ਬਿਹਾਰ ’ਤੇ ‘ਸਾੜ੍ਹਸਤੀ’ ਦਾ ਪ੍ਰਕੋਪ, ਸੂਬਾ ਆਰਥਿਕ ਅਤੇ ਕੁਦਰਤੀ ਆਫਤਾਂ ਦੇ ਘੇਰੇ ’ਚ
Sunday, Jul 14, 2024 - 02:23 AM (IST)
ਦੇਸ਼ ਦੇ ਸਭ ਤੋਂ ਵੱਡੇ ਸੂਬਿਆਂ ’ਚੋਂ ਇਕ, ਬਿਹਾਰ ’ਚ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਵਾਰੀ-ਵਾਰੀ ਨਾਲ ਆਉਣ ਦੇ ਬਾਵਜੂਦ ਇਸ ਦੀ ਕਿਸਮਤ ਨਹੀਂ ਬਦਲੀ ਅਤੇ ਆਜ਼ਾਦੀ ਦੇ 77 ਸਾਲ ਬਾਅਦ ਵੀ ਪੱਛੜੇਪਨ ਦਾ ਸ਼ਿਕਾਰ ਇਹ ਸੂਬਾ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਲੰਬੇ ਸਮੇਂ ਤੋਂ ਵਿਸ਼ੇਸ਼ ਦਰਜੇ ਦੀ ਮੰਗ ਕਰਦਾ ਆ ਰਿਹਾ ਹੈ।
ਸੂਬੇ ਦੀ ਆਰਥਿਕ ਦਸ਼ਾ ਸੁਧਾਰਨ ਦੇ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਮਹਾਗੱਠਜੋੜ’ ਨਾਲੋਂ ਨਾਤਾ ਤੋੜਨ ਦੇ ਬਾਅਦ ਦੁਬਾਰਾ ਭਾਜਪਾ ਨਾਲ ਨਾਤਾ ਜੋੜ ਕੇ ਭਾਜਪਾ ਵਾਲੀ ਕੇਂਦਰ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖਣਗੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸੇ ਸਬੰਧ ’ਚ 29 ਜੂਨ, 2024 ਨੂੰ ਦਿੱਲੀ ’ਚ ਜਦ (ਯੂ) ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ’ਚ ਪਾਰਟੀ ਨੇ ਕੇਂਦਰ ਸਰਕਾਰ ਕੋਲ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਜਾਂ ਵਿਸ਼ੇਸ਼ ਆਰਥਿਕ ਪੈਕੇਜ ਦੇਣ ਦੀ ਮੰਗ ਰੱਖੀ ਸੀ।
ਅਤੇ ਹੁਣ 12 ਜੁਲਾਈ, 2024 ਨੂੰ ਇਕ ਵਾਰ ਫਿਰ ਬਿਹਾਰ ਸਰਕਾਰ ਨੇ ਕੇਂਦਰ ਸਰਕਾਰ ਨੂੰ 23 ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ’ਚ 30,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਂ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਦੁਹਰਾ ਦਿੱਤੀ ਹੈ। ਸੂਬੇ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਕਿਹਾ ਕਿ ‘‘ਕਾਫੀ ਤਰੱਕੀ ਕਰਨ ਦੇ ਬਾਅਦ ਵੀ ਸੂਬਾ ਅਜੇ ਤੱਕ ਪੱਛੜਿਆ ਹੋਇਆ ਹੈ।’’
ਜਿੱਥੇ ਇਕ ਪਾਸੇ ਬਿਹਾਰ ਸਰਕਾਰ ਸਿਆਸੀ ਜੋੜ-ਤੋੜ ਦੇ ਦਰਮਿਆਨ ਆਰਥਿਕ ਸੰਕਟ ਨਾਲ ਜੂਝ ਰਹੀ ਹੈ, ਉੱਥੇ ਹੀ ਹੋਰਨਾਂ ਮੋਰਚਿਆਂ ’ਤੇ ਵੀ ਇਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ’ਚ ਪਿਛਲੇ ਇਕ ਮਹੀਨੇ ਦੇ ਅੰਦਰ ਹੀ 14 ਤੋਂ ਵੱਧ ਪੁਲ ਡਿੱਗਣ ਦੇ ਕਾਰਨ ਇਸ ’ਚ ਪੱਸਰੇ ਭ੍ਰਿਸ਼ਟਾਚਾਰ ਦਾ ਮੁੱਦਾ ਚਰਚਾ ’ਚ ਆਇਆ ਹੋਇਆ ਹੈ।
ਕੁਦਰਤੀ ਆਫਤਾਂ ਵੀ ਬਿਹਾਰ ਦਾ ਪਿੱਛਾ ਨਹੀਂ ਛੱਡ ਰਹੀਆਂ। ਨੇਪਾਲ ’ਚ ਪਏ ਭਾਰੀ ਮੀਂਹ ਦਾ ਕਹਿਰ ਬਿਹਾਰ ਦੇ 15 ਜ਼ਿਲਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ।
ਗੋਪਾਲਗੰਜ, ਪੂਰਬੀ ਚੰਪਾਰਨ, ਪੱਛਮੀ ਚੰਪਾਰਨ, ਬਗਹਾ, ਪੂਰਨੀਆ, ਸੁਪੌਲ, ਦਰਭੰਗਾ, ਖਗੜੀਆ ਅਤੇ ਝੰਝਾਰਪੁਰ ’ਚ ਕੁਝ ਥਾਵਾਂ ’ਤੇ ਗੰਡਕ, ਕੋਸੀ, ਗੰਗਾ, ਬੂੜੀ ਗੰਗਾ, ਮਹਾਨੰਦਾ ਅਤੇ ਕਮਲਾ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਲਈ ਹਿਜਰਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਹੀ ਨਹੀਂ, 12 ਜੁਲਾਈ ਨੂੰ ਨੇਪਾਲ ’ਚ ਜ਼ਮੀਨ ਖਿਸਕਣ ਦੀ ਲਪੇਟ ’ਚ ਆਉਣ ਨਾਲ ਸਿਮਲਤਾਲ ਦੇ ਨੇੜੇ ਦੋ ਮੁਸਾਫਰ ਬੱਸਾਂ ਨਦੀ ’ਚ ਰੁੜ੍ਹ ਗਈਆਂ, ਜਿਸ ਨਾਲ ਬਿਹਾਰ ਦੇ ਦੋ ਪਰਿਵਾਰਾਂ ਦੇ 8 ਮੈਂਬਰਾਂ ਸਮੇਤ ਲਗਭਗ 38 ਵਿਅਕਤੀਆਂ ਦੀ ਮੌਤ ਹੋ ਗਈ।
ਸੂਬੇ ’ਚ ਆਸਮਾਨੀ ਬਿਜਲੀ ਵੀ ਭਾਰੀ ਕਹਿਰ ਵਰਤਾ ਰਹੀ ਹੈ :
* 26 ਜੂਨ ਨੂੰ ਮੁੰਗੇਰ, ਭਾਗਲਪੁਰ, ਜਮੂਈ, ਪੂਰਬੀ ਚੰਪਾਰਨ, ਪੱਛਮੀ ਚੰਪਾਰਨ ਅਤੇ ਅਰਰੀਆ ’ਚ ਆਸਮਾਨੀ ਬਿਜਲੀ ਡਿੱਗਣ ਨਾਲ 8 ਵਿਅਕਤੀਆਂ ਦੀ ਜਾਨ ਚਲੀ ਗਈ।
* 1 ਜੁਲਾਈ ਨੂੰ 6 ਜ਼ਿਲਿਆਂ ਔਰੰਗਾਬਾਦ, ਬਕਸਰ, ਭੋਜਪੁਰ, ਰੋਹਤਾਸ, ਭਾਗਲਪੁਰ ਤੇ ਦਰਭੰਗਾ ’ਚ ਬਿਜਲੀ ਡਿੱਗਣ ਨਾਲ 7 ਵਿਅਕਤੀਆਂ ਦੀ ਮੌਤ ਹੋਈ।
* 6 ਜੁਲਾਈ ਨੂੰ ਜਹਾਨਾਬਾਦ, ਮਧੇਪੁਰਾ, ਪੂਰਬੀ ਚੰਪਾਰਨ, ਰੋਹਤਾਸ, ਸਾਰਨ ਅਤੇ ਸੁਪੌਲ ’ਚ ਬਿਜਲੀ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ।
* 7 ਜੁਲਾਈ ਨੂੰ ਨਾਲੰਦਾ, ਵੈਸ਼ਾਲੀ, ਭਾਗਲਪੁਰ, ਸਹਿਰਸਾ, ਸਾਰਨ, ਰੋਹਤਾਸ, ਜਮੂਈ, ਭੋਜਪੁਰ ਅਤੇ ਗੋਪਾਲਗੰਜ ’ਚ ਆਸਮਾਨੀ ਬਿਜਲੀ ਨਾਲ 10 ਵਿਅਕਤੀ ਮਾਰੇ ਗਏ।
* 12 ਜੁਲਾਈ ਨੂੰ ਮਧੁਬਨੀ, ਔਰੰਗਾਬਾਦ, ਰੋਹਤਾਸ, ਭੋਜਪੁਰ, ਜਹਾਨਾਬਾਦ, ਸਾਰਨ, ਕੈਮੂਰ ਅਤੇ ਸੁਪੌਲ ’ਚ ਬਿਜਲੀ ਡਿੱਗਣ ਨਾਲ 21 ਵਿਅਕਤੀਆਂ ਦੀ ਮੌਤ ਹੋ ਗਈ।
ਇਸ ਦੇ ਇਲਾਵਾ ਹੋਰਨਾਂ ਹਾਦਸਿਆਂ ਨੇ ਵੀ ਸੂਬਾ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।
* 10 ਜੁਲਾਈ ਨੂੰ ਬਿਹਾਰ ਤੋਂ ਦਿੱਲੀ ਜਾ ਰਹੀ ਡਬਲ ਡੈੱਕਰ ਬੱਸ ਦੀ ਉੱਤਰ ਪ੍ਰਦੇਸ਼ ਦੇ ਉੱਨਾਵ ’ਚ ਇਕ ਕੰਟੇਨਰ ਨਾਲ ਟੱਕਰ ਹੋ ਜਾਣ ਨਾਲ 18 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ। ਇਸ ਤੋਂ 2 ਦਿਨ ਪਹਿਲਾਂ ਵੀ ਦਿੱਲੀ ਤੋਂ ਸਿਵਾਨ ਆ ਰਹੀ ਇਕ ਬੱਸ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਨਾਲ 4 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
* 12 ਜੁਲਾਈ ਨੂੰ ਬਿਹਾਰ ’ਚ ‘ਦਾਨਿਯਾਵਾਂ’ ਦੇ ਨੇੜੇ ਇਕ ਮਾਲਗੱਡੀ ਦੇ 6 ਡੱਬੇ ਪੱਟੜੀ ਤੋਂ ਉਤਰ ਗਏ। ਹਾਲਾਂਕਿ ਇਸ ’ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਈ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।
ਇਸ ਤੋਂ ਪਹਿਲਾਂ 17 ਜੂਨ ਨੂੰ ਕਟਿਹਾਰ ਰੇਲਵੇ ਡਵੀਜ਼ਨ ਦੇ ਅਧੀਨ ‘ਰੰਗਪਾਨੀ’ ਅਤੇ ‘ਨਿਜਬਾੜੀ’ ਦੇ ਨੇੜੇ ਇਕ ਰੇਲ ਹਾਦਸੇ ’ਚ ‘ਕੰਚਨਜੰਗਾ ਐਕਸਪ੍ਰੈੱਸ’ ਨੂੰ ਇਕ ਮਾਲਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ 9 ਵਿਅਕਤੀ ਮਾਰੇ ਗਏ ਸਨ।
ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਤਾਂ ਅਜਿਹਾ ਹੀ ਜਾਪਦਾ ਹੈ ਕਿ ਜਿਵੇਂ ਬਿਹਾਰ ’ਤੇ ਸਾੜ੍ਹਸਤੀ ਆਈ ਹੋਈ ਹੋਵੇ, ਜਿਸ ਨੇ ਸੂਬੇ ਨੂੰ ਤਰ੍ਹਾਂ-ਤਰ੍ਹਾਂ ਦੀਆਂ ਆਰਥਿਕ-ਕੁਦਰਤੀ ਅਤੇ ਮਨੁੱਖ ਵੱਲੋਂ ਸਿਰਜੀਆਂ ਆਫਤਾਂ ਦੀ ਲਪੇਟ ’ਚ ਲੈ ਰੱਖਿਆ ਹੈ।
-ਵਿਜੇ ਕੁਮਾਰ