‘ਪੁਲਸ ਵੈਰੀਫਿਕੇਸ਼ਨ ਕਰਵਾਏ ਬਿਨਾਂ’ ਕਿਰਾਏਦਾਰਾਂ ਅਤੇ ਨੌਕਰ ਰੱਖਣ ਵਾਲਿਆਂ ਵਿਰੁੱਧ ਐਕਸ਼ਨ!

Thursday, Jan 29, 2026 - 05:19 AM (IST)

‘ਪੁਲਸ ਵੈਰੀਫਿਕੇਸ਼ਨ ਕਰਵਾਏ ਬਿਨਾਂ’ ਕਿਰਾਏਦਾਰਾਂ ਅਤੇ ਨੌਕਰ ਰੱਖਣ ਵਾਲਿਆਂ ਵਿਰੁੱਧ ਐਕਸ਼ਨ!

ਅੱਜ ਦੇ ਬਦਲੇ ਹੋਏ ਹਾਲਾਤ ’ਚ ਗੈਰ-ਜ਼ਰੂਰੀ ਸਮੱਸਿਆ ਤੋਂ ਬਚਣ ਲਈ ਮਕਾਨ ਮਾਲਕਾਂ ਨੂੰ ਕਿਸੇ ਨੂੰ ਮਕਾਨ ਕਿਰਾਏ ’ਤੇ ਦੇਣ ਤੋਂ ਪਹਿਲਾਂ ਅਤੇ ਦੁਕਾਨਦਾਰਾਂ ਨੂੰ ਕਿਸੇ ਬਾਹਰੀ ਵਿਅਕਤੀ ਨੂੰ ਨੌਕਰੀ ’ਤੇ ਰੱਖਣ ਤੋਂ ਪਹਿਲਾਂ ਪੁਲਸ ਵਲੋਂ ਉਨ੍ਹਾਂ ਦੀ ਵੈਰੀਫਿਕੇਸ਼ਨ ਕਰਵਾ ਲੈਣਾ ਬਹੁਤ ਜ਼ਰੂਰੀ ਹੈ।

ਕਿਰਾਏਦਾਰਾਂ ਵਲੋਂ ਕਿਰਾਏ ’ਤੇ ਲਈ ਹੋਈ ਪ੍ਰਾਪਰਟੀ ’ਤੇ ਕਬਜ਼ਾ ਕਰ ਲੈਣ ਦੇ ਜੋਖਮ ਤੋਂ ਬਚਣ ਜਾਂ ਕਿਸੇ ਵਿਵਾਦ ਦੀ ਸਥਿਤੀ ’ਚ ਅਾਪਣਾ ਪੱਖ ਮਜ਼ਬੂਤ ਅਤੇ ਸੁਰੱਖਿਅਤ ਰੱਖਣ ਲਈ ਪ੍ਰਾਪਰਟੀ ਦੇ ਮਾਲਕ ਕਿਰਾਏਦਾਰਾਂ ਤੋਂ ‘ਰੈਂਟ ਐਗਰੀਮੈਂਟ’ ਤਾਂ ਬਣਵਾ ਲੈਂਦੇ ਹਨ ਪਰ ਉਨ੍ਹਾਂ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ। ਇਹੀ ਗੱਲ ਦੁਕਾਨਾਂ ਜਾਂ ਘਰਾਂ ’ਚ ਰੱਖੇ ਜਾਣ ਵਾਲੇ ਨੌਕਰ-ਨੌਕਰਾਣੀਅਾਂ ’ਤੇ ਵ ੀ ਲਾਗੂ ਹੁੰਦੀ ਹੈ।

ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਤੱਤ ਪੁਲਸ ਦੀਅਾਂ ਨਜ਼ਰਾਂ ਤੋਂ ਬਚ ਕੇ ਕਾਰਵਾਈਅਾਂ ਕਰਨ ਲਈ ਸੰਘਣੀ ਆਬਾਦੀ ਵਾਲੇ ਇਲਾਕਿਅਾਂ ’ਚ ਆਸਾਨੀ ਨਾਲ ਕਿਰਾਏ ’ਤੇ ਕਮਰੇ ਲੈ ਲੈਂਦੇ ਹਨ । ਬਿਨਾਂ ਪੁਲਸ ਵੈਰੀਫਿਕੇਸ਼ਨ ਕਮਰਾ ਮਿਲਣ ਕਾਰਨ ਅਪਰਾਧੀਅਾਂ ਦੀ ਪਛਾਣ ਗੁਪਤ ਰਹਿੰਦੀ ਹੈ ਅਤੇ ਉਹ ਪੁਲਸ ਦੇ ਰਾਡਾਰ ’ਤੇ ਆਏ ਬਿਨਾਂ ਅਾਪਣੀਅਾਂ ਨਾਜਾਇਜ਼ ਸਰਗਰਮੀਅਾਂ ਚਲਾਉਂਦੇ ਰਹਿੰਦੇ ਹਨ।

ਕਿਉਂਕਿ ਕਿਰਾਏਦਾਰ ਵਲੋਂ ਘਰ ਜਾਂ ਵਪਾਰਕ ਅਦਾਰੇ ’ਚ ਕੀਤੀ ਜਾਣ ਵਾਲੀ ਕਿਸੇ ਵੀ ਨਾਜਾਇਜ਼ ਸਰਗਰਮੀ ਲਈ ਮਕਾਨ ਮਾਲਕ ਨੂੰ ਹੀ ਕਾਨੂੰਨੀ ਤੌਰ ’ਤੇ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਇਸ ਲਈ ਇਸ ਲਿਹਾਜ਼ ਨਾਲ ਵੀ ਕਿਰਾਏਦਾਰ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ।

ਇਸੇ ਕਾਰਨ ਮਕਾਨ ਮਾਲਕ ਵਲੋਂ ਅਾਪਣੇ ਕੰਪਲੈਕਸ ਦੇ ਨੇੜੇ ਪੁਲਸ ਥਾਣੇ ਨੂੰ ਕਿਰਾਏਦਾਰ ਦੀ ਸਾਰੀ ਜ਼ਰੂਰੀ ਜਾਣਕਾਰੀ ਸੰਬੰਧਤ ਕਾਗਜ਼ਾਤ ਦੇ ਨਾਲ ਮੁਹੱਈਆ ਕਰਵਾਉਣਾ ਦੇਸ਼ ਦੇ ਲਗਭਗ ਸਾਰੇ ਮੁੱਖ ਜ਼ਿਲਿਅਾਂ ’ਚ ਲੋਕਲ ਬਾਡੀਜ਼ ਵਲੋਂ ਜ਼ਰੂਰੀ ਕਰ ਦਿੱਤਾ ਗਿਆ ਹੈ।

‘ਭਾਰਤੀ ਨਿਅਾਂ ਜ਼ਾਬਤੇ’ ਦੇ ਅਨੁਸਾਰ ਕਿਰਾਏਦਾਰ ਵਲੋਂ ਕੀਤੇ ਗਏ ਅਪਰਾਧ ਜਾਂ ਗਲਤ ਕੰਮ ਲਈ ਮਕਾਨ ਮਾਲਕ ’ਤੇ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਸ ’ਚ ਸਾਧਾਰਨ ਕੈਦ ਜਾਂ 2000 ਰੁਪਏ ਜੁਰਮਾਨਾ ਜਾਂ ਫਿਰ ਦੋਵੇਂ ਲਗਾਏ ਜਾ ਸਕਦੇ ਹਨ। ਜੇਕਰ ਕਿਰਾਏਦਾਰ ਕਿਸੇ ਅਪਰਾਧ ’ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਮਕਾਨ ਮਾਲਕ ਵੀ ਪੁਲਸ ਦੀ ਨਜ਼ਰ ’ਚ ਆ ਸਕਦਾ ਹੈ ਜਿਸ ਦੀਅਾਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 8 ਫਰਵਰੀ, 2025 ਨੂੰ ‘ਜੈਪੁਰ’ (ਰਾਜਸਥਾਨ) ਪੁਲਸ ਨੇ ਬਿਨਾਂ ਪੁਲਸ ਵੈਰੀਫਿਕੇਸ਼ਨ ਕਰਵਾਏ ਕਿਰਾਏਦਾਰ ਰੱਖਣ ਵਾਲੇ 11 ਮਕਾਨ ਮਾਲਕਾਂ ’ਤੇ ਕਾਰਵਾਈ ਕਰਦੇ ਹੋਏ 4 ਮਕਾਨ ਮਾਲਕਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 18 ਦਸੰਬਰ, 2025 ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ਇਕ ਮਕਾਨ ’ਚ ਕਿਰਾਏ ’ਤੇ ਰਹਿਣ ਵਾਲੇ ਜੋੜੇ ਨੂੰ ਅਾਪਣੀ ਮਕਾਨ ਮਾਲਕਨ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 12 ਜਨਵਰੀ, 2026 ਨੂੰ ਗਣਤੰਤਰ ਦਿਵਸ ’ਤੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ’ਚ ਰੁੱਝੀ ਪੁਲਸ ਨੇ ਬਿਨਾਂ ਵੈਰੀਫਿਕੇਸ਼ਨ ਦੇ ਕਿਰਾਏਦਾਰ ਰੱਖਣ ’ਤੇ 500 ਤੋਂ ਵੱਧ ਮਕਾਨ ਮਾਲਕਾਂ ’ਤੇ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ।

* 24 ਜਨਵਰੀ, 2026 ਨੂੰ ‘ਲੁਧਿਆਣਾ’ ਵਿਚ ਕਮਿਸ਼ਨਰੇਟ ਪੁਲਸ ਨੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਵਾਏ ਬਿਨਾਂ ਉਨ੍ਹਾਂ ਨੂੰ ਮਕਾਨ ਅਤੇ ਕਮਰੇ ਕਿਰਾਏ ’ਤੇ ਦੇ ਕੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ 2 ਦਰਜਨ ਤੋਂ ਵੱਧ ਲੋਕਾਂ ਵਿਰੁੱਧ ਮਾਮਲਾ ਦਰਜ ਕਰਨ ਤੋਂ ਇਲਾਵਾ 2 ਮਕਾਨ ਮਾਲਕਾਂ ਦੇ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।

* 25 ਜਨਵਰੀ, 2026 ਨੂੰ ‘ਹਰਿਦੁਆਰ’ (ਉੱਤਰਾਖੰਡ) ਦੇ ‘ਰਾਨੀਪੁਰ’ ਕੋਤਵਾਲੀ ਖੇਤਰ ’ਚ ਬਿਨਾਂ ਵੈਰੀਫਿਕੇਸ਼ਨ ਦੇ ਕਿਰਾਏਦਾਰ ਰੱਖਣ ’ਤੇ 6 ਮਕਾਨ ਮਾਲਕਾਂ ’ਤੇ ਕਾਰਵਾਈ ਕਰਦੇ ਹੋਏ ਕੁੱਲ 60,000 ਰੁਪਏ ਦੇ ਚਲਾਨ ਕੀਤੇ ਗਏ।

ਇਸ ਤੋਂ ਇਲਾਵਾ ਖੁਦ ਦੀ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ 19 ਬਾਹਰੀ ਅਤੇ ਸ਼ੱਕੀ ਲੋਕਾਂ ਦੇ 4750 ਰੁਪਏ ਦੇ ਚਲਾਨ ਕੀਤੇ ਗਏ।

* ਅਤੇ ਹੁਣ 27 ਜਨਵਰੀ, 2026 ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਇਕ ਬਿਲਡਰ ਦੀ ਰਿਹਾਇਸ਼ ’ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ ਉਥੋਂ 11.5 ਕਿਲੋ ਸੋਨੇ ਅਤੇ ਹੀਰੇ ਦੇ ਗਹਿਣੇ, 5 ਕਿਲੋ ਚਾਂਦੀ ਦੀਅਾਂ ਵਸਤਾਂ ਅਤੇ 1.5 ਲੱਖ ਰੁਪਏ ਨਕਦ ਸਮੇਤ ਕੁਲ 18 ਕਰੋੜ ਰੁਪਏ ਕੀਮਤ ਦੀ ਸੰਪਤੀ ਚੋਰੀ ਕਰ ਕੇ ਲੈ ਗਏ।

ਅਜਿਹੇ ਹਾਲਾਤ ’ਚ ਪੁਲਸ ਵਲੋਂ ਬਿਨਾਂ ਵੈਰੀਫਿਕੇਸ਼ਨ ਕਿਰਾਏਦਾਰ ਅਤੇ ਨੌਕਰ ਰੱਖਣ ਵਾਲਿਅਾਂ ਵਿਰੁੱਧ ਪੁਲਸ ਦੀ ਕਾਰਵਾਈ ਅਣਪਛਾਤੇ ਲੋਕਾਂ ਨੂੰ ਅਾਪਣੇ ਘਰਾਂ ’ਚ ਪਨਾਹ ਦੇਣ ਵਾਲਿਅਾਂ ਲਈ ਸਖਤ ਚਿਤਾਵਨੀ ਹੈ। ਮਕਾਨ ਮਾਲਕਾਂ ਵਲੋਂ ਕਿਰਾਏਦਾਰਾਂ ਅਤੇ ਘਰੇਲੂ ਨੌਕਰ-ਨੌਕਰਾਣੀਅਾਂ ਆਦਿ ਦੀ ਪੁਲਸ ਵੈਰੀਫਿਕੇਸ਼ਨ ਸਾਰਿਅਾਂ ਦੇ ਹਿੱਤ ’ਚ ਹੈ।

–ਵਿਜੇ ਕੁਮਾਰ


author

Sandeep Kumar

Content Editor

Related News