ਅੱਤਵਾਦੀਆਂ ਵੱਲੋਂ ਪ੍ਰਵਾਸੀਆਂ ’ਤੇ ਹਮਲੇ ਕਸ਼ਮੀਰ ਦੇ ਵਿਕਾਸ ਅਤੇ ਤਰੱਕੀ ’ਚ ਅੜਿੱਕਾ

Monday, Feb 12, 2024 - 03:48 AM (IST)

ਅੱਤਵਾਦੀਆਂ ਵੱਲੋਂ ਪ੍ਰਵਾਸੀਆਂ ’ਤੇ ਹਮਲੇ ਕਸ਼ਮੀਰ ਦੇ ਵਿਕਾਸ ਅਤੇ ਤਰੱਕੀ ’ਚ ਅੜਿੱਕਾ

ਜੰਮੂ-ਕਸ਼ਮੀਰ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵੱਲੋਂ ਹਿੰਸਕ ਕਾਰਵਾਈਆਂ ਲਗਾਤਾਰ ਜਾਰੀ ਹਨ। ਬੀਤੇ ਸਾਲ ਦਸੰਬਰ ’ਚ ਪੁੰਛ ’ਚ ਫੌਜ ਦੇ 2 ਵਾਹਨਾਂ ’ਤੇ ਘਾਤ ਲਾ ਕੇ ਕੀਤੇ ਗਏ ਹਮਲੇ ’ਚ ਚਾਰ ਫੌਜੀਆਂ ਦੀ ਮੌਤ ਹੋ ਗਈ ਸੀ ਜਦਕਿ ਇਸ ਸਾਲ ਜਨਵਰੀ ’ਚ ਪੁੰਛ ਖੇਤਰ ’ਚ ਕ੍ਰਿਸ਼ਨਾ ਘਾਟੀ ਦੇ ਨੇੜੇ ਇਕ ਜੰਗਲ ’ਚੋਂ ਫੌਜ ਦੇ ਇਕ ਕਾਫਿਲੇ ’ਤੇ ਭਾਰੀ ਗੋਲਾਬਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ 5 ਅਗਸਤ, 2019 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ’ਚ ਜੰਮੂ-ਕਸ਼ਮੀਰ ਬਾਰੇ ਪਾਰਟੀ ਦਾ ਸੰਕਲਪ ਐਲਾਨਦੇ ਹੋਏ ਸੂਬੇ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 370 ਹਟਾਉਣ ਦਾ ਐਲਾਨ ਕੀਤਾ ਸੀ।

ਇਸ ਦੇ ਬਾਅਦ ਜੰਮੂ-ਕਸ਼ਮੀਰ ’ਚ ਪਾਕਿ ਪ੍ਰਾਯੋਜਿਤ ਅੱਤਵਾਦ ਦੀਆਂ ਘਟਨਾਵਾਂ ’ਚ ਕੁਝ ਕਮੀ ਆਈ ਸੀ ਪਰ ਹੁਣ ਕੁਝ ਸਮੇਂ ਤੋਂ ਇੱਥੇ ਹਿੰਸਾ ਦੀਆਂ ਘਟਨਾਵਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਾ ਸਿਰਫ ਸੁਰੱਖਿਆ ਬਲਾਂ ਦੇ ਮੈਂਬਰਾਂ ’ਤੇ ਹਮਲੇ ਹੋ ਰਹੇ ਹਨ ਸਗੋਂ ਸਥਾਨਕ ਲੋਕਾਂ ਦੇ ਇਲਾਵਾ ਇੱਥੇ ਦੂਜੇ ਸੂਬਿਆਂ ਤੋਂ ਆ ਕੇ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਾਲ ਦੀ ਦੂਜੀ ਅੱਤਵਾਦੀ ਘਟਨਾ 7 ਫਰਵਰੀ ਨੂੰ ਹੋਈ, ਜਦੋਂ ਅੱਤਵਾਦੀਆਂ ਨੇ ਰੋਜ਼ਗਾਰ ਦੇ ਸਿਲਸਿਲੇ ’ਚ ਸ਼੍ਰੀਨਗਰ ਆਏ ਅੰਮ੍ਰਿਤਸਰ (ਪੰਜਾਬ) ਦੇ ਰਹਿਣ ਵਾਲੇ ਦੋ ਪ੍ਰਵਾਸੀਆਂ ਨੂੰ ਗੋਲੀ ਮਾਰ ਦਿੱਤੀ। ਇਨ੍ਹਾਂ ’ਚੋਂ 31 ਸਾਲਾ ਅੰਮ੍ਰਿਤਪਾਲ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 25 ਸਾਲਾ ਰੋਹਿਤ ਨੇ ਅਗਲੇ ਦਿਨ ਇਲਾਜ ਦੌਰਾਨ ਦਮ ਤੋੜਿਆ। ਅਧਿਕਾਰੀਆਂ ਦੇ ਅਨੁਸਾਰ ਇਨ੍ਹਾਂ ਕਤਲਾਂ ਦਾ ਮਕਸਦ ਕਸ਼ਮੀਰ ’ਚ ਬਾਹਰ ਤੋਂ ਆ ਕੇ ਕੰਮ ਕਰਨ ਵਾਲੇ ਲੋਕਾਂ ’ਚ ਡਰ ਪੈਦਾ ਕਰਨਾ ਸੀ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਸ਼ਮੀਰ ’ਚ ਪ੍ਰਵਾਸੀਆਂ ’ਤੇ ਅੱਤਵਾਦੀਆਂ ਦਾ ਹਮਲਾ ਹੋਇਆ ਹੈ। ਨਵੰਬਰ, 2022 ’ਚ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲੇ ਦੇ ਰਹਿਣ ਵਾਲੇ ਮੋਨੀਸ਼ ਕੁਮਾਰ ਤੇ ਰਾਮ ਸਾਗਰ ਨਾਂ ਦੇ 2 ਮਜ਼ਦੂਰਾਂ ਦੀ ਅੱਤਵਾਦੀਆਂ ਨੇ ਸ਼ੋਪੀਆਂ ’ਚ ਗ੍ਰੇਨੇਡ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦਕਿ ਅਗਸਤ, 2022 ’ਚ ਬਾਂਦੀਪੋਰਾ ’ਚ ਬਿਹਾਰ ਦੇ ਮਧੇਪੁਰਾ ਦੇ ਰਹਿਣ ਵਾਲੇ 19 ਸਾਲਾ ਮੁਹੰਮਦ ਅਮਰੇਜ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸੇ ਤਰ੍ਹਾਂ ਬੀਤੇ ਸਾਲ 30 ਮਈ ਨੂੰ ਅਨੰਤਨਾਗ ’ਚ ਸਰਕਸ ’ਚ ਕੰਮ ਕਰਨ ਵਾਲੇ ਇਕ ਮੁਲਾਜ਼ਮ ਦੀ ਗੋਲੀ ਮਾਰ ਕੇ ਅਤੇ 31 ਅਕਤੂਬਰ ਨੂੰ ਪੁਲਵਾਮਾ ਜ਼ਿਲੇ ’ਚ ਬਿਹਾਰ ਦੇ ਇਕ ਇੱਟਾਂ ਦੇ ਭੱਠੇ ਦੇ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ ਸੀ। ਫਿਲਹਾਲ, 7 ਫਰਵਰੀ ਨੂੰ ਘਟਨਾ ਦੇ ਬਾਅਦ ਪੁਲਸ ਨੇ ਕਸ਼ਮੀਰ ’ਚ ਗੈਰ-ਕਸ਼ਮੀਰੀਆਂ ਦੀ ਰਿਹਾਇਸ਼ ਵਾਲੇ ਇਲਾਕਿਆਂ ’ਚ ਸੁਰੱਖਿਆ ਵਿਵਸਥਾ ਅਤੇ ਪੁਲਸ ਗਸ਼ਤ ਵਧਾ ਦਿੱਤੀ ਹੈ।

ਦੱਸਣਯੋਗ ਹੈ ਕਿ ਕਸ਼ਮੀਰੀ ਪੰਡਿਤ ਅਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰ ਅਤੇ ਬਾਹਰੋਂ ਆਏ ਸਰਕਾਰੀ ਮੁਲਾਜ਼ਮ ਸਰਕਾਰੀ ਕੁਆਰਟਰਾਂ ਜਾਂ ਕਸ਼ਮੀਰ ਦੇ ਕੁਝ ਵਿਸ਼ੇਸ਼ ਇਲਾਕਿਆਂ ’ਚ ਰਹਿੰਦੇ ਹਨ ਜਿਨ੍ਹਾਂ ਨੂੰ ‘ਮਾਇਨਾਰਿਟੀ ਕਲੱਸਟਰ’ ਦੇ ਰੂਪ ’ਚ ਦਰਸਾਇਆ ਗਿਆ ਹੈ। ਕਸ਼ਮੀਰ ਪੁਲਸ ਦੇ ਆਈ.ਜੀ. ਵਿਧੀ ਕੁਮਾਰ ਵਿਰਦੀ ਨੇ ਜਵਾਨਾਂ ਨੂੰ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਅਤੇ ਅਜਿਹੇ ਹਮਲਿਆਂ ਤੋਂ ਬਚਾਅ ਅਤੇ ਸਦਭਾਵਨਾ ਪੂਰਨ ਵਾਤਾਵਰਣ ਬਣਾਈ ਰੱਖਣ ਲਈ ਵਿਵਸਥਾ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸੇ ਦੇ ਅਧੀਨ ਉਨ੍ਹਾਂ ਨੇ ਕਸ਼ਮੀਰ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਸ ਮੁਖੀਆਂ ਦੇ ਨਾਲ-ਨਾਲ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਅਤੇ ਸੁਰੱਖਿਆ ਵਿਵਸਥਾ ਚਾਕ-ਚੌਬੰਦ ਕਰਨ ਦੇ ਹੁਕਮ ਵੀ ਦਿੱਤੇ ਹਨ।

ਅਸਲ ’ਚ ਕਸ਼ਮੀਰ ’ਚ ਗੈਰ-ਕਸ਼ਮੀਰੀਆਂ ਅਤੇ ਕਸ਼ਮੀਰੀ ਪੰਡਿਤਾਂ ਦੀ ਟਾਰਗੈੱਟ ਕਿਲਿੰਗ ਦਾ ਇਹ ਸਿਲਸਿਲਾ ਅਗਸਤ 2019 ’ਚ ਧਾਰਾ-370 ਹਟਾਏ ਜਾਣ ਦੇ ਬਾਅਦ ਸ਼ੁਰੂ ਹੋਇਆ ਹੈ। ਅੱਤਵਾਦੀ ਕਸ਼ਮੀਰੀ ਪੰਡਿਤਾਂ ਅਤੇ ਗੈਰ-ਕਸ਼ਮੀਰੀਆਂ ਦੀ ਹੱਤਿਆ ਕਰ ਕੇ ਉਨ੍ਹਾਂ ’ਚ ਡਰ ਪੈਦਾ ਕਰਨਾ ਚਾਹੁੰਦੇ ਹਨ ਤਾਂ ਕਿ ਕੇਂਦਰ ਸਰਕਾਰ ਵੱਲੋਂ ਮੁੜ-ਪ੍ਰਵਾਸ ਦੀ ਇਹ ਯੋਜਨਾ ਲੀਹ ਤੋਂ ਉਤਰ ਜਾਵੇ। ਆਪਣੀ ਇਸ ਯੋਜਨਾ ਕਾਰਨ ਹੀ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤਾਂ, ਪ੍ਰਵਾਸੀ ਗੈਰ-ਕਸ਼ਮੀਰੀਆਂ ਅਤੇ ਪੁਲਸ ਵਿਭਾਗ ’ਚ ਕੰਮ ਕਰਨ ਵਾਲੇ ਉਨ੍ਹਾਂ ਸਥਾਨਕ ਮੁਸਲਮਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਨੂੰ ਉਹ ਰਾਸ਼ਟਰਵਾਦੀ ਭਾਰਤੀ ਮੰਨਦੇ ਹਨ।

ਜੰਮੂ-ਕਸ਼ਮੀਰ ਦੇ ਵਿਕਾਸ ਲਈ ਦੇਸ਼ ਦੇ ਹਰ ਹਿੱਸੇ ’ਚ ਵੱਸਣ ਵਾਲੇ ਲੋਕਾਂ ਦੇ ਯੋਗਦਾਨ ਦੀ ਲੋੜ ਹੈ। ਇਹ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਉੱਥੇ ਜਾਣ ਵਾਲੇ ਮਜ਼ਦੂਰ ਵੀ ਹੋ ਸਕਦੇ ਹਨ, ਮੁੰਬਈ ਤੋਂ ਫਿਲਮਾਂ ਦੀ ਸ਼ੂਟਿੰਗ ਲਈ ਜਾਣ ਵਾਲੇ ਕਲਾਕਾਰ ਵੀ ਹੋ ਸਕਦੇ ਹਨ ਅਤੇ ਹੋਰ ਸੂਬਿਆਂ ਦੇ ਵਪਾਰੀ ਵੀ ਇੱਥੇ ਆ ਕੇ ਕਸ਼ਮੀਰ ਦੀ ਆਰਥਿਕ ਤਰੱਕੀ ’ਚ ਯੋਗਦਾਨ ਦੇ ਸਕਦੇ ਹਨ। ਪਰ ਅਜਿਹਾ ਉਦੋਂ ਸੰਭਵ ਹੋਵੇਗਾ ਜੇਕਰ ਗੈਰ-ਕਸ਼ਮੀਰੀ ਇੱਥੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਇਸ ਲਈ ਜਿੱਥੇ ਅਜਿਹੀਆਂ ਤੁੱਛ ਹਰਕਤਾਂ ਕਰਨ ਵਾਲੇ ਅੱਤਵਾਦੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ, ਉੱਥੇ ਸੁਰੱਖਿਆ ਵਿਵਸਥਾ ਨੂੰ ਵੀ ਸਥਾਈ ਤੌਰ ’ਤੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅੱਤਵਾਦੀ ਇਸ ਤਰ੍ਹਾਂ ਦੇ ਹਮਲੇ ਨਾ ਕਰ ਸਕਣ ਅਤੇ ਗੈਰ-ਕਸ਼ਮੀਰੀ ਖੁਦ ਨੂੰ ਕਸ਼ਮੀਰ ’ਚ ਸੁਰੱਖਿਅਤ ਮਹਿਸੂਸ ਕਰਨ।

-ਵਿਜੇ ਕੁਮਾਰ


author

Harpreet SIngh

Content Editor

Related News