ਲੜਕੀਆਂ ਦੇ ਵਿਆਹ ਦੀ ਉਮਰ

10/21/2020 3:36:16 AM

ਕਸ਼ਮਾ ਸ਼ਰਮਾ

ਵਰ੍ਹਿਆਂ ਤੋਂ ਲਕਸ਼ਮੀ ਮੇਰੇ ਇਥੇ ਅਤੇ ਆਲੇ-ਦੁਆਲੇ ਦੇ ਘਰਾਂ ’ਚ ਕੰਮ ਕਰਦੀ ਹੈ। ਪਤਲੀ-ਪਤੰਗ ਹਮੇਸ਼ਾ ਇਧਰ ਤੋਂ ਓਧਰ ਭੱਜਦੀ। ਇਕ ਦਿਨ ਉਸ ਨੇ ਕਿਹਾ ਕਿ ਅੱਜ ਉਹ 20 ਸਾਲਾਂ ਦੀ ਹੋ ਗਈ। ਬਸ, ਮੂੰਹ ’ਚੋਂ ਨਿਕਲਿਆ। ਕਿਉਂਕਿ ਉਸ ਦੇ ਤਿੰਨ ਬੱਚੇ ਹਨ। ਇਹ ਪੁੱਛਣ ’ਤੇ ਵਿਆਹ ਕਿੰਨੀ ਉਮਰ ’ਚ ਹੋਇਆ ਸੀ, ਉਹ ਸ਼ਰਮਾਉਂਦੀ ਹੋਈ ਬੋਲੀ 14 ਦੀ ਉਮਰ ’ਚ। ਉਸ ਦੇ ਨਾਲ ਕਈ ਲੜਕੀਅਾਂ ਆਉਂਦੀਅਾਂ-ਜਾਂਦੀਅਾਂ ਦਿਸਦੀਅਾਂ ਹਨ। ਉਨ੍ਹਾਂ ਦੀ ਉਮਰ ਵੀ ਇੰਨੀ ਹੀ ਹੋਵੇਗੀ ਪਰ ਸਾਰਿਅਾਂ ਦੇ ਕਈ-ਕਈ ਬੱਚੇ ਹਨ। ਸਾਰੀਅਾਂ ਗਰੀਬ ਘਰਾਂ ਤੋਂ ਹਨ।

ਸਾਡੇ ਇਥੇ ਬਹੁਤੇ ਪਰਿਵਾਰਾਂ ’ਚ ਲੜਕੀ ਦੇ ਪੈਦਾ ਹੁੰਦਿਅਾਂ ਹੀ ਉਸ ਨੂੰ ਪੜ੍ਹਾਉਣ-ਲਿਖਾਉਣ ਦੇ ਮੁਕਾਬਲੇ ਵਿਆਹ ਦੀਅਾਂ ਤਿਆਰੀਅਾਂ ਕੀਤੀਅਾਂ ਜਾਣ ਲੱਗਦੀਅਾਂ ਹਨ। ਉਂਝ ਕਹਿਣ ਨੂੰ ਸਰਕਾਰ ਵਲੋਂ ਲੜਕੀ ਦੇ ਵਿਆਹ ਦੀ ਉਮਰ 18 ਸਾਲ ਅਤੇ ਲੜਕੇ ਦੀ 21 ਸਾਲ ਹੈ ਪਰ ਜ਼ਿਆਦਾਤਰ ਪਰਿਵਾਰਾਂ ’ਚ ਲੜਕੀ ਤੋਂ ਜਿਵੇਂ-ਕਿਵੇਂ ਖਹਿੜਾ ਛੁਡਵਾਉਣ ਦੀ ਭਾਵਨਾ ਦਿਖਾਈ ਦਿੰਦੀ ਹੈ। ਇਨ੍ਹਾਂ ’ਚ ਜ਼ਿਆਦਾਤਰ ਗਰੀਬ ਪਰਿਵਾਰਾਂ ਦੀਅਾਂ ਹੁੰਦੀਅਾਂ ਹਨ। ਦਿਹਾਤੀ ਸਮਾਜਾਂ ’ਚ ਵੀ ਲੜਕੀਅਾਂ ਦਾ ਹੀ ਨਹੀਂ, ਲੜਕਿਅਾਂ ਦਾ ਵਿਆਹ ਵੀ ਛੇਤੀ ਕਰ ਦਿੱਤਾ ਜਾਂਦਾ ਹੈ ਅਤੇ ਸਿਰਫ ਪਿੰਡਾਂ ’ਚ ਹੀ ਕਿਉਂ ਕਈ ਸਾਲ ਪਹਿਲਾਂ ਅਖਬਾਰ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਦਿੱਲੀ ਵਰਗੇ ਮਹਾਨਗਰ ’ਚ ਵੀ ਬਹੁਤ ਸਾਰੀਅਾਂ ਲੜਕੀਅਾਂ ਦਾ ਵਿਆਹ 18 ਤੋਂ ਪਹਿਲਾਂ ਹੋ ਜਾਂਦਾ ਹੈ।

ਕਈ ਸਾਲ ਪਹਿਲਾਂ ਕੇਰਲ ਦੀ ਇਕ ਯੂਨੀਵਰਸਿਟੀ ’ਚ ਜਾਣਾ ਹੋਇਆ ਸੀ। ਉਥੇ ਇਹ ਦੇਖ ਕੇ ਹੈਰਾਨੀ ਹੋਈ ਸੀ ਕਿ ਬੀ. ਏ. ਅਤੇ ਐੱਮ. ਏ. ’ਚ ਪੜ੍ਹਨ ਵਾਲੀਆਂ ਬਹੁਤ ਸਾਰੀਅਾਂ ਵਿਦਿਆਰਥਣਾਂ ਵਿਆਹੁਤਾ ਸਨ ਜਦਕਿ ਕੇਰਲ 100 ਫੀਸਦੀ ਸਾਖਰ ਸੂਬਾ ਹੈ।

ਛੇਤੀ ਵਿਆਹ ਹੁੰਦਾ ਹੈ ਤਾਂ ਉਹ ਛੇਤੀ ਹੀ ਮਾਂ ਵੀ ਬਣ ਜਾਂਦੀਅਾਂ ਹਨ। ਘੱਟ ਉਮਰ ’ਚ ਮਾਂ ਬਣਨ ਨਾਲ ਨਾ ਸਿਰਫ ਉਹ ਗ੍ਰਹਿਸਥੀ ਅਤੇ ਬਾਲ-ਬੱਚਿਅਾਂ ਦੀ ਜ਼ਿੰਮੇਵਾਰੀ ’ਚ ਪਿਸਣ ਲੱਗਦੀਆਂ ਹਨ ਸਗੋਂ ਉਨ੍ਹਾਂ ਦੀ ਸਿਹਤ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਜਾਂਦਾ ਹੈ। ਔਰਤਾਂ ਲਈ ਕੰਮ ਕਰਨ ਵਾਲੇ ਸੰਗਠਨ ਕਈ ਸਮੇਂ ਤੋਂ ਲੜਕੀਅਾਂ ਦੀ ਖਰਾਬ ਸਿਹਤ ਦਾ ਕਾਰਨ ਛੋਟੀ ਉਮਰ ’ਚ ਵਿਆਹ ਅਤੇ ਮਾਂ ਬਣਨ ਨੂੰ ਹੀ ਮੰਨਦੇ ਰਹੇ ਹਨ। ਵਧਦੀ ਆਬਾਦੀ ਦਾ ਇਕ ਵੱਡਾ ਕਾਰਨ ਬਚਪਨ ਦੇ ਵਿਆਹ ਵੀ ਹਨ।

ਸੱਚ ਤਾਂ ਇਹ ਹੈ ਕਿ ਆਪਣਾ ਦੇਸ਼ ਆਬਾਦੀ ਦੇ ਬੋਝ ਨਾਲ ਕਰਾਹ ਰਿਹਾ ਹੈ ਪਰ ਐਮਰਜੈਂਸੀ ’ਚ ਆਬਾਦੀ ਰੋਕਣ ਲਈ ਜਿਸ ਤਰੀਕੇ ਨਾਲ ਪਰਿਵਾਰ ਨਿਯੋਜਨ ਦੇ ਢੰਗ-ਤਰੀਕਿਅਾਂ ਨੂੰ ਜ਼ਬਰਦਸਤੀ ਲਾਗੂ ਕੀਤਾ ਗਿਆ ਸੀ ਅਤੇ ਸ਼੍ਰੀਮਤੀ ਗਾਂਧੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ, ਉਦੋਂ ਤੋਂ ਹੁਣ ਤਕ 45 ਸਾਲ ਬੀਤ ਗਏ ਹਨ। ਕਿਸੇ ਸਰਕਾਰ ਨੇ ਆਬਾਦੀ ਰੋਕਣ ਲਈ ਕੋਈ ਵੀ ਲੋੜੀਂਦਾ ਕਦਮ ਚੁੱਕਣ ਦੀ ਹਿੰਮਤ ਨਹੀਂ ਦਿਖਾਈ ਹੈ। ਉਂਝ ਵੀ ਆਪਣੇ ਇਥੇ ਕਈ ਪਰਸਨਲ ਲਾਅ ਹਨ ਜਿਨ੍ਹਾਂ ਦੇ ਤਹਿਤ ਵੱਖ-ਵੱਖ ਭਾਈਚਾਰੇ ਆਪਣੇ ਫੈਸਲੇ ਲੈਂਦੇ ਹਨ। ਸਰਕਾਰ ਦਾ ਕੋਈ ਵੀ ਫੈਸਲਾ ਸਾਰੇ ਮੰਨਣ ਲਈ ਮਜਬੂਰ ਨਹੀਂ ਹੁੰਦੇ। ਇਸ ਲਈ ਇਸ ਤਰ੍ਹਾਂ ਦੀ ਕੋਈ ਪੇਸ਼ਕਦਮੀ ਸਫਲ ਵੀ ਨਹੀਂ ਹੋ ਪਾਉਂਦੀ।

ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰ ਲੜਕੀ ਦੇ ਵਿਆਹ ਦੀ ਉਮਰ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ਨੂੰ 25 ਸਾਲ ਕੀਤਾ ਜਾ ਸਕਦਾ ਹੈ। 18 ਤੋਂ ਸਿੱਧੇ 25 ਸਾਲ ਭਾਵ ਕਿ ਸਿੱਧੇ 7 ਸਾਲ ਦਾ ਵਾਧਾ। ਹੁਣ ਇਹ ਵਧੇ ਹੋਏ 7 ਸਾਲ ਕਿੰਨਿਆਂ ਨੂੰ ਮਨਜ਼ੂਰ ਹੋਣਗੇ ਅਤੇ ਕਿੰਨਿਅਾਂ ਨੂੰ ਨਹੀਂ ਅਤੇ ਜੇ ਲੜਕੀ ਦੀ ਉਮਰ 25 ਹੈ ਤਾਂ ਲੜਕਿਅਾਂ ਦੇ ਵਿਆਹ ਦੀ ਉਮਰ ਵੀ ਵਧਾਉਣੀ ਪਵੇਗੀ। ਉਂਝ ਇਹ ਪੇਸ਼ਕਦਮੀ ਚੰਗੀ ਵੀ ਹੋਵੇਗੀ। ਘੱਟ ਤੋਂ ਘੱਟ ਇਸ ਉਮਰ ਤਕ ਆਉਂਦੇ-ਆਉਂਦੇ ਲੜਕੀਅਾਂ ਵਿਆਹ ਤੋਂ ਪਹਿਲਾਂ ਬਹੁਤ ਕੁਝ ਕਰ ਸਕਣਗੀਅਾਂ, ਪੜ੍ਹ-ਲਿਖ ਸਕਣਗੀਅਾਂ, ਆਤਮਨਿਰਭਰ ਬਣ ਸਕਣਗੀਅਾਂ।

ਆਪਣੇ ਆਲੇ-ਦੁਆਲੇ ਦੇਖੀਏ ਤਾਂ ਸ਼ਹਿਰੀ ਮੱਧ ਵਰਗ ’ਚ ਹੁਣ 30 ਸਾਲ ਦੀ ਉਮਰ ਲੰਘ ਜਾਣ ਤੋਂ ਬਾਅਦ ਵੀ ਲੜਕੀਅਾਂ ਵਿਆਹ ਲਈ ਜ਼ਿਆਦਾ ਪ੍ਰੇਸ਼ਾਨ ਦਿਖਾਈ ਨਹੀਂ ਦਿੰਦੀਅਾਂ। ਉਹ ਕਹਿੰਦੀਅਾਂ ਹਨ ਕਿ ਪਹਿਲਾਂ ਆਪਣਾ ਕੈਰੀਅਰ ਬਣਾ ਲਈਏ, ਫਿਰ ਵਿਆਹ ਬਾਰੇ ਸੋਚਾਂਗੇ। ਇਸ ਲਈ ਤੁਸੀਂ ਪਾਓਗੇ ਕਿ ਅੱਜ ਦੀ ਪੀੜ੍ਹੀ ਦੇ ਬਹੁਤ ਸਾਰੇ ਪਰਿਵਾਰਾਂ ’ਚ ਇਕ ਬੱਚੇ ਦਾ ਨਿਯਮ ਚੱਲ ਪਿਆ ਹੈ। ਉਹ ਸਰਕਾਰੀ ਨਾਅਰੇ ‘ਹਮ ਦੋ ਹਮਾਰੇ ਦੋ’ ਤੋਂ ਅੱਗੇ ਨਿਕਲ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਅੈਮਰਜੈਂਸੀ ’ਚ ਸੰਜੇ ਗਾਂਧੀ ਨੇ ‘ਹਮ ਦੋ ਹਮਾਰਾ ਏਕ’ ਦਾ ਨਾਅਰਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਇਹ ਸੁਪਰ ਫਲਾਪ ਨਾਅਰਾ ਰਿਹਾ ਸੀ ਪਰ ਹੁਣ ਬਹੁਤ ਸਾਰੇ ਪਰਿਵਾਰਾਂ ਨੇ ਬਿਨਾਂ ਕਿਸੇ ਸਰਕਾਰੀ ਨਾਅਰੇ ਦੇ ਹੀ ਇਕ ਬੱਚੇ ਦੇ ਨਿਯਮ ਨੂੰ ਅਪਣਾ ਲਿਆ ਹੈ। ਇਸ ਲਈ ਜੇ ਲੜਕੀਅਾਂ ਦੇ ਵਿਆਹ ਦੀ ਉਮਰ ਵਧਾਈ ਜਾਵੇ ਤਾਂ ਇਹ ਇਸ ਦੇ ਸਰਵਪੱਖੀ ਵਿਕਾਸ ਲਈ ਚੰਗਾ ਹੀ ਹੋਵੇਗਾ

ਪਰ ਇਹ ਵੀ ਹੈ ਕਿ ਸਰਕਾਰਾਂ ਲਈ ਕਾਨੂੰਨ ਬਣਾਉਣਾ ਆਸਾਨ ਹੁੰਦਾ ਹੈ ਪਰ ਉਸ ਨੂੰ ਲਾਗੂ ਕਰਵਾਉਣਾ ਮੁਸ਼ਕਲ। ਆਖਿਰ ਬਾਲ ਵਿਆਹ ਦੇ ਵਿਰੁੱਧ ਆਪਣੇ ਇਥੇ ਕਾਨੂੰਨ ਹੈ ਪਰ ਬਾਲ ਵਿਆਹ ਨਹੀਂ ਰੁਕੇ ਹਨ। ਇਸ ਲਈ ਜੇ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਪਹਿਲਾਂ ਉਸ ’ਤੇ ਇਹ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਕਿਵੇਂ ਲੋਕਾਂ ਨੂੰ ਇਸ ਬਾਰੇ ਸਮਝਾਇਆ ਜਾਵੇ, ਉਸ ਦੇ ਫਾਇਦੇ ਗਿਣਾਏ ਜਾਣ, ਜਿਸ ਨਾਲ ਕਿ ਬਿਨਾਂ ਕਿਸੇ ਜ਼ੋਰ-ਜ਼ਬਰਦਸਤੀ ਦੇ ਵੱਧ ਤੋਂ ਵੱਧ ਲੋਕ ਉਸ ਨੂੰ ਮੰਨਣ ਲੱਗਣ। ਨਹੀਂ ਤਾਂ ਕਾਨੂੰਨ ਬਣਾਏ ਜਾਂਦੇ ਰਹਿੰਦੇ ਹਨ ਪਰ ਲੋਕ ਆਪਣੇ ਜੀਵਨ ’ਚ ਉਨ੍ਹਾਂ ਨੂੰ ਨਹੀਂ ਮੰਨਦੇ। ਹਾਲਾਂਕਿ ਨਿੱਜੀ ਤਜਰਬਾ ਇਹ ਦੱਸਦਾ ਹੈ ਕਿ ਹੁਣ ਲੜਕੀਅਾਂ ਦੀ ਸਿੱਖਿਆ ਅਤੇ ਆਤਮਨਿਰਭਰਤਾ ਦੀ ਗੱਲ ’ਤੇ ਦਿਹਾਤੀ ਸਮਾਜ ’ਚ ਵੀ ਆਮ ਮਨਜ਼ੂਰੀ ਬਣ ਚੱਲੀ ਹੈ।


Bharat Thapa

Content Editor

Related News