ਸੋਨੀਆ ਦੇ ਨਿਵਾਸ ’ਤੇ ਬਾਦਲ ਦਲ ਦਾ ਧਰਨਾ ਮੁਲਤਵੀ?

08/13/2020 3:51:16 AM

ਜਸਵੰਤ ਸਿੰਘ ‘ਅਜੀਤ’

ਪੰਜਾਬ ’ਚ ਬੀਤੇ ਦਿਨੀਂ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਸਤੀਫਾ ਲਏ ਜਾਣ ਦੀ ਮੰਗ ਨੂੰ ਮੰਨਵਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ, ਉਨ੍ਹਾਂ ਦੀ ਰਿਹਾਇਸ਼ ’ਤੇ 11 ਅਗਸਤ ਨੂੰ ਧਰਨਾ ਦਿੱਤੇ ਜਾਣ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੁਝ ਹੀ ਦਿਨ ਪਹਿਲਾਂ ਕੀਤਾ ਗਿਆ ਸੀ ਅਤੇ ਫਿਰ ਧਰਨਾ ਦਿੱਤੇ ਜਾਣ ਦੀ ਤਰੀਕ ਤੋਂ ਦੋ ਦਿਨ ਪਹਿਲਾਂ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਅਗਸਤ ਨੂੰ ਅਾਜ਼ਾਦੀ ਦਿਵਸ ਦੇ ਸਬੰਧ ’ਚ ਦਿੱਲੀ ’ਚ ਹੋਣ ਵਾਲੇ ਸਮਾਗਮਾਂ ਕਾਰਨ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਸਖਤ ਪ੍ਰਬੰਧਾਂ ਕਾਰਣ, ਦਲ ਵੱਲੋਂ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ 11 ਅਗਸਤ ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਧਰਨੇ ਲਈ ਨਵੀਂ ਤਰੀਕ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।

ਡਾ. ਚੀਮਾ ਵੱਲੋਂ ਕੀਤੇ ਗਏ ਇਸ ਐਲਾਨ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਬਾਦਲ ਦੁਆਰਾ ਸੋਨੀਆ ਗਾਂਧੀ ਦੇ ਨਿਵਾਸ ’ਤੇ ਧਰਨਾ ਦਿੱਤੇ ਜਾਣ ਅਤੇ ਫਿਰ ਉਸ ਨੂੰ ਮੁਲਤਵੀ ਕਰ ਦਿੱਤੇ ਜਾਣ ਸਬੰਧੀ ਦਿੱਤੇ ਗਏ ਬਿਆਨ ਨੂੰ ਇਕ ਅਜਿਹਾ ‘ਨਾਟਕ’ ਕਰਾਰ ਦਿੱਤਾ, ਜੋ ਕੈਪਟਨ ਅਤੇ ਬਾਦਲ ਪਰਿਵਾਰ ਦਰਮਿਆਨ ਦੋਵਾਂ ਦੀ ਮਿਲੀਭੁਗਤ ਨਾਲ ਖੇਡਿਆ ਜਾ ਰਿਹਾ ਹੈ। ਦੂਸਰੇ ਪਾਸੇ ਅਕਾਲੀ ਸਿਆਸਤ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਚਲੇ ਆ ਰਹੇ ਸਿਆਸੀ ਆਗੂਅਾਂ ਦਾ ਮੰਨਣਾ ਹੈ ਕਿ ਅਸਲ ’ਚ ਇਹ ਧਰਨਾ ਸੀ ਤਾਂ ਨਾਟਕ ਹੀ ਪਰ ਉਨ੍ਹਾਂ ਅਨੁਸਾਰ ਇਹ ਨਾਟਕ ਸੁਖਬੀਰ ਵੱਲੋਂ ਆਪਣੇ ਦਲ ਦਾ ਅਕਸ ਸੁਧਾਰਨ ਲਈ ਖੇਡਿਆ ਜਾ ਰਿਹਾ ਸੀ। ਉਨ੍ਹਾਂ ਨੇ ਪੁੱਛਿਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਧਰਨਾ 11 ਅਗਸਤ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਸੀ ਤਾਂ ਕੀ ਉਸ ਸਮੇਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਨ੍ਹੀਂ ਦਿਨੀਂ ਦਿੱਲੀ ’ਚ ਇੰਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹੁੰਦੇ ਹਨ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।

ਇਨ੍ਹਾਂ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਇਸ ਗੱਲ ਦੀ ਜਾਣਕਾਰੀ ਹੁੰਦੇ ਹੋਏ ਵੀ ਸੁਖਬੀਰ ਸਿੰਘ ਬਾਦਲ ਨੇ 11 ਅਗਸਤ ਦਾ ਦਿਨ ਹੀ ਧਰਨਾ ਦੇਣ ਲਈ ਚੁਣ ਲਿਆ। ਉਹ ਕਹਿੰਦੇ ਹਨ ਕਿ ਧਰਨਾ ਦਿੱਤੇ ਜਾਣ ਅਤੇ ਉਸ ਨੂੰ ਮੁਲਤਵੀ ਕਰ ਦਿੱਤੇ ਜਾਣ ਦੇ ਐਲਾਨਾਂ ਦਰਮਿਆਨ 2-4 ਦਿਨ ਦਾ ਹੀ ਅੰਤਰ ਹੋਣ ਨਾਲ ਇਹ ਖਦਸ਼ਾ ਪੈਦਾ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਾਣਦੇ ਸਨ ਕਿ ਕੋਰੋਨਾ ਵਾਇਰਸ ਕਾਰਨ ਧਰਨਾ ਦੇਣ ਲਈ ਨਾ ਤਾਂ ਪੰਜਾਬ ਤੋਂ ਵਰਕਰ ਦਿੱਲੀ ਜਾਣ ਲਈ ਤਿਆਰ ਹੋਣਗੇ ਅਤੇ ਨਾ ਹੀ ਦਿੱਲੀ ਦੇ ਵਰਕਰ ਹੀ ਧਰਨਾ ਦੇਣ ਲਈ ਮੁਹੱਈਆ ਹੋ ਸਕਣਗੇ, ਫਲਸਰੂਪ ਧਰਨਾ ਫਲਾਪ ਹੋ ਜਾਵੇਗਾ।

ਇਸ ਸਥਿਤੀ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੇ ਮੰਨ ਲਿਆ ਕਿ 11 ਅਗਸਤ ਨੂੰ ਧਰਨਾ ਦਿੱਤੇ ਜਾਣ ਅਤੇ ਫਿਰ ਦਿੱਲੀ ’ਚ ਸਖਤ ਸੁਰੱਖਿਆ ਪ੍ਰਬੰਧ ਹੋਣ ਦਾ ਸਹਾਰਾ ਲੈ ਕੇ, ਉਸ ਨੂੰ ਮੁਲਤਵੀ ਕਰ ਦੇਣ ਦਾ ਐਲਾਨ ਕਰ ਦਿੱਤੇ ਜਾਣ ਨਾਲ ਉਨ੍ਹਾਂ ਅਤੇ ਦਲ ਦੇ ਅਕਸ ’ਤੇ ਨਾਂਹਪੱਖੀ ਅਸਰ ਪੈਣ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ। ਇਹ ਸਿਆਸੀ ਆਗੂ ਇਹ ਵੀ ਮੰਨਦੇ ਹਨ ਕਿ ਸ਼ਾਇਦ ਅਕਾਲੀ ਲੀਡਰਸ਼ਿਪ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਧਰਨੇ ਲਈ ਕੋਈ ਵੀ ਹੋਰ ਤਰੀਕ ਨਿਸ਼ਚਿਤ ਕੀਤੇ ਜਾਣ ਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਬੀਤੇ ਦੀਆਂ ਕੁਝ ਘਟਨਾਵਾਂ ਕਾਰਨ ਪੰਜਾਬ ਅਤੇ ਦਿੱਲੀ ’ਚ ਦਲ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਧਰਨਾ ਦੇਣ ਲਈ ਉਸ ਨੂੰ ਕਿਤਿਓਂ ਵੀ ਲੋੜੀਂਦੀ ਮਨੁੱਖੀ-ਸ਼ਕਤੀ ਮੁਹੱਈਅਾ ਨਹੀਂ ਹੋ ਸਕੇਗੀ। ਇਸ ਲਈ ਅਜਿਹੀ ਸਥਿਤੀ ’ਚ ਧਰਨੇ ਦੇ ਫਲਾਪ ਹੋ ਜਾਣ ’ਤੇ ਜੋ ਕਿਰਕਿਰੀ ਹੋਵੇਗੀ ਉਸ ਤੋਂ ਉੱਭਰ ਸਕਣਾ ਉਨ੍ਹਾਂ ਲਈ ਸਹਿਜ ਨਹੀਂ ਹੋਵੇਗਾ।

ਪੰਥਕ ਫੋਰਮ : ਆਲ ਇੰਡੀਆ ਪੰਥਕ ਫੋਰਮ ਦੇ ਮੁਖੀਆਂ ਡਾ. ਹਰਮੀਤ ਸਿੰਘ, ਕੁਲਬੀਰ ਸਿੰਘ, ਬਲਦੇਵ ਸਿੰਘ ਗੁਜਰਾਲ ਅਤੇ ਜਤਿੰਦਰ ਸਿੰਘ ਸਾਹਨੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਕਿਹਾ ਹੈ ਕਿ ਉਹ ਭਾਜਪਾ ਲੀਡਰਸ਼ਿਪ ਨਾਲ ਆਪਣੇ ਸਬੰਧਾਂ ਕਾਰਨ ਤ੍ਰਿਨਗਰ ਮੈਟਰੋ ਸਟੇਸ਼ਨ ਦੇ ਸਾਹਮਣੇ ਵਾਲੀ ਸੜਕ ਦਾ ਨਾਂ ਬਦਲਵਾ ਕੇ ‘ਬਾਬਾ ਬੰਦਾ ਸਿੰਘ ਬਹਾਦਰ ਮਾਰਗ’ ਰੱਖੇ ਜਾਣ ਲਈ ਦਬਾਅ ਪਾਉਣ। ਇਨ੍ਹਾਂ ਮੁੁਖੀਆਂ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ‘ਬਾਬਾ ਬੰਦਾ ਸਿੰਘ ਬਹਾਦਰ ਦੀ’ ਤੀਸਰੀ ਸ਼ਹੀਦੀ ਸ਼ਤਾਬਦੀ ਮਨਾਏ ਜਾਣ ਦੇ ਸਬੰਧ ’ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਸਮਾਰੋਹ ’ਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ‘ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਇਕੋ-ਇਕ ਅਜਿਹੀ ਅਦੁੱਤੀ ਸ਼ਹਾਦਤ ਹੈ, ਜਿਸ ਦੀ ਮਿਸਾਲ ਸੰਸਾਰ ਦੇ ਕਿਸੇ ਵੀ ਇਤਿਹਾਸ ’ਚ ਨਹੀਂ ਮਿਲਦੀ।’ ਇਨ੍ਹਾਂ ਮੁਖੀਆਂ ਨੇ ਕਿਹਾ ਕਿ ਸ. ਸਿਰਸਾ ਅਤੇ ਸ. ਕਾਲਕਾ ਪ੍ਰਧਾਨ ਮੰਤਰੀ ਦੇ ਇਨ੍ਹਾਂ ਸ਼ਬਦਾਂ ਦਾ ਸਹਾਰਾ ਲੈ ਕੇ ਸਬੰਧਤ ਸੜਕ ਦਾ ਨਾਂ ਬਦਲਵਾਏ ਜਾਣ ਦੀ ਆਪਣੀ ਮੰਗ ਮੰਨਵਾਏ ਜਾਣ ਲਈ ਦਬਾਅ ਬਣਾ ਸਕਦੇ ਹਨ।

ਗੁਰਦੁਆਰਾ ਚੋਣ : ਦਿੱਲੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਇਸ ਸਮੇਂ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਜਾਗੋ (ਜਗ ਆਸਰਾ ਗੁਰੂ ਓਟ) ਦੀ ਹੀ ਸਰਗਰਮੀ ਦਿਖਾਈ ਦੇ ਰਹੀ ਹੈ। ਇਨ੍ਹਾਂ ਦੇ ਸਿਵਾਏ ‘ਆਪ’ ਨਾਲ ਸਬੰਧਤ ਚੱਲੇ ਆ ਰਹੇ ਕੁਝ ਸਿੱਖਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਸਕੱਤਰ ਕਰਤਾਰ ਸਿੰਘ ਕੋਛੜ ਦੀ ਅਗਵਾਈ ’ਚ ਪੰਥਕ ਸੇਵਾ ਦਲ ਦੇ ਝੰਡੇ ਹੇਠ ਗੁਰਦੁਆਰਾ ਚੋਣ ਲਈ ਮੈਦਾਨ ’ਚ ਕੁੱਦਣ ਦਾ ਸੰਕੇਤ ਦਿੱਤਾ ਹੈ। ਇਨ੍ਹਾਂ ਦੇ ਸਿਵਾਏ ਜਿਵੇਂ ਪਹਿਲਾਂ ਹੀ ਇਨ੍ਹਾਂ ਕਾਲਮਾਂ ’ਚ ਸੰਕੇਤ ਦਿੱਤਾ ਗਿਆ ਸੀ ਕਿ ਕਈ ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਵੀ ਆਪਣੇ ਸਰਗਰਮ ਹੋਣ ਦੇ ਸੰਕੇਤ ਦੇ ਰਹੀਆਂ ਹਨ।

ਦਿੱਲੀ ਪ੍ਰਦੇਸ਼ ਬਾਦਲ ਅਕਾਲੀ ਦਲ ਦੇ ਸਕੱਤਰ ਹਰਮੀਤ ਸਿੰਘ ਕਾਲਕਾ ਦਲ ਦੀ ਮੈਂਬਰੀ ਵਧਾਉਣ ਲਈ ਤਾਂ ਸਰਗਰਮ ਦਿਖਾਈ ਦੇ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਨਾ ਤਾਂ ਦਲ ਵੱਲੋਂ ਕੀਤੇ ਗਏ ਅਤੇ ਨਾ ਹੀ ਭਵਿੱਖ ’ਚ ਕੀਤੇ ਜਾਣ ਵਾਲੇ ਕਾਰਜ ਸਾਂਝੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀਆਂ, ਸਰਨਾ ਭਰਾਵਾਂ ਨੇ ਆਪਣੇ ਦਲ ਦੀ ਮੈਂਬਰੀ ਦਾ ਵਿਸਤਾਰ ਕਰਨ ਵੱਲ ਤਾਂ ਧਿਆਨ ਦਿੱਤਾ ਹੀ, ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਹੈ ਜਿਸ ’ਚ ਕੋਰੋਨਾ ਵਾਇਰਸ ਕੋਹਰਾਮ ਦੇ ਦੌਰਾਨ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭਗ ਦੋ ਹਜ਼ਾਰ ਵਰਕਰਾਂ ਦੇ ਸਹਿਯੋਗ ਨਾਲ 800 ਤੋਂ ਵੱਧ ਬਸਤੀਆਂ ਵਿਚ ਦੋ ਲੱਖ ਤੋਂ ਵੱਧ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ ਗਿਆ ਹੈ ਅਤੇ ਖੂਨਦਾਨ ਕੈਂਪ ਆਯੋਜਿਤ ਕਰ ਕੇ ਖੂਨ ਦੀਆਂ 300 ਤੋਂ ਵੱਧ ਬੋਤਲਾਂ ਬਲੱਡ ਕੈਂਪ ਤੱਕ ਪਹੁੰਚਾਈਆਂ ਗਈਆਂ ਹਨ। ਇਸੇ ਤਰ੍ਹਾਂ ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਜਿੱੱਥੇ ‘ਜਾਗੋ’ ਦਾ ਵਿਸਤਾਰ ਕਰ ਰਹੇ ਹਨ, ਉੱਥੇ ਆਪਣੇ ਅਤੇ ਆਪਣੇ ਪਿਤਾ ਜਥੇ. ਸੰਤੋਖ ਸਿੰਘ ਵੱਲੋਂ ਕੀਤੇ ਕਾਰਜਾਂ ਦੀ ਜਾਣਕਾਰੀ ਵੀ ਸਾਂਝੀ ਕਰ ਰਹੇ ਹਨ।

... ਅਤੇ ਅਖੀਰ ’ਚ : ਅੱਜ ਹਾਲਾਤ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਨੇ ਜਿਸ ਸਿਆਸੀ ਸੱਤਾ ਦੀ ਲਾਲਸਾ ਦੇ ਸ਼ਿਕਾਰ ਹੋ ਕੇ, ਧਾਰਮਿਕ ਸੰਸਥਾਵਾਂ ਅਤੇ ਉਨ੍ਹਾਂ ਦੀਆਂ ਮਾਨਤਾਵਾਂ ਦੀ ਰੱਖਿਆ ਕਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਮੂੰਹ ਮੋੜਿਆ, ਉਹ ਵੀ ਉਨ੍ਹਾਂ ਦੀ ਆਪਣੀ ਨਾ ਰਹਿ ਕੇ, ਵਿਰੋਧੀਆਂ ਦੇ ਹੱਥਾਂ ’ਚ ਚਲੀ ਗਈ। ਉਹ ਨਾ ਤਾਂ ਧਾਰਮਿਕ ਮਾਨਤਾਵਾਂ ਦੀ ਰੱਖਿਆ ਅਤੇ ਉਸ ਦੇ ਆਦਰਸ਼ਾਂ ਦੀ ਪਾਲਣਾ ਕਰਨ ਪ੍ਰਤੀ ਗੰਭੀਰ ਰਹਿ ਸਕੇ ਅਤੇ ਨਾ ਹੀ ਸਿਆਸੀ ਖੇਤਰ ’ਚ ਆਪਣੀ ਵੱਖਰੀ ਅਤੇ ਸੁਤੰਤਰ ਪਛਾਣ ਸਥਾਪਿਤ ਰੱਖ ਸਕਣ ’ਚ ਸਫਲ ਹੋ ਸਕੇ ਹਨ।


Bharat Thapa

Content Editor

Related News