ਸਬੰਧਾਂ ਦੀ ਡੋਰ ਨਾਲ ਸਭ ਨੂੰ ਬੰਨ੍ਹ ਕੇ ਰੱਖਣ ਵਾਲੇ ਸਨ ਭੈਰੋਂ ਸਿੰਘ ਸ਼ੇਖਾਵਤ
Monday, Oct 23, 2023 - 03:15 PM (IST)
ਇਹ ਸਾਲ ਦੇਸ਼ ਦੇ ਸਾਬਕਾ ਉਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦਾ ਜਨਮ ਸ਼ਤਾਬਦੀ ਸਾਲ ਰਿਹਾ ਹੈ। ਉਨ੍ਹਾਂ ਨੂੰ ਯਾਦ ਕਰਨ ਦਾ ਭਾਵ ਹੈ ਸਿਆਸਤ ਦੀ ਉਸ ਪ੍ਰੰਪਰਾ ਨੂੰ ਯਾਦ ਕਰਨਾ ਜਿਸ ’ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਆਸਤਦਾਨ ਆਪਣੀ ਖੁੱਲ੍ਹੀ ਸ਼ਖਸੀਅਤ ਦਾ ਨਿਰਮਾਣ ਕਰਦੇ ਹਨ। ਭੈਰੋਂ ਸਿੰਘ ਜੀ ਅਜਿਹੇ ਹੀ ਸਨ। ਸਿਆਸਤ ’ਚ ਰਹਿੰਦੇ ਹੋਏ ਵੀ ਉਸ ਦੇ ਸੌੜੇਪਨ ਤੋਂ ਉਹ ਹਮੇਸ਼ਾ ਦੂਰ ਰਹੇ। ਸੰਵਿਧਾਨਕ ਮਾਮਲਿਆਂ ਦੇ ਵਿਦਵਾਨ ਭੈਰੋਂ ਸਿੰਘ ਸ਼ੇਖਾਵਤ ਜੀ ਸਿਆਸੀ ਸ਼ੁੱਧਤਾ ਨਾਲ ਜੁੜੀ ਵਿਲੱਖਣ ਕਿਸਮ ਦੀ ਸ਼ਖਸੀਅਤ ਸਨ। ਮੈਨੂੰ ਇਹ ਵੀ ਲੱਗਦਾ ਹੈ ਕਿ ਉਹ ਵਿਅਕਤੀ ਨਹੀਂ ਸਗੋਂ ਆਪਣੇ ਆਪ ’ਚ ਸੰਵਿਧਾਨਕ ਸੰਸਥਾ ਸਨ।
ਸੰਵਿਧਾਨਕ ਅਹੁਦਿਆਂ ’ਤੇ ਰਹਿੰਦੇ ਹੋਏ ਉਨ੍ਹਾਂ ਨੇ ਉਨ੍ਹਾਂ ਅਦਾਰਿਆਂ ਦੇ ਅਜਿਹੇ ਆਦਰਸ਼ ਸਥਾਪਿਤ ਕੀਤੇ ਜਿਨ੍ਹਾਂ ਨੂੰ ਚਾਹੁੰਦਿਆਂ ਹੋਇਆਂ ਵੀ ਕੋਈ ਭੁਲਾ ਨਹੀਂ ਸਕਦਾ। ਉਹ ਰਾਜ ਸਭਾ ਦੇ ਮੈਂਬਰ ਰਹੇ। ਉਲਟ ਹਾਲਾਤ ਦੇ ਬਾਵਜੂਦ 3 ਵਾਰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਰਾਜਸਥਾਨ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਬਹੁਤ ਵਧੀਆ ਢੰਗ ਨਾਲ ਸੰਭਾਲੀ। ਲੋਕਰਾਜ ਦੀ ਇਸੇ ਯਾਤਰਾ ਤੋਂ ਸਾਲ 2002 ’ਚ ਦੇਸ਼ ਦੇ ਉਪ-ਰਾਸ਼ਟਰਪਤੀ ਦੇ ਵੱਕਾਰੀ ਅਹੁਦੇ ਲਈ ਉਨ੍ਹਾਂ ਨੂੰ ਚੁਣਿਆ ਗਿਆ ਪਰ ਇਨ੍ਹਾਂ ਸਭ ਤੋਂ ਵੱਖਰੀ ਕਿਸਮ ਦੀ ਉਨ੍ਹਾਂ ਦੀ ਉਹ ਸ਼ਖਸੀਅਤ ਹੈ ਜਿਸ ’ਚ ਹਰ ਪਾਰਟੀ ਦਾ ਪ੍ਰਮੁੱਖ ਸਿਆਸਤਦਾਨ ਆਪਣੇਪਨ ਦੀ ਡੋਰ ਨਾਲ ਖੁਦ ਨੂੰ ਬੱਝਾ ਮਹਿਸੂਸ ਕਰਦਾ ਸੀ। ਉਨ੍ਹਾਂ ਨਾਲ ਸਬੰਧਤ ਬਹੁਤ ਸਾਰੀਆਂ ਯਾਦਾਂ ਹਨ। ਸਿਆਸੀ ਸੋਚ ਤੋਂ ਉਪਰ ਉੱਠ ਕੇ ਹਰ ਪਾਰਟੀ ਦੇ ਲੋਕਾਂ ਨਾਲ ਆਤਮਿਕ ਸਬੰਧ ਸਥਾਪਿਤ ਕਰਨ ਵਾਲੇ ਉਹ ਆਦਰਸ਼ ਵਿਅਕਤੀ ਸਨ। ਮੈਂ ਇਹ ਮੰਨਦਾ ਹਾਂ ਕਿ ਲੋਕਰਾਜੀ ਪ੍ਰਕਿਰਿਆ ਦੀ ਸ਼ੁੱਧਤਾ ਨੂੰ ਕਿਵੇਂ ਬਣਾਈ ਰੱਖਿਆ ਜਾਵੇ, ਇਹ ਉਨ੍ਹਾਂ ਕੋਲੋਂ ਸਿੱਖਿਆ ਜਾ ਸਕਦਾ ਹੈ।
ਮੁੱਖ ਮੰਤਰੀ ਵਜੋਂ ਉਨ੍ਹਾਂ ‘ਅੰਤੋਦਿਆ ਯੋਜਨਾ’, ‘ਕੰਮ ਦੇ ਬਦਲੇ ਅਨਾਜ’ ਵਰਗੀਆਂ ਜਿਹੜੀਆਂ ਯੋਜਨਾਵਾਂ ਸ਼ੁਰੂ ਕੀਤੀਆਂ, ਉਨ੍ਹਾਂ ਨਾਲ ਗਰੀਬੀ ਦੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਿਤਾ ਰਹੇ ਲੋਕਾਂ ਦਾ ਹੀ ਭਲਾ ਨਹੀਂ ਹੋਇਆ, ਪੂਰੇ ਦੇਸ਼ ਦੇ ਹੋਰਨਾਂ ਸੂਬਿਆਂ ਨੇ ਵੀ ਉਨ੍ਹਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਅਪਣਾ ਕੇ ਲੋਕਪ੍ਰਿਅਤਾ ਹਾਸਲ ਕੀਤੀ। ਮੈਨੂੰ ਉਨ੍ਹਾਂ ਦਾ ਸਭ ਤੋਂ ਵਧੀਆ ਪੱਖ ਜਿਹੜਾ ਨਜ਼ਰ ਆਉਂਦਾ ਹੈ, ਉਹ ਹੈ ਉਨ੍ਹਾਂ ਦਾ ‘ਬਾਬੋਸਾ’ ਦਾ ਰੂਪ। ਪਿਆਰ ਨਾਲ ਲੋਕ ਉਨ੍ਹਾਂ ਨੂੰ ‘ਬਾਬੋਸਾ’ ਕਹਿੰਦੇ ਸਨ ਅਤੇ ਇਹ ਸੰਬੋਧਨ ਇਸ ਲਈ ਉਨ੍ਹਾਂ ਦੇ ਨਾਂ ਨਾਲ ਜੁੜ ਗਿਆ ਕਿ ਪਹਿਲਾਂ ਲੋਕ ਸਰਕਾਰ ਤੱਕ ਆਉਂਦੇ ਸਨ ਅਤੇ ਉਨ੍ਹਾਂ ਦੇ ਕਾਰਜਕਾਲ ’ਚ ਸਰਕਾਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਹੋਇਆ। ‘ਬਾਬੋਸਾ’ ਉਹ ਹੁੰਦਾ ਹੈ ਜੋ ਸਭ ਦਾ ਧਿਆਨ ਰੱਖਦਾ ਹੈ। ਅਸਲ ’ਚ ਉਹ ਬਹੁਤ ਮਿਲਣਸਾਰ ਸਨ। ਤੁਸੀਂ ਖੁਦ ਅੰਦਾਜ਼ਾ ਲਾਓ ਉਨ੍ਹਾਂ ਦੇ ਸੰਵਿਧਾਨਕ ਕੰਮਾਂ ਦਾ ਕਿ ਉਨ੍ਹਾਂ ਨੇ ਜ਼ਿਮੀਂਦਾਰੀ ਘਰਾਣੇ ਤੋਂ ਹੁੰਦੇ ਹੋਏ ਜ਼ਿਮੀਂਦਾਰੀ ਦੇ ਖਾਤਮੇ ਦੀ ਹਮਾਇਤ ਕੀਤੀ। ਵਿਰੋਧ ਦੇ ਬਾਵਜੂਦ ਰੂਪ ਕੰਵਰ ਸਤੀ ਮਾਮਲੇ ’ਚ ਸਤੀ ਪ੍ਰਥਾ ਦੀ ਨਿੰਦਾ ਕੀਤੀ। ਗਰੀਬਾਂ ਨੂੰ ਅਧਿਕਾਰ ਦਿਵਾਉਣ ਲਈ ਸੂਬੇ ਦੀਆਂ ਯੋਜਨਾਵਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਮੈਂ ਖੁਦ ਭੈਰੋਂ ਸਿੰਘ ਸ਼ੇਖਾਵਤ ਜੀ ਨੂੰ ਬਹੁਤ ਨੇੜਿਓਂ ਵੇਖਿਆ ਹੈ। ਉਹ ਜਿਵੇਂ ਸਨ, ਤਿਵੇਂ ਹੀ ਨਜ਼ਰ ਆਉਣ ਦਾ ਯਤਨ ਕਰਦੇ ਸਨ।
ਮੈਂ ਹਿੰਦੀ ਬੋਲਦਾ ਅਤੇ ਇਹ ਮਹਿਸੂਸ ਕਰਦਾ ਸੀ ਕਿ ਉਹ ਆਪਣੀ ਹਿੰਦੀ ’ਚ ਵੀ ਮਾਰਵਾੜੀ ਸ਼ਬਦ ਵਾਰ-ਵਾਰ ਲਿਆਉਂਦੇ ਸਨ। ਉਹ ਉਨ੍ਹਾਂ ਦੇ ਸੰਸਕਾਰ ਸਨ। ਮੈਂ ਕਈ ਵਾਰ ਉਨ੍ਹਾਂ ਨੂੰ ਕੋਈ ਕੰਮ ਦੱਸਿਆ ਅਤੇ ਖੁਦ ਭੁੱਲ ਗਿਆ ਪਰ ਹੈਰਾਨੀ ਹੁੰਦੀ ਸੀ ਕਿ ਕੁਝ ਸਮੇਂ ਬਾਅਦ ਉਹ ਉਸ ਕੰਮ ਨੂੰ ਪੂਰਾ ਕੀਤੇ ਜਾਣ ਬਾਰੇ ਮੈਨੂੰ ਜਾਣਕਾਰੀ ਦਿੰਦੇ ਸਨ। ਛੋਟੀ ਤੋਂ ਛੋਟੀ ਗੱਲ ਨੂੰ ਉਹ ਯਾਦ ਰੱਖਦੇ ਸਨ। ਕੋਈ ਰਾਇ ਉਨ੍ਹਾਂ ਨੂੰ ਅਧਿਕਾਰੀਆਂ ਕੋਲੋਂ ਵੀ ਮਿਲਦੀ ਸੀ ਤਾਂ ਉਸ ਦੀ ਪੜਤਾਲ ਕਰਦੇ ਸਨ। ਕਈ ਵਾਰ ਵੱਡੇ-ਵੱਡੇ ਜਲਸਿਆਂ ’ਚ ਮੈਂ ਵੇਖਿਆ ਕਿ ਆਖਰੀ ਸਿਰੇ ’ਤੇ ਕੋਈ ਵਿਅਕਤੀ ਖੜ੍ਹਾ ਹੈ ਤੇ ਉਹ ਦੂਰ ਤੋਂ ਹੀ ਉਸ ਦਾ ਨਾਂ ਲੈ ਕੇ ਉਸ ਨੂੰ ਆਪਣੇ ਕੋਲ ਬੁਲਾਉਂਦੇ ਸਨ, ਉਸ ਕੋਲ ਚਲੇ ਵੀ ਜਾਂਦੇ ਸਨ। ਇਹ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਸਨ। ਉਨ੍ਹਾਂ ਦੇ ਜਨ ਸਰੋਕਾਰ ਸਨ। ਲੋਕਰਾਜ ਇਸੇ ਢੰਗ ਨਾਲ ਮਜ਼ਬੂਤ ਹੁੰਦਾ ਹੈ। ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਸੰਸਦੀ ਅਦਾਰਿਆਂ ’ਚ ਭੇਜਿਆ ਹੈ, ਉਨ੍ਹਾਂ ਬਾਰੇ ਤੁਹਾਨੂੰ ਪੂਰੀ-ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਆਪਣੇ ਵਰਕਰਾਂ ਨਾਲ ਹੀ ਨਹੀਂ, ਆਮ ਲੋਕਾਂ ਨਾਲ ਵੀ ਤੁਹਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ ਚਾਹੀਦਾ ਹੈ।
ਦੇਸ਼ ਦੀ ਸਭ ਤੋਂ ਵੱਡੀ ਯੋਜਨਾ ‘ਅੰਤੋਦਿਆ’ ਕਿਵੇਂ ਸਾਹਮਣੇ ਆਈ, ਇਸ ਦੀ ਥੋੜ੍ਹੀ ਬਹੁਤ ਜਾਣਕਾਰੀ ਮੈਨੂੰ ਹੈ। ਭੈਰੋਂ ਸਿੰਘ ਸ਼ੇਖਾਵਤ ਸੰਵਿਧਾਨ ਦੀ ਸੰਸਕ੍ਰਿਤੀ ਨਾਲ ਨੇੜਿਓਂ ਜੁੜੇ ਹੋਏ ਸਨ। ਉਨ੍ਹਾਂ ਨੇ ਦਰਿਦਰਨਾਰਾਇਣ ਦੇ ਉੱਥਾਨ ਲਈ ਇਸ ਯੋਜਨਾ ਨੂੰ ਸਾਕਾਰ ਕੀਤਾ। ਸਾਡਾ ਸੰਵਿਧਾਨ ਜਿਸ ਸਮਾਜਿਕ, ਆਰਥਿਕ ਅਤੇ ਸਿਆਸੀ ਨਿਆਂ ਦੀ ਗੱਲ ਕਰਦਾ ਹੈ, ਉਸ ਸਭ ਦੀ ਪਾਲਣਾ ‘ਅੰਤੋਦਿਆ’ ’ਚ ਸਮਾਈ ਹੋਈ ਹੈ। ਭੈਰੋਂ ਸਿੰਘ ਜੀ ਨੇ ਅੰਤੋਦਿਆ ਨੂੰ ਮਨੁੱਖੀ ਸੰਵੇਦਨਾ ਨਾਲ ਜੋੜਿਆ। ਇੰਝ ਹੀ ਉਨ੍ਹਾਂ ਲੋਕਰਾਜੀ ਕਦਰਾਂ-ਕੀਮਤਾਂ ਨਾਲ ਹਰ ਆਮ ਅਤੇ ਖਾਸ ਦਾ ਨਾਤਾ ਜੋੜਿਆ। ਸਿਆਸੀ ਸੂਝ ਨਾਲ ਉੱਚ ਮਨੁੱਖੀ ਕਦਰਾਂ-ਕੀਮਤਾਂ ਦੇ ਹਮਾਇਤੀ ਉਹ ਸਬੰਧ ਨਿਭਾਉਣ ਦੇ ਉਸ ਹੁਨਰ ਨਾਲ ਜੁੜੇ ਹੋਏ ਸਨ, ਜਿਸ ਰਾਹੀਂ ਆਪਣੇ ਅਤੇ ਬਿਗਾਨੇ ਦਾ ਫਰਕ ਖਤਮ ਹੋ ਜਾਂਦਾ ਹੈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨ੍ਹਾਂ ਵੱਲੋਂ ਦੱਸੀਆਂ ਹੋਈਆਂ ਆਦਰਸ਼ ਸੰਵਿਧਾਨਕ ਕਦਰਾਂ-ਕੀਮਤਾਂ ’ਤੇ ਚੱਲਦੇ ਹੋਏ ਸਦਭਾਵਨਾ ਦੀ ਸੰਸਕ੍ਰਿਤੀ ਨੂੰ ਆਪਣੇ ਅੰਦਰ ਵਸਾ ਲਈਏ। ਸਿਆਸਤ ’ਚ ਸ਼ੁੱਧਤਾ ਸਥਾਪਿਤ ਕਰਦੇ ਹੋਏ ਅਪਣੇਪਨ ਦੀ ਦੁਨੀਆ ਵਸਾਈਏ।
-ਕਲਰਾਜ ਮਿਸ਼ਰ
ਰਾਜਪਾਲ, ਰਾਜਸਥਾਨ