ਬੋਤਲਬੰਦ ਪਾਣੀ ਦੇ ਸ਼ੌਕੀਨ ਹੋ ਜਾਣ ਸਾਵਧਾਨ!
Tuesday, Aug 17, 2021 - 03:56 AM (IST)

ਦੇਵੇਂਦਰ ਰਾਜ ਸੁਥਾਰ
ਅੱਜ ਸ਼ੁੱਧ ਪੀਣ ਵਾਲੇ ਪਾਣੀ ਦੀਆਂ ਚੁਣੌਤੀਆਂ ਦਰਮਿਆਨ ਬੋਤਲਬੰਦ ਅਤੇ ਕੇਨ ਦੇ ਪਾਣੀ ਦੀ ਵਰਤੋਂ ਸਾਡੇ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਪਰ ਇਹ ਪਾਣੀ ਸਿਹਤ ਅਤੇ ਚੌਗਿਰਦੇ ਲਈ ਕਿੰਨਾ ਲਾਹੇਵੰਦ ਅਤੇ ਨੁਕਸਾਨਦੇਹ ਹੈ, ਇਸ ਨੂੰ ਲੈ ਕੇ ਹਾਲ ਹੀ ’ਚ ਬਾਰਸੀਲੋਨਾ (ਸਪੇਨ) ’ਚ ਇਕ ਅਧਿਐਨ ਕੀਤਾ ਗਿਆ। ਇਸ ਮੁਤਾਬਕ ਬੋਤਲਬੰਦ ਪਾਣੀ ਦਾ ਚੌਗਿਰਦੇ ਦੀ ਪ੍ਰਣਾਲੀ ’ਤੇ 1400 ਗੁਣਾ ਅਤੇ ਪਾਣੀ ਦੇ ਸੋਮਿਆਂ ’ਤੇ 3500 ਗੁਣਾ ਵਧ ਮਾੜਾ ਅਸਰ ਪੈਂਦਾ ਹੈ। ਬੋਤਲਬੰਦ ਪਾਣੀ ਨੂੰ ਬਣਾਉਣ ਦੀ ਪ੍ਰਕਿਰਿਆ ’ਚ ਹਰ ਸਾਲ ਲਗਭਗ 1.43 ਨਸਲਾਂ ਧਰਤੀ ਤੋਂ ਖਤਮ ਹੋ ਰਹੀਆਂ ਹਨ ਅਤੇ ਨਾਲ ਹੀ ਜੈਵ ਵੰਨ-ਸੁਵੰਨਤਾ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਦੱਸਣਯੋਗ ਹੈ ਕਿ ਇਕ ਲਿਟਰ ਬੋਤਲਬੰਦ ਪਾਣੀ ਲਈ 1.6 ਲਿਟਰ ਪਾਣੀ ਲੱਗਦਾ ਹੈ। ਇਸ ’ਚ ਭਰਿਆ ਜਾਣ ਵਾਲਾ ਵਧੇਰੇ ਪਾਣੀ ਜ਼ਮੀਨ ’ਚੋਂ ਲਿਆ ਹੁੰਦਾ ਹੈ। ਇਸ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਭਾਰਤ ’ਚ ਪਲਾਸਟਿਕ ਦਾ ਵੱਡੀ ਪੱਧਰ ’ਤੇ ਉਤਪਾਦਨ 6 ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ। ਬੋਤਲਬੰਦ ਪਾਣੀ ਦੀ ਸ਼ੁਰੂਆਤ ਪੋਲੀਥਈਲੀਨ ਟੇਰਾਪਥਾਲੇਟ (ਪੀ.ਈ.ਟੀ.) ਨਾਲ ਸਿੰਗਲ ਯੂਜ਼ ਬੋਤਲਾਂ ਦੇ ਬਣਨ ਪਿੱਛੋਂ ਹੋਈ। ਇਸ ਪਾਲਿਸਟਰ ਪਲਾਸਟਿਕ ਨੇ ਸਭ ਪੀਣ ਵਾਲੇ ਪਦਾਰਥਾਂ ਦੀ ਬੋਤਲਬੰਦ ਵਿਕਰੀ ਸ਼ੁਰੂ ਕਰਵਾ ਦਿੱਤੀ। ਇਸ ਪਲਾਸਟਿਕ ਨੂੰ ਬਾਇਓਗ੍ਰੇਡਿਡ ਹੋਣ ’ਚ ਕਈ ਸਾਲ ਲੱਗ ਜਾਂਦੇ ਹਨ। ਸਾੜੇ ਜਾਣ ’ਤੇ ਇਹ ਨੁਕਸਾਨਦੇਹ ਜ਼ਹਿਰੀਲਾ ਧੂੰਆਂ ਛੱਡਦਾ ਹੈ। ਯੂਰੋ ਮਾਨੀਟਰ ਮੁਤਾਬਕ ਅੱਜ ਭਾਰਤ ’ਚ 5000 ਤੋਂ ਵੱਧ ਨਿਰਮਾਤਾ ਹਨ, ਜਿਨ੍ਹਾਂ ਕੋਲ ਬਿਊਰੋ ਆਫ ਇੰਡੀਅਨ ਸਟੈਂਡਰਡ ਲਾਇਸੈਂਸ ਹੈ। ਭਾਰਤ ’ਚ ਬੋਤਲਬੰਦ ਪਾਣੀ ਦੇ ਕਾਰੋਬਾਰ ਨੂੰ ਲੈ ਕੇ ਇਕ ਸਰਵੇਖਣ ਰਿਪੋਰਟ ਦੱਸਦੀ ਹੈ ਕਿ ਇਹ ਸਾਲਾਨਾ ਲਗਭਗ 21 ਫੀਸਦੀ ਦੇ ਹਿਸਾਬ ਨਾਲ ਵਧ ਰਿਹਾ ਹੈ। 2019 ਦੇ ਅੰਕੜੇ ਗਵਾਹ ਹਨ ਕਿ 160 ਅਰਬ ਰੁਪਏ ਦਾ ਇਹ ਕਾਰੋਬਾਰ 2023 ਤਕ ਵਧ ਕੇ 460 ਅਰਬ ਦੇ ਪੱਧਰ ’ਤੇ ਪਹੁੰਚਣ ਵਾਲਾ ਹੈ। ਇਸ ਦਾ ਸਿੱਧਾ ਸੰਬੰਧ ਚੌਗਿਰਦੇ ਨਾਲ ਜੁੜਿਆ ਹੈ। ਪੂਰੀ ਦੁਨੀਆ ’ਚ ਪ੍ਰਚਲਿਤ ਬੋਤਲਬੰਦ ਪਾਣੀ ਪਲਾਸਟਿਕ ਦੇ ਕਚਰੇ ’ਚ ਵਾਧੇ ਦਾ ਮੁੱਖ ਕਾਰਨ ਹੈ। ਜਿਥੇ ਦੇਸ਼ ਦੇ ਖੁਸ਼ਹਾਲ ਲੋਕ ਬੋਤਲਬੰਦ ਪਾਣੀ ’ਤੇ ਨਿਰਭਰ ਹੁੰਦੇ ਜਾ ਰਹੇ ਹਨ, ਉਥੇ ਗਰੀਬ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ।
ਅਸੀਂ ਆਪਣੀ ਸੰਸਕ੍ਰਿਤੀ, ਸਮਰਥਾ ਅਤੇ ਸਿਧਾਂਤਾਂ ਨੂੰ ਛੱਡ ਕੇ ਹਰ ਚੀਜ਼ ਦੇ ਬਾਜ਼ਾਰੀਕਰਨ ਵੱਲ ਜਾ ਰਹੇ ਹਾਂ। ਦੂਜੇ ਦੇਸ਼ ਸਾਡੀਆਂ ਪ੍ਰੰਪਰਾਵਾਂ ਨੂੰ ਅਪਣਾ ਰਹੇ ਹਨ। ਪਹਿਲਾਂ ਭਾਰਤ ’ਚ ਗਰਮੀਆਂ ਦੇ ਸ਼ੁਰੂ ਹੁੰਦਿਆਂ ਹੀ ਪਿਆਊ ਦਾ ਪ੍ਰਬੰਧ ਹੋ ਜਾਂਦਾ ਸੀ। ਸ਼ਹਿਰਾਂ ਤੋਂ ਲੈ ਕੇ ਪੇਂਡੂ ਹਲਕਿਆਂ ਤਕ ਖਰਾਬ ਪਏ ਜਨਤਕ ਹੈਂਡਪੰਪ ਅਤੇ ਟਿਊਬਵੈੱਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਖੂਹਾਂ-ਤਾਲਾਬਾਂ ਨੂੰ ਸਾਫ ਕਰਨ ਦਾ ਕੰਮ ਹੁੰਦਾ ਸੀ ਪਰ ਹੌਲੀ-ਹੌਲੀ ਇਹ ਵਿਵਸਥਾ ਖਤਮ ਹੁੰਦੀ ਜਾ ਰਹੀ ਹੈ। ਸੜਕ ਕੰਢੇ ਬਣੇ ਹੈਂਡਪੰਪਾਂ ਨੂੰ ਹਟਾ ਕੇ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਚਾਰੇ ਪਾਸੇ ਪਾਣੀ ਦੀ ਕਿੱਲਤ ਨਜ਼ਰ ਆ ਰਹੀ ਹੈ। ਬਸ ਇਥੋਂ ਵਪਾਰੀਆਂ ਨੂੰ ਮੌਕਾ ਮਿਲ ਰਿਹਾ ਹੈ। ਉਹ ਸਿੱਧੇ ਤੌਰ ’ਤੇ ਕੁਦਰਤੀ ਪਾਣੀ ਨੂੰ ਬੋਤਲਾਂ ’ਚ ਬੰਦ ਕਰ ਕੇ ਵੇਚ ਰਹੇ ਹਨ। ਭਾਰਤ ’ਚ ਬੋਤਲਬੰਦ ਪਾਣੀ ਟੂਟੀਆਂ ਰਾਹੀਂ ਨਹੀਂ ਸਗੋਂ ਜ਼ਮੀਨ ਹੇਠਲੇ ਪਾਣੀ ਦੇ ਸੋਮਿਆਂ ਤੋਂ ਆ ਰਿਹਾ ਹੈ। ਇਸ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਸਿੱਧਾ ਜ਼ਮੀਨ ਹੇਠਲੇ ਪਾਣੀ ਨੂੰ ਬੋਤਲਾਂ ’ਚ ਭਰ ਕੇ ਬਾਜ਼ਾਰਾਂ ’ਚ ਵੇਚ ਰਹੀਆਂ ਹਨ। ਕਈ ਵਾਰ ਤਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਪਾਣੀ ਨੂੰ ਸਾਫ ਤਕ ਨਹੀਂ ਕੀਤਾ ਜਾਂਦਾ। ਇਕ ਭਾਵ ’ਚ ਦੇਖੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਜ਼ਮੀਨ ਹੇਠਲੇ ਪਾਣੀ ਦਾ ਨਿੱਜੀਕਰਨ ਹੋ ਗਿਆ ਹੈ।
ਪੱਛਮੀ ਦੇਸ਼ਾਂ ’ਚ ਬੋਤਲਬੰਦ ਪਾਣੀ ਦੀ ਸ਼ੁਰੂਆਤ 19ਵੀਂ ਸਦੀ ’ਚ ਹੀ ਹੋ ਗਈ ਸੀ। ਭਾਰਤ ’ਚ ਇਸ ਦੀ ਸ਼ੁਰੂਆਤ 1990 ’ਚ ਬਿਸਲੇਰੀ ਨੇ ਕੀਤੀ ਸੀ। ਪੈਪਸੀ ਅਤੇ ਕੋਕਾਕੋਲਾ ਵਰਗੀਆਂ ਕੌਮਾਂਤਰੀ ਕੰਪਨੀਆਂ ਨੇ ਬੋਤਲਬੰਦ ਪਾਣੀ ਨੂੰ ਵੱਡੇ ਬਾਜ਼ਾਰ ਦੇ ਰੂਪ ’ਚ ਬਦਲ ਦਿੱਤਾ। ਸ਼ੁਰੂ ’ਚ ਬਿਸਲੇਰੀ, ਪੈਪਸੀ, ਨੈਸਲੇ, ਮਾਊਂਟ ਐਵਰੈਸਟ, ਕਿਨਲੇ, ਕਿੰਗਫਿਸ਼ਰ ਅਤੇ ਪਾਰਲੇ ਵਰਗੀਆਂ ਕੁਝ ਬ੍ਰਾਂਡ ਦੀਆਂ ਬੋਤਲਾਂ ਹੀ ਨਜ਼ਰ ਆਉਂਦੀਆਂ ਸਨ ਪਰ ਹੁਣ ਸਥਾਨਕ ਪੱਧਰ ’ਤੇ ਵੀ ਸੈਂਕੜੇ ਬ੍ਰਾਂਡ ਕਾਰੋਬਾਰ ਕਰ ਰਹੇ ਹਨ। ਹਰ ਸ਼ਹਿਰ ’ਚ ਉਥੋਂ ਦੇ ਸਥਾਨਕ ਬ੍ਰਾਂਡ ਹਨ ਜੋ ਲੋਕਾਂ ਦੀ ਪਿਆਸ ਬੁਝਾ ਰਹੇ ਹਨ। ਭਾਰਤੀ ਸਟੈਂਡਰਡ ਯੂਰੋ ਮੁਤਾਬਕ ਇਸ ਸਮੇਂ ਦੇਸ਼ ’ਚ 5700 ਲਾਇਸੈਂਸੀ ਬਾਟਲਿੰਗ ਪਲਾਂਟ ਹਨ ਜਦੋਂ ਕਿ ਨੈਚੂਰਲ ਮਿਨਰਲ ਵਾਟਰ ਦੇ ਸਿਰਫ 25 ਪਲਾਂਟ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਤੋਂ ਦੁੱਗਣੇ ਪਲਾਂਟ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਹਨ। ਲੋਕ ਸਭਾ ’ਚ ਪੇਸ਼ ਇਕ ਰਿਪੋਰਟ ਮੁਤਾਬਕ ਸੋਕਾ ਪ੍ਰਭਾਵਿਤ ਬੁੰਦੇਲਖੰਡ ’ਚ ਪਾਣੀ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੇ 25 ਬਾਟਲਿੰਗ ਪਲਾਂਟ ਦੇ ਲਾਇਸੈਂਸ ਲਏ ਹਨ। ਇਸ ਸਮੇਂ ਭਾਰਤ ਦੁਨੀਆ ’ਚ ਬੋਤਲਬੰਦ ਪਾਣੀ ਦੀ ਵਰਤੋਂ ਕਰਨ ਵਾਲਾ 10ਵਾਂ ਸਭ ਤੋਂ ਵੱਡਾ ਦੇਸ਼ ਹੈ। ਇਸ ਦਾ ਕਾਰਨ ਬਿਲਕੁਲ ਸਪਸ਼ਟ ਹੈ, ਆਬਾਦੀ ਦਾ ਤੇਜ਼ੀ ਨਾਲ ਵਧਣਾ। ਪਾਣੀ ਘੱਟ ਹੋਣ ਦੇ ਨਾਲ-ਨਾਲ ਦੂਸ਼ਿਤ ਵੀ ਹੋ ਰਿਹਾ ਹੈ। ਇਸ ਲਈ ਬੋਤਲਬੰਦ ਪਾਣੀ ਦਾ ਹੀ ਸਹਾਰਾ ਹੈ।
ਭਾਰਤ ਵਰਗੇ ਦੇਸ਼ ’ਚ ਟੂਟੀਆਂ ਰਾਹੀਂ ਪੀਣ ਯੋਗ ਪਾਣੀ ਦਾ ਆਉਣਾ ਬਹੁਤ ਹੀ ਹੈਰਾਨੀਜਨਕ ਲੱਗਦਾ ਹੈ। ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ’ਚ ਸਰਕਾਰ ਜਾਂ ਨਗਰ ਨਿਗਮਾਂ ਵਲੋਂ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਗੁਣਵੱਤਾ ’ਤੇ ਸਵਾਲ ਉਠਾਏ ਜਾ ਰਹੇ ਹਨ। ਪੇਂਡੂ ਖੇਤਰਾਂ ’ਚ ਤਾਂ ਬਹੁਤ ਹੀ ਮਾੜਾ ਹਾਲ ਹੈ। ਅਜਿਹੀ ਹਾਲਤ ’ਚ ਟੂਟੀਆਂ ਰਾਹੀਂ ਪੀਣ ਵਾਲੇ ਪਾਣੀ ਦੀ ਮੁਹਿੰਮ ਅਧੀਨ ਓਡਿਸ਼ਾ ਦੇ ਪੁਰੀ ਸ਼ਹਿਰ ਨੇ 24 ਘੰਟੇ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਕੇ ਪੂਰੇ ਦੇਸ਼ ਦੇ ਸਾਹਮਣੇ ਇਕ ਅਨੋਖੀ ਮਿਸਾਲ ਰੱਖੀ ਹੈ। ਪੁਰੀ ’ਚ ਪਾਣੀ ਦੀ ਗੁਣਵੱਤਾ ਨੂੰ ਹੀ ਯਕੀਨੀ ਨਹੀਂ ਬਣਾਇਆ ਗਿਆ ਸਗੋਂ ਸ਼ਹਿਰ ਦੇ ਪਾਣੀ ਨੂੰ ਆਈ.ਐੱਸ. 10500 ਗੁਣਵੱਤਾ ਪੈਮਾਨਿਆਂ ਦੇ ਪੱਧਰ ’ਤੇ ਪਹੁੰਚਾਇਆ ਹੈ। ਨਾਲ ਹੀ ਸਰਕਾਰ ਨੇ ਲੋਕਾਂ ਨੂੰ ਇਹ ਪਾਣੀ ਹਰ ਥਾਂ ਸਾਫ ਅਤੇ ਭਰੋਸੇਯੋਗ ਢੰਗ ਨਾਲ ਪਹੁੰਚ ਸਕੇ, ਲਈ ਢੁੱਕਵੇਂ ਪ੍ਰਬੰਧ ਕੀਤੇ ਹਨ।
ਇਸ ਕਾਰਨ ਲੋਕਾਂ ਨੂੰ ਪਾਣੀ ਖਰੀਦਣ ਦੀ ਲੋੜ ਨਹੀਂ ਪਏਗੀ। ਦੇਸ਼ ’ਚ ਪਹਿਲੀ ਵਾਰ ਡ੍ਰਿੰਕ ਫਰਾਮ ਟੈਪ’ ਯੋਜਨਾ ਦੀ ਸ਼ੁਰੂਆਤ ਦੇ ਨਾਲ ਹੀ ਹੁਣ ਪੁਰੀ ਸ਼ਹਿਰ ਵੀ ਲੰਦਨ, ਲਾਸ ਏਂਜਲਸ ਅਤੇ ਸਿੰਗਾਪੁਰ ਵਰਗੇ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਜੇਕਰ ਪੁਰੀ ਵਰਗੇ ਇਹ ਸ਼ਾਨਦਾਰ ਯਤਨ ਪੂਰੇ ਦੇਸ਼ ’ਚ ਦੇਖਣ ਨੂੰ ਮਿਲਣ ਤਾਂ ਬੋਤਲਬੰਦ ਪਾਣੀ ਦੇ ਪ੍ਰਤੀ ਲੋਕਾਂ ਦੇ ਰੁਝਾਨ ’ਚ ਕਮੀ ਆ ਸਕਦੀ ਹੈ।