ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਵਿਛਣ ਲੱਗੀ ਬਿਸਾਤ

Sunday, Feb 25, 2024 - 03:35 PM (IST)

ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਵਿਛਣ ਲੱਗੀ ਬਿਸਾਤ

ਲੋਕ ਸਭਾ ਚੋਣਾਂ ਦਾ ਬਿਗੁਲ ਸ਼ਾਇਦ ਮਾਰਚ ਦੇ ਅੱਧ ’ਚ ਵੱਜੇ ਪਰ ਬਿਸਾਤ ਵਿਛਣੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਤਾਂ ਚੋਣ ਮੋਡ ਵਿਚ ਰਹਿੰਦੇ ਹਨ ਪਰ ਨਿਤੀਸ਼ ਕੁਮਾਰ ਅਤੇ ਜੈਅੰਤ ਚੌਧਰੀ ਦੀ ਦੂਰੀ ਨਾਲ ਖਿੰਡਣ ਦੇ ਕੰਢੇ ’ਤੇ ਦਿਸ ਰਹੇ ਵਿਰੋਧੀ ਧਿਰ ਗੱਠਜੋੜ ‘ਇੰਡੀਆ’ ਦੀ ਗੱਡੀ ਵੀ ਪੱਟੜੀ ਤੋਂ ਵਾਪਸ ਪਰਤ ਰਹੀ ਹੈ। ਸਪਾ ਅਤੇ ‘ਆਪ’ ਨਾਲ ਕਾਂਗਰਸ ਦੀ ਸੀਟ ਵੰਡ ਹੋ ਚੁੱਕੀ ਹੈ ਤਾਂ ਤ੍ਰਿਣਮੂਲ ਕਾਂਗਰਸ ਨਾਲ ਗੱਲਬਾਤ ਫੈਸਲਾਕੁੰਨ ਦੌਰ ’ਚ ਦੱਸੀ ਜਾ ਰਹੀ ਹੈ। ਮਹਾਰਾਸ਼ਟਰ ਵਿਚ ਵੀ ਰਾਹੁਲ ਗਾਂਧੀ ਅਤੇ ਸ਼ਰਦ ਪਵਾਰ ਦਰਮਿਆਨ ਸੰਵਾਦ ਨਾਲ ਸਭ ਕੁਝ ਤੈਅ ਹੋ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਦਰਅਸਲ ਮੋਦੀ ਦੀ ਭਾਜਪਾ ਨੂੰ ਆਪਣੀ ਸਰਕਾਰ ਦੀ ‘ਹੈਟ੍ਰਿਕ’ ’ਚ ਜਿਨ੍ਹਾਂ-ਜਿਨ੍ਹਾਂ ਸੂਬਿਆਂ ’ਚ ਮੁਸ਼ਕਿਲਾਂ ਪੇਸ਼ ਆ ਸਕਦੀਆਂ ਸਨ, ਉਥੇ ਅਜਿਹੀ ਪੇਸ਼ਬੰਦੀ ਕੀਤੀ ਗਈ ਕਿ ਚੋਣਾਂ ਤੋਂ ਪਹਿਲਾਂ ਹੀ ਪਾਸਾ ਪਲਟਦਾ ਦਿਸੇ। ਅਜਿਹੇ ਸੂਬੇ ਮੁੱਖ ਤੌਰ ’ਤੇ ਤਿੰਨ ਸਨ–ਮਹਾਰਾਸ਼ਟਰ, ਬਿਹਾਰ ਤੇ ਉੱਤਰ ਪ੍ਰਦੇਸ਼। ਪਿਛਲੀਆਂ ਲੋਕ ਸਭਾ ਚੋਣਾਂ ਦਾ ਸਮੀਕਰਨ ਟੁੱਟ ਜਾਣ ਨਾਲ 48 ਸੀਟਾਂ ਵਾਲੇ ਮਹਾਰਾਸ਼ਟਰ ਅਤੇ 40 ਸੀਟਾਂ ਵਾਲੇ ਬਿਹਾਰ ’ਚ ਭਾਜਪਾ ਜਾਂ ਐੱਨ. ਡੀ.ਏ. ਦੀਆਂ ਸੀਟਾਂ ਘੱਟ ਜਾਣ ਦਾ ਖਦਸ਼ਾ ਸੀ ਤਾਂ ਉਨ੍ਹਾਂ ਦੀ ਭਰਪਾਈ ਲਈ ਉੱਤਰ ਪ੍ਰਦੇਸ਼ ’ਚ ਆਪਣਾ ਸਮੀਕਰਨ ਹੋਰ ਮਜ਼ਬੂਤ ਬਣਾਉਣਾ ਜ਼ਰੂਰੀ ਸੀ।

ਸੰਨ੍ਹਮਾਰੀ ਨਾਲ ਸ਼ੁਰੂਆਤ : ਇਸ ਦੀ ਸ਼ੁਰੂਆਤ ‘ਹੈਟ੍ਰਿਕ’ ਦਾ ਨਾਅਰਾ ਦੇਣ ਅਤੇ ‘ਇੰਡੀਆ’ ਬਣਨ ਤੋਂ ਬਹੁਤ ਪਹਿਲਾਂ ਮਹਾਰਾਸ਼ਟਰ ’ਚ ਸ਼ਿਵਸੈਨਾ ’ਚ ਵੰਡ ਰਾਹੀਂ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਵਿਕਾਸ ਅਘਾੜੀ ਸਰਕਾਰ ਡਿੱਗਣ ਨਾਲ ਹੋਈ। ਸਰਕਾਰ ਡਿੱਗਣ ਪਿੱਛੋਂ ਊਧਵ ਅਤੇ ਅਘਾੜੀ ਦਾ ਫੋਕਸ ਅਸਲੀ-ਨਕਲੀ ਸ਼ਿਵਸੈਨਾ ’ਤੇ ਰਿਹਾ ਪਰ ਕਮਜ਼ੋਰ ਲੜੀ ਦੀ ਭਾਜਪਾਈ ਰਣਨੀਤੀਕਾਰਾਂ ਦੀ ਤਲਾਸ਼ ਉਥੇ ਨਹੀਂ ਰੁਕੀ। ਅਗਲਾ ਟਾਰਗੈੱਟ ਬਣੀ ਮਰਾਠਾ ਧਨੰਤਰ ਸ਼ਰਦ ਪਵਾਰ ਦੀ ਐੱਨ. ਸੀ. ਪੀ.। ਭਤੀਜੇ ਅਜੀਤ ਪਵਾਰ ’ਤੇ ਭਰੋਸਾ ਕਰ ਕੇ ਆਪਣੇ ਹੱਥ ਸਾੜ ਚੁੱਕੀ ਭਾਜਪਾ ਨੇ ਇਸ ਵਾਰ ਐੱਨ. ਸੀ. ਪੀ. ਦੇ ਫੈਸਲਾਕੁੰਨ ਟੁੱਟਣ ਦੇ ਆਪ੍ਰੇਸ਼ਨ ਨੂੰ ਖੁਦ ਅੰਜ਼ਾਮ ਦਿੱਤਾ।

ਚਿਹਰਾ ਖਾਹਿਸ਼ੀ ਅਜੀਤ ਹੀ ਬਣੇ, ਜੋ ਸ਼ਰਦ ਪਵਾਰ ਵੱਲੋਂ ਉਤਰਾਧਿਕਾਰ ਲਈ ਬੇਟੀ ਸੁਪ੍ਰਿਆ ਸੁਲਹੇ ਨੂੰ ਅੱਗੇ ਕਰਨ ਨਾਲ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਸਨ। ਇਹ ਆਪ੍ਰੇਸ਼ਨ ਮੁੱਖ ਮੰਤਰੀ ਬਣਾਏ ਗਏ ਏਕਾਨਾਥ ਸ਼ਿੰਦੇ ਨਾਲ ਬਗਾਵਤ ਕਰਨ ਵਾਲੇ ਸ਼ਿਵਸੈਨਾ ਵਿਧਾਇਕਾ ’ਤੇ ਅਯੋਗਤਾ ਦੀ ਲਟਕਦੀ ਤਲਵਾਰ ਦੇ ਮੱਦੇਨਜ਼ਰ ਵੀ ਜ਼ਰੂਰੀ ਸੀ। ਸਿਆਸੀ ਪਾਰਟੀਆਂ ਦੇ ਅਸਲੀ-ਨਕਲੀ ਹੋਣ ਦਾ ਅਸਲੀ ਫੈਸਲਾ ਲੋਕਾਂ ਦੀ ਅਦਾਲਤ ’ਚ ਹੁੰਦਾ ਹੈ।

ਸ਼ਿਵਸੈਨਾ ਅਤੇ ਐੱਨ. ਸੀ. ਪੀ. ਬਾਰੇ ਆਖਰੀ ਫੈਸਲੇ ਲਈ ਵੀ ਨਜ਼ਰਾਂ ਲੋਕ ਸਭਾ ਚੋਣਾਂ ’ਤੇ ਲੱਗੀਆਂ ਰਹਿਣਗੀਆਂ ਪਰ ਵੰਡ ਨਾਲ ਊਧਵ ਠਾਕਰੇ ਤੇ ਸ਼ਰਦ ਪਵਾਰ ਦੀ ਤਾਕਤ ਘੱਟ ਤਾਂ ਹੋਈ ਹੈ। ਵਿਰੋਧੀ ਧਿਰ ਦੀ ਕਮੀ ਭਾਜਪਾ ਨੂੰ ਅੰਦਾਜ਼ਨ ਨੁਕਸਾਨ ਦੀ ਕਿੰਨੀ ਭਰਪਾਈ ਕਰ ਸਕੇਗੀ ਇਹ ਦੇਖਣਾ ਅਹਿਮ ਹੋਵੇਗਾ ਕਿਉਂਕਿ ਠਾਕਰੇ ਨਾਲ ਹੋਣ ’ਤੇ ਐੱਨ. ਡੀ. ਏ. ਨੇ ਪਿਛਲੀਆਂ ਚੋਣਾਂ ’ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ‘ਇੰਡੀਆ’ ਗੱਠਜੋੜ ’ਚ ਸੀਟਾਂ ਦੀ ਵੰਡ ਸੁਹਿਰਦਤਾ ਨਾਲ ਹੋ ਜਾਂਦੀ ਹੈ ਤਾਂ ਤੈਅ ਹੈ ਕਿ ਪ੍ਰਕਾਸ਼ ਅੰਬੇਡਕਰ ਦੇ ਵਾਂਝੇ ਅਘਾੜੀ ਦੇ ਨਾਲ ਆ ਜਾਣ ਨਾਲ ਉਨ੍ਹਾਂ ਦੇ ਹੌਸਲੇ ਬੁਲੰਦ ਹੋਣਗੇ।

ਇਕ ਤੀਰ ਨਾਲ ਕਈ ਨਿਸ਼ਾਨੇ : ਮਹਾਰਾਸ਼ਟਰ ਪਿਛੋਂ ਬਿਹਾਰ ਬੇਹੱਦ ਸੰਵੇਦਨਸ਼ੀਲ ਸੀ। ਪਿਛਲੀ ਵਾਰ ਜਦ ਨਿਤੀਸ਼ ਨਾਲ ਸਨ ਤਾਂ ਐੱਨ. ਡੀ.ਏ. 40 ਵਿਚੋਂ 39 ਸੀਟਾਂ ਜਿੱਤਣ ’ਚ ਸਫਲ ਰਿਹਾ ਸੀ। ਉਨ੍ਹਾਂ ਦੇ ਵਿਰੋਧੀ ਧਿਰ ਪਾਰਟੀ ਨਾਲ ਚਲੇ ਜਾਣ ਨਾਲ ਸਮੀਕਰਨ ਗੜਬੜਾਉਂਦਾ ਦਿਖਾਈ ਦੇ ਰਿਹਾ ਸੀ। ‘ਇੰਡੀਆ’ ਦੇ ਸੂਤਰਧਾਰ ਬਣ ਕੇ ਨਿਤੀਸ਼ ਦੇਸ਼ ਭਰ ’ਚ ਘੁੰਮ ਰਹੇ ਸਨ, ਉਸ ਨਾਲ ਵੀ ਕੁਝ ਅਸਹਿਜ ਮਾਹੌਲ ਬਣ ਰਿਹਾ ਸੀ। ਇਸ ਲਈ ਨਿਤੀਸ਼ ਨੂੰ ਹੀ ਵਾਪਸ ਆਪਣੇ ਖੇਮੇ ’ਚ ਲਿਆ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਵਿੰਨ੍ਹੇ ਗਏ। ਪਹਿਲਾ ਵੱਡਾ ਸੰਦੇਸ਼ ਤਾਂ ਹੀ ਇਹੀ ਗਿਆ ਕਿ ਜੋ ਵਿਰੋਧੀ ਧਿਰ ਏਕਤਾ ਦੇ ਸੂਤਰਧਾਰ ਸਨ, ਉਹ ਹੀ ਖੇਮਾ ਬਦਲ ਕੇ ਇਧਰ ਆ ਗਏ।

ਦੂਜਾ, ਨਿਤੀਸ਼ ਨੇ ਜਿਸ ਤਰ੍ਹਾਂ ਕਾਂਗਰਸ ’ਤੇ ਵਾਰ ਕੀਤੇ, ਉਸ ਨਾਲ ਵੀ ਭਾਜਪਾ ਦਾ ਵੱਡਾ ਮੰਤਵ ਸਿੱਧ ਹੋਇਆ। ਨਿਤੀਸ਼ ਨੇ ਖੇਮਾ ਬਦਲ ਕੇ ਫਿਰ ਭਾਜਪਾ ਨਾਲ ਸਰਕਾਰ ਬਣਾ ਲੈਣ ਪਿੱਛੋਂ ‘ਇੰਡੀਆ’ ’ਚ ਜਿਹੋ ਜਿਹਾ ਸੰਨਾਟਾ ਪਸਰਿਆ, ਉਸ ਨਾਲ ਵੀ ਪੁਸ਼ਟੀ ਹੋਈ ਕਿ ਤੀਰ ਇਕਦਮ ਨਿਸ਼ਾਨੇ ’ਤੇ ਲੱਗਾ। ਮੱਲਿਕਾਰੁਜਨ ਖੜਗੇ ਤੋਂ ਲੈ ਕੇ ਜੈਰਾਮ ਰਮੇਸ਼ ਤਕ ਨੇ ਨਿਤੀਸ਼ ’ਤੇ ਜੋ ਵੀ ਦੋਸ਼ ਲਾਏ, ਉਹ ‘ਇੰਡੀਆ’ ਦੇ ਭਵਿੱਖ ’ਤੇ ਲੱਗਦੇ ਸਵਾਲੀਆ ਨਿਸ਼ਾਨ ਨੂੰ ਮਿਟਾਉਂਦੇ ਨਹੀਂ ਦਿਸੇ।

‘ਇੰਡੀਆ’ ਉਸ ਝਟਕੇ ਤੋਂ ਉਭਰਦਾ, ਇਸ ਤੋਂ ਪਹਿਲਾਂ ਹੀ ਭਾਜਪਾ ਨੇ ਉੱਤਰ ਪ੍ਰਦੇਸ਼ ’ਚ ਇਕ ਹੋਰ ਆਪ੍ਰੇਸ਼ਨ ਨੂੰ ਸਿਰੇ ਚਾੜ੍ਹ ਦਿੱਤਾ। ਬਸਪਾ ਸੁਪਰੀਮੋ ਮਾਇਆਵਤੀ ਦੇ ਵੱਖਰੇ ਚੋਣ ਲੜਨ ਦੇ ਐਲਾਨ ਨੂੰ ਪਹਿਲਾ ਆਪ੍ਰੇਸ਼ਨ ਮੰਨ ਲਈਏ ਤਾਂ ਰਾਲੋਦ ਮੁਖੀ ਜੈਅੰਤ ਚੌਧਰੀ ਦੀ ‘ਇੰਡੀਆ’ ਤੋਂ ਦੂਰੀ ਦੂਜਾ ਵੱਡਾ ਆਪ੍ਰੇਸ਼ਨ ਰਿਹਾ। ਇਸ ਦਾ ਸੰਕੇਤ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਨੂੰ ‘ਭਾਰਤ ਰਤਨ’ ਦੇ ਐਲਾਨ ਤੋਂ ਮਿਲਿਆ, ਜਿਸ ਦੀ ਪੁਸ਼ਟੀ ਜੈਅੰਤ ਦੇ ਇਸ ਟਵੀਟ ਨਾਲ ਹੋ ਗਈ, ਦਿਲ ਜਿੱਤ ਲਿਆ।

ਪੱਛਮੀ ਉੱਤਰ ਪ੍ਰਦੇਸ਼ ’ਚ ਪਿਛਲੀਆਂ ਚੋਣਾਂ ’ਚ ਵੀ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਸੂਬੇ ਤੋਂ ਮਿਲਣ ਵਾਲੀਆਂ ਸੀਟਾਂ 10 ਘੱਟ ਹੋ ਗਈਆਂ। ਹੁਣ ਜਦਕਿ ਰਣਨੀਤੀ ਹੋਰ ਸੂਬਿਆਂ ’ਚ ਘੱਟ ਹੋ ਸਕਣ ਵਾਲੀਆਂ ਸੀਟਾਂ ਦੀ ਭਰਪਾਈ ਵੀ ਉੱਤਰ ਪ੍ਰਦੇਸ਼ ਤੋਂ ਕਰਨ ਦੀ ਹੈ, ਤਦ ਹਰ ਸੰਭਵ ਪੇਸ਼ਬੰਦੀ ਜ਼ਰੂਰੀ ਹੈ।ਜੈਅੰਤ ਦੇ ਖੇਮਾ ਬਦਲਣ ਨਾਲ ‘ਇੰਡੀਆ’ ਦਾ ਇਕ ਹੋਰ ਸਮੀਕਰਨ ਵਿਗੜ ਗਿਆ ਹੈ ਤਾਂ ਦੂਸੇ ਪਾਸੇ ਭਾਜਪਾਈ ਵੋਟ-ਗਣਿਤ ਜੇਤੂ ਬਣ ਸਕਦਾ ਹੈ।

ਵਾਪਸ ਪੱਟੜੀ ’ਤੇ ‘ਇੰਡੀਆ’ : ਨਿਤੀਸ਼ ਪਿੱਛੋਂ ਜੈਅੰਤ ਚੌਧਰੀ ਦੇ ਝਟਕੇ ਨਾਲ ਲੱਗਿਆ ਸੀ ਕਿ ‘ਇੰਡੀਆ’ ਇਤਿਹਾਸ ਦੀ ਗੱਲ ਹੈ ਕਿਉਂਕਿ 42 ਸੀਟਾਂ ਵਾਲੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਤਾਂ ਕ੍ਰਮਵਾਰ 13 ਤੇ 7 ਸੀਟਾਂ ਵਾਲੇ ਪੰਜਾਬ ਅਤੇ ਦਿੱਲੀ ’ਚ ‘ਆਪ’ ਵੀ ਵੱਖਰੀ ਚੋਣ ਲੜਨ ਦੀ ਗੱਲ ਕਹਿ ਚੁੱਕੀ ਸੀ ਪਰ 21 ਫਰਵਰੀ ਨੂੰ ਸਪਾ ਅਤੇ ਕਾਂਗਰਸ ਦਰਮਿਆਨ ਅਚਾਨਕ ਹੋਈ ਸੀਟ ਵੰਡ ਪਿੱਛੋਂ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਉੱਤਰ ਪ੍ਰਦੇਸ਼ ਵਿਚ ਤਾਂ ਕਾਂਗਰਸ 17 ਸੀਟਾਂ ’ਤੇ ਮੰਨ ਹੀ ਗਈ, ਜਿਸ ਸਪਾ ਨੂੰ ਵਿਧਾਨ ਸਭਾ ਚੋਣਾਂ ’ਚ ਮੱਧ ਪ੍ਰਦੇਸ਼ ’ਚ ਇਕ ਵੀ ਸੀਟ ਦੇਣ ਦੇ ਲਾਇਕ ਨਹੀਂ ਸਮਝਿਆ ਸੀ , ਉਸ ਨੂੰ ਹੁਣ ਖਜੁਰਾਹੋ ਲੋਕ ਸਭਾ ਸੀਟ ਦੇ ਦਿੱਤੀ ਗਈ।

ਹੁਣ ‘ਆਪ’ ਅਤੇ ਕਾਂਗਰਸ ਦਰਮਿਆਨ ਦਿੱਲੀ ’ਚ ਨਹੀਂ ਸਗੋਂ ਗੁਜਰਾਤ, ਗੋਆ, ਹਰਿਆਣਾ ਤੇ ਚੰਡੀਗੜ੍ਹ ’ਚ ਵੀ ਸੀਟਾਂ ਦੀ ਵੰਡ ਹੋ ਗਈ ਹੈ। ‘ਆਪ’ ਨੇ ਦਿੱਲੀ ’ਚ ਕਾਂਗਰਸ ਨੂੰ ਤਿੰਨ ਸੀਟਾਂ ਦਿੱਤੀਆਂ ਹਨ ਤਾਂ ਬਦਲੇ ’ਚ ਗੁਜਰਾਤ ’ਚ ਉਸ ਨੂੰ 2 ਸੀਟਾਂ ਮਿਲ ਗਈਆਂ ਹਨ। ਇਨ੍ਹਾਂ ਦੋਹਾਂ ਸੂਬਿਆਂ ’ਚ ਹੁਣ ਭਾਜਪਾ ਲਈ ਕਲੀਨ ਸਵੀਪ ਸੌਖੀ ਨਹੀਂ ਹੋਵੇਗੀ। ਗੋਆ ਦੀਆਂ ਦੋਵੇਂ ਅਤੇ ਚੰਡੀਗੜ੍ਹ ਦੀ ਇਕੋ-ਇਕ ਸੀਟ ਕਾਂਗਰਸ ਨੂੰ ਮਿਲੀ ਹੈ।

ਪੰਜਾਬ ’ਚ ਦੋਵਾਂ ਪਾਰਟੀਆਂ ਨੇ ਗੱਠਜੋੜ ਨਾ ਕਰਨਾ ਬਿਹਤਰ ਸਮਝਿਆ ਹੈ, ਜੇ ਮਮਤਾ ਬੈਨਰਜੀ ਆਸਾਮ ਅਤੇ ਮੇਘਾਲਿਆ ’ਚ ਸੀਟ ਮਿਲਣ ’ਤੇ ਪੱਛਮੀ ਬੰਗਾਲ ’ਚ ਕਾਂਗਰਸ ਨੂੰ 2 ਸੀਟਾਂ ਤੋਂ ਵੱਧ ਦੇਣ ’ਤੇ ਮੰਨ ਜਾਂਦੀ ਹੈ ਤਾਂ ਉਥੇ ਵੀ ਭਾਜਪਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ ਹਾਲਾਂਕਿ ਖੱਬੇਪੱਖੀ ਮੋਰਚੇ ਦੀ ਭੂਮਿਕਾ ’ਤੇ ਕਾਫੀ ਕੁਝ ਨਿਰਭਰ ਕਰੇਗਾ।

ਤੈਅ ਹੈ ਕਿ ਮੁੱਖ ਮੁਕਾਬਲਾ ਦੋਵਾਂ ਗੱਠਜੋੜਾਂ ਐੱਨ. ਡੀ. ਏ. ਅਤੇ ‘ਇੰਡੀਆ’ ਦੇ ਦਰਮਿਆਨ ਹੋਵੇਗਾ। ਚੋਣਾਂ ਇਕਤਰਫਾ ਵੀ ਨਹੀਂ ਹੋਣਗੀਆਂ ਪਰ ਪਿਛਲੇ ਦਿਨੀਂ ‘ਇੰਡੀਆ’ ਦੇ ਅੰਦਰੂਨੀ ਕਲੇਸ਼ ਨਾਲ ਜੋ ਨਾਕਾਰਾਤਮਕ ਸੰਦੇਸ਼ ਗਏ ਹਨ ਉਨ੍ਹਾਂ ਤੋਂ ਉਭਰਨਾ ਸੌਖਾ ਨਹੀਂ। ਚੋਣ ਸਿਆਸਤ ਅੰਕ ਗਣਿਤ ਨਹੀਂ ਹੁੰਦੀ ਪਰ ਸੱਚ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ 37.4 ਫੀਸਦੀ ਵੋਟਾਂ ਹੀ ਮਿਲੀਆਂ ਸਨ। ਪੂਰੇ ਐੱਨ . ਡੀ. ਏ. ਦੀ ਵੋਟ ਫੀਸਦੀ ਵੀ 45 ਤੋਂ ਉਪਰ ਨਹੀਂ ਗਈ ਭਾਵ 55 ਫੀਸਦੀ ਵੋਟਾਂ ਗੈਰ ਐੱਨ. ਡੀ. ਏ. ਪਾਰਟੀਆਂ ਨੂੰ ਮਿਲੀਆਂ ਪਰ ਕੀ ਪਿਛਲੇ 10 ਸਾਲਾਂ ’ਚ ਖਾਸ ਕਰ ਕੇ ‘ਇੰਡੀਆ’ਵੰਡ ਪਿੱਛੋਂ ਵਿਰੋਧੀ ਧਿਰ ਉਹੋ ਜਿਹੀ ਭਰੋਸੇਯੋਗਤਾ ਬਣਾ ਸਕਿਆ ਹੈ ਕਿ ਬੀਤੇ ਤਜਰਬਿਆਂ ਨੂੰ ਅਣਡਿੱਠ ਕਰ ਕੇ ਵੋਟਰ ਉਸ ਨੂੰ ਦਾਅ ’ਤੇ ਲਾ ਸਕਣ?

ਭਰੋਸੇਯੋਗਤਾ ਉਨ੍ਹਾਂ ਮੁੱਦਿਆਂ ’ਤੇ ਲੋਕਮਤ ਜਗਾਉਣ ਅਤੇ ਲੋਕਫਤਵਾ ਹਾਸਲ ਕਰਨ ਲਈ ਵੀ ਅਹਿਮ ਹੈ, ਜਿਨ੍ਹਾਂ ’ਤੇ ‘ਇੰਡੀਆ’ ਚੋਣਾਂ ’ਚ ਮੋਦੀ ਸਰਕਾਰ ਨੂੰ ਘੇਰਣਾ ਚਾਹੇਗਾ। ਬੇਸ਼ੱਕ ਐੱਨ. ਡੀ. ਏ. ’ਚ ‘ਇੰਡੀਆ’ ਨਾਲੋਂ ਵੱਧ ਪਾਰਟੀਆਂ ਹਨ। ਸੀਟਾਂ ਦੀ ਵੰਡ ਸੌਖੀ ਨਹੀਂ ਹੋਵੇਗੀ ਪਰ ਉਹੋ ਜਿਹੀ ਹਫੜਾ-ਦਫੜੀ ਉਥੇ ਨਜ਼ਰ ਨਹੀਂ ਆਉਂਦੀ ਜਿਹੋ ਜਿਹੀ ਨਵੰਬਰ ’ਚ ਹੋਈਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ‘ਇੰਡੀਆ’ ਵਿਚ ਨਜ਼ਰ ਆਈ। ਲੋਕ ਸਭਾ ਚੋਣਾਂ ਦਾ ਐਲਾਨ ਦੂਰ ਨਹੀਂ ਹੈ ਪਰ ‘ਇੰਡੀਆ’ ਪੀ. ਐੱਮ. ਫੇਸ ਤਾਂ ਦੂਰ, ਕਨਵੀਨਰ ਅਤੇ ਸਾਂਝਾ ਘੱਟੋ-ਘੱਟ ਪ੍ਰੋਗਰਾਮ ਤਕ ਤੈਅ ਨਹੀਂ ਕਰ ਸਕਿਆ ਹੈ। ਜਦਕਿ ਐੱਨ. ਡੀ. ਏ. ਕੋਲ ਨਰਿੰਦਰ ਮੋਦੀ ਵਜੋਂ ਜਾਂਚੀ-ਪਰਖੀ, ਤਜਰਬੇਕਾਰ ਅਤੇ ਸਰਬ-ਪ੍ਰਵਾਨਿਤ ਲੀਡਰਸ਼ਿਪ ਵੀ ਹੈ।

ਰਾਜ ਕੁਮਾਰ ਸਿੰਘ


author

Rakesh

Content Editor

Related News