ਏਅਰ ਇੰਡੀਆ ਦੀ ਸਫਲਤਾ ਦੇ ਲਈ ਇਕ ਨਵਾਂ ਅਧਿਆਏ ਸ਼ੁਰੂ

10/15/2021 3:35:27 AM

ਹਰੀ ਜੈਸਿੰਘ 
68 ਸਾਲ ਬਾਅਦ ਏਅਰ ਇੰਡੀਆ ਦਾ ਮਹਾਰਾਜਾ 18,000 ਕਰੋੜ ਰੁਪਏ ਦੀ ਬੋਲੀ ਦੇ ਨਾਲ ਟਾਟਾ ਸਮੂਹ ਕੋਲ ਵਾਪਸ ਪਰਤ ਆਇਆ ਹੈ ਜਿਨ੍ਹਾਂ ’ਚੋਂ 2700 ਕਰੋੜ ਰੁਪਏ ਨਕਦ ਹਨ। ਇਸ ਸੌਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਨੀਤੀ ’ਚ ਇਕ ਇਤਿਹਾਸਕ ਘਟਨਾਕ੍ਰਮ ਹਾਸਲ ਕੀਤਾ ਹੈ। ਇਹ ਦੋ ਦਹਾਕਿਆਂ ਬਾਅਦ ਕਿਸੇ ਜਨਤਕ ਖੇਤਰ ਦੀ ਕੰਪਨੀ ਦੇ ਨਿੱਜੀਕਰਨ ਵੱਲ ਪਹਿਲਾ ਪ੍ਰਮੁੱਖ ਕਦਮ ਹੈ। ਟਾਟਾ ਸੰਜ਼ ਮੁੜ ਤੋਂ ਏਅਰ ਇੰਡੀਆ ਦਾ ਕੰਟਰੋਲ ਹਾਸਲ ਕਰ ਲਵੇਗਾ ਜਿਸ ਨੂੰ ਵੱਡੇ ਘਾਟੇ ਅਤੇ ਕਰਜ਼ੇ ਤੇ ਸਰਕਾਰ ਵੱਲੋਂ ਵੱਡੇ ਫੰਡ ਮੁਹੱਈਆ ਕਰਵਾਉਣ ਦੇ ਬਾਵਜੂਦ ਵੇਚ ਸਕਣਾ ਬਹੁਤ ਔਖਾ ਬਣਿਆ ਹੋਇਆ ਹੈ।

ਰਾਸ਼ਟਰੀ ਹਵਾਬਾਜ਼ੀ ਸੇਵਾ ਨੂੰ ਚਲਾਉਣ ’ਚ ਇਹ ਸੱਤਾਧਾਰੀ ਸਰਕਾਰ ’ਚ ਕਾਰੋਬਾਰ ਦੀ ਘਾਟ ਦਾ ਸਪੱਸ਼ਟ ਮਾਮਲਾ ਹੈ। ਸਰਕਾਰ ਨਾਲ ਸਮੱਸਿਆ ਇਹ ਹੈ ਕਿ ਉਸ ਨੇ ਕਰਜ਼ੇ ਨਾਲ ਲੱਦੀ ਏਅਰ ਲਾਈਨ ਨਾਲ ਕਦੇ ਵੀ ਕਾਰੋਬਾਰੀ ਢੰਗ ਨਾਲ ਨਹੀਂ ਨਜਿੱਠਿਆ। ਆਪਣੇ ਸਫਰ ਦੇ ਲਗਭਗ 6 ਦਹਾਕਿਆਂ ਦੌਰਾਨ ਇਸ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ।

ਇਤਿਹਾਸਕ ਤੌਰ ’ਤੇ ਕਹੀਏ ਤਾਂ ਏਅਰਲਾਈਨ ਦੀ ਸਥਾਪਨਾ 1932 ’ਚ ਜੇ. ਆਰ. ਡੀ. ਟਾਟਾ ਨੇ ਕੀਤੀ ਸੀ। ਉਦੋਂ ਇਸ ਨੂੰ ਟਾਟਾ ਏਅਰਲਾਈਨ ਕਿਹਾ ਜਾਂਦਾ ਸੀ। 1946 ’ਚ ਟਾਟਾ ਸੰਜ਼ ਦੇ ਹਵਾਬਾਜ਼ੀ ਸੈਕਸ਼ਨ ਨੂੰ ਏਅਰ ਇੰਡੀਆ ਦੇ ਤੌਰ ’ਤੇ ਸੂਚੀਬੱਧ ਕੀਤਾ ਗਿਆ। 1948 ’ਚ ਕੁਝ ਯੂਰਪੀਅਨ ਦੇਸ਼ਾਂ ਲਈ ਉਡਾਣਾਂ ਦੇ ਨਾਲ ਏਅਰ ਇੰਡੀਆ ਦਾ ਰਾਸ਼ਟਰੀਕਰਨ ਹੋ ਗਿਆ ਅਤੇ ਲਗਭਗ 40 ਸਾਲਾਂ ਲਈ ਇਸ ਦਾ ਘਰੇਲੂ ਹਵਾਈ ਖੇਤਰ ’ਤੇ ਗਲਬਾ ਰਿਹਾ। ਇਸ ਦੇ ਬਾਅਦ 1994-1995 ’ਚ ਨਿੱਜੀ ਏਅਰਲਾਈਨਜ਼ ਘਰੇਲੂ ਬਾਜ਼ਾਰ ’ਚ ਦਾਖਲ ਹੋਈਆਂ ਜਿਨ੍ਹਾਂ ਨੇ ਸਸਤੀਆਂ ਟਿਕਟਾਂ ਆਫਰ ਕੀਤੀਆਂ। ਉਸ ਮੁਕਾਬਲੇਬਾਜ਼ੀ ਦੇ ਬਾਜ਼ਾਰ ’ਚ ਏਅਰ ਇੰਡੀਆ ਨੇ ਆਪਣੀ ਬਾਜ਼ਾਰ ਦੀ ਹਿੱਸੇਦਾਰੀ ਗੁਆਉਣੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਪੂਰਾ ਹਵਾਬਾਜ਼ੀ ਦ੍ਰਿਸ਼ ਨਾਟਕੀ ਢੰਗ ਨਾਲ ਬਦਲਣਾ ਸ਼ੁਰੂ ਹੋ ਗਿਆ।

ਟਾਟਾ ਦੀ ਏਅਰ ਇੰਡੀਆ ’ਚ 100 ਫੀਸਦੀ ਹਿੱਸੇਦਾਰੀ ਹੈ। ਉਨ੍ਹਾਂ ਨੂੰ ਇਸ ਏਅਰ ਇੰਡੀਆ ਐਕਸਪ੍ਰੈੱਸ ਨਾਂ ਦੀ ਘੱਟ ਲਾਗਤ ਦੀ ਇਕਾਈ ’ਚ ਵੀ 100 ਫੀਸਦੀ ਹਿੱਸੇਦਾਰੀ ਮਿਲੀ ਅਤੇ ਸਾਂਝੇ ਅਦਾਰੇ ਏਅਰ ਇੰਡੀਆ ਸੈਟਸ (ਐੱਸ. ਏ. ਟੀ. ਐੱਸ.) ਦੀ ਜ਼ਮੀਨੀ ਦੇਖ-ਰੇਖ ’ਚ 50 ਫੀਸਦੀ ਹਿੱਸੇਦਾਰੀ।

141 ਜਹਾਜ਼ਾਂ ਦੇ ਇਲਾਵਾ ਇਸ ਨੂੰ 173 ਮੰਜ਼ਿਲਾਂ ਦਾ ਇਕ ਨੈੱਟਵਰਕ ਵੀ ਹਾਸਲ ਹੋਇਆ ਹੈ। ਇਨ੍ਹਾਂ ’ਚੋਂ 55 ਕੌਮਾਂਤਰੀ ਵੱਕਾਰੀ ਬਰਾਂਡਸ ਦਾ ਮਾਲਕਾਨਾ ਹੱਕ ਮਿਲ ਿਗਆ। ਇਹ ਸਪੱਸ਼ਟ ਹੈ ਕਿ ਟਾਟਾ ਸਮੂਹ ਏਅਰਲਾਈਨ ਨੂੰ ਵਾਪਸ ਹਾਸਲ ਕਰਨ ਲਈ ਕਾਫੀ ਉਤਸੁਕ ਸੀ ਜਿਸ ਦਾ ਸੰਚਾਲਨ ਮੂਲ ਤੌਰ ’ਤੇ ਇਸ ਕੋਲ ਸੀ। ਇਹ ਸਮਝ ’ਚ ਆਉਂਦਾ ਹੈ ਕਿਉਕਿ ਸਮੂਹ ਦੀਆਂ ਜੜ੍ਹਾਂ ਇਤਿਹਾਸ ’ਚ ਹਨ ਅਤੇ ਇਕ ਵਿਰਾਸਤ ਹੈ।

ਅੰਗਰੇਜ਼ੀ ਦੀ ਇਕ ਅਖਬਾਰ ਦੇ 9 ਅਕਤੂਬਰ ਦੇ ਐਡੀਸ਼ਨ ਅਨੁਸਾਰ ਰਾਜਗ ਸਰਕਾਰ ਦੀ ਸਿਆਸੀ ਲੀਡਰਸ਼ਿਪ ਏਅਰਲਾਈਨ ਦਾ ਨਿੱਜੀਕਰਨ ਕਰਨ ਲਈ ਚਾਹਵਾਨ ਸੀ, ਇਸ ਦੇ ਬਾਵਜੂਦ ਏਅਰਲਾਈਨ ਦੀ ਵਿਕਰੀ ਪ੍ਰਕਿਰਿਆ ਕਾਫੀ ਔਖੀ ਅਤੇ ਥਕਾਊ ਸੀ। ਆਖਿਰਕਾਰ ਇਹ ਟੈਕਸਦਾਤਿਆਂ ਦਾ ਪੈਸਾ ਸੀ ਜੋ ਅਧਿਕਾਰਕ ਤੌਰ ’ਤੇ ਏਅਰ ਇੰਡੀਆ ਨੂੰ ਚਲਾਈ ਜਾ ਰਿਹਾ ਸੀ।

ਟਾਟਾ ਸੰਜ਼ ਦੇ ਸੇਵਾਮੁਕਤ ਚੇਅਰਮੈਨ ਰਤਨ ਟਾਟਾ ਦਾ ਕਹਿਣਾ ਹੈ ਕਿ ਅਸੀਂ ਏਅਰ ਇੰਡੀਆ ਨੂੰ ਦੁਬਾਰਾ ਖੜ੍ਹਾ ਕਰਨ ਲਈ ਕਾਫੀ ਯਤਨ ਕਰਾਂਗੇ, ਆਸ ਹੈ ਕਿ ਇਹ ਹਵਾਬਾਜ਼ੀ ਉਦਯੋਗ ’ਚ ਟਾਟਾ ਸਮੂਹ ਦੀ ਹਾਜ਼ਰੀ ਨੂੰ ਇਕ ਬਹੁਤ ਮਜ਼ਬੂਤ ਬਾਜ਼ਾਰ ਮੌਕਾ ਮੁਹੱਈਆ ਕਰਵਾਏਗਾ। ਇਹ ਯਕੀਨੀ ਤੌਰ ’ਤੇ ਬੜੇ ਵੱਡੇ ਦਾਅਵੇ ਨਹੀਂ ਹਨ। ਅਸੀਂ ਟਾਟਾ ਗਰੁੱਪ ਦੀ ਕਾਰੋਬਾਰੀ ਮੁਹਾਰਤ ਤੋਂ ਜਾਣੂ ਹਾਂ। ਅਸੀਂ ਏਅਰ ਇੰਡੀਆ ਨੂੰ ਬਹੁਤ ਵਧੀਆ ਢੰਗ ਨਾਲ ਚਲਾਉਣ ਲਈ ਸਮੂਹ ’ਤੇ ਨਿਰਭਰ ਕਰ ਸਕਦੇ ਹਾਂ। ਤਜਰਬੇਕਾਰ ਹਵਾਬਾਜ਼ੀ ਮਾਹਿਰ ਮੰਨਦੇ ਹਨ ਕਿ ਟਾਟਾ ਗਰੁੱਪ ਦੇ ਨਾਲ ਏਅਰ ਇੰਡੀਆ ਕੋਲ ਆਪਣੀ ਪੁਰਾਣੀ ਸ਼ਾਨ ਤੱਕ ਪਰਤਣ ਦੇ ਮੌਕੇ ਹਨ।

ਇੱਥੇ ਮਾਹਿਰ ਸੰਗਠਨ ਦੇ ਅੰਦਰ ਲਾਲ ਫੀਤਾਸ਼ਾਹੀ ਅਤੇ ਘਟੀਆ ਮੈਨੇਜਮੈਂਟ ਵੱਲ ਇਸ਼ਾਰਾ ਕਰਦੇ ਹਨ, ਓਧਰ ਕਈ ਬਾਹਰੀ ਕਾਰਕਾਂ ਨੇ ਏਅਰ ਇੰਡੀਆ ਲਈ ਚੀਜ਼ਾਂ ਨੂੰ ਹੋਰ ਵੀ ਖਰਾਬ ਬਣਾ ਦਿੱਤਾ। ਇਹ ਕਾਰਕ ਹਨ : ਰੁਪਏ ਦੇ ਉਤਰਾਅ-ਚੜ੍ਹਾਅ ਦੀ ਕੀਮਤ, ਕਰਜ਼ ਦੀ ਵਧਦੀ ਲਾਗਤ, ਐਵੀਏਸ਼ਨ ਟਰਬਾਈਨ ਫਿਊਲ ਦੀ ਉੱਚੀ ਕੀਮਤ। ਏਅਰ ਇੰਡੀਆ ਦੀਆਂ ਫਾਇਦੇ ਵਾਲੀਆਂ ਚੀਜ਼ਾਂ ’ਚੋਂ ਇਕ ਹੈ ਇਸ ਦੇ ਕੌਮਾਂਤਰੀ ਸਲਾਡ ਜੋ ਸਹੀ ਹੱਥਾਂ ’ਚ ਹੋਣ ’ਤੇ ਵਿਸ਼ਵ ਪੱਧਰੀ ਵਿਰੋਧੀਆਂ ਨੂੰ ਮੁਕਾਬਲੇਬਾਜ਼ੀ ਦੇ ਸਕਦੀ ਹੈ। ਖੈਰ, ਸਭ ਕੁਝ ਭਵਿੱਖ ਦੇ ਕਾਰੋਬਾਰੀ ਮਾਡਲ ਦੇ ਵਿਕਾਸ ’ਤੇ ਨਿਰਭਰ ਕਰਦਾ ਹੈ। ਮੈਨੂੰ ਯਕੀਨ ਹੈ ਕਿ ਟਾਟਾ ਸੰਜ਼ ਕੋਲ ਇਸ ਦਿਸ਼ਾ ’ਚ ਜ਼ਰੂਰੀ ਮੁਹਾਰਤ ਹੈ।

ਜੋ ਵੀ ਹੋਵੇ, ਏਅਰ ਇੰਡੀਆ ਲਈ ਹੁਣ ਇਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਮੈਨੂੰ ਯਕੀਨ ਹੈ ਕਿ ਟਾਟਾ ਸਮੂਹ ਦੀ ਵੱਕਾਰੀ ਵਿਵਸਥਾ ਇਸ ਨੂੰ ਨਵੀਆਂ ਬੁਲੰਦੀਆਂ ਵੱਲ ਲੈ ਜਾਵੇਗੀ। ਇਸ ਦੇ ਹਵਾਬਾਜ਼ੀ ਪੋਰਟਫੋਲੀਓ ’ਚ ਏਅਰ ਇੰਡੀਆ ਦੇ ਸ਼ਾਮਲ ਹੋਣ ਨਾਲ ਟਾਟਾ ਸਮੂਹ ਨੂੰ ਇਸ ਦੇ ਕੌਮਾਂਤਰੀ ਸੰਚਾਲਨਾਂ ’ਚ ਇਕ ਮਹੱਤਵਪੂਰਨ ਬੜ੍ਹਤ ਮਿਲੇਗੀ ਕਿਉਂਕਿ ਇਸ ਨੂੰ 1800 ਕੌਮਾਂਤਰੀ ਲੈਂਡਿੰਗ ਅਤੇ ਘਰੇਲੂ ਹਵਾਈ ਅੱਡਿਆਂ ਦੇ ਪਾਰਕਿੰਗ ਸਲਾਟਸ ਤੱਕ ਪਹੁੰਚ ਦੇ ਇਲਾਵਾ ਵਿਦੇਸ਼ੀ ਹਵਾਈ ਅੱਡਿਆਂ ’ਤੇ 900 ਸਲਾਟਸ ਅਤੇ 4400 ਘਰੇਲੂ ਸਲਾਟਸ ਤੱਕ ਪਹੁੰਚ ਮਿਲੇਗੀ। ਇਨ੍ਹਾਂ ’ਚ ਲੰਦਨ ਅਤੇ ਨਿਊਯਾਰਕ ਵਰਗੀਆਂ ਪ੍ਰਾਈਮ ਮੰਜ਼ਿਲਾਂ ਤੱਕ ਰੂਟ ਅਤੇ ਸਲਾਟ ਸ਼ਾਮਲ ਹਨ। ਹੁਣ ਅਸੀਂ ਇਹ ਕਹਿ ਸਕਦੇ ਹਨ ਕਿ ‘ਨਮਸਤੇ ਟਾਟਾ’। ਗੁੱਡਲਕ।


Bharat Thapa

Content Editor

Related News