ਦੇਸ਼ ’ਚ ਔਰਤਾਂ ਨਾਲ ਸ਼ੋਸ਼ਣ, ਦੋਸ਼ ਕਾਨੂੰਨਾਂ ’ਚ ਨਹੀਂ, ਉਨ੍ਹਾਂ ਨੂੰ ਲਾਗੂ ਕਰਨ ਵਾਲੇ ਸਿਸਟਮ ’ਚ
Monday, Aug 19, 2024 - 02:28 AM (IST)
ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਸਾਡੇ ਦੇਸ਼ ’ਚ ਔਰਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਲਗਾਤਾਰ ਜਾਰੀ ਹੈ। ਜਦੋਂ ਤਕ ਕੋਈ ਇੰਨੀ ਗੰਭੀਰ ਅਤੇ ਭਿਆਨਕ ਹਿੰਸਕ ਘਟਨਾ ਨਾ ਵਾਪਰ ਜਾਏ ਜਿਸ ’ਚ ਕਿਸੇ ਪੀੜਤਾ ਦੀ ਮੌਤ ਜਾਂ ਉਹ ਬੁਰੀ ਤਰ੍ਹਾਂ ਜ਼ਖਮੀ ਨਾ ਹੋ ਜਾਏ, ਉਦੋਂ ਤੱਕ ਲੋਕਾਂ ਦਾ ਧਿਆਨ ਉਸ ਘਟਨਾ ਵੱਲ ਨਹੀਂ ਜਾਂਦਾ।
ਇਕ ਗੱਲ ਇਹ ਵੀ ਹੈ ਕਿ ਇਸ ਤਰ੍ਹਾਂ ਦੀਆਂ ਗੈਰ-ਮਨੁੱਖੀ ਘਟਨਾਵਾਂ ਦੇ ਮਾਮਲੇ ’ਚ ਸਿਆਸੀ ਲਾਭ ਲਈ ਦੋਸ਼-ਜਵਾਬੀ ਦੋਸ਼ ਦਾ ਸਿਲਸਿਲਾ ਹਮੇਸ਼ਾ ਜਾਰੀ ਰਹਿੰਦਾ ਹੈ। ਮੁਲਜ਼ਮਾਂ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਨਾਲ ਮਾਮਲਾ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਬੂਤ ਗਾਇਬ ਹੋ ਜਾਂਦੇ ਹਨ ਅਤੇ ਮਾਮਲੇ ਕਮਜ਼ੋਰ ਪੈ ਜਾਂਦੇ ਹਨ।
ਆਖਿਰ ਸਾਡੇ ਸਮਾਜ ’ਚ ਹਿੰਸਾ ਦੀ ਇੰਨੀ ਵੱਧ ਭਾਵਨਾ ਆਈ ਕਿਥੋਂ। ਕਿਉਂ ਅਜਿਹਾ ਹੈ ਕਿ ਇਕ ਛੋਟੀ ਬੱਚੀ ਤੋਂ ਲੈ ਕੇ ਵੱਡੀ ਉਮਰ ਦੀ ਔਰਤ ਤੱਕ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਕੀਤੀ ਜਾ ਰਹੀ ਹੈ।
ਇਸ ਦਾ ਕਾਰਨ ਇਹ ਹੈ ਕਿ ਸਾਡਾ ਸਮਾਜ ਪਿੱਤਰ ਪ੍ਰਧਾਨ ਬਣ ਗਿਆ ਹੈ। ਇਸ ’ਚ ਮਰਦ ਜੋ ਚਾਹੁੰਦੇ ਹਨ, ਉਹੀ ਹੁੰਦਾ ਹੈ। ਕੰਮਕਾਜੀ ਔਰਤਾਂ ਸੰਬੰਧੀ ਸਾਡੇ ਸਮਾਜ ’ਚ ਇਹੀ ਸਮਝਿਆ ਜਾਂਦਾ ਹੈ ਕਿ ਉਹ 2-4 ਸਾਲ ਕੰਮ ਕਰਨ ਪਿੱਛੋਂ ਵਿਆਹ ਕਰਵਾ ਕੇ ਘਰ ਬੈਠ ਜਾਣਗੀਆਂ। ਇਕ ਬੱਝੀ-ਬਝਾਈ ਵਿਚਾਰਧਾਰਾ ਜਿਹੀ ਬਣ ਗਈ ਹੈ ਜਿਸ ’ਚ ਸਾਡਾ ਸਮਾਜ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਦੇਣਾ ਚਾਹੁੰਦਾ।
ਅਸਲ ’ਚ ਔਰਤਾਂ ਦਾ ਸ਼ੋਸ਼ਣ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਪੜ੍ਹਾਈ-ਲਿਖਾਈ, ਵਧੇਰੇ ਆਜ਼ਾਦੀ ਤਾਂ ਦੂਰ ਦੀ ਗੱਲ ਹੈ, ਆਪਣੇ ਸਰੀਰ, ਸਮਾਂ ਅਤੇ ਵਿਰਾਸਤ ’ਤੇ ਵੀ ਕੋਈ ਅਧਿਕਾਰ ਸਮਾਜ ਉਸ ਨੂੰ ਨਹੀਂ ਦੇਣਾ ਚਾਹੁੰਦਾ।
ਇਸ ਤਰ੍ਹਾਂ ਦੇ ਹਾਲਾਤ ’ਚ ਢੁੱਕਵੇਂ ਢੰਗ ਨਾਲ ਇਹ ਪੁੱਛਿਆ ਜਾ ਸਕਦਾ ਹੈ ਕਿ ਇਸ ਸਮੇਂ ਕੋਲਕਾਤਾ ਦੇ ਸਰਕਾਰੀ ਕਾਲਜ ’ਚ ਜਬਰ-ਜ਼ਨਾਹ ਦਾ ਸ਼ਿਕਾਰ ਮਹਿਲਾ ਡਾਕਟਰ ਦੇ ਹੱਕ ’ਚ ਪ੍ਰਦਰਸ਼ਨ ਕਰਨ ਵਾਲੇ ਮਰਦਾਂ ਅਤੇ ਔਰਤਾਂ ਨਾਲ ਮਮਤਾ ਬੈਨਰਜੀ ਕੀ ਕਰ ਰਹੀ ਹੈ? ਸਰਕਾਰ ਵੀ ਉਨ੍ਹਾਂ ਦੀ, ਪੁਲਸ ਵੀ ਉਨ੍ਹਾਂ ਦੀ ਤਾਂ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ?
ਸਵਾਲ ਇਹ ਵੀ ਹੈ ਕਿ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ’ਚ ਪੁਲਸ ਕਿਉਂ ਹਮੇਸ਼ਾ ਲਾਚਾਰ ਹੋ ਜਾਂਦੀ ਹੈ? ਪਹਿਲਾਂ ਤਾਂ ਮਾਮਲਾ ਹੀ ਦਰਜ ਨਹੀਂ ਹੁੰਦਾ ਅਤੇ ਉਸ ਤੋਂ ਬਾਅਦ ਵੀ ਪਰਦਾਪੋਸ਼ੀ ਜਾਰੀ ਰਹਿੰਦੀ ਹੈ।
ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਸਬੂਤ ਮਿਟਾਉਣ ਲਈ ਇੰਨੀ ਵੱਡੀ ਗਿਣਤੀ ’ਚ ਭੀੜ ਹਮਲਾ ਕਰਨ ਆ ਗਈ ਅਤੇ ਉਸ ਨੂੰ ਰੋਕਣ ਲਈ ਪੁਲਸ ਨੇ ਕੋਈ ਪ੍ਰਬੰਧ ਨਹੀਂ ਕੀਤਾ। ਜੇ ਪੁਲਸ ਵਾਲੇ ਘੱਟ ਸਨ ਤਾਂ ਕੀ ਉਹ ਫੋਨ ਕਰ ਕੇ ਹੋਰ ਮਦਦ ਨਹੀਂ ਮੰਗਵਾ ਸਕਦੇ ਸਨ?
ਹਰ ਵਾਰ ਜਦੋਂ ਵੀ ਜਬਰ-ਜ਼ਨਾਹ ਦਾ ਕੋਈ ਕੇਸ ਹੁੰਦਾ ਹੈ ਤਾਂ ਉਸ ਦੀ ਥੋੜ੍ਹੀ-ਬਹੁਤ ਚਰਚਾ ਮੀਡੀਆ ’ਚ ਆਉਂਦੀ ਹੈ ਪਰ ਅੰਤ ’ਚ ਮੀਡੀਆ ਵਾਲੇ ਅਤੇ ਹੋਰ ਸਭ ਚਲੇ ਜਾਂਦੇ ਹਨ ਅਤੇ ਸਿਰਫ ਇਨਸਾਫ ਲਈ ਤਰਸ ਰਹੀ ਪੀੜਤਾ ਅਤੇ ਉਸ ਦੇ ਪਰਿਵਾਰ ਵਾਲੇ ਹੀ ਇਕੱਲੇ ਰਹਿ ਜਾਂਦੇ ਹਨ।
ਉਲਟਾ ਪੀੜਤਾ ’ਤੇ ਹੀ ਸਵਾਲ ਕੀਤਾ ਜਾਂਦਾ ਹੈ ਕਿ ਉਹ ਦੇਰ ਨਾਲ ਘਰੋਂ ਨਿਕਲੀ ਹੋਵੇਗੀ, ਪਹਿਰਾਵਾ ਠੀਕ ਨਹੀਂ ਪਹਿਨਿਆ ਹੋਵੇਗਾ, ਉਹ ਫਲਾਣੀ ਥਾਂ ਕਿਉਂ ਸੁੱਤੀ ਹੋਈ ਸੀ, ਜਿਵੇਂ ਕਿ ਕੋਲਕਾਤਾ ਦੇ ਹਸਪਤਾਲ ’ਚ ਜਬਰ-ਜ਼ਨਾਹ ਕਾਂਡ ’ਚ ਹੋਇਆ ਹੈ। ਜਿਥੇ ਕਾਲਜ ਪ੍ਰਬੰਧਨ ਨੇ ਮਹਿਲਾ ਡਾਕਟਰਾਂ ਦੇ ਰਹਿਣ ਲਈ ਕਮਰਾ ਨਹੀਂ ਬਣਵਾਇਆ ਸੀ, ਜਦਕਿ ਮਰਦ ਡਾਕਟਰਾਂ ਲਈ ਇਹ ਵਿਵਸਥਾ ਸੀ।
ਇਥੋਂ ਤਕ ਕਿ ਮਹਿਲਾ ਡਾਕਟਰਾਂ ਲਈ ਬਾਥਰੂਮ ਤੱਕ ਨਹੀਂ ਸੀ। ਜੇ ਸਹੂਲਤਾਂ ਹੀ ਨਹੀਂ ਹੋਣਗੀਆਂ ਤਾਂ ਮਹਿਲਾ ਸੁਰੱਖਿਆ ਸੰਬੰਧੀ ਕਾਨੂੰਨ ਕਿਵੇਂ ਲਾਗੂ ਕੀਤੇ ਜਾ ਸਕਣਗੇ।
ਪੱਛਮੀ ਬੰਗਾਲ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਦੋਸ਼ੀ ਨੂੰ ਫਾਂਸੀ ਦੇ ਦਿਓ ਪਰ ਜਦ ਤੱਕ ਦੋਸ਼ੀ ਨੂੰ ਇਹ ਸੰਦੇਸ਼ ਨਹੀਂ ਜਾਏਗਾ ਕਿ ਜਬਰ-ਜ਼ਨਾਹ ਕਰਕੇ ਉਹ ਬਚ ਨਹੀਂ ਸਕਦਾ ਅਤੇ ਹਰ ਹਾਲਤ ’ਚ ਸਜ਼ਾ ਮਿਲ ਕੇ ਹੀ ਰਹੇਗੀ, ਉਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਥੇ ਪੁਲਸ ਅਤੇ ਵਕੀਲਾਂ ’ਚ ਮਰਦਾਂ ਦੀ ਬਹੁਗਿਣਤੀ ਹੁੰਦੀ ਹੈ ਉਥੇ ਉਨ੍ਹਾਂ ਦੇ ਹੀ ਦ੍ਰਿਸ਼ਟੀਕੋਣ ਨਾਲ ਫੈਸਲੇ ਹੁੰਦੇ ਹਨ। ਭਾਰਤ ’ਚ ਪ੍ਰਤੀ ਘੰਟਾ ਜਬਰ-ਜ਼ਨਾਹ ਦੇ 4 ਮਾਮਲੇ ਹੁੰਦੇ ਹਨ, ਜਦੋਂ ਕਿ ਕੇਸ ਸਿਰਫ 30 ਫੀਸਦੀ ਮਾਮਲਿਆਂ ’ਚ ਹੀ ਚਲਦੇ ਹਨ। ਅਜਿਹੇ ਹਾਲਾਤ ’ਚ ਲੋਕ ਔਰਤਾਂ ਨੂੰ ਸਤਿਕਾਰ ਦੇਣਾ ਕਿਥੋਂ ਸਿੱਖ ਸਕਣਗੇ?
ਕੰਮਕਾਜੀ ਅਤੇ ਹੋਰ ਔਰਤਾਂ ਦੇ ਮਾਮਲੇ ’ਚ ਸਾਡੇ ਕਾਨੂੰਨ ਪਹਿਲਾਂ ਵੀ ਚੰਗੇ ਸਨ ਅਤੇ ਨਵੇਂ ਕਾਨੂੰਨਾਂ ਨੂੰ ਹੋਰ ਵੀ ਸਖਤ ਬਣਾ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਲਾਗੂ ਕਰਨ ਲਈ ਉਸੇ ਤਰ੍ਹਾਂ ਦੇ ਲੋਕਾਂ ਦੀ ਵੀ ਲੋੜ ਹੈ।
ਜਿਵੇਂ ਕਿ ਕੋਲਕਾਤਾ ਜਬਰ-ਜ਼ਨਾਹ ਅਤੇ ਹੱਤਿਆ ਮਾਮਲੇ ’ਚ ਸਾਹਮਣੇ ਆਇਆ ਹੈ ਜਿਥੇ ਮਾਮਲੇ ਨੂੰ ਸ਼ੁਰੂ ਤੋਂ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕਾਲਜ ਦੇ ਪ੍ਰਿੰਸੀਪਲ ਦਾ ਦੂਸਰੀ ਸੰਸਥਾ ’ਚ ਤਬਾਦਲਾ ਕਰ ਦਿੱਤਾ ਗਿਆ ਹੈ। ਜਦੋਂ ਤੱਕ ਪ੍ਰਬੰਧਨ ਕਿਸੇ ਘਟਨਾ ਪ੍ਰਤੀ ਜਵਾਬਦੇਹ ਨਹੀਂ ਹੋਵੇਗਾ, ਉਦੋਂ ਤਕ ਅਜਿਹੇ ਕਦਮਾਂ ਨਾਲ ਕੋਈ ਲਾਭ ਨਹੀਂ ਹੋਣ ਵਾਲਾ।
ਥੋੜ੍ਹਾ ਪ੍ਰੋਟੈਸਟ ਤਾਂ ਹੋਵੇਗਾ ਪਰ ਇਕ ਮਹੀਨੇ ਬਾਅਦ ਸਭ ਸ਼ਾਂਤ ਹੋ ਜਾਵੇਗਾ। ਜਿਵੇਂ ਕਿ ਪਿਛਲੇ ਕੁਝ ਦਿਨਾਂ ਦੌਰਾਨ ਮਣੀਪੁਰ, ਉੱਤਰ ਪ੍ਰਦੇਸ਼ ਅਤੇ ਕਰਨਾਟਕ ’ਚ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਦੇ ਪੋਤੇ ਪ੍ਰਜਵਲ ਰੇਵੱਨਾ ਵਲੋਂ ਔਰਤਾਂ ਦੇ ਸ਼ੋਸ਼ਣ ਸੰਬੰਧੀ ਅਸੀਂ ਦੇਖਿਆ ਹੈ।
ਸਿੱਟੇ ਵਜੋਂ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਸਾਡਾ ਸਿਸਟਮ ਹੀ ਸਬੂਤ ਨਸ਼ਟ ਕਰਕੇ, ਮਾਮਲੇ ਨੂੰ ਦਬਾ ਕੇ ਜਾਂ ਲਟਕਾ ਕੇ ਅਸਲੀਅਤ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਸਾਡੀ ਮਾਨਸਿਕਤਾ ਹੀ ਅਜਿਹੀ ਬਣ ਚੁੱਕੀ ਹੈ ਜਿਸ ’ਚ ਅਸੀਂ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣਾ ਨਹੀਂ ਚਾਹੁੰਦੇ।
ਇਸ ਘਟਨਾ ਦੇ ਵਿਰੁੱਧ ਦੂਸਰੇ ਦੇਸ਼ਾਂ ਇੰਗਲੈਂਡ, ਅਮਰੀਕਾ ਆਦਿ ’ਚ ਵੀ ਪ੍ਰਦਰਸ਼ਨ ਹੋ ਰਹੇ ਹਨ ਪਰ ਸਾਨੂੰ ਇਸ ਨਾਲ ਕੀ! ਅਸੀਂ ਤਾਂ ਇੰਨੇ ਤੋਂ ਹੀ ਸੰਤੁਸ਼ਟ ਹਾਂ ਕਿ ਜੋ ਬੱਚੇ ਪ੍ਰਦਰਸ਼ਨ ਕਰ ਰਹੇ ਹਨ, ਉਹ ਕੁਝ ਸਮੇਂ ਬਾਅਦ ਚੁੱਪ ਹੋ ਜਾਣਗੇ ਅਤੇ ਗੱਲ ਆਈ-ਗਈ ਹੋ ਜਾਵੇਗੀ।
-ਵਿਜੇ ਕੁਮਾਰ