ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਅਨੋਖੀਆਂ ਹੋਣਗੀਆਂ

09/08/2020 3:50:23 AM

ਨਿਊ ਕਲਿਆਣੀ ਸ਼ੰਕਰ

ਬਿਹਾਰ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਕਈ ਕਾਰਨਾਂ ਕਰ ਕੇ ਵੱਖ ਹਨ। ਦਰਅਸਲ ਇਹ ਪਹਿਲੀਆਂ ਡਿਜੀਟਲ ਚੋਣਾਂ ਹੋਣਗੀਅਾਂ, ਜੋ ਕਿ ਕੋਵਿਡ ਮਹਾਮਾਰੀ ਦੌਰਾਨ ਕਰਵਾਈਆਂ ਜਾਣਗੀਆਂ। ਇਸ ਸਮੇਂ ਚੋਣਾਂ ਆਭਾਸੀ ਰੈਲੀਆਂ ਅਤੇ ਡੋਰ-ਟੂ-ਡੋਰ ਮੁਹਿੰਮ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਲੜੀਆਂ ਜਾਣਗੀਆਂ। ਭਾਜਪਾ ਹੋਰਨਾਂ ਪਾਰਟੀਆਂ ਦੀ ਤੁਲਨਾ ’ਚ ਮੋਹਰੀ ਹੈ ਕਿਉਂਕਿ ਇਸ ਨੂੰ ਆਭਾਸੀ ਮੋਡ ਦਾ ਕਾਫੀ ਤਜਰਬਾ ਹੈ। ਜੇਕਰ ਬਿਹਾਰ ਵਰਗੇ ਪੱਛੜੇ ਸੂਬੇ ’ਚ ਡਿਜੀਟਲ ਅਨੁਭਵ ਸਫਲ ਹੁੰਦਾ ਹੈ ਤਾਂ ਇਹ ਅਸਲ ’ਚ ਬਹੁਤ ਵੱਡੀ ਜਿੱਤ ਹੋਵੇਗੀ।

ਨਵੰਬਰ ਦੀਆਂ ਬਿਹਾਰ ਚੋਣਾਂ ਹੋਰਨਾਂ ਕਾਰਨਾਂ ਕਰ ਕੇ ਵੀ ਵੱਖ ਹਨ ਕਿਉਂਕਿ ਇਸ ਵਾਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਵੀ ਇਨ੍ਹਾਂ ਚੋਣਾਂ ’ਚੋਂ ਗੈਰ-ਹਾਜ਼ਰ ਰਹਿਣਗੇ, ਜੋ ਕਿ ਵਿਰੋਧੀ ਧਿਰ ਦੇ ਗੱਠਜੋੜ ਲਈ ਇਕ ਬਹੁਤ ਵੱਡਾ ਘਾਟਾ ਹੈ ਕਿਉਂਕਿ ਲਾਲੂ ਇਕ ਕ੍ਰਿਸ਼ਮਾਈ ਨੇਤਾ ਹਨ। ਦਰਸ਼ਕਾਂ ਨੂੰ ਆਪਣੇ ਚੁਟਕਲਿਆਂ ਨਾਲ ਭਰਮਾਉਣ ਦਾ ਉਨ੍ਹਾਂ ਦਾ ਇਕ ਵੱਖਰਾ ਹੀ ਅੰਦਾਜ਼ ਹੈ। ਉਨ੍ਹਾਂ ਨੇ ਗਰੀਬ ਅਤੇ ਦੁਖੀ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ’ਚ ਹੀ ਸਹੀ ਪ੍ਰਸ਼ਾਸਨ ਹੈ। ਇਥੇ ਿੲਹ ਲਾਲੂ ਸਨ, ਜਿਨ੍ਹਾਂ ਨੇ ਮੁਸਲਿਮ ਤੇ ਯਾਦਵ ਵੋਟ ਬੈਂਕ ਨੂੰ ਬਣਾਇਆ। ਇਸ ਸਮੇਂ ਲਾਲੂ ਚਾਰਾ ਘਪਲਾ ਮਾਮਲੇ ’ਚ ਜੇਲ ’ਚ ਬੰਦ ਹਨ। 2015 ’ਚ ਲਾਲੂ ਨੇ ਸਭ ਤੋਂ ਵੱਡੇ ਗੱਠਜੋੜ ਨੂੰ ਇਕੱਠਿਆਂ ਕਰ ਕੇ ਇਕ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ।

ਹਾਲਾਂਕਿ ਉਨ੍ਹਾਂ ਦੇ ਪੁੱਤਰ ਅਤੇ ਸਿਆਸੀ ਵਿਰਾਸਤ ਹਾਸਲ ਕਰਨ ਵਾਲੇ ਤੇਜਸਵੀ ਪ੍ਰਸਾਦ ਯਾਦਵ ਕਾਫੀ ਚੁਸਤ ਹਨ ਪਰ ਅਜੇ ਵੀ ਉਨ੍ਹਾਂ ਨੂੰ ਖੁਦ ਨੂੰ ਸਥਾਪਤ ਕਰਨਾ ਹੋਵੇਗਾ। ਗੱਠਜੋੜ ’ਚ ਕਿਸੇ ਵੱਡੇ ਨੇਤਾ ਦੀ ਗੈਰ-ਹਾਜ਼ਰੀ ’ਚ ਤੇਜਸਵੀ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੈ।

ਰਾਜਦ ਦੇ ਸੋਸ਼ਲ ਮੀਡੀਆ ਅਕਾਊਂਟ ਤੇਜਸਵੀ ਦੀਆਂ ਤਸਵੀਰਾਂ ਨਾਲ ਭਰੇ ਪਏ ਹਨ, ਜੋ ਹੜ੍ਹ ਪ੍ਰਭਾਵਿਤ ਇਲਾਕੇ ’ਚ ਲੋਕਾਂ ਨਾਲ ਮੁਲਾਕਾਤ ਕਰਦੇ ਦਿਖਾਈ ਦੇ ਰਹੇ ਹਨ। ਰਾਜਦ ਕੋਲ ਆਪਣੀਆਂ ਪ੍ਰੇਸ਼ਾਨੀਆਂ ਹਨ ਕਿਉਂਕਿ ਪਾਰਟੀ ਦੀ ਏਕਤਾ ਵਿਚ ਭਰਾ-ਭਰਾ ਦੀ ਦੁਸ਼ਮਣੀ ਸਭ ਤੋਂ ਵੱਡਾ ਅੜਿੱਕਾ ਹੈ। ਫਿਰ ਵੀ ਰਘੂਵੰਸ਼ ਪ੍ਰਤਾਪ ਸਿੰਘ ਵਰਗੇ ਵੱਡੇ ਨੇਤਾ ਖੁਸ਼ ਨਹੀਂ ਅਤੇ ਦੂਸਰੀਆਂ ਪਾਰਟੀਆਂ ’ਚ ਜਾਣ ਬਾਰੇ ਸੋਚ ਰਹੇ ਹਨ।

ਦੂਸਰਾ ਮੁੱਦਾ ਪ੍ਰਵਾਸੀ ਕਿਰਤੀਆਂ ਦਾ ਵੀ ਹੈ। ਉਹ ਨਵਾਂ ਵੋਟ ਬੈਂਕ ਬਣ ਗਏ ਹਨ। ਵਿਰੋਧੀ ਪਾਰਟੀਆਂ ਦਾ ਮੰਨਣਾ ਹੈ ਕਿ ਨਿਤਿਸ਼ ਕੁਮਾਰ ਦੀ ਸਰਕਾਰ ਨੇ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ। ਪੂਰੇ ਦੇਸ਼ ਨੇ ਲੱਖਾਂ ਦੀ ਗਿਣਤੀ ’ਚ ਪ੍ਰਵਾਸੀ ਕਿਰਤੀਆਂ ਦੀ ਦੁਰਦਸ਼ਾ ਦੇਖੀ ਜੋ ਆਪਣੇ ਪਿੰਡਾਂ ਨੂੰ ਪਰਤ ਰਹੇ ਸਨ। ਕੇਂਦਰ ਅਤੇ ਸੂਬਾ ਸਰਕਾਰ ਨੇ ਉਨ੍ਹਾਂ ਦੀ ਅਣਦੇਖੀ ਕੀਤੀ। ਅਜਿਹਾ ਅੰਦਾਜ਼ਾ ਹੈ ਕਿ 2 ਮਿਲੀਅਨ ਪ੍ਰਵਾਸੀ ਕਿਰਤੀ ਬਿਹਾਰ ’ਚ ਆਪਣੇ ਘਰਾਂ ਨੂੰ ਪਰਤੇ ਹਨ।

ਬਿਹਾਰ ’ਚ ਬੇਰੋਜ਼ਗਾਰੀ ਦੀ ਦਰ 46.6 ਫੀਸਦੀ ਹੈ, ਜੋ ਕਿ ਦੇਸ਼ ’ਚ ਸਭ ਤੋਂ ਉੱਚੀ ਹੈ। ਤੀਸਰਾ ਕਾਰਨ ਕੋਵਿਡ ਮਹਾਮਾਰੀ ਦਾ ਅਸਰ ਹੈ। ਬਿਹਾਰ ’ਚ ਅਜੇ ਤਕ 1.2 ਲੱਖ ਕੋਵਿਡ ਮਾਮਲੇ ਰਿਕਾਰਡ ਕੀਤੇ ਗਏ ਹਨ। ਸਰਕਾਰ ਦਾ ਦਾਅਵਾ ਹੈ ਕਿ ਰੋਜ਼ਾਨਾ 1 ਲੱਖ ਟੈਸਟ ਕਰਵਾਏ ਜਾ ਰਹੇ ਹਨ। ਹਾਲਾਂਕਿ ਸ਼ੁਰੂ ’ਚ ਇਹ ਰਫਤਾਰ ਮੱਠੀ ਸੀ, ਜਿਸ ਕਾਰਨ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ’ਚ ਗਿਰਾਵਟ ਦੇਖੀ ਗਈ।

ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਅੰਕੜਿਆਂ ਨਾਲ ਛੇੜਖਾਨੀ ਕਰ ਰਹੀ ਹੈ। ਬਿਹਾਰ ਦੀ ਜਨਤਾ ਇਸ ਸਮੇਂ ਹੜ੍ਹ ਨਾਲ ਵੀ ਜੂਝ ਰਹੀ ਹੈ। ਚੌਥਾ ਇਹ ਕਿ ਇਹ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਮਾਕਪਾ ਨੇ ਰਾਜਦ ਨਾਲ ਚੋਣ ਗੱਠਜੋੜ ਕੀਤਾ ਹੈ। ਖੱਬੇ-ਪੱਖੀਅਾਂ ਨੇ ਪਹਿਲਾਂ ਜਾਂ ਤਾਂ ਰਾਜਦ ਨਾਲ ਮਿਲ ਕੇ ਜਾਂ ਜਨਤਾ ਦਲ ਨਾਲ ਮਿਲ ਕੇ ਚੋਣ ਲੜੀ ਸੀ ਅਤੇ ਇਸ ਸਮੇਂ ਉਹ ਵਿਰੋਧੀ ਗੱਠਜੋੜ ਦਾ ਹਿੱਸਾ ਹੋਣਗੇ।

ਬਿਹਾਰ ਦੀ ਆਬਾਦੀ ਨੂੰ ਦੇਖਦੇ ਹੋਏ ਪੱਛੜੀ ਸ਼੍ਰੇਣੀ ਦੇ ਵੋਟਰ ਸੱਤਾ ਹਾਸਲ ਕਰਨ ਲਈ ਇਕ ਮਹੱਤਵਪੂਰਨ ਚਾਬੀ ਹੈ। ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਦਾ ਬਿਹਾਰ ’ਚ ਹਿੱਸਾ 45 ਤੋਂ 50 ਫੀਸਦੀ ਤਕ ਹੈ, ਜਦਕਿ ਉੱਚ ਸ਼੍ਰੇਣੀ, ਮੁਸਲਮਾਨ ਅਤੇ ਅਨੁਸੂਚਿਤ ਜਾਤੀ 15 ਫੀਸਦੀ ਦੇ ਲਗਭਗ ਹਰੇਕ ਹੈ। ਬਿਹਾਰ ’ਚ ਚੋਣਾਂ ਜਾਤੀ ’ਤੇ ਲੜੀਅਾਂ ਜਾਂਦੀਆਂ ਹਨ।

ਪੰਜਵਾਂ ਇਹ ਹੈ ਕਿ ਅਭਿਨੇਤਾ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਿੲਸ ਵਾਰ ਬਿਹਾਰ ’ਚ ਚੋਣ ਮੁੱਦਾ ਬਣਾ ਿਦੱਤਾ ਗਿਆ ਹੈ। ਸਿਆਸਤਦਾਨ ਇਹ ਮੁੱਦਾ ਆਪਣੇ ਫਾਇਦੇ ਲਈ ਉਠਾਉਣ ’ਚ ਕਿਸੇ ਵੀ ਤਰ੍ਹਾਂ ਝਿਜਕਣਗੇ ਨਹੀਂ।

ਇਸ ਦੌਰਾਨ ਕਈ ਪਾਰਟੀਆਂ ਨੇ ਆਪਣੀ ਆਭਾਸੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਚੋਣ ਬੁਖਾਰ ਲੋਕਾਂ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਹੈ। ਐੱਨ. ਡੀ. ਏ. ਅਤੇ ਮਹਾਗਠਜੋੜ 2 ਪ੍ਰਮੁੱਖ ਗਰੁੱਪ ਹਨ। ਅੱਜ ਬਿਹਾਰ ਦੀ ਸਿਆਸਤ ’ਚ ਭਾਜਪਾ, ਜਦ (ਯੂ) ਅਤੇ ਰਾਜਦ ਤਿੱਕੜੀ ਪ੍ਰਮੁੱਖ ਪਾਰਟੀਆਂ ਦੀ ਹੈ ਪਰ ਹੋਰ ਕੋਈ ਵੀ ਪਾਰਟੀ ਇਸ ਸਥਿਤੀ ’ਚ ਨਹੀਂ ਕਿ ਉਹ ਬਿਹਾਰ ’ਚ ਸਰਕਾਰ ਬਣਾ ਸਕੇ।

ਕਾਂਗਰਸ ਨੇ 100 ਆਭਾਸੀ ਰੈਲੀਆਂ ਦੇ ਆਯੋਜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕਾਂਗਰਸ ਨੇ ਸੂਬਾ ਪੱਧਰ ’ਤੇ ਕੋਈ ਮਜ਼ਬੂਤ ਲੀਡਰਸ਼ਿਪ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਾਂਗਰਸ ਦਾ ਇਸ ਸੂਬੇ ’ਚ ਪ੍ਰਦਰਸ਼ਨ ਵੀ ਖਾਸ ਨਹੀਂ।

ਜਦ (ਯੂ) ਆਪਣੇ ਆਪ ਨੂੰ ਕਈ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਕੈਂਪ ’ਚ ਸ਼ਾਮਲ ਕਰ ਕੇ ਮਜ਼ਬੂਤ ਕਰ ਰਿਹਾ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੋਸਤਾਨੀ ਆਵਾਮੀ ਮੋਰਚਾ ਸੈਕੂਲਰ ਦੇ ਮੁਖੀ ਜੀਤਨ ਰਾਮ ਮਾਂਝੀ ਨੇ ਮਹਾਗੱਠਜੋੜ ਨੂੰ ਛੱਡ ਦਿੱਤਾ ਹੈ ਅਤੇ ਐੱਨ. ਡੀ. ਏ. ’ਚ ਸ਼ਾਮਲ ਹੋ ਗਏ ਹਨ। ਸ਼ਰਦ ਯਾਦਵ ਜਿਨ੍ਹਾਂ ਨੂੰ ਕਿ ਪਾਰਟੀ ਨੇ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਬਾਹਰ ਕਰ ਦਿੱਤਾ ਸੀ, ਜਦ (ਯੂ) ’ਚ ਮੁੜ ਤੋਂ ਪਰਤ ਸਕਦੇ ਹਨ।

ਹਾਲਾਂਕਿ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਹਾਲ ਹੀ ’ਚ ਦੁਹਰਾਇਆ ਸੀ ਕਿ ਬਿਹਾਰ ’ਚ ਐੱਨ. ਡੀ. ਏ. ਸਾਂਝੇ ਤੌਰ ’ਤੇ ਚੋਣ ਲੜੇਗਾ। ਲੋਜਪਾ ਮੁਖੀ ਚਿਰਾਗ ਪਾਸਵਾਨ ਨਿਤੀਸ਼ ਕੁਮਾਰ ’ਤੇ ਲਗਾਤਾਰ ਹਮਲਾ ਕਰਦੇ ਆਏ ਹਨ। ਵੋਟਰ ਵੀ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣਗੇ। ਇਨ੍ਹਾਂ ’ਚ ਮਾਸਕ ਅਤੇ ਦਸਤਾਨੇ ਪਹਿਨਣਾ, ਸੈਨੇਟਾਈਜ਼ਰ, ਥਰਮਲ ਸਕੈਨਰ ਅਤੇ ਸਮਾਜਿਕ ਦੂਰੀ ਨੂੰ ਬਣਾਉਣਾ ਸ਼ਾਮਲ ਹੈ। ਇਨ੍ਹਾਂ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਚੋਣ ਕਮਿਸ਼ਨ ਸਖਤੀ ਨਾਲ ਪਾਲਣਾ ਕਰਵਾਏਗਾ।

ਬਿਹਾਰ ਸਾਰੀਆਂ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਹੈ ਕਿਉਂਕ ਇਸ ਕੋਲ 40 ਲੋਕ ਸਭਾ ਸੀਟਾਂ ਹਨ। ਹਾਲਾਂਕਿ ਚੋਣਾਂ ਦੇ ਨਤੀਜਿਆਂ ਬਾਰੇ ਭਵਿੱਖਬਾਣੀ ਕਰਨੀ ਜਲਦਬਾਜ਼ੀ ਹੋਵੇਗੀ ਕਿਉਂਕਿ ਇਥੇ ਹਮੇਸ਼ਾ ਹੀ ਚੋਣਾਵੀ ਉਥਲ-ਪੁਥਲ ਹੁੰਦੀ ਰਹੇਗੀ ਪਰ ਇਸ ਵਾਰ ਭਾਜਪਾ ਜਦ (ਯੂ) ਗੱਠਜੋੜ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਕਮਜ਼ੋਰ ਅਤੇ ਵੰਡੀ ਹੋਈ ਦਿਖਾਈ ਦੇ ਰਹੀ ਹੈ ਅਤੇ ਨਾਲ ਹੀ ਇਸ ਕੋਲ ਕੋਈ ਕ੍ਰਿਸ਼ਮਾਈ ਨੇਤਾ ਨਹੀਂ ਹੈ।


Bharat Thapa

Content Editor

Related News