ਇਨਸਾਫ ਦੀ ਡਗਰ ’ਤੇ ਚੱਲੇਗੀ ਭਾਰਤ ਜੋੜੋ ਨਿਆਂ ਯਾਤਰਾ
Tuesday, Jan 09, 2024 - 03:50 PM (IST)
ਕਾਂਗਰਸ ਵੱਲੋਂ ਐਲਾਨੀ ਭਾਰਤ ਜੋੜੋ ਨਿਆਂ ਯਾਤਰਾ ਨੇ ਬਚਪਨ ’ਚ ਸੁਣੇ ਇਸ ਗੀਤ ਦੀ ਯਾਦ ਦਿਵਾਈ : ਇਨਸਾਫ ਕੀ ਡਗਰ ਪੇ, ਬੱਚੋ ਦਿਖਾਓ ਚੱਲ ਕੇ। ਯੇ ਦੇਸ਼ ਹੈ ਤੁਮਹਾਰਾ, ਨੇਤਾ ਤੁਮਹੀ ਹੋ ਕੱਲ ਕੇ। ਸੰਵਿਧਾਨ ਦੀ ਪ੍ਰਸਤਾਵਨਾ ’ਚ ‘ਸਮਾਜਿਕ, ਆਰਥਿਕ, ਸਿਆਸੀ ਨਿਆਂ’ ਦੇ ਵਾਅਦੇ ਨੂੰ ਇਕ ਦਹਾਕਾ ਬਾਅਦ ਫਿਲਮ ‘ਗੰਗਾ ਜਮੁਨਾ’ ਦੇ ਲਈ ਸ਼ਕੀਲ ਬਦਾਯੂੰਨੀ ਦਾ ਲਿਖਿਆ ਅਤੇ ਹੇਮੰਤ ਕੁਮਾਰ ਦੀ ਸੁਰੀਲੀ ਆਵਾਜ਼ ’ਚ ਸੁਰਬੱਧ ਹੋਇਆ ਇਹ ਗੀਤ ਸਾਨੂੰ ਦੇਸ਼ ਭਗਤੀ ਅਤੇ ਨਿਆਂ ਦੇ ਅੰਦਰੂਨੀ ਸਬੰਧਾਂ ਦੀ ਯਾਦ ਦਿਵਾਉਂਦਾ ਹੈ। ਇਸ ਗੀਤ ਦੇ ਬੋਲ ਸਾਨੂੰ ਇਹ ਵੀ ਯਾਦ ਦਿਵਾਉਂਦੇ ਹਨ ਕਿ ਅਸੀਂ ਇਨਸਾਫ ਜਾਂ ਨਿਆਂ ਦੀ ਕਿੰਨੀ ਡੂੰਘੀ ਸੋਚ ਦੇ ਵਾਰਸ ਹਾਂ।
‘ਅਪਨੇ ਹੋਂ ਯਾ ਪਰਾਏ, ਸਬਕੇ ਲਿਏ ਹੋ ਨਿਆਏ/ਦੇਖੋ ਕਦਮ ਤੁਮਹਾਰਾ ਹਰਗਿਜ਼ ਨਾ ਡਗਮਗਾਏ।’ ਇਹ ਸਤਰਾਂ ਨਿਆਂ ਦੀ ਇਕ ਅਜਿਹੀ ਸਮਝ ਵੱਲ ਇਸ਼ਾਰਾ ਕਰਦੀਆਂ ਹਨ ਜੋ ਕਿਸੇ ਵੀ ਕਟਹਿਰੇ ’ਚ ਜਕੜਿਆ ਨਹੀਂ ਹੈ, ਦੇਸ਼ ਦੀ ਸਰਹੱਦ ਨਾਲ ਵੀ ਨਹੀਂ। ਇੱਥੇ ਇਨਸਾਫ ਆਪਣੇ-ਪਰਾਏ ਦੇ ਕਿਸੇ ਭੇਦ ਨੂੰ ਮੰਨਣ ਲਈ ਤਿਆਰ ਨਹੀਂ ਹੈ। ਭਾਰਤ ਦਾ ਮਾਣ ਦੂਜਿਆਂ ਤੋਂ ਉੱਚਾ ਹੋਣ ਵਿਚ ਨਹੀਂ ਸਗੋਂ ਪੂਰੀ ਮਨੁੱਖਤਾ ਨੂੰ ਉੱਪਰ ਚੁੱਕਣ ਵਿਚ ਹੈ : ‘ਇਨਸਾਨੀਅਤ ਕੇ ਸਰ ਪਰ ਇੱਜ਼ਤ ਕਾ ਤਾਜ ਰੱਖਣਾ/ਤਨ-ਮਨ ਭੀ ਭੇਂਟ ਦੇਕਰ ਭਾਰਤ ਕੀ ਲਾਜ ਰੱਖਣਾ’। ਗੀਤ ਸਾਨੂੰ ਇਹ ਵੀ ਸੁਚੇਤ ਕਰਦਾ ਹੈ ਕਿ ਭਾਰਤ ਦੀ ਇੱਜ਼ਤ ‘ਸੱਚਾਈਆਂ ਦੇ ਬਲ ’ਤੇ’ ਹੀ ਰੱਖੀ ਜਾ ਸਕਦੀ ਹੈ।
ਪਿਛਲੇ 63 ਸਾਲਾਂ ’ਚ ਭਾਰਤ ਦਾ ਸਫਰ ਸਾਨੂੰ ਇਨਸਾਫ ਦੀ ਡਗਰ ਤੋਂ ਬਹੁਤ ਦੂਰ ਲੈ ਆਇਆ ਹੈ। ਅਸੀਂ ਹਰ ਸਵਾਲ ਨੂੰ ਆਪਣੇ-ਪਰਾਏ ਦੀ ਨਜ਼ਰ ਨਾਲ ਦੇਖਦੇ ਹਾਂ, ਜੇਕਰ ਸ਼ਿਕਾਰ ਮੇਰੀ ਆਪਣੀ ਧਰਮ ਜਾਂ ਜਾਤੀ ਦਾ ਨਹੀਂ ਹੈ ਤਾਂ ਅਸੀਂ ਹਰ ਕਿਸਮ ਦੀ ਬੇਇਨਸਾਫੀ ਨੂੰ ਸਹਿਣ ਕਰਨ ਲਈ ਨਹੀਂ ਸਗੋਂ ਉਸ ਦੀ ਮਹਿਮਾ ਗਾਉਣ ਲਈ ਤਿਆਰ ਹਾਂ। ਦੂਰ-ਦੁਰੇਡੇ ਅਤੀਤ ’ਚ ਹੋਈ ਜਾਂ ਕਾਲਪਨਿਕ ਬੇਇਨਸਾਫੀ ਦਾ ਬਦਲਾ ਲੈਣ ਨੂੰ ਅਸੀਂ ਨਿਆਂ ਸਮਝ ਬੈਠੇ ਹਾਂ। ਇਨਸਾਨੀਅਤ ਦੇ ਸਿਰ ’ਤੇ ਤਾਜ ਰੱਖਣ ਦੀ ਬਜਾਏ ਅਸੀਂ ਦੂਜੀ ਵਿਸ਼ਵ ਜੰਗ ਦੇ ਬਾਅਦ ਦੇ ਸਭ ਤੋਂ ਵੱਡੇ ਕਤਲੇਆਮ ਨੂੰ ਜਾਇਜ਼ਤਾ ਦਾ ਜਾਮਾ ਪਹਿਨਾਉਣ ’ਚ ਲੱਗੇ ਹਾਂ। ਘਰ ਵਿਚ ਹੋ ਰਹੀ ਬੇਇਨਸਾਫੀ ਦੇ ਉੱਪਰ ਝੂਠ ਦਾ ਪਰਦਾ ਪਾ ਕੇ ਅਸੀਂ ਵਿਸ਼ਵ ਗੁਰੂ ਅਖਵਾਉਣ ਦੀ ਫੁਕਰੀ ਜਿਹੀ ਕੋਸ਼ਿਸ਼ ’ਚ ਲੱਗੇ ਹੋਏ ਹਾਂ।
ਅਜਿਹੇ ’ਚ ਕਾਂਗਰਸ ਪਾਰਟੀ ਵੱਲੋਂ ਨਿਆਂ ਯਾਤਰਾ ਦਾ ਐਲਾਨ ਕਰਨਾ ਜੇਕਰ ਉਮੀਦ ਜਗਾਉਂਦਾ ਹੈ ਤਾਂ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਸਿਆਸੀ ਹਲਕਿਆਂ ’ਚ ਇਸ ਭਾਰਤ ਜੋੜੋ ਨਿਆਂ ਯਾਤਰਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਇਹ ਸਹੀ ਵੀ ਹੈ। ਜੇਕਰ ਕਾਂਗਰਸ ਚੋਣਾਂ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਇਹ ਯਾਤਰਾ ਕਰ ਰਹੀ ਹੈ ਤਾਂ ਉਸ ਵਿਚ ਕੁਝ ਵੀ ਗਲਤ ਨਹੀਂ ਹੈ। ਇਤਰਾਜ਼ ਤਾਂ ਹੋ ਸਕਦਾ ਹੈ ਜੇਕਰ ਇਸ ਜਿੱਤ ਲਈ ਉਹ ਨਫਰਤ ਅਤੇ ਝੂਠ ਦਾ ਸਹਾਰਾ ਲਵੇ। ਜੇਕਰ ਕੋਈ ਵੀ ਪਾਰਟੀ ਚੋਣਾਂ ਜਿੱਤਣ ਲਈ ਨਿਆਂ, ਸੱਚ, ਅਹਿੰਸਾ, ਤਾਲਮੇਲ ਅਤੇ ਆਜ਼ਾਦੀ ਵਰਗੀਆਂ ਕਦਰਾਂ-ਕੀਮਤਾਂ ਦਾ ਸਹਾਰਾ ਲੈਂਦੀ ਹੈ ਤਾਂ ਉਸ ਦਾ ਸਵਾਗਤ ਹੀ ਕੀਤਾ ਜਾਣਾ ਚਾਹੀਦਾ ਹੈ।
ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਯਾਤਰਾ ’ਚ ਨਿਆਂ ਦਾ ਮਤਲਬ ਕੀ ਹੈ? ਕਾਂਗਰਸ ਵੱਲੋਂ ਜਾਰੀ ਅਧਿਕਾਰਤ ਐਲਾਨ ’ਚ ਨਿਆਂ ਦੀ ਧਾਰਨਾ ਨੂੰ ਸੰਵਿਧਾਨਕ ਭਾਸ਼ਾ ਭਾਵ ਸਿਆਸੀ, ਆਰਥਿਕ ਅਤੇ ਸਮਾਜਿਕ ਨਿਆਂ ਦਾ ਸੰਦਰਭ ਦਿੱਤਾ ਗਿਆ ਹੈ। ਇਹ ਸਹੀ ਦਿਸ਼ਾ ’ਚ ਸੰਕੇਤ ਕਰਦਾ ਹੈ, ਫਿਰ ਵੀ ਅਮੂਰਤ ਹੈ।
ਸਭ ਤੋਂ ਪਹਿਲਾਂ ਤਾਂ ਇਸ ਯਾਤਰਾ ਨੂੰ ਨਿਆਂ ਦੇ ਸਮਕਾਲੀਨ ਸੰਦਰਭ ਨਾਲ ਜੁੜਨਾ ਹੋਵੇਗਾ। ਆਜ਼ਾਦੀ ਦੇ ਬਾਅਦ ਤੋਂ ਆਮ ਜਨਤਾ ਲਈ ਨਿਆਂ ਨੂੰ ਵੱਖ-ਵੱਖ ਮੁਹਾਵਰਿਆਂ ’ਚ ਪ੍ਰਗਟ ਕੀਤਾ ਗਿਆ ਹੈ। 70 ਅਤੇ 80 ਦੇ ਦਹਾਕੇ ’ਚ ਨਿਆਂ ਦਾ ਮਤਲਬ ਸੀ ‘ਰੋਟੀ, ਕੱਪੜਾ ਅਤੇ ਮਕਾਨ’ ਭਾਵ ਜਨਤਾ ਲਈ ਜ਼ਿੰਦਗੀ ਦੇ ਗੁਜ਼ਾਰੇ ਲਈ ਘੱਟੋ-ਘੱਟ ਲੋੜਾਂ। ਔਸਤ ਜਨਤਾ ਦਾ ਮੁਹਾਵਰਾ 90 ਦਾ ਦਹਾਕਾ ਆਉਂਦੇ-ਆਉਂਦੇ ਬਦਲ ਚੁੱਕਾ ਸੀ। ਹੁਣ ਉਨ੍ਹਾਂ ਨੂੰ ਲੋੜ ਸੀ ‘ਬਿਜਲੀ, ਸੜਕ, ਪਾਣੀ’ ਦੀ, ਭਾਵ ਕਿ ਸਿਰਫ ਜ਼ਿੰਦਗੀ ਦੇ ਗੁਜ਼ਾਰੇ ਤੋਂ ਅੱਗੇ ਵੱਧ ਕੇ ਕੁਝ ਘੱਟੋ-ਘੱਟ ਜਨਤਕ ਸਹੂਲਤਾਂ ਦੀ।
ਪਰ ਅੱਜ ਜਨਤਾ ਦੀਆਂ ਖਾਹਿਸ਼ਾਂ ਹੋਰ ਅੱਗੇ ਵਧ ਚੁੱਕੀਆਂ ਹਨ। ਯੁਵਾ ਹੱਲਾ ਬੋਲ ਦੇ ਨੇਤਾ ਅਨੁਪਮ ਇਸ ਨਵੀਂ ਖਾਹਿਸ਼ ਨੂੰ ‘ਕਮਾਈ, ਪੜ੍ਹਾਈ ਅਤੇ ਦਵਾਈ’ ਦਾ ਨਾਂ ਦਿੰਦੇ ਹਨ। ਅੱਜ ਦੇਸ਼ ਦੇ ਨਾਗਰਿਕ ਨੂੰ ਰਾਸ਼ਨ ਚਾਹੀਦਾ, ਬਿਜਲੀ-ਪਾਣੀ ਵੀ ਪਰ ਉਹ ਉਸ ਨੇਤਾ ਅਤੇ ਸਰਕਾਰ ਦੀ ਭਾਲ ਕਰ ਰਿਹਾ ਹੈ ਜੋ ਹਰ ਨੌਜਵਾਨ ਨੂੰ ਰੋਜ਼ਗਾਰ ਦੇ ਸਕੇ, ਹਰ ਬੱਚੇ ਨੂੰ ਸਿੱਖਿਆ ਦੇ ਬਰਾਬਰ ਅਤੇ ਚੰਗੇ ਮੌਕੇ ਦੇ ਸਕੇ ਅਤੇ ਸਾਰੇ ਨਾਗਰਿਕਾਂ ਨੂੰ ਸਿਹਤ ਦੀ ਮੁਫਤ ਅਤੇ ਚੰਗੀ ਸਹੂਲਤ ਦੇ ਸਕੇ। ਭਾਰਤ ਜੋੜੋ ਨਿਆਂ ਯਾਤਰਾ ਨੂੰ ਇਨ੍ਹਾਂ ਨਵੀਆਂ ਖਾਹਿਸ਼ਾਂ ਨਾਲ ਜੋੜਨਾ ਹੋਵੇਗਾ।
ਇਨ੍ਹਾਂ ਖਾਹਿਸ਼ਾਂ ਨਾਲ ਨਿਆਂ ਕਰਨ ਲਈ ਇਨ੍ਹਾਂ ਨੂੰ ਠੋਸ ਯੋਜਨਾਵਾਂ ਅਤੇ ਐਲਾਨਾਂ ਦਾ ਸਰੂਪ ਦੇਣਾ ਹੋਵੇਗਾ ਤਾਂ ਕਿ ਜਨਤਾ ਨੂੰ ਭਰੋਸਾ ਹੋ ਸਕੇ ਕਿ ਇਹ ਇਕ ਹੋਰ ਜੁਮਲਾ ਨਹੀਂ ਹੈ। ਬੇਰੋਜ਼ਗਾਰੀ ਦੇ ਸੰਕਟ ਦਾ ਮੁਕਾਬਲਾ ਕਰਨ ਲਈ ਰੋਜ਼ਗਾਰ ਦੇ ਅਧਿਕਾਰ ਦੀ ਧਾਰਨਾ ਨੂੰ ਠੋਸ ਨੀਤੀ ’ਚ ਬਦਲਣਾ ਹੋਵੇਗਾ। ਇਸ ਲਈ ਦਿਹਾਤੀ ਰੋਜ਼ਗਾਰ ਗਾਰੰਟੀ ਦੇ ਨਾਲ-ਨਾਲ ਰਾਜਸਥਾਨ ’ਚ ਲਾਗੂ ਕੀਤੀ ਗਈ ਸ਼ਹਿਰੀ ਰੋਜ਼ਗਾਰ ਗਾਰੰਟੀ ਅਤੇ ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਮੁਫਤ ਅਪ੍ਰੈਂਟਿਸਸ਼ਿਪ ਵਰਗੀਆਂ ਯੋਜਨਾਵਾਂ ਦਾ ਖਾਕਾ ਪੇਸ਼ ਕਰਨਾ ਹੋਵੇਗਾ। ਸਿਹਤ ਦੀ ਗਾਰੰਟੀ ਲਈ ਸਿਰਫ ਬੀਮੇ ’ਤੇ ਨਿਰਭਰ ਹੋਣ ਦੇ ਕਾਰਨ ਮੁੱਢਲਾ ਸਿਹਤ ਕੇਂਦਰ ਤੋਂ ਲੈ ਕੇ ਸਰਕਾਰੀ ਜ਼ਿਲਾ ਹਸਪਤਾਲ ਦੀ ਵਿਵਸਥਾ ਨੂੰ ਮਜ਼ਬੂਤ ਕਰਨਾ ਹੋਵੇਗਾ। ਇਨ੍ਹਾਂ ਵਿਚ ਮੁਫਤ ਡਾਕਟਰ ਦੇ ਨਾਲ-ਨਾਲ ਮੁਫਤ ਟੈਸਟ ਅਤੇ ਦਵਾਈਆਂ ਦੀ ਵਿਵਸਥਾ ਵੀ ਯਕੀਨੀ ਬਣਾਉਣੀ ਹੋਵੇਗੀ।
ਇਸੇ ਨਾਲ ਜੁੜੀ ਅਤੇ ਸਭ ਤੋਂ ਵੱਡੀ ਚੁਣੌਤੀ ਹੈ ਨਿਆਂ ਦੀ ਇਸ ਧਾਰਨਾ ਲਈ ਸਿਆਸੀ ਆਧਾਰ ਬਣਾਉਣਾ, ਜਿਸ ਦੀ ਘਾਟ ਵਿਚ ਇਹ ਧਾਰਨਾ ਸਿਰਫ ਕਾਗਜ਼ੀ ਬਣੀ ਰਹੇਗੀ। ਅੱਜ ਦੇ ਭਾਰਤ ’ਚ ਬੇਇਨਸਾਫੀ ਦੇ ਸ਼ਿਕਾਰ ਵਰਗਾਂ ਦੀ ਪਛਾਣ ਕਰਨੀ ਔਖੀ ਨਹੀਂ ਹੈ। ਮਹਿਲਾ, ਬੇਰੋਜ਼ਗਾਰ, ਯੂਥ, ਗਰੀਬ, ਮਜ਼ਦੂਰ ਅਤੇ ਕਿਸਾਨ ਦੇ ਨਾਲ-ਨਾਲ ਉਨ੍ਹਾਂ ਸਮਾਜਿਕ ਭਾਈਚਾਰਿਆਂ ਨੂੰ ਵੀ ਲੱਭਣਾ ਹੋਵੇਗਾ ਜੋ ਅੱਜ ਵੀ ਸਮਾਜਿਕ ਬੇਇਨਸਾਫੀ ਦਾ ਸੰਤਾਪ ਝੱਲ ਰਹੇ ਹਨ। ਦਲਿਤ, ਆਦਿਵਾਸੀ, ਪੱਛੜੇ ਅਤੇ ਘੱਟ ਗਿਣਤੀ ਸਮਾਜ ਦੀ ਆਵਾਜ਼ ਚੁੱਕਦੇ ਸਮੇਂ ਟੱਪਰੀਵਾਸ ਸਮਾਜ, ਪਸਮਾਂਦਾ ਸਮਾਜ, ਅਤਿ ਪੱਛੜੇ ਅਤੇ ਮਹਾਦਲਿਤ ਦੀ ਆਵਾਜ਼ ਨੂੰ ਬੁਲੰਦ ਕਰਨਾ ਇਸ ਯਾਤਰਾ ਦੀ ਨੈਤਿਕ ਅਤੇ ਸਿਆਸੀ ਜ਼ਿੰਮੇਵਾਰੀ ਹੈ।
‘ਦੁਨੀਆ ਕੇ ਰੰਜ ਸਹਨਾ ਔਰ ਕੁਛ ਨਾ ਮੂੰਹ ਸੇ ਕਹਨਾ/ਸੱਚਾਈਓਂ ਕੇ ਬਲ ਪੇ ਆਗੇ ਕੋ ਬੜ੍ਹਤੇ ਰਹਨਾ/ਰੱਖ ਦੋਗੇ ਏਕ ਦਿਨ ਤੁਮ ਸੰਸਾਰ ਕੋ ਬਦਲ ਕੇ/ਇਨਸਾਫ ਕੀ ਡਗਰ ਪੇ’।