ਕੀ ਅਸੀਂ ਮਹਾਮਾਰੀ ਦੇ ਦੂਜੇ ਦੌਰ ਵੱਲ ਵਧ ਰਹੇ ਹਾਂ?

03/03/2021 3:10:40 AM

ਪੂਨਮ ਆਈ ਕੋਸ਼ਿਸ਼ 

ਕੋਰੋਨਾ ਮਹਾਮਾਰੀ ਸਾਡੀ ਜ਼ਿੰਦਗੀ ਦੀ ਸਭ ਤੋਂ ਉਥਲ-ਪੁਥਲ ਭਰੀ, ਸਭ ਤੋਂ ਤਬਾਹਕੁੰਨ ਅਤੇ ਭਿਆਨਕ ਘਟਨਾ ਰਹੀ ਹੈ। ਇਸ ਨੇ ਸਮੁੱਚੀ ਦੁਨੀਆ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਨੇ ਮਨੁੱਖਤਾ ਨੂੰ ਆਪਣੇ ਸ਼ਿਕੰਜੇ ’ਚ ਜਕੜ ਲਿਆ ਹੈ ਅਤੇ ਸਾਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਅਸੀਂ ਕਿੰਨੇ ਬੇਵੱਸ ਹਾਂ। ਇਸ ਮਹਾਮਾਰੀ ਤੋਂ ਬਾਅਦ ਅਸੀਂ ਨਵੇਂ ਜੀਵਨ ’ਚ ਢਲ ਗਏ ਹਾਂ। ਸਾਨੂੰ ਇਕ ਨਵਾਂ ਰਾਹ ਨਜ਼ਰ ਆ ਰਿਹਾ ਹੈ। ਕੋਰੋਨਾ ਦੇ ਟੀਕੇ ਦੀ ਖੋਜ ਹੋ ਗਈ ਹੈ। ਸਮੁੱਚੀ ਦੁਨੀਆ ’ਚ ਡਾਕਟਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲ ਰਹੇ ਹਨ ਅਤੇ ਇਸ ਮਹਾਮਾਰੀ ਵਿਰੁੱਧ ਲੜਾਈ ਲੜ ਰਹੇ ਹਨ।

ਭਾਰਤ ’ਚ ਕੋਰੋਨਾ ਮਹਾਮਾਰੀ ਦਾ ਟੀਕਾਕਰਨ ਸ਼ੁਰੂ ਕਰਨਾ ਇਕ ਵੱਡੀ ਚੁਣੌਤੀ ਅਤੇ ਇਕ ਚੰਗਾ ਮੌਕਾ ਸੀ। ਚੁਣੌਤੀ ਇਸ ਲਈ ਕਿ ਦੇਸ਼ ਦੀ 135 ਕਰੋੜ ਆਬਾਦੀ ਨੂੰ ਬਚਾਉਣਾ ਹੈ। ਇਸ ਲਈ ਤੁਰੰਤ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕਰਨਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧ ’ਚ ਸਭ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਵੈਕਸੀਨ ਦੇ ਮੁੱਖ ਵਿ-ਨਿਰਮਾਤਾਵਾਂ ਨਾਲ ਸੰਪਰਕ ਕੀਤਾ, ਵਿ-ਨਿਰਮਾਣ ਸਹੂਲਤਾਂ ਦਾ ਦੌਰਾ ਕੀਤਾ ਅਤੇ 16 ਜਨਵਰੀ ਨੂੰ ਪਹਿਲੇ ਪੜਾਅ ਦੇ ਟੀਕਾਕਰਨ ਦਾ ਸ਼ੁੱਭ ਆਰੰਭ ਕੀਤਾ। ਇਸ ਅਧੀਨ 1 ਕਰੋੜ ਸਿਹਤ ਮੁਲਾਜ਼ਮਾਂ ਅਤੇ 2 ਕਰੋੜ ਫ੍ਰੰਟ ਲਾਈਨ ਕਿਰਤੀਆਂ ਨੂੰ ਟੀਕਾ ਲਾਇਆ ਜਾਣਾ ਸੀ।

ਉਸ ਤੋਂ ਬਾਅਦ ਦੂਜੇ ਪੜਾਅ ’ਚ 27 ਕਰੋੜ ਉਨ੍ਹਾਂ ਲੋਕਾਂ ਨੂੰ ਟੀਕਾ ਲਾਇਆ ਜਾਣਾ ਹੈ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ ਜਿਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਉਹ ਕਿਸੇ ਰੋਗ ਤੋਂ ਪੀੜਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਸੋਮਵਾਰ ਕੋਰੋਨਾ ਦਾ ਟੀਕਾ ਲਵਾਇਆ। ਹੁਣ ਤੱਕ ਦੇਸ਼ ’ਚ ਡੇਢ ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾ ਚੁੱਕਾ ਹੈ। ਸਰਕਾਰ ਦੇ ਯਤਨਾਂ ਅਤੇ ਯੋਜਨਾਵਾਂ ਦੇ ਬਾਵਜੂਦ ਲੋਕਾਂ ’ਚ ਇਸ ਟੀਕੇ ਪ੍ਰਤੀ ਭਰੋਸਾ ਪੈਦਾ ਨਹੀਂ ਹੋ ਰਿਹਾ। ਏਮਸ ਦੇ ਇਕ ਸੀਨੀਅਰ ਡਾਕਟਰ ਮੁਤਾਬਕ ਇਸ ਦਾ ਕਾਰਨ ਸਪੱਸ਼ਟ ਹੈ, ‘‘ਸਰਕਾਰ ਨੇ ਹਰ ਚੀਜ਼ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ।’’

ਸਭ ਸਰਕਾਰਾਂ ਵੱਲੋਂ ਆਪਣੇ-ਆਪਣੇ ਸਿਹਤ ਮੁਲਾਜ਼ਮਾ ਨੂੰ ਸੂਚੀ ਸੌਂਪੀ ਜਾਂਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਸੌ-ਸੌ ਟੀਕੇ ਦਿੱਤੇ ਜਾਂਦੇ ਹਨ। ਇਹ ਸੂਚੀ ਸਵੇਰੇ 10 ਵਜੇ ਤੱਕ ਪੇਸ਼ ਕਰਨੀ ਹੁੰਦੀ ਹੈ। ਅਸੀਂ ਇਸੇ ਗੱਲ ’ਚ ਉਲਝੇ ਰਹਿੰਦੇ ਹਾਂ ਕਿ ਕਿਨ੍ਹਾਂ ਲੋਕਾਂ ਨੂੰ ਟੀਕਾ ਲਾਇਆ ਜਾਵੇ। ਆਮ ਤੌਰ ’ਤੇ ਅਸੀਂ ਇਸ ਕੋਟੇ ਨੂੰ ਪੂਰਾ ਨਹੀਂ ਕਰ ਸਕਦੇ। ਕੁਝ ਰਿਆਇਤਾਂ ਅਤੇ ਲਚਕੀਲੇਪਨ ਤੋਂ ਬਾਅਦ ਹਸਪਤਾਲਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਸੀਮਤ ਮਾਤਰਾ ’ਚ ਕੋਰੋਨਾ ਵੈਕਸੀਨ ਦਿੱਤੀ ਗਈ ਜਦਕਿ ਉਹ ਰੋਜ਼ਾਨਾ 1000 ਤੱਕ ਟੀਕਾ ਲਾ ਸਕਦੇ ਹਨ।

ਕੁਝ ਲੋਕ ਟੀਕਾ ਲਵਾਉਣ ਤੋਂ ਡਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਵਧੇਰੇ ਜਾਣਕਾਰੀ ਚਾਹੀਦੀ ਹੈ, ਕੁਝ ਲੋਕ ਸਾਹਮਣੇ ਆਏ, ਉਨ੍ਹਾਂ ਟੀਕਾ ਲਵਾਇਆ ਅਤੇ ਬਾਕੀ ਪ੍ਰਮਾਤਮਾ ’ਤੇ ਛੱਡ ਦਿੱਤਾ। ਅੱਜ ਸਰਕਾਰ ਦੇ ਕੋਲ ਸਮਾਂ ਘੱਟ ਹੈ ਕਿਉਂਕਿ 8 ਸੂਬਿਆਂ ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਤਾਮਿਲਨਾਡੂ, ਹਰਿਆਣਾ, ਮੱਧ ਪ੍ਰਦੇਸ਼ ਅਤੇ ਗੁਜਰਾਤ ’ਚ ਰੋਜ਼ਾਨਾ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਇਨ੍ਹਾਂ ਸੂਬਿਆਂ ’ਚ ਲਗਭਗ 17577 ਮਾਮਲੇ ਰੋਜ਼ਾਨਾ ਮਿਲ ਰਹੇ ਹਨ। 130 ਵਿਅਕਤੀਆਂ ਦੀ ਮੌਤ ਵੀ ਹੋ ਰਹੀ ਹੈ। ਅੱਜ ਦੇਸ਼ ’ਚ ਕੋਰੋਨਾ ਦੇ ਕੁੱਲ ਨਵੇਂ ਮਾਮਲਿਆਂ ’ਚੋਂ 86.18 ਫੀਸਦੀ ਮਾਮਲੇ ਇਨ੍ਹਾਂ ਸੂਬਿਆਂ ’ਚੋਂ ਹਨ। ਇਨ੍ਹਾਂ ਦੇਸ਼ਾਂ ’ਚ ਕੋਰੋਨਾ ਦੇ ਸਰਗਰਮ ਮਾਮਲੇ 1 ਲੱਖ 65 ਹਜ਼ਾਰ ਤੋਂ ਵੱਧ ਹਨ।

ਇਸ ਤੋਂ ਇਕ ਸਵਾਲ ਉੱਠਦਾ ਹੈ ਕਿ ਕੀ ਸਾਡਾ ਦੇਸ਼ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਵੱਲ ਵਧ ਰਿਹਾ ਹੈ? ਤੁਸੀਂ ਇਸ ਨੂੰ ਲਾਪਰਵਾਹੀ ਕਹੋ ਜਾਂ ਪਾਬੰਦੀਆਂ ਤੋਂ ਤੰਗ ਹੋਣਾ ਪਰ ਦੇਸ਼ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ’ਚ ਲਾਕਡਾਊਨ ਲਾ ਦਿੱਤਾ ਿਗਆ ਹੈ। ਏਮਸ ਦੇ ਡਾਇਰੈਕਟਰ ਗੁਲੇਰੀਆ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ ਸਾਨੂੰ ਚੌਕਸ ਰਹਿਣਾ ਹੋਵੇਗਾ। ਲੋਕਾਂ ਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਮਾਸਕ ਪਹਿਨਣੇ ਹੋਣਗੇ। ਆਵਾਜਾਈ ’ਤੇ ਪਾਬੰਦੀ ਖਤਮ ਹੋਣ, ਸਕੂਲਾਂ, ਦਫਤਰਾਂ ਅਤੇ ਹੋਰ ਜਨਤਕ ਅਦਾਰਿਆਂ ਦੇ ਖੁੱਲ੍ਹਣ ਕਾਰਨ ਆਬਾਦੀ ਦੀ ਘਣਤਾ ਵਾਲੀਆਂ ਥਾਵਾਂ ’ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਲੋਕ ਲਾਪਰਵਾਹੀ ਕਰਦੇ ਹਨ।

ਭਾਰਤੀ ਲੋਕ ਸਿਹਤ ਅਦਾਰੇ ਮੁਤਾਬਕ ਲੋਕ ਅਹਿਤਿਆਤੀ ਕਦਮਾਂ ਨੂੰ ਅੱਖੋਂ-ਪਰੋਖੇ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਮਿਲਣ ਲਈ ਜਾ ਰਹੇ ਹਨ। ਪਾਰਟੀਆਂ ਕਰ ਰਹੇ ਹਨ। ਕੋਰੋਨਾ ਦੇ ਮਾਮਲਿਆਂ ਸਬੰਧੀ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬ੍ਰਾਜ਼ੀਲ, ਬਰਤਾਨੀਆ ਅਤੇ ਦੱਖਣੀ ਅਫਰੀਕਾ ’ਚ ਕੋਰੋਨਾ ਦਾ ਸਟ੍ਰੇਨ ਪਾਇਆ ਗਿਆ ਹੈ। ਦੇਸ਼ ਦੀ ਬਹੁਤ ਵੱਡੀ ਆਬਾਦੀ ਅਜੇ ਵੀ ਕੋਰੋਨਾ ਤੋਂ ਸੁਰੱਖਿਅਤ ਹੈ। ਇਸ ਲਈ ਇਸ ਗੱਲ ਦਾ ਖਤਰਾ ਬਣਿਆ ਰਹਿੰਦਾ ਹੈ ਕਿ ਇਹ ਨਵਾਂ ਸਟ੍ਰੇਨ ਜਲਦੀ ਹੀ ਨਵੇਂ ਖੇਤਰਾਂ’ਚ ਫੈਲ ਸਕਦਾ ਹੈ। ਬਿਮਾਰੀ ਮੁੜ ਤੋਂ ਪੈਰ ਪਸਾਰ ਸਕਦੀ ਹੈ।

ਜਨਵਰੀ ਦੇ ਅੰਤ ਤੱਕ ਭਾਰਤ ’ਚ ਬਰਤਾਨੀਆ ਦੇ ਸਟ੍ਰੇਨ ਦੇ 200 ਤੋਂ ਵੱਧ ਮਾਮਲੇ ਮਿਲ ਚੁੱਕੇ ਸਨ। ਹੋਰ 2 ਸਟ੍ਰੇਨ ਦੇ 8 ਤੋਂ ਵੱਧ ਮਾਮਲੇ ਵੀ ਮਿਲੇ ਹਨ। ਸਾਡੇ ਦੇਸ਼ ’ਚ ਵੀ ਇਸ ਦੇ ਵੱਖ-ਵੱਖ ਸਟ੍ਰੇਨ ਹੋ ਸਕਦੇ ਹਨ। ਟੀਕਾਕਰਨ ਦੀ ਕਮੀ ਕਾਰਨ ਇਹ ਵਾਇਰਸ ਤੇਜ਼ੀ ਨਾਲ ਮਿਊਟੇਟ ਹੋ ਰਿਹਾ ਹੈ। ਯੂਰਪੀਨ ਦੇਸ਼ਾਂ ’ਚ ਕੋਰੋਨਾ ਦੇ ਨਵੇਂ ਮਾਮਲੇ ਵਧਦੇ ਜਾ ਰਹੇ ਹਨ । ਲੰਡਨ ’ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਫਰਾਂਸ, ਜਰਮਨ, ਸਪੇਨ ਅਤੇ ਪੁਰਤਗਾਲ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। 1918 ਦੇ ਸਪੇਨਿਸ਼ ਫਲੂ ਦੌਰਾਨ ਵੀ ਦੂਜਾ ਦੌਰ ਵਧੇਰੇ ਤਬਾਹਕੁੰਨ ਸੀ ਕਿਉਂਕਿ ਉਦੋਂ ਲੋਕਾਂ ਨੇ ਲਾਪਰਵਾਹੀ ਵਰਤਣੀ ਸ਼ੁਰੂ ਕਰ ਦਿੱਤੀ ਸੀ।

ਫਿਰ ਸਮੱਸਿਆ ਕੀ ਹੈ? ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਦਾ ਟੀਕਾ ਵਿਕਸਤ ਕਰਨ ਅਤੇ 1 ਹਫਤੇ ’ਚ 10 ਲੱਖ ਤੋਂ ਵੱਧ ਲੋਕਾਂ ਅਤੇ 1 ਮਹੀਨੇ ’ਚ 30 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਅਤੇ ਕੋਰੋਨਾ ਟੀਕੇ ਦੇ ਸਭ ਤੋਂ ਵੱਡੇ ਵਿ-ਨਿਰਮਾਤਾ ਸੀਰਮ ਇੰਸਟੀਚਿਊਟ ’ਚ 10 ਕਰੋੜ ਵੈਕਸੀਨ ਦਾ ਭੰਡਾਰ ਹੋਣ ਦੇ ਬਾਵਜੂਦ ਟੀਕਾਕਰਨ ਤੇਜ਼ੀ ਨਾਲ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਭਾਰਤ ਬਾਇਓਟੈਕ ਦੇ ਭੰਡਾਰ ’ਚ ਵੀ ਲੱਖਾਂ ਟੀਕੇ ਹਨ। ਫਿਰ ਵੀ ਟੀਕਾਕਰਨ ਦੇ ਮਾਮਲੇ ’ਚ ਭਾਰਤ ਪਿੱਛੇ ਹੈ। ਇਕ ਮਹੀਨੇ ’ਚ 80 ਲੱਖ ਲੋਕਾਂ ਨੂੰ ਟੀਕਾ ਲਾਉਣ ਦੇ ਹਿਸਾਬ ਨਾਲ 80 ਕਰੋੜ ਬਾਲਗ ਵਿਅਕਤੀਆਂ ਨੂੰ ਟੀਕੇ ਲਾਉਣ ’ਚ ਕਈ ਸਾਲ ਲੱਗ ਜਾਣਗੇ। ਇਸ ਲਈ ਸਰਕਾਰ ਨੂੰ ਟੀਕਾਕਰਨ ਦੀ ਰਫਤਾਰ 20 ਗੁਣਾ ਵਧਾਉਣੀ ਹੋਵੇਗੀ। ਇੰਝ ਕਰਨ ਨਾਲ ਹਰ ਮਹੀਨੇ 14 ਕਰੋੜ ਲੋਕਾਂ ਨੂੰ ਟੀਕਾ ਲਾਇਆ ਜਾ ਸਕੇਗਾ।

ਕੀ ਇਹ ਸੰਭਵ ਹੈ? ਬਿਲਕੁਲ ਸੰਭਵ ਹੈ। ਇਸ ਕੰਮ ਲਈ ਨਿੱਜੀ ਖੇਤਰ, ਗੈਰ ਸਰਕਾਰੀ ਸੰਸਥਾਵਾਂ ਅਤੇ ਕਾਰਪੋਰੇਟ ਜਗਤ ਨੂੰ ਜੋੜਿਆ ਜਾਵੇ ਅਤੇ ਉਨ੍ਹਾਂ ਨੂੰ ਵਿ-ਨਿਰਮਾਤਾਵਾਂ ਕੋਲੋਂ ਟੀਕਾ ਖਰੀਦਣ ਅਤੇ ਲੋਕਾਂ ਨੂੰ ਵੇਚਣ ਦੀ ਆਗਿਆ ਦਿੱਤੀ ਜਾਵੇ। ਅੱਜ ਕੱਲ ਸਰਕਾਰ ਦਾ ਇਸ ’ਤੇ ਪੂਰਾ ਕੰਟਰੋਲ ਹੈ। ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਜੇ ਸਾਨੂੰ ਆਗਿਆ ਦਿੱਤੀ ਜਾਵੇ ਤਾਂ ਅਸੀਂ ਰੋਜ਼ਾਨਾ 10 ਲੱਖ ਟੀਕੇ ਲਾ ਸਕਦੇ ਹਾਂ। ਪੂਣੇ ਦੇ ਇਕ ਮਰਾਠਾ ਚੈਂਬਰ ਨੇ ਕਿਹਾ ਹੈ ਕਿ ਉਹ ਇਕ ਮਹੀਨੇ ’ਚ ਸ਼ਹਿਰ ਦੀ 50 ਲੱਖ ਬਾਲਗ ਆਬਾਦੀ ਨੂੰ ਟੀਕਾ ਲਾ ਸਕਦਾ ਹੈ।

ਇਸ ਤੋਂ ਇਲਾਵਾ ਸਰਕਾਰ ਨੂੰ ਕੋਵਿਡ ਪ੍ਰੀਖਣ ਨੀਤੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਸ਼ੁਰੂ ’ਚ ਇਸ ਸਬੰਧੀ ਨੀਤੀ ਇਹ ਸੀ ਕਿ ਸਿਰਫ ਉਨ੍ਹਾਂ ਲੋਕਾਂ ਦਾ ਪ੍ਰੀਖਣ ਕੀਤਾ ਜਾਵੇ ਜਿਨ੍ਹਾਂ’ਚ ਕੋਰੋਨਾ ਦੇ ਲੱਛਣ ਹੋਣ। ਇਹ ਪ੍ਰੀਖਣ ਵੀ ਸਿਰਫ ਸਰਕਾਰੀ ਲੈਬੋਰੇਟਰੀਆਂ ਵੱਲੋਂ ਕੀਤਾ ਜਾਵੇ। ਇਸ ਕਾਰਨ ਵੀ ਕੋਰੋਨਾ ਦੀ ਇਨਫੈਕਸ਼ਨ ਫੈਲੀ। ਕੋਰੋਨਾ ਪ੍ਰੀਖਣ ਦੇ ਮਾਮਲੇ ’ਚ ਨਿੱਜੀ ਲੈਬੋਰੇਟਰੀਆਂ ਨੂੰ ਆਗਿਆ ਦੇਣ ਪਿੱਛੋਂ ਪ੍ਰੀਖਣ ਵਧੇ ਅਤੇ ਕੋਰੋਨਾ ਦੇ ਪਸਾਰ ’ਤੇ ਕੰਟਰੋਲ ’ਚ ਮਦਦ ਮਿਲੀ। ਇਸ ਲਈ ਕੋਰੋਨਾ ਟੀਕਾਕਰਨ ਸਬੰਧੀ ਵੀ ਸਰਕਾਰ ਨੂੰ ਵਿਕੇਂਦਰੀਕਰਨ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਭ ਲੈਬੋਰੇਟਰੀਆਂ ਨੂੰ ਜੀਨੋਮ ਸੀਕੂਐਂਸ ’ਤੇ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ ਤਾਂ ਜੋ ਇਹ ਗੱਲ ਯਕੀਨੀ ਬਣਾਈ ਜਾ ਸਕੇ ਕਿ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਨਾ ਫੈਲੇ ਅਤੇ ਕੰਟਰੋਲ ਤੋਂ ਬਾਹਰ ਨਾ ਹੋ ਜਾਵੇ।

ਸਾਡੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਮੌਕਾ ਵੀ ਹੈ। ਭਾਰਤ ਪਹਿਲਾਂ ਹੀ ਕੋਰੋਨਾ ਟੀਕੇ ਦੀ ਬਰਾਮਦ ਦਾ ਇਕ ਅਗਾਂਹਵਧੂ ਦੇਸ਼ ਬਣ ਗਿਆ ਹੈ। ਸਾਰਕ ਦੇ ਗੁਆਂਢੀ ਦੇਸ਼ਾਂ ਤੋਂ ਲੈ ਕੇ ਯੂਰਪੀਨ ਦੇਸ਼ਾਂ, ਅਫਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਲੈ ਕੇ ਬ੍ਰਾਜ਼ੀਲ ਤੱਕ ਭਾਰਤ ਕੋਰੋਨਾ ਵੈਕਸੀਨ ਦੀ ਬਰਾਮਦ ਕਰ ਰਿਹਾ ਹੈ। ਕੋਰੋਨਾ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਹੈ। ਕੋਰੋਨਾ ਨੂੰ ਹਰਾਉਣ ਲਈ ਸਮਾਂ ਘੱਟ ਹੈ। ਸਾਡੇ ਨੇਤਾ ਲੋਕਾਂ ਨੂੰ ਸੰਜਮ ਵਰਤਣ ਅਤੇ ਸੰਕਲਪ ਲੈਣ ਦੀ ਗੱਲ ਕਰ ਰਹੇ ਹਾਂ ਪਰ ਇਹ ਢੁੱਕਵਾਂ ਨਹੀਂ ਹੈ। ਸਰਕਾਰ ਨੂੰ ਰੋਜ਼ਾਨਾ 10 ਲੱਖ ਲੋਕਾਂ ਨੂੰ ਟੀਕਾ ਲਾਉਣ ਦਾ ਨਿਸ਼ਾਨਾ ਰੱਖਣਾ ਹੋਵੇਗਾ। ਟੀਕਾਕਰਨ ਪਿੱਛੋਂ ਇਕ ਨਵੇਂ ਕੱਲ ਚੜ੍ਹੇਗਾ, ਇਸ ਲਈ ਇਸ ਸਬੰਧੀ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ। ਜਿਵੇਂ ਕਿ ਅਮਰੀਕਾ ਦੇ ਗਾਇਕ ਕੇਨੀ ਰੋਜ਼ਰ ਦਾ ਇਕ ਗਾਣਾ ਹੈ ‘ਇਫ ਯੂ ਆਰ ਗੋਨਾ ਪਲੇਅ ਦਿ ਗੇਮ ਬੁਆਏ, ਯੂ ਗੋਟਾ ਲਰਲਡ ਨੂੰ ਪਲੇਅ ਇਟ ਰਾਈਟ’। ਸਮਾਂ ਆ ਗਿਆ ਹੈ ਕਿ ਸਭ ਭਾਰਤ ਵਾਸੀ ਇਸ ਸਬੰਧੀ ਪੂਰੀ ਚੌਕਸੀ ਵਰਤਣ । ਤੱਦ ਹੀ ਕੋਰੋਨਾ ਮਹਾਮਾਰੀ’ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ।


Bharat Thapa

Content Editor

Related News