ਅਫ਼ਗਾਨਿਸਤਾਨ ਵੀ ਜਾ ਰਿਹਾ ਚੀਨ ਦੇ ਚੁੰਗਲ ’ਚ

08/30/2021 11:36:49 AM

ਕਾਬੁਲ- ਇਹ ਗੱਲ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਮਰੀਕਾ ਦੇ ਅਫ਼ਗਾਨਿਸਤਾਨ ’ਚੋਂ ਨਿਕਲਦੇ ਹੀ ਚੀਨ ਉੱਥੇ ਕਾਬਜ਼ ਹੋਣਾ ਚਾਹੁੰਦਾ ਸੀ, ਚੀਨ ਲੰਬੇ ਸਮੇਂ ਤੋਂ ਇਸ ਯੋਜਨਾ ’ਤੇ ਕੰਮ ਵੀ ਕਰ ਰਿਹਾ ਸੀ। ਇਸ ਦੇ ਪਿੱਛੇ ਕਈ ਕਾਰਨ ਹਨ, ਪਹਿਲਾ ਕਾਰਨ ਚੀਨ ਪਾਕਿਸਤਾਨ ’ਚ ਸੀ. ਪੀ. ਈ. ਸੀ. ਦੇ ਤਹਿਤ ਚੀਨ ਦੇ ਕਾਸ਼ਗਰ ਤੋਂ ਇਕ ਸੜਕ ਬਣਾ ਰਹਾ ਹੈ ਜੋ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਤੱਕ ਜਾਂਦੀ ਹੈ, ਇਸ ਨਾਲ ਚੀਨ ਆਪਣੇ ਵਿਨਿਰਮਾਣ ਉਦਯੋਗ ਦੇ ਉਤਪਾਦਾਂ ਨੂੰ ਘੱਟ ਸਮੇਂ ’ਚ ਅਫਰੀਕਾ ਮਹਾਦੀਪ, ਭੂ-ਮੱਧ ਸਾਗਰੀ ਦੇਸ਼ਾਂ ਅਤੇ ਖਾੜੀ ਦੇ ਦੇਸ਼ਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ।

ਇਸ ਦੇ ਨਾਲ ਹੀ ਅਫ਼ਗਾਨਿਸਤਾਨ ’ਚ ਆਪਣੀ ਪਹੁੰਚ ਬਣਾਉਣ ਦੇ ਬਾਅਦ ਚੀਨ ਇਕ ਸੜਕ ਅਫ਼ਗਾਨਿਸਤਾਨ ’ਚੋਂ ਵੀ ਕੱਢੇਗਾ। ਇਸ ਦੇ ਬਾਅਦ ਅਫ਼ਗਾਨਿਸਤਾਨ ਰਾਹੀਂ ਚੀਨ ਆਪਣਾ ਸਾਮਾਨ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਈਰਾਨ, ਇਰਾਕ, ਤੁਰਕੀ ਅਤੇ ਸੀਰੀਆ ਤੱਕ ਸੜਕ ਮਾਰਗ ਰਾਹੀਂ ਭੇਜ ਸਕਦਾ ਹੈ। ਇਸ ਨਾਲ ਚੀਨ ਦੇ ਉਤਪਾਦਾਂ ਦੀ ਮੰਗ ਇਨ੍ਹਾਂ ਬਾਜ਼ਾਰਾਂ ’ਚ ਬਣੀ ਰਹੇਗੀ। ਇਸ ਦੇ ਨਾਲ ਹੀ ਚੀਨ ਦੀ ਨਜ਼ਰ ਅਫ਼ਗਾਨਿਸਤਾਨ ’ਚ ਮਿਲਣ ਵਾਲੇ ਲਗਭਗ 3 ਖਰਬ ਅਮਰੀਕੀ ਡਾਲਰ ਦੇ ਖਣਿਜਾਂ ’ਤੇ ਹੈ ਜਿਸ ’ਚ ਤਾਂਬਾ, ਲੀਥੀਅਮ, ਲੋਹਾ, ਕੋਲਾ, ਸੰਗਮਰਮਰ ਅਤੇ ਟੈਲਕ ਸ਼ਾਮਲ ਹਨ।

ਇਨ੍ਹਾਂ ਖਣਿਜਾਂ ’ਚ ਸਭ ਤੋਂ ਮਹੱਤਵਪੂਰਨ ਲੀਥੀਆਮ ਹੈ ਜਿਸ ਦੀ ਵਰਤੋਂ ਬੈਟਰੀ ਵਾਲੀਆਂ ਗੱਡੀਆਂ ’ਚ ਹੁੰਦੀ ਹੈ। ਆਉਣ ਵਾਲੇ ਸਮੇਂ ’ਚ ਲੀਥੀਅਮ ਬਹੁਤ ਵੱਧ ਬਹੁਮੁੱਲਾ ਖਣਿਜ ਸਾਬਤ ਹੋਵੇਗਾ ਅਤੇ ਇਸ ਦੇ ਭੰਡਾਰ ਬਹੁਤ ਘੱਟ ਦੇਸ਼ਾਂ ’ਚ ਹਨ ਜਿਨ੍ਹਾਂ ’ਚ ਲੈਟਿਨ ਅਮਰੀਕੀ ਦੇਸ਼ ਚਿਲੀ ਪਹਿਲੇ ਸਥਾਨ ’ਤੇ ਹੈ, ਆਸਟ੍ਰੇਲੀਆ ਦੂਸਰੇ, ਅਰਜਨਟੀਨਾ ਤੀਸਰੇ ਅਤੇ ਚੀਨ ਚੌਥੇ ਸਥਾਨ ’ਤੇ ਹੈ। ਆਸਟ੍ਰੇਲੀਆ ਦੇ ਇਲਾਵਾ ਬਾਕੀ ਦੋਵਾਂ ਦੇਸ਼ਾਂ ਤੋਂ ਲੀਥੀਅਮ ਦੀ ਖਰੀਦੋ-ਫਰੋਖਤ ਲਈ ਚੀਨ ਨੇ ਸ਼ੁਰੂਆਤ ਕਰ ਦਿੱਤੀ ਹੈ। ਚੀਨ ਇਸ ਸਮੇਂ ਦੁਨੀਆ ’ਚ ਸਭ ਤੋਂ ਵੱਧ ਬੈਟਰੀ ਨਾਲ ਚੱਲਣ ਵਾਲੇ ਦੋਪਹੀਆ ਵਾਹਨ, ਬੱਸਾਂ, ਕਾਰਾਂ ਅਤੇ ਦੂਸਰੇ ਵਾਹਨ ਬਣਾਉਂਦਾ ਹੈ। ਲੀਥੀਅਮ ਦੇ ਭੰਡਾਰਾਂ ’ਤੇ ਚੀਨ ਆਪਣਾ ਕਬਜ਼ਾ ਕਰ ਲਵੇਗਾ ਤਾਂ ਬੈਟਰੀ ਦੇ ਵਾਹਨਾਂ ’ਤੇ ਚੀਨ ਦਾ ਏਕਾਧਿਕਾਰ ਹੋਵੇਗਾ, ਜੋ ਦੁਨੀਆ ਲਈ ਇਕ ਅਲੱਗ ਖਤਰਾ ਹੈ।

ਭਾਰਤ ਨੇ ਅਫ਼ਗਾਨਿਸਤਾਨ ’ਚ ਲਗਭਗ 3 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਜਿਸ ’ਚ ਅਫ਼ਗਾਨਿਸਤਾਨ ਦਾ ਮੁੱਢਲਾ ਢਾਂਚਾ ਬਣਾਉਣਾ ਸਭ ਤੋਂ ਅਹਿਮ ਕੰਮ ਰਿਹਾ, ਉੱਥੇ ਦਾ ਸੰਸਦ ਭਵਨ, ਸਲਮਾ ਡੈਮ, ਸਟੋਰ ਮਹੱਲ ਦੀ ਮੁਰੰਮਤ, ਜ਼ਰੰਜ-ਦੇਲਾਰਮ ਹਾਈਵੇ ਨਿਰਮਾਣ, ਸੜਕਾਂ, ਪੁਲ, ਖੁਮਰੀ ਬਿਜਲੀ ਘਰ, ਹਸਪਤਾਲ ਸ਼ਾਮਲ ਹਨ। ਇਸ ਦੇ ਇਲਾਵਾ ਭਾਰਤ ਨੇ ਅਫ਼ਗਾਨਿਸਤਾਨ ਨੂੰ 400 ਬੱਸਾਂ, 200 ਮਿੰਨੀ ਬੱਸਾਂ, 105 ਗੱਡੀਆਂ, ਅਫਗਾਨ ਫੌਜ ਲਈ 285 ਫੌਜੀ ਗੱਡੀਆਂ, 10 ਐਂਬੂਲੈਂਸਾਂ ਅਫ਼ਗਾਨਿਸਤਾਨ ਨੂੰ ਦਿੱਤੀਆਂ ਹਨ।

ਓਧਰ ਭਾਰਤ ਦੇ ਕਦਮਾਂ ਨੂੰ ਰੋਕਣ ਲਈ ਚੀਨ ਨੇ ਅਫ਼ਗਾਨਿਸਤਾਨ ’ਚ 15 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਜੇਕਰ ਅਫ਼ਗਾਨਿਸਤਾਨ ’ਚ ਅਸ਼ਰਫ ਗਨੀ ਦੀ ਸਰਕਾਰ ਬਣੀ ਰਹਿੰਦੀ ਤਾਂ ਭਾਰਤ ਸਮੇਤ ਦੁਨੀਆ ਦੀਆਂ ਦੂਸਰੀਆਂ ਤਾਕਤਾਂ ਅਫ਼ਗਾਨਿਸਤਾਨ ਦੀ ਉਸਾਰੀ ’ਚ ਆਪਣਾ ਸਹਿਯੋਗ ਪਾਉਂਦੀਆਂ ਅਤੇ ਚੀਨ ਆਪਣੇ ਲਾਲਚ ਅਤੇ ਆਪਣੀਆਂ ਅਪਾਰਦਰਸ਼ੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਦੇ ਕਾਰਨ ਇੱਥੋਂ ਬਾਹਰ ਹੋ ਜਾਂਦਾ। ਇਸ ਦਾ ਭਾਵ ਇਹ ਸੀ ਕਿ ਚੀਨ ਨੇ ਅਫ਼ਗਾਨਿਸਤਾਨ ’ਚ ਜੋ ਵੀ ਪੈਸਾ ਨਿਵੇਸ਼ ਕੀਤਾ ਸੀ ਉਹ ਸਾਰਾ ਬਰਬਾਦ ਹੋ ਜਾਂਦਾ। ਇਸ ਲਈ ਚੀਨ ਨੇ ਦੱਬੇ, ਛੁਪੇ ਤੌਰ ’ਤੇ ਤਾਲਿਬਾਨ ਨੂੰ ਸਮਰਥਨ ਦਿੱਤਾ ਅਤੇ ਜਦੋਂ ਚੀਨ ਭਰੋਸੇਮੰਦ ਹੋ ਗਿਆ ਕਿ ਤਾਲਿਬਾਨ ਦੇ ਸਾਹਮਣੇ ਅਫਗਾਨ ਫੌਜ ਗੋਡੇ ਟੇਕਣ ਵਾਲੀ ਹੈ ਉਦੋਂ ਚੀਨ ਨੇ ਪਹਿਲਾਂ ਹੀ ਆਪਣੇ ਦੇਸ਼ ਦੇ ਉੱਤਰੀ ਸ਼ਹਿਰ ਥਿਆਨਜਿੰਗ ’ਚ ਤਾਲਿਬਾਨ ਦੀ ਚੋਟੀ ਦੀ ਲੀਡਰਸ਼ਿਪ ਨੂੰ ਸੱਦ ਕੇ ਇਕ ਸਮਝੌਤਾ ਵੀ ਕਰ ਲਿਆ।

ਇਹੀ ਕਾਰਨ ਹੈ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਾਬਜ਼ ਹੋ ਜਾਣ ਦੇ ਬਾਅਦ ਜਿੱਥੇ ਅਮਰੀਕਾ, ਭਾਰਤ ਅਤੇ ਦੂਸਰੇ ਦੇਸ਼ਾਂ ਨੇ ਆਪਣੇ ਦੂਤਘਰ ਅਤੇ ਕਾਊਂਸਲੇਟ ਬੰਦ ਕਰ ਕੇ ਆਪਣੇ ਨਾਗਰਿਕਾਂ ਨੂੰ ਵਾਪਸ ਸੱਦ ਲਿਆ ਉੱਥੇ ਚੀਨ, ਰੂਸ ਅਤੇ ਪਾਕਿਸਤਾਨ ਦੇ ਦੂਤਘਰ ਲਗਾਤਾਰ ਖੁੱਲ੍ਹੇ ਹੋਏ ਹਨ ਅਤੇ ਅਾਰਾਮ ਨਾਲ ਉਹ ਆਪਣਾ ਕੰਮ ਕਰ ਰਹੇ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਵੱਲੋਂ ਇਕ ਵਾਰ ਵੀ ਤਾਲਿਬਾਨ ਦੀ ਨਾ ਤਾਂ ਵਿਰੋਧਤਾ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਹਰਕਤ ਦਾ ਵਿਰੋਧ ਕੀਤਾ ਗਿਆ ਹੈ।

ਹੁਣ ਜਦਕਿ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਆਪਣਾ ਝੰਡਾ ਲਹਿਰਾ ਦਿੱਤਾ ਹੈ ਤਾਂ ਚੀਨ ਦੇ ਸਾਹਮਣੇ ਸਿਰਫ ਇਕ ਖਤਰਾ ਮੰਡਰਾ ਰਿਹਾ ਹੈ। ਜੇਕਰ ਤਾਲਿਬਾਨ ਦਾ ਮੁਸਲਿਮ ਪਿਆਰ ਜਾਗਿਆ ਅਤੇ ਉਹ ਚੀਨ ਦੇ ਸ਼ਿਨਜਿਆਂਗ ਵੇਵੂਰ ਖੁਦਮੁਖਤਾਰ ਸੂਬੇ ’ਤੇ ਹਮਲਾ ਕਰ ਕੇ ਆਪਣੇ ਉਈਗਰ ਮੁਸਲਿਮ ਭਰਾਵਾਂ ਦੀ ਮਦਦ ਲਈ ਅੱਗੇ ਵਧਿਆ ਉਦੋਂ ਚੀਨ ਲਈ ਇਕ ਨਵੀਂ ਮੁਸੀਬਤ ਖੜ੍ਹੀ ਹੋਵੇਗੀ, ਹਾਲਾਂਕਿ ਚੀਨ ਨੇ ਸ਼ਿਨਜਿਆਂਗ ਸ਼ਹਿਰ ’ਚ ਜਦੋਂ ਤਾਲਿਬਾਨ ਲੀਡਰਾਂ ਨੂੰ ਗੱਲਬਾਤ ਲਈ ਸੱਦਿਆ ਸੀ ਉਦੋਂ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਤਾਲਿਬਾਨ ਈ. ਟੀ. ਆਈ. ਐੱਮ. ਭਾਵ ਈਸਟਰਨ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਦੇ ਲੋਕਾਂ ਨਾਲ ਕੋਈ ਸੰਪਰਕ ਨਹੀਂ ਰੱਖਣਗੇ ਅਤੇ ਉਨ੍ਹਾਂ ਦੀ ਮਦਦ ਵੀ ਨਹੀਂ ਕਰਨਗੇ।

ਉਸ ਸਮੇਂ ਤਾਲਿਬਾਨ ਚੀਨ ਦੀ ਇਸ ਗੱਲ ’ਤੇ ਰਾਜ਼ੀ ਤਾਂ ਹੋ ਗਿਆ ਪਰ ਹਾਲਾਤ ਦੀ ਅਸਲੀਅਤ ਦਾ ਪਤਾ ਅਗਲੇ 1-2 ਮਹੀਨਿਆਂ ’ਚ ਸਾਫ ਹੋ ਜਾਵੇਗਾ ਕਿਉਂਕਿ ਤਾਲਿਬਾਨ ਜਦੋਂ ਅਫ਼ਗਾਨਿਸਤਾਨ ’ਚ ਸ਼ਰੀਆ ਕਾਨੂੰਨ ਲਾਗੂ ਕਰ ਸਕਦਾ ਹੈ ਤੇ ਉਹ ਮੁਸਲਮਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਸੱਤਾ ’ਤੇ ਕਾਬਜ਼ ਹੋਇਆ ਹੈ ਤਾਂ ਉਹ ਜ਼ਰੂਰ ਅਫ਼ਗਾਨਿਸਤਾਨ ਦੇ ਪੂਰਬ ਦੀ ਸਰਹੱਦ ਨਾਲ ਲੱਗਦੇ ਸ਼ਿਨਜਿਆਂਗ ਵੇਵੂਰ ਖੁਦਮੁਖਤਾਰ ਸੂਬੇ ’ਤੇ ਹਮਲਾ ਕਰ ਕੇ ਆਪਣੇ ਉਈਗਰ ਮੁਸਲਮਾਨ ਭਰਾਵਾਂ ਦੀ ਸਾਰ ਲਵੇਗਾ।

ਜੇਕਰ ਅਜਿਹਾ ਹੁੰਦਾ ਹੈ ਤਾਂ ਚੀਨ, ਜੋ ਅਜੇ ਤੱਕ ਅਮਰੀਕਾ ਕਾਰਨ ਸ਼ਾਂਤ ਅਫ਼ਗਾਨਿਸਤਾਨ ਦੀ ਵਜ੍ਹਾ ਕਾਰਨ ਬੇਖੌਫ ਤਰੱਕੀ ਕਰ ਰਿਹਾ ਸੀ, ਉਹੋ ਜਿਹਾ ਹੁਣ ਨਹੀਂ ਕਰ ਸਕੇਗਾ, ਕਿਉਂਕਿ ਹੁਣ ਚੀਨ ਦੀ ਪੱਛਮੀ ਸਰਹੱਦ ’ਤੇ ਇਕ ਗੜਬੜ ਵਾਲਾ ਇਸਲਾਮਿਕ ਦੇਸ਼ ਹੈ ਜੋ ਅੱਜ ਨਹੀਂ ਤਾਂ ਕੱਲ ਚੀਨ ਦੇ ਸ਼ਿਨਜਿਆਂਗ ’ਚ ਆਪਣੇ ਉਈਗਰ ਮੁਸਲਿਮ ਭਰਾਵਾਂ ਦੀ ਸਾਰ ਜ਼ਰੂਰ ਲਵੇਗਾ।


cherry

Content Editor

Related News