ਅੰਤੋਦਿਆ ਨਾਲ ਪੂਰਾ ਹੋ ਰਿਹਾ ਹਰਿਆਣਾ ’ਚ ਸਭ ਦਾ ਵਿਕਾਸ

10/21/2023 1:09:35 PM

ਅੰਤੋਦਿਆ ਸ਼ਬਦ ਦਾ ਅਰਥ ਹੀ ਆਪਣੇ ਆਪ ’ਚ ਸੁਭ ਕੁਝ ਕਹਿ ਦਿੰਦਾ ਹੈ ਭਾਵ ਸਮਾਜ ਦੇ ਆਖਰੀ ਕੰਢੇ ’ਤੇ ਖੜ੍ਹੇ ਵਿਅਕਤੀ ਦਾ ਉਦੈ। ਪੰਡਿਤ ਦੀਨਦਿਆਲ ਉਪਾਧਿਆਏ ਦੇ ਇਸ ਵਿਚਾਰ ਨਾਲ ਸਹੀ ਮਾਅਨਿਆਂ ’ਚ ਸਮਾਜ ਦੇ ਸਮੁੱਚੇ ਵਿਕਾਸ ਦੀ ਧਾਰਨਾ ਨੂੰ ਜ਼ਮੀਨ ’ਤੇ ਉਤਾਰਿਆ ਜਾ ਸਕਦਾ ਹੈ। ਹਰਿਆਣਾ ’ਚ ਬੀਤੇ 9 ਸਾਲਾਂ ’ਚ ਮੁੱਖ ਮੰਤਰੀ ਮਨੋਹਰ ਲਾਲ ਨੇ ਅੰਤੋਦਿਆ ਦੀ ਇਸੇ ਭਾਵਨਾ ਅਨੁਸਾਰ ਸਰਕਾਰ ਦੀਆਂ ਨੀਤੀਆਂ ਦਾ ਨਿਰਮਾਣ ਕਰ ਕੇ ਸੂਬੇ ਦਾ ਮੁਕੰਮਲ ਵਿਕਾਸ ਕਰਨ ਦਾ ਕੰਮ ਕੀਤਾ ਹੈ। ਸਮਾਜਿਕ ਨਿਆਂ ਅਤੇ ਸਭ ਦਾ ਇਕ ਸਮਾਨ ਵਿਕਾਸ ਦਾ ਸੂਤਰ ਕਲਿਆਣਕਾਰੀ ਨੀਤੀਆਂ ’ਚ ਪਿਰੋ ਕੇ ਸੂਬੇ ਦੀ ਜਨਤਾ ਦੇ ਪੱਧਰ ਨੂੰ ਉੱਚਾ ਉਠਾਇਆ ਹੈ। ਇਹ ਗਰੀਬ ਜਨਤਾ ਨੂੰ ਵਿੱਤੀ ਮਦਦ ਦੇਣਾ ਹੀ ਨਹੀਂ ਸਗੋਂ ਉਸ ਤੋਂ ਇਕ ਕਦਮ ਅੱਗੇ ਵਧ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਸਿੱਖਿਆ, ਸਿਹਤ, ਰਿਹਾਇਸ਼ ਵਰਗੀ ਬੁਨਿਆਦੀ ਸਹੂਲਤ ਦਾ ਲਾਭ ਦੇਣਾ ਹੈ। 

ਸੂਬਾ ਸਰਕਾਰ ਨੂੰ ਇਸ ਕੰਮ ’ਚ ਸਫਲਤਾ ਇਸ ਲਈ ਮਿਲ ਸਕੀ ਹੈ ਕਿਉਂਕਿ ਹਰਿਆਣਾ ਦੇ ਵੱਖ-ਵੱਖ ਵਿਭਾਗ ਮੁੱਖ ਮੰਤਰੀ ਦੀਆਂ ਹਦਾਇਤਾਂ ’ਚ ਇਕ ਸੂਤਰ ’ਚ ਬੱਝ ਕੇ ਕੰਮ ਕਰ ਰਹੇ ਹਨ। ਗਰੀਬਾਂ ਦਾ ਕਲਿਆਣ ਉਨ੍ਹਾਂ ਲਈ ਸਭ ਤੋਂ ਉਪਰ ਹੈ। ਇਹੀ ਵਜ੍ਹਾ ਹੈ ਕਿ ਸੂਬੇ ਦੀਆਂ ਸਾਰੀਆਂ ਏਜੰਸੀਆਂ ਨੂੰ ਉਨ੍ਹਾਂ ਦੀ ਸਪੱਸ਼ਟ ਹਦਾਇਤ ਹੈ ਕਿ ਇਸ ਕੰਮ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਵਿਅਕਤੀਗਤ ਤੌਰ ’ਤੇ ਇਸ ਦੀ ਮਾਨੀਟਰਿੰਗ ਕਰਦੇ ਹਨ। ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉੱਥਾਨ ਯੋਜਨਾ ’ਚ ਸੂਬੇ ’ਚ ਸਭ ਤੋਂ ਗਰੀਬ ਪਰਿਵਾਰਾਂ ਦੀ ਪਛਾਣ ਕੀਤੀ ਗਈ ਹੈ। ਮੌਜੂਦਾ ਸਮੇਂ ’ਚ 19 ਵਿਭਾਗਾਂ ਦੀਆਂ 51 ਸਕੀਮਾਂ ਤਹਿਤ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉੱਥਾਨ ਯੋਜਨਾ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। 

ਇਸ ਯੋਜਨਾ ਤਹਿਤ ਹੁਨਰ ਵਿਕਾਸ, ਸਵੈ-ਰੋਜ਼ਗਾਰ ਅਤੇ ਰੋਜ਼ਗਾਰ ਸਿਰਜਣ ਦੇ ਉਪਾਵਾਂ ਨੂੰ ਅਪਣਾਇਆ ਗਿਆ ਹੈ। ਮੁੱਖ ਮੰਤਰੀ ਨੇ ਪਹਿਲ ਕਰਦਿਆਂ ਅੰਤੋਦਿਆ ਪਰਿਵਾਰਾਂ ਦੀ ਘੱਟੋ-ਘੱਟ ਸਾਲਾਨਾ ਆਮਦਨ 1.80 ਲੱਖ ਰੁਪਏ ਤਕ ਵਧਾਈ ਤਾਂ ਕਿ ਇਸ ਦਾ ਲਾਭ ਵੱਧ ਤੋਂ ਵੱਧ ਗਰੀਬਾਂ ਤੱਕ ਪਹੁੰਚ ਸਕੇ। ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਹਰਿਆਣਾ ’ਚ ਜੋ ਬੇਰੋਜ਼ਗਾਰ ਨਾਗਰਿਕ ਹਨ ਉਹ ਵੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਸਰਕਾਰ ਦਾ ਟੀਚਾ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉੱਥਾਨ ਯੋਜਨਾ ਤਹਿਤ ਸੂਬੇ ਦੇ 2 ਲੱਖ ਬੇਹੱਦ ਗਰੀਬ ਪਰਿਵਾਰਾਂ ਦੀ ਆਮਦਨ ਨੂੰ ਵਧਾਉਣ ਦਾ ਹੈ। ਇਸ ਦਿਸ਼ਾ ’ਚ ਪਹਿਲਾਂ 5 ਪੜਾਵਾਂ ’ਚ ਆਯੋਜਿਤ ਅੰਤੋਦਿਆ ਮੇਲਿਆਂ ’ਚ ਲਗਭਗ 32,639 ਹਜ਼ਾਰ ਪਰਿਵਾਰਾਂ ਨੂੰ ਬੈਂਕਾਂ ਰਾਹੀਂ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ। ਮੁੱਖ ਮੰਤਰੀ ਦੀ ਇਸ ਪਹਿਲ ਨੂੰ ਸੂਬੇ ਦੀ ਜਨਤਾ ਨੇ ਹੱਥੋ-ਹੱਥ ਲਿਆ ਹੈ। ਖਾਸ ਤੌਰ ’ਤੇ ਸਮਾਜ ਦੇ ਹੇਠਲੇ ਤਬਕੇ ਦੇ ਲੋਕ ਅਤੇ ਵਾਂਝੇ ਮੁੱਖ ਮੰਤਰੀ ਦੀ ਇਸ ਪਹਿਲ ਦੀ ਖੁੱਲ੍ਹੇ ਦਿਲ ਨਾਲ ਹਮਾਇਤ ਕਰ ਰਹੇ ਹਨ।

ਮੁੱਖ ਮੰਤਰੀ ਦੀ ਇਸ ਪਹਿਲ ਨਾਲ ਸਰਕਾਰ ਖੁਦ ਗਰੀਬਾਂ ਅਤੇ ਵਾਂਝਿਆਂ ਦੀ ਪਛਾਣ ਕਰ ਕੇ ਉਨ੍ਹਾਂ ਤੱਕ ਪਹੁੰਚ ਰਹੀ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ। ਯੋਜਨਾ ਦਾ ਲਾਭ ਲੋਕਾਂ ਤੱਕ ਛੇਤੀ ਤੋਂ ਛੇਤੀ ਪਹੁੰਚੇ, ਇਸ ਲਈ ਸੂਬਾ ਸਰਕਾਰ ਨੇ ਹਰਿਆਣਾ ਦੇ ਸਾਰੇ 22 ਜ਼ਿਲਿਆਂ ’ਚ 5 ਪੜਾਵਾਂ ’ਚ ਕੁਲ 1195 ਮੇਲੇ ਲਾਏ। ਮੇਲੇ ਲਈ ਪਛਾਣ ਕੀਤੇ ਅਤੇ ਸੱਦੇ ਗਏ 4,27,521 ਲਾਭਪਾਤਰੀਆਂ ’ਚੋਂ 1,81,797 ਹਾਜ਼ਰ ਹੋਏ ਅਤੇ ਇਨ੍ਹਾਂ ਨੂੰ ਸਰਕਾਰ ਵੱਲੋਂ ਕਰਜ਼ੇ ਦੇ ਤੌਰ ’ਤੇ ਵੱਖ-ਵੱਖ ਯੋਜਨਾਵਾਂ, ਹੁਨਰ ਵਿਕਾਸ ਟ੍ਰੇਨਿੰਗ ਅਤੇ ਰੋਜ਼ਗਾਰ ਸਿਰਜਣ ਯੋਜਨਾਵਾਂ ਤਹਿਤ ਸਹਾਇਤਾ ਕੀਤੀ ਗਈ। 99,486 ਲਾਭਪਾਤਰੀਆਂ ਦੀਆਂ ਅਰਜ਼ੀਆਂ ਸਿਧਾਂਤਕ ਤੌਰ ’ਤੇ ਸਵੀਕਾਰ ਕੀਤੀਆਂ ਗਈਆਂ। ਉਸ ਪਿੱਛੋਂ 48,243 ਲੋਕਾਂ ਦਾ ਸਰਕਾਰ ਵੱਲੋਂ ਕਰਜ਼ਾ ਸਵੀਕਾਰ ਕੀਤਾ ਗਿਆ। ਇਨ੍ਹਾਂ ’ਚੋਂ 32,639 ਨੂੰ ਰਾਸ਼ੀ ਵੀ ਦਿੱਤੀ ਗਈ। ਉਸ ਸਮੇਂ ਤੱਕ 5268 ਲਾਭਪਾਤਰੀਆਂ ਨੂੰ ਮਜ਼ਦੂਰੀ ਰੋਜ਼ਗਾਰ ਪ੍ਰਦਾਨ ਕੀਤਾ ਗਿਆ। ਇਸ ਸਕੀਮ ਦੀ ਮਾਨੀਟਰਿੰਗ ਲਈ ਪੋਰਟਲ ਬਣਾਇਆ ਗਿਆ ਹੈ।

ਗਰੀਬ ਅਤੇ ਵਾਂਝੇ ਲੋਕਾਂ ਨੂੰ ਮੁੱਖ ਧਾਰਾ ’ਚ ਬਿਨਾਂ ਦੇਰੀ ਸ਼ਾਮਲ ਕਰਨ ਦੇ ਉਦੇਸ਼ ਨਾਲ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਭਰਤੀ ’ਤੇ 28 ਸਤੰਬਰ ਤੋਂ ਲੱਗੀ ਰੋਕ ਨੂੰ ਹਟਾ ਲਿਆ ਹੈ। ਹੁਣ ਕੱਚੀਆਂ ਨੌਕਰੀਆਂ ’ਚ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਪਹਿਲ ਮਿਲ ਸਕੇਗੀ। 1.80 ਲੱਖ ਰੁਪਏ ਤੱਕ ਸਾਲਾਨਾ ਕਮਾਈ ਵਾਲੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਨੌਕਰੀ ’ਚ 40 ਅੰਕ, ਢਾਈ ਲੱਖ ਤੱਕ ਲਈ 30 ਅੰਕ, 4 ਲੱਖ ਦੀ ਸਾਲਾਨਾ ਆਮਦਨ ਵਾਲਿਆਂ ਲਈ 20 ਅੰਕ ਅਤੇ 6 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਲਈ 10 ਵਾਧੂ ਅੰਕ ਦੇਣ ਦੀ ਵਿਵਸਥਾ ਹੈ। ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉੱਥਾਨ ਯੋਜਨਾ ਦੇ ਘੇਰੇ ’ਚ ਆਉਣ ਵਾਲੇ ਪਰਿਵਾਰਾਂ ਲਈ 40 ਅੰਕ ਰੱਖੇ ਗਏ ਹਨ।

ਯਮੁਨਾਨਗਰ ਜ਼ਿਲ੍ਹੇ ਦੀ ਚੌਧਰੀ ਕਾਲੋਨੀ, ਪਿੰਡ ਦੀ ਰਹਿਣ ਵਾਲੀ ਸ਼੍ਰੀਮਤੀ ਪ੍ਰਵੀਨ ਕੁਮਾਰੀ ਨੇ ਵਿਆਹ ਦੇ ਤੁਰੰਤ ਪਿੱਛੋਂ ਆਪਣੇ ਪਤੀ ਨੂੰ ਬੀਮਾਰੀ ਕਾਰਨ ਗੁਆ ਲਿਆ। ਉਸ ਦੇ ਪਤੀ ਦੀ ਆਮਦਨ ਦਾ ਸੋਮਾ ਸਿਰਫ਼ ਰੋਜ਼ਾਨਾ ਮਜ਼ਦੂਰੀ ਸੀ, ਇਸ ਲਈ ਉਸ ਦੀ ਮੌਤ ਪਿੱਛੋਂ ਪ੍ਰਵੀਨ ਕੁਮਾਰੀ ਬੇਸਹਾਰਾ ਹੋ ਗਈ। ਸਾਲ 2022 ’ਚ ਉਨ੍ਹਾਂ ਨੂੰ ਸਰਕਾਰ ਦੇ ਵੱਖ-ਵੱਖ ਫੋਨ ਕਾਲ ਅਤੇ ਸੁਨੇਹਿਆਂ ਰਾਹੀਂ ਪਰਿਵਾਰ ਉੱਥਾਨ ਯੋਜਨਾ ਬਾਰੇ ਪਤਾ ਲੱਗਾ। ਆਂਗਣਵਾੜੀ ਵਰਗੇ ਵੱਖ-ਵੱਖ ਜ਼ਮੀਨੀ ਪੱਧਰ ਦੇ ਵਰਕਰਾਂ ਨੇ ਵੀ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਉੱਥਾਨ ਮੇਲਿਆਂ ਦੇ ਮੰਤਵ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਮਿਥੀ ਤਰੀਕ ਅਤੇ ਸਮੇਂ ’ਤੇ ਇਸ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਇਹ ਸਿਰਫ ਇਕ ਪ੍ਰਵੀਨ ਕੁਮਾਰੀ ਦੀ ਕਹਾਣੀ ਹੀ ਨਹੀਂ ਹੈ। ਸਮਾਜ ਦੇ ਲੋਕਾਂ ’ਚ ਇਸ ਯੋਜਨਾ ਨੂੰ ਲੈ ਕੇ ਬੇਹੱਦ ਹਾਂ-ਪੱਖੀ ਮਾਹੌਲ ਹੈ। ਅੰਤੋਦਿਆ ਦਰਸ਼ਨ ਨੂੰ ਸਾਕਾਰ ਕਰਨ ਦੀ ਲੜੀ ’ਚ ਮੁੱਖ ਮੰਤਰੀ ਨੇ ਮੋਹਰੀ ਕਦਮ ਉਠਾਉਂਦੇ ਹੋਏ ਅੰਤੋਦਿਆ ਪਰਿਵਾਰਾਂ ਨੂੰ ਮੌਤ ਜਾਂ ਦਿਵਿਆਂਗ ਹੋਣ ਦੀ ਸਥਿਤੀ ’ਚ ਮਾਇਕ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਦਿਆਲੂ ਯੋਜਨਾ’ ਦਾ ਸ਼ੁੱਭ ਆਰੰਭ ਕੀਤਾ। ਦਿਆਲੂ ਯੋਜਨਾ ਦੇ ਤਹਿਤ ਵੱਖ-ਵੱਖ ਉਮਰ ਵਰਗ ਅਨੁਸਾਰ ਲਾਭ ਦਿੱਤਾ ਜਾਵੇਗਾ। ਇਸ ਯੋਜਨਾ ’ਚ ‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀ. ਐੱਮ. ਜੇ. ਜੇ. ਬੀ. ਵਾਈ.) ਅਤੇ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ. ਐੱਮ. ਐੱਸ. ਬੀ. ਵਾਈ.) ਅਧੀਨ ਮਿਲਣ ਵਾਲੀ 2 ਲੱਖ ਰੁਪਏ ਦੀ ਰਕਮ ਵੀ ਸ਼ਾਮਲ ਹੋਵੇਗੀ।

-ਕੇ. ਕੇ. ਖੰਡੇਲਵਾਲ (ਰਿਟਾ. ਆਈ. ਏ. ਐੱਸ.)


rajwinder kaur

Content Editor

Related News