ਮੁਸਲਮਾਨਾਂ ਪ੍ਰਤੀ ਭਾਜਪਾ ਦਾ ਵਿਰੋਧਾਭਾਸ
Sunday, Mar 30, 2025 - 05:24 PM (IST)

ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਇਕ ਪਾਸੇ ਮੁਸਲਮਾਨਾਂ ’ਤੇ ਪਿਆਰ ਦਾ ਮੀਂਹ ਪਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ, ਉਨ੍ਹਾਂ ਦੇ ਆਲੇ-ਦੁਆਲੇ ਸ਼ਿਕੰਜਾ ਕੱਸਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ 32 ਲੱਖ ਗਰੀਬ ਮੁਸਲਮਾਨਾਂ ਨੂੰ ਈਦ ਮਨਾਉਣ ਵਿਚ ਮਦਦ ਕਰਨ ਲਈ ‘ਸੌਗਾਤ-ਏ-ਮੋਦੀ’ ਕਿੱਟਾਂ ਵੰਡ ਰਹੀ ਹੈ। ਇਸ ਕਿੱਟ ਵਿਚ ਕੱਪੜੇ, ਦਾਲਾਂ, ਚੌਲ, ਸੇਵੀਆਂ, ਸਰ੍ਹੋਂ ਦਾ ਤੇਲ, ਖੰਡ ਅਤੇ ਖਜੂਰਾਂ ਸ਼ਾਮਲ ਹਨ। ਇਹ ਕਿੱਟਾਂ ਭਾਜਪਾ ਘੱਟਗਿਣਤੀ ਮੋਰਚਾ ਵੱਲੋਂ ਵੰਡੀਆਂ ਜਾ ਰਹੀਆਂ ਹਨ।
ਭਾਜਪਾ ਘੱਟਗਿਣਤੀ ਮੋਰਚਾ ਦਾ ਕਹਿਣਾ ਹੈ ਕਿ ਇਸ ਨਾਲ ਫਿਰਕੂ ਸਦਭਾਵਨਾ ਵਧੇਗੀ। ਸਵਾਲ ਇਹ ਹੈ ਕਿ ਭਾਜਪਾ ਨੇ ਇਸ ਸਾਲ ਹੀ ਅਜਿਹੀਆਂ ਕਿੱਟਾਂ ਵੰਡਣ ਬਾਰੇ ਕਿਉਂ ਸੋਚਿਆ? ਭਾਰਤੀ ਜਨਤਾ ਪਾਰਟੀ ਦਾ ਮੁਸਲਮਾਨਾਂ ਪ੍ਰਤੀ ਪਿਆਰ ਇਸ ਸਾਲ ਹੀ ਕਿਉਂ ਵਧ ਰਿਹਾ ਹੈ? ਭਾਰਤੀ ਜਨਤਾ ਪਾਰਟੀ ਅਤੇ ਆਰ. ਐੱਸ. ਐੱਸ. ਦਾ ਮੁਸਲਮਾਨਾਂ ਪ੍ਰਤੀ ਵਿਵਹਾਰ ਕਿਸੇ ਤੋਂ ਲੁਕਿਆ ਨਹੀਂ ਹੈ।
ਜੇਕਰ ਕੋਈ ਵੀ ਸਿਆਸੀ ਪਾਰਟੀ ਸਮਾਜ ਵਿਚ ਮੁਸਲਮਾਨਾਂ ਦਾ ਡਰ ਪੈਦਾ ਕਰ ਕੇ ਆਪਣੇ ਸਵਾਰਥੀ ਹਿੱਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਹ ਲੋਕਤੰਤਰ ਲਈ ਚੰਗਾ ਨਹੀਂ ਹੈ। ਭਾਜਪਾ ਅਤੇ ਆਰ. ਐੱਸ. ਐੱਸ. ਦੇ ਕਈ ਵਰਕਰਾਂ ਨੂੰ ਸਵੇਰੇ ਹੀ ਮੁਸਲਮਾਨ ਦਿਖਾਈ ਦੇਣ ਲੱਗਦੇ ਹਨ। ਇਨ੍ਹਾਂ ਮੁਸਲਮਾਨਾਂ ਦੀ ਮਦਦ ਨਾਲ ਸਿਆਸਤ ਕਰਨੀ ਇਨ੍ਹਾਂ ਲੋਕਾਂ ਦੀ ਮਜਬੂਰੀ ਬਣ ਗਈ ਹੈ।
ਅਲਵਿਦਾ ਜੁੰਮੇ ’ਤੇ, ਅਜਿਹਾ ਮਾਹੌਲ ਬਣਾਇਆ ਗਿਆ ਸੀ ਜਿਵੇਂ ਦੇਸ਼ ਵਿਚ ਕੋਈ ਵੱਡਾ ਫਿਰਕੂ ਤਣਾਅ ਪੈਦਾ ਹੋ ਗਿਆ ਹੋਵੇ ਜਾਂ ਹੋਣ ਵਾਲਾ ਹੋਵੇ। ਪੁਲਸ ਵੱਖ-ਵੱਖ ਥਾਵਾਂ ’ਤੇ ਫਲੈਗ ਮਾਰਚ ਕਰ ਰਹੀ ਸੀ। ਸਵਾਲ ਇਹ ਹੈ ਕਿ ਅਜਿਹਾ ਮਾਹੌਲ ਬਣਾ ਕੇ ਕੀ ਪ੍ਰਾਪਤ ਕੀਤਾ ਜਾ ਰਿਹਾ ਹੈ?
ਯਕੀਨਨ, ਇਹ ਸਰਕਾਰ ਅਤੇ ਪ੍ਰਸ਼ਾਸਨ ਦਾ ਫਰਜ਼ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਯਤਨ ਕਰਨ ਕਿ ਕੋਈ ਵੀ ਤਿਉਹਾਰ ਸ਼ਾਂਤੀਪੂਰਵਕ ਮਨਾਇਆ ਜਾਵੇ। ਜੇਕਰ ਤਿਉਹਾਰ ਸ਼ਾਂਤੀਪੂਰਵਕ ਨਹੀਂ ਮਨਾਏ ਜਾਂਦੇ ਤਾਂ ਇਹ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਅਤੇ ਵਿਰੋਧੀ ਧਿਰ ਇਹ ਵੀ ਦੋਸ਼ ਲਾਉਣ ਲੱਗ ਪੈਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਸਹੀ ਨਹੀਂ ਸਨ ਪਰ ਪਹਿਲਾਂ ਹੀ ਇਹ ਮੰਨ ਕੇ ਕਰਨਾ ਕਿ ਮੁਸਲਮਾਨਾਂ ਨੂੰ ਕੋਈ ਹੋਰ ਕੰਮ ਨਹੀਂ ਹੈ ਅਤੇ ਉਹ ਅਲਵਿਦਾ ਜੁੰਮਾ ਅਤੇ ਈਦ ’ਤੇ ਹੰਗਾਮਾ ਕਰ ਸਕਦੇ ਹਨ, ਠੀਕ ਨਹੀਂ ਹੈ।
ਜਿਸ ਤਰ੍ਹਾਂ ਅਲਵਿਦਾ ਜੁੰਮਾ ’ਤੇ ਵੱਖ-ਵੱਖ ਥਾਵਾਂ ਤੋਂ ਪੁਲਸ ਫਲੈਗ ਮਾਰਚ ਦੀਆਂ ਖ਼ਬਰਾਂ ਆਈਆਂ ਅਤੇ ਜਿਸ ਤਰ੍ਹਾਂ ਇਲੈਕਟ੍ਰਾਨਿਕ ਮੀਡੀਆ ਇਸ ਨੂੰ ਦਿਖਾ ਰਿਹਾ ਸੀ, ਉਸ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਅਣਹੋਣੀ ਹੋਣ ਵਾਲੀ ਹੈ। ਅਜਿਹੇ ਤਿਉਹਾਰਾਂ ’ਤੇ ਭਰੋਸੇ ਦਾ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਸ਼ੱਕ ਅਤੇ ਡਰ ਦਾ ਮਾਹੌਲ।
ਅਲਵਿਦਾ ਜੁੰਮਾ ਅਤੇ ਈਦ ਪਹਿਲੀ ਵਾਰ ਨਹੀਂ ਹੋ ਰਹੇ ਸਗੋਂ ਸਾਲਾਂ ਤੋਂ ਹੁੰਦੇ ਆਏ ਹਨ। ਇਹ ਕਿੰਨਾ ਵੱਡਾ ਵਿਰੋਧਾਭਾਸ ਹੈ ਕਿ ਇਕ ਪਾਸੇ ਤਾਂ ਮੁਸਲਮਾਨਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਦ ਕਿ ਦੂਜੇ ਪਾਸੇ ਈਦ ਦੇ ਮੌਕੇ ’ਤੇ ਗਰੀਬ ਮੁਸਲਮਾਨਾਂ ਨੂੰ ‘ਸੌਗਾਤ-ਏ-ਮੋਦੀ’ ਕਿੱਟਾਂ ਵੰਡੀਆਂ ਜਾ ਰਹੀਆਂ ਹਨ।
ਭਾਵ ਕਿਤੇ ਨਾ ਿਕਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਸਲਮਾਨ ਆਪਣੀ ਹੱਦ ’ਚ ਰਹਿਣ ਅਤੇ ਦੂਜੇ ਪਾਸੇ ਮੁਸਲਮਾਨਾਂ ਨੂੰ ਆਪਣੇ ਵੱਲ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਕਾਂਗਰਸ ’ਤੇ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਲਾਉਂਦੀ ਹੈ ਪਰ ਕੀ ਭਾਜਪਾ ਹੁਣ ਮੁਸਲਮਾਨਾਂ ਦੇ ਤੁਸ਼ਟੀਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ?
ਕੀ ਈਦ ਦੇ ਮੌਕੇ ’ਤੇ ਮੁਸਲਮਾਨਾਂ ਨੂੰ ਤੋਹਫ਼ੇ ਵੰਡਣਾ ਮੁਸਲਿਮ ਤੁਸ਼ਟੀਕਰਨ ਨਹੀਂ ਹੈ? ਇਸ ਯੁੱਗ ਵਿਚ, ਕੀ ਸਾਰੀਆਂ ਸਿਆਸੀ ਪਾਰਟੀਆਂ ਮੁਸਲਮਾਨਾਂ ਨੂੰ ਸਿਰਫ਼ ਵੋਟ ਬੈਂਕ ਸਮਝਦੀਆਂ ਹਨ? ਭਾਜਪਾ ਦੇ ਕਈ ਸਿਆਸਤਦਾਨ ਪਹਿਲਾਂ ਹੀ ਮੁਸਲਮਾਨਾਂ ’ਤੇ ਇਹ ਦੋਸ਼ ਲਾਉਂਦੇ ਰਹੇ ਹਨ ਕਿ ਉਹ ਭਾਜਪਾ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਫਾਇਦਾ ਉਠਾਉਂਦੇ ਹਨ ਪਰ ਭਾਜਪਾ ਨੂੰ ਵੋਟ ਨਹੀਂ ਪਾਉਂਦੇ।
ਜਦੋਂ ਭਾਜਪਾ ਜਾਣਦੀ ਹੈ ਕਿ ਮੁਸਲਮਾਨ ਉਸ ਨੂੰ ਵੋਟ ਨਹੀਂ ਪਾਉਂਦੇ ਤਾਂ ਫਿਰ ਮੁਸਲਮਾਨਾਂ ਨੂੰ ਤੋਹਫ਼ੇ ਕਿਉਂ ਵੰਡੇ ਜਾ ਰਹੇ ਹਨ? ਕੀ ਇਹ ਤੋਹਫ਼ਾ ਮੁਸਲਮਾਨਾਂ ’ਤੇ ਆਪਣਾ ਪ੍ਰਭਾਵ ਪਾਉਣ ਲਈ ਦਿੱਤਾ ਜਾ ਰਿਹਾ ਹੈ? ਜ਼ਾਹਿਰ ਹੈ ਕਿ ਮੁਸਲਮਾਨ ਵਕਫ਼ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਭਾਜਪਾ ਨਾਲ ਨਾਰਾਜ਼ ਹਨ। ਕੀ ਇਹ ਤੋਹਫ਼ਾ ਇਸ ਨਾਰਾਜ਼ਗੀ ਨੂੰ ਦੂਰ ਕਰਨ ਲਈ ਵੰਡਿਆ ਜਾ ਰਿਹਾ ਹੈ?
ਇਕ ਪਾਸੇ ਭਾਜਪਾ ਮੁਸਲਮਾਨਾਂ ਨੂੰ ਈਦ ਦੇ ਤੋਹਫ਼ੇ ਵੰਡ ਰਹੀ ਹੈ, ਦੂਜੇ ਪਾਸੇ, ਕਈ ਥਾਵਾਂ ’ਤੇ ਇਹ ਐਲਾਨ ਕੀਤਾ ਗਿਆ ਹੈ ਕਿ ਮੁਸਲਮਾਨ ਅਲਵਿਦਾ ਜੁੰਮਾ ਅਤੇ ਈਦ ’ਤੇ ਸੜਕਾਂ ’ਤੇ ਨਮਾਜ਼ ਨਹੀਂ ਪੜ੍ਹਨਗੇ। ਸੰਭਲ ਵਿਚ ਇਕ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਛੱਤਾਂ ’ਤੇ ਵੀ ਜਨਤਕ ਤੌਰ ’ਤੇ ਨਮਾਜ਼ ਨਹੀਂ ਅਦਾ ਕੀਤੀ ਜਾ ਸਕਦੀ। ਮੇਰਠ ਵਿਚ ਕਹਿ ਦਿੱਤਾ ਗਿਆ ਕਿ ਜੋ ਵੀ ਸੜਕ ’ਤੇ ਨਮਾਜ਼ ਅਦਾ ਕਰਦਾ ਦੇਖਿਆ ਗਿਆ, ਉਸ ਦਾ ਲਾਇਸੈਂਸ ਅਤੇ ਪਾਸਪੋਰਟ ਦੋਵੇਂ ਰੱਦ ਕਰ ਦਿੱਤੇ ਜਾਣਗੇ।
ਵਿਰੋਧੀ ਪਾਰਟੀਆਂ ਇਹ ਸਵਾਲ ਉਠਾ ਰਹੀਆਂ ਹਨ ਕਿ ਜਦੋਂ ਕਾਂਵੜ ਯਾਤਰਾ ਲਈ ਪੂਰੀ ਸੜਕ ਕਈ ਦਿਨਾਂ ਲਈ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਮੁਸਲਮਾਨਾਂ ਲਈ ਇਹ ਹੁਕਮ ਕਿਉਂ ਜਾਰੀ ਕੀਤਾ ਜਾ ਰਿਹਾ ਹੈ? ਜੈਅੰਤ ਚੌਧਰੀ ਨੇ ਵੀ ਮੇਰਠ ਵਾਲੇ ਫਰਮਾਨ ’ਤੇ ਸਵਾਲ ਉਠਾਇਆ।
ਜਦੋਂ ਹਿੰਦੂਆਂ ਨੂੰ ਆਪਣੇ ਤਿਉਹਾਰਾਂ ’ਤੇ ਸੜਕਾਂ ਦੀ ਵਰਤੋਂ ਕਰਨ ਦੀ ਛੋਟ ਹੈ ਤਾਂ ਫਿਰ ਮੁਸਲਮਾਨਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਮੁਸਲਮਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੜਕ ’ਤੇ ਨਮਾਜ਼ ਅਦਾ ਕਰਨ ਦਾ ਸ਼ੌਕ ਨਹੀਂ ਹੈ। ਜੇਕਰ ਮਸਜਿਦਾਂ ਵਿਚ ਕਾਫ਼ੀ ਜਗ੍ਹਾ ਹੋਵੇ ਤਾਂ ਸੜਕਾਂ ’ਤੇ ਨਮਾਜ਼ ਕੌਣ ਅਦਾ ਕਰੇਗਾ? ਜਗ੍ਹਾ ਦੀ ਘਾਟ ਕਾਰਨ ਕੁਝ ਥਾਵਾਂ ’ਤੇ ਹੀ ਸੜਕਾਂ ’ਤੇ ਨਮਾਜ਼ ਅਦਾ ਕੀਤੀ ਜਾਂਦੀ ਹੈ।
ਕੁੱਲ ਮਿਲਾ ਕੇ ਇਸ ਮੁੱਦੇ ’ਤੇ ਭਾਜਪਾ ਦਾ ਵਿਰੋਧਾਭਾਸ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਇਹ ਸੱਚ ਹੈ ਕਿ ਸਿਆਸਤ ਲਈ ਕੁਝ ਵੀ ਕੀਤਾ ਜਾ ਸਕਦਾ ਹੈ, ਪਰ ਸਿਆਸੀ ਪਾਰਟੀਆਂ ਨੂੰ ਇਹ ਵੀ ਵਿਚਾਰ ਕਰਨਾ ਪਵੇਗਾ ਕਿ ਅਜਿਹੇ ਮੁੱਦਿਆਂ ਨਾਲ ਸਮਾਜ ਵਿਚ ਧਾਰਮਿਕ ਵਿਤਕਰੇ ਦਾ ਸੰਦੇਸ਼ ਨਾ ਜਾਵੇ।
–ਰੋਹਿਤ ਕੌਸ਼ਿਕ