ਅਮਿਤਾਭ ਬੱਚਨ : ਇਸ ਗ੍ਰਹਿ ਦੇ ਮਹਾਨਾਇਕ
Friday, Oct 11, 2024 - 12:38 PM (IST)
ਅਮਿਤਾਭ ਬੱਚਨ ਨੂੰ ਜਨਮ ਦਿਨ ਦੀ ਵਧਾਈ। ਅੱਜ ਉਨ੍ਹਾਂ ਦੇ 82ਵੇਂ ਜਨਮ ਦਿਨ ’ਤੇ, ਇਸ ਗ੍ਰਹਿ ’ਤੇ ਹੁਣ ਤੱਕ ਦੇ ਸਭ ਤੋਂ ਮਹਾਨ ਭਾਰਤੀ ਬਾਰੇ ਕੁਝ ਅਹਿਮ ਗੱਲਾਂ ਇਥੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਪਹਿਲੀ ਨੌਕਰੀ ਕੋਲਕਾਤਾ ’ਚ ਬਰਡ ਐਂਡ ਕੰਪਨੀ ’ਚ ਇਕ ਐਗਜ਼ੀਕਿਊਟਿਵ ਵਜੋਂ ਸੀ, ਜਿੱਥੇ ਉਨ੍ਹਾਂ ਨੂੰ 500 ਰੁਪਏ ਮਹੀਨਾ ਤਨਖਾਹ ਮਿਲਦੀ ਸੀ। ਸ਼ਹਿਰ ’ਚ ਆਪਣੇ ਸਮੇਂ ਦੌਰਾਨ ਉਨ੍ਹਾਂ ਨੇ ਸ਼ੌਕੀਆ ਤੌਰ ’ਤੇ ਥੀਏਟਰ ਸਮੂਹਾਂ ਵੱਲੋਂ ਪੇਸ਼ ਕੁਝ ਅੰਗਰੇਜ਼ੀ ਨਾਟਕਾਂ ’ਚ ਅਦਾਕਾਰੀ ਕੀਤੀ, ਜਿਸ ’ਚ ਕਾਲਮਨਵੀਸ ਦੇ ਪਿਤਾ ਨੀਲ ਓ ਬ੍ਰਾਇਨ ਵੱਲੋਂ ਨਿਰਦੇਸ਼ਿਤ ਇਕ ਨਾਟਕ ਵੀ ਸ਼ਾਮਲ ਸੀ। ਉਨ੍ਹਾਂ ਨੇ ਮ੍ਰਿਣਾਲ ਸੇਨ ਦੀ ਫਿਲਮ ਭੁਵਨ ਸ਼ੋਮ ’ਚ ਆਪਣਾ ਆਡੀਓ (ਵਾਇਸਓਵਰ) ਡੈਬਿਊ ਕੀਤਾ। ਉਨ੍ਹਾਂ ਨੇ ਸਤਿਆਜੀਤ ਰੇਅ ਦੀ ਕਲਾਸਿਕ ਫਿਲਮ ‘ਸ਼ਤਰੰਜ ਕੇ ਖਿਲਾੜੀ’ ਲਈ ਸ਼ੁਰੂਆਤੀ ਕਥਾਤਮਕ ਆਵਾਜ਼ ਵੀ ਦਿੱਤੀ।
-ਅਮਿਤਾਭ ਬੱਚਨ ਅਤੇ ਜਯਾ ਭਾਦੁੜੀ ਦਾ ਵਿਆਹ 3 ਜੂਨ, 1973 ਨੂੰ ਹੋਇਆ ਸੀ। ਇਹ ਸਮਾਗਮ ਫਿਲਿਪਸ ਇੰਡੀਆ ਦੇ ਐੱਸ. ਪੰਡਿਤ ਦੀ ਮਾਲਾਬਾਰ ਹਿੱਲ ’ਚ ਇਕ ਇਮਾਰਤ ਸਕਾਈਲਾਰਕ ਦੀ ਛੱਤ ’ਤੇ ਹੋਇਆ ਸੀ। ਸਿਰਫ ਸੌਗਾਤਾਂ ਦਾ ਆਦਾਨ-ਪ੍ਰਦਾਨ ਵਿਆਹ ਦੀਆਂ ਅੰਗੂਠੀਆਂ ਸਨ। ਮਹਿਮਾਨਾਂ ਦੀ ਸੂਚੀ ’ਚ ਸੰਜੇ ਗਾਂਧੀ, ਰਿਸ਼ੀਕੇਸ਼ ਮੁਖਰਜੀ, ਕੇ. ਏ. ਅੱਬਾਸ ਅਤੇ ਫਰੀਦਾ ਜਲਾਲ ਸਮੇਤ ਹੋਰ ਸ਼ਾਮਲ ਸਨ। ਬੱਚਨ ਅਤੇ ਉਨ੍ਹਾਂ ਦੀ ਪਤਨੀ ਨੇ ਪਹਿਲੀ ਵਾਰ ‘ਬੰਸੀ ਬਿਰਜੂ’ ਫਿਲਮ ’ਚ ਇਕੱਠਿਆਂ ਕੰਮ ਕੀਤਾ ਸੀ। ਉਨ੍ਹਾਂ ਦੇ 6 ਪਸੰਦੀਦਾ ਅਦਾਕਾਰ ਅਲ ਪਚੀਨੋ, ਦਿਲੀਪ ਕੁਮਾਰ, ਮਾਰਲਨ ਬ੍ਰੈਂਡੋ, ਰਾਬਰਟ ਡੀ ਨੀਰੋ, ਸ਼ਿਵਾਜੀ ਗਣੇਸ਼ਨ ਅਤੇ ਉੱਤਮ ਕੁਮਾਰ ਹਨ।
–2 ਮਹਾਨ ਭਾਰਤੀ ਨਿਰਦੇਸ਼ਕਾਂ ਨੇ ਉਨ੍ਹਾਂ ਬਾਰੇ ਕੀ ਕਿਹਾ ਹੈ। ਰਿਸ਼ੀਕੇਸ਼ ਮੁਖਰਜੀ ਦਾ ਕਹਿਣਾ ਹੈ ਕਿ, ‘‘ਹਿੰਦੀ ਫਿਲਮ ਨਿਰਦੇਸ਼ਕਾਂ ਨੇ ਅਦਾਕਾਰ ਵਜੋਂ ਉਨ੍ਹਾਂ ਦੀ ਸਮਰੱਥਾ ਦੀ ਮੁਸ਼ਕਿਲ ਨਾਲ ਦਸ ਫੀਸਦੀ ਵਰਤੋਂ ਕੀਤੀ ਹੈ।’’ ਉੱਥੇ ਹੀ ਸਤਿਆਜੀਤ ਰੇਅ ਅਨੁਸਾਰ, ‘‘ਅਮਿਤਾਭ ਬੱਚਨ ਵਰਗਾ ਅਦਾਕਾਰ ਅਸਾਧਾਰਨ ਤੌਰ ’ਤੇ ਚੰਗਾ ਹੋ ਸਕਦਾ ਹੈ।’’
–ਕੁਝ ਨੰਬਰ ਅਜਿਹੇ ਹਨ ਜੋ ਉਨ੍ਹਾਂ ਦੀਆਂ ਫਿਲਮਾਂ ਦੀ ਤਰ੍ਹਾਂ ਹੀ ਮਸ਼ਹੂਰ ਹੋ ਗਏ ਹਨ। ਫਿਲਮ ‘ਕੁਲੀ’ ’ਚ ਉਨ੍ਹਾਂ ਵੱਲੋਂ ਲਾਇਆ ਗਿਆ ਕੁਲੀ ਦਾ ਬੈਜ ਨੰਬਰ 786 ਸੀ ਅਤੇ ‘ਦੀਵਾਰ’ ’ਚ ਇਹ ਉਨ੍ਹਾਂ ਦੀ ਪਛਾਣ ਸੰਖਿਆ ਅਤੇ ਖੁਸ਼ਕਿਸਮਤੀ ਵੀ ਸੀ। ਐੱਮ. ਵਾਈ. ਬੀ. 3047 ‘ਸ਼ੋਅਲੇ’ ’ਚ ਉਨ੍ਹਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਸੀ। ਫਿਲਮ ‘ਦਿ ਗ੍ਰੇਟ ਗੈਂਬਲਰ’ ’ਚ ਉਨ੍ਹਾਂ ਦੀ ਸਪੀਡਬੋਟ ਦਾ ਨੰਬਰ 23 ਸੀ।
-ਉਨ੍ਹਾਂ ਦੀਆਂ ਕਈ ਫਿਲਮਾਂ ਅਸਲ ਜ਼ਿੰਦਗੀ ਦੇ ਵਿਅਕਤੀਆਂ ਅਤੇ ਘਟਨਾਵਾਂ ਤੋਂ ਪ੍ਰੇਰਿਤ ਹਨ। 1961 ’ਚ ਪੁਰਤਗਾਲੀਆ ਵੱਲੋਂ ਗੋਆ ਦੀ ਮੁਕਤੀ ਉਨ੍ਹਾਂ ਦੀਆਂ ਫਿਲਮਾਂ ‘7 ਹਿੰਦੋਸਤਾਨੀ’ ਅਤੇ ‘ਪੁਕਾਰ’ ਦਾ ਪਿਛੋਕੜ ਸਨ। ਫਿਲਮ ‘ਕਾਲਾ ਪੱਥਰ’ 1975 ਦੇ ਚਾਸਨਾਲਾ ਮਾਈਨਿੰਗ ਤ੍ਰਾਸਦੀ ’ਤੇ ਆਧਾਰਿਤ ਸੀ, ਜਿਸ ’ਚ ਪਾਣੀ ਦੀ ਟੈਂਕੀ ਫਟਣ ਨਾਲ 572 ਖਾਨ ਕਾਮਿਆਂ ਦੀ ਮੌਤ ਹੋ ਗਈ ਸੀ। ਮਿਥਿਲੇਸ਼ ਕੁਮਾਰ ਸ਼੍ਰੀਵਾਸਤਵ 1970 ਦੇ ਦਹਾਕੇ ’ਚ ਭਾਰਤ ਦੇ ਸਭ ਤੋਂ ਬਦਨਾਮ ਵਿਸਾਹਘਾਤੀ ਸਨ। ਉਨ੍ਹਾਂ ਦੇ ਕਾਰਨਾਮਿਆਂ ਨੇ ਫਿਲਮ ‘ਮਿਸਟਰ ਨਟਵਰਲਾਲ’ ਨੂੰ ਪ੍ਰੇਰਿਤ ਕੀਤਾ।
-ਉਨ੍ਹਾਂ ਨੇ ਕਈ ਫਿਲਮਾਂ ’ਚ ਦੋਹਰੇ ਕਿਰਦਾਰ ਨਿਭਾਏ ਹਨ। ‘ਡਾਨ’, ‘ਕਸਮੇਂ ਵਾਅਦੇ’, ‘ਸੱਤੇ ਪੇ ਸੱਤਾ’, ‘ਤੂਫਾਨ’, ‘ਸੂਰਯਵੰਸ਼ਮ’, ‘ਬੜੇ ਮੀਆਂ ਛੋਟੇ ਮੀਆਂ’, ‘ਬੇਮਿਸਾਲ’, ‘ਦੇਸ਼ ਪ੍ਰੇਮੀ’, ‘ਆਖਿਰੀ ਰਾਤ’, ‘ਦਿ ਗ੍ਰੇਟ ਗੈਂਬਲਰ’ ਆਦਿ। ‘ਮਹਾਨ’ ਇਕ ਅਜਿਹੀ ਫਿਲਮ ਸੀ, ਜਿਸ ’ਚ ਉਨ੍ਹਾਂ ਨੇ ਤੀਹਰੇ ਕਿਰਦਾਰ ਨਿਭਾਏ (ਪਿਤਾ ਅਤੇ ਉਨ੍ਹਾਂ ਦੇ ਦੋ ਬੇਟੇ)!
–ਪ੍ਰੋਡਕਸ਼ਨ ਟੀਮ ਕੋਲ ‘ਯਾਰਾਨਾ’ ਦੇ ਗਾਣੇ ‘ਸਾਰਾ ਜ਼ਮਾਨਾ’ ਲਈ ਇਕ ਨਵਾਂ ਵਿਚਾਰ ਸੀ। ਐਕਸਟ੍ਰਾ ਲੋਕਾਂ ਨੂੰ ਕੰਮ ’ਤੇ ਰੱਖਣ ਦੀ ਥਾਂ, ਆਮ ਲੋਕਾਂ ਨੂੰ ਆਉਣ ਅਤੇ ਦਰਸ਼ਕ ਬਣਨ ਲਈ ਕਿਹਾ।
–5 ਅਦਾਕਾਰ ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਨਿਰਦੇਸ਼ਿਤ ਵੀ ਕੀਤਾ ਹੈ। ਬੰਬਈ ਦੇ ਸ਼ੈਰਿਫ ਅਤੇ ਸੰਸਦ ਮੈਂਬਰ ਸੁਨੀਲ ਦੱਤ ਨੇ ‘ਰੇਸ਼ਮਾ ਔਰ ਸ਼ੇਰਾ’ ਵਿਚ ਅਦਾਕਾਰੀ ਅਤੇ ਨਿਰਦੇਸ਼ਨ ਕੀਤਾ ਸੀ। ਮਨੋਜ ਕੁਮਾਰ ਨੇ ‘ਰੋਟੀ, ਕੱਪੜਾ ਔਰ ਮਕਾਨ’ ਵਿਚ ਅਦਾਕਾਰੀ ਅਤੇ ਨਿਰਦੇਸ਼ਨ ਕੀਤਾ ਸੀ। ਬੱਚਨ ਦੇ ਕਈ ਫਿਲਮਾਂ ’ਚ ਸਹਿ-ਕਲਾਕਾਰ ਰਹੇ ਸ਼ਸ਼ੀ ਕਪੂਰ ਨੇ ਸ਼ਾਨਦਾਰ ਇੰਡੋ-ਰੂਸੀ ਪ੍ਰੋਡਕਸ਼ਨ ‘ਅਜੂਬਾ’ ਦਾ ਨਿਰਦੇਸ਼ਨ ਕੀਤਾ ਸੀ। ਕਾਮੇਡੀਅਨ ਦੇਵੇਨ ਵਰਮਾ ਨੇ ‘ਬੇਸ਼ਰਮ’ ’ਚ ਅਦਾਕਾਰੀ ਅਤੇ ਨਿਰਦੇਸ਼ਨ ਕੀਤਾ ਸੀ। ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਟੀਨੂ ਆਨੰਦ ਨੇ ਬੱਚਨ ਨੂੰ ਲੈ ਕੇ 3 ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ, ‘ਕਾਲੀਆ’, ‘ਸ਼ਹਿਨਸ਼ਾਹ’ ਅਤੇ ‘ਮੈਂ ਆਜ਼ਾਦ ਹੂੰ’।
–ਫ੍ਰਾਂਸੀਸੀ ਨਿਰਮਾਤਾ ਐਲੇਨ ਚਮਾਸ ਨੇ ਉਨ੍ਹਾਂ ਨੂੰ ਜਾਨ ਵੋਇਟ ਅਤੇ ਰਿਚਰਡ ਡ੍ਰੈਫਸ ਨਾਲ ਫਿਲਮ ‘ਕਰਾਸਿੰਗਜ਼’ ਲਈ ਸਾਈਨ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੂੰ ਤਰੀਕਾਂ ਦੀ ਲਾਜਿਸਟਿਕਸ ਬਾਰੇ ਦੱਸਿਆ ਗਿਆ, ਤਾਂ ਨਿਰਮਾਤਾ ਹੈਰਾਨ ਵੀ ਸਨ ਤੇ ਨਿਰਾਸ਼ ਵੀ। ਐਲੇਨ ਨੇ ਟਿੱਪਣੀ ਕੀਤੀ, ‘‘ਇਹ ਆਦਮੀ ਇਕ ਸਟਾਰ ਨਹੀਂ ਹੈ। ਉਹ ਇਕ ਉਦਯੋਗ ਹੈ।’’
-ਇਕ ਘੱਟ ਜਾਣੀ ਜਾਂਦੀ, ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਵੀ ਹੈ। 1979 ’ਚ ਬੱਚਨ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਦੇ ਇਕ ਡਾਕਟਰ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਕੋਮਾ ’ਚ ਪਈ ਇਕ ਛੋਟੀ ਲੜਕੀ ਬਾਰੇ ਦੱਸਿਆ।
ਉਹ ‘ਐਂਥਨੀ’ ਨਾਂ ਬੁੜਬੁੜਾਉਂਦੀ ਰਹੀ। ਡਾਕਟਰ ਨੂੰ ਅਹਿਸਾਸ ਹੋਇਆ ਕਿ ਇਹ ਫਿਲਮ ‘ਅਮਰ ਅਕਬਰ ਐਂਥਨੀ’ ’ਚ ਅਮਿਤਾਭ ਬੱਚਨ ਦੇ ਕਿਰਦਾਰ ਦਾ ਨਾਂ ਸੀ। ਜਦੋਂ ਲੜਕੀ ਕੋਮਾ ਤੋਂ ਬਾਹਰ ਆਈ ਤਾਂ ਡਾਕਟਰ ਨੇ ਬੱਚਨ ਨਾਲ ਸੰਪਰਕ ਕੀਤਾ ਅਤੇ ਉਹ ਖੁਦ ਹਸਪਤਾਲ ਆਏ ਅਤੇ ਲੜਕੀ ਨੇ ਆਪਣੀ ਪਹਿਲੀ ਬੁਰਕੀ ਉਦੋਂ ਹੀ ਖਾਧੀ, ਜਦੋਂ ਉਨ੍ਹਾਂ ਨੇ ਉਸ ਨੂੰ ਖਾਣਾ ਖੁਆਇਆ।
-ਬੱਚਨ ਦੇ 6 ਪਸੰਦੀਦਾ ਨਿਰਦੇਸ਼ਕ ਬਿਮਲ ਰਾਏ, ਗੁਰੂ ਦੱਤ, ਰਿਸ਼ੀਕੇਸ਼ ਮੁਖਰਜੀ, ਮਹਿਬੂਬ ਖਾਨ, ਰਾਜ ਕਪੂਰ ਅਤੇ ਸਤਿਆਜੀਤ ਰੇਅ ਹਨ।
–ਉਨ੍ਹਾਂ ਦੇ 3 ਪਸੰਦੀਦਾ ਕਵੀ ਰਵਿੰਦਰਨਾਥ ਟੈਗੋਰ, ਵਿਲੀਅਮ ਸ਼ੈਕਸਪੀਅਰ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਡਾ. ਹਰੀਵੰਸ਼ ਰਾਏ ਬੱਚਨ ਹਨ।
ਪੀ. ਐੱਸ. ਕੁਇੱਜ਼ਮਾਸਟਰ ਅਤੇ ਪ੍ਰਕਾਸ਼ਕ ਵਜੋਂ ਮੇਰੇ ਕਾਰਜਕਾਲ ਦੌਰਾਨ, ਅਸੀਂ ਜੋ ਪਹਿਲੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ, ਉਨ੍ਹਾਂ ’ਚੋਂ ਇਕ ਅਮਿਤਾਭ ਬੱਚਨ ਦੀ ‘ਬੁੱਕ ਆਫ ਲਿਸਟਸ’ ਸੀ।
3 ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਜਦ ਜੁਆਏ ਭੱਟਾਚਾਰੀਆ, ਅਨਿਰੁੱਧ ਭੱਟਾਚਾਰੀਆ ਅਤੇ ਅਮਿਤਾਵਾ ਚੈਟਰਜੀ ਘਰ ’ਚ ਮੇਰੀ ਡਾਈਨਿੰਗ ਟੇਬਲ ਦੇ ਆਲੇ-ਦੁਆਲੇ ਬੈਠ ਕੇ ਇਸ ਆਮ ਗਿਆਨ ਦੇ ਖਜ਼ਾਨੇ ’ਤੇ ਖੋਜ ਕਰਦੇ ਸਨ।
-ਡੈਰੇਕ ਓ ਬ੍ਰਾਇਨ