ਦੇ ਨਿਰਮਾਣ ਅਤੇ ਮੁਸਲਿਮ ਵਿਰੋਧੀ ਰੁਖ ’ਤੇ ਜ਼ੋਰ ਦੇ ਰਹੀ ਹੈ। ਹਾਲਾਂਕਿ, ਇਹ ਵਿਚਾਰ ਭਾਰਤ ਦੇ ਦੱਖਣੀ ਇਲਾਕਿਆਂ ’ਚ ਵੋਟਰਾਂ ਦੇ ਦਰਮਿਆਨ ਘੱਟ ਮਸ਼ਹੂਰ ਹੋ ਸਕਦੇ ਹਨ। ਵਿਰੋਧੀ ਪਾਰਟੀਆਂ ਜਿਵੇਂ ਕਿ ਦ੍ਰਮੁਕ, ਅੰਨਾਦ੍ਰਮੁਕ, ਤੇਦੇਪਾ ਅਤੇ ਬੀ.ਆਰ.ਐੱਸ. ਆਪਣੇ-ਆਪਣੇ ਸੂਬਿਆਂ ’ਚ ਪ੍ਰਮੱੁਖ ਸਥਾਨ ਰੱਖਦੀਆਂ ਹਨ।

ਦੱਖਣ ਭਾਰਤ ਵਿਚ ਧਰਮ ਕੋਈ ਵੱਡਾ ਸਿਆਸੀ ਮੁੱਦਾ ਨਹੀਂ ਹੈ, ਈਸਾਈ ਧਰਮ ਬਦਲਣ ਜਾਂ ਇਸਲਾਮ ਦੇ ਪ੍ਰਤੀ ਦੁਸ਼ਮਣੀ ’ਤੇ ਭਾਜਪਾ ਦੇ ਵਿਚਾਰਾਂ ਨੂੰ ਅਜੇ ਤੱਕ ਇਸ ਖੇਤਰ ’ਚ ਕੋਈ ਖਿੱਚ ਨਹੀਂ ਮਿਲੀ ਹੈ। ਦੱਖਣੀ ਸੂਬਿਆਂ ’ਚ ਕੋਈ ਫਿਰਕੂ ਝੜਪ ਨਹੀਂ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਘੱਟ ਗਿਣਤੀਆਂ ਨੇ ਖੁਦ ਨੂੰ ਸਥਾਨਕ ਅਬਾਦੀ ਦੇ ਨਾਲ ਢਾਲ ਲਿਆ ਹੈ।

ਭਾਜਪਾ ਨੂੰ ਦੱਖਣ ਭਾਰਤ ’ਚ ਜਿੱਤ ਹਾਸਲ ਕਰਨ ਲਈ ਸਥਾਨਕ ਮਾਪਦੰਡਾਂ ਅਤੇ ਸਿਆਸੀ ਰਣਨੀਤੀਆਂ ਨੂੰ ਅਪਣਾਉਣ ਦੀ ਲੋੜ ਹੈ। ਉਸ ਨੂੰ ਗੱਠਜੋੜ ਬਣਾਉਣਾ ਹੋਵੇਗਾ ਅਤੇ ਪਹਿਲੇ ਸਹਿਯੋਗੀਆਂ ਦਾ ਸਮਰਥਨ ਦੁਬਾਰਾ ਹਾਸਲ ਕਰਨਾ ਹੋਵੇਗਾ।

ਕਲਿਆਣੀ ਸ਼ੰਕਰ


author

Rakesh

Content Editor

Related News