ਠੱਗਣ ਲਈ ਕਰਵਾਏ 4 ਵਿਆਹ, ਪੰਜਵੇਂ ਦੀ ਕੋਸ਼ਿਸ਼ ’ਚ ਫੜੀ ਗਈ

06/28/2019 6:31:23 AM

ਜਿੱਥੇ ਵਿਆਹ ਬੰਧਨ ’ਚ ਬੱਝਣਾ ਬਹੁਤਿਆਂ ਲਈ ਇਕ ਮੁਸ਼ਕਿਲ ਕੰਮ ਹੋ ਸਕਦਾ ਹੈ ਪਰ ਇਹ ਇਕ ਔਰਤ ਨੂੰ ਚਾਰ ਵਾਰ ਵਿਆਹ ਬੰਧਨ ਵਿਚ ਬੱਝਣ ਅਤੇ ਪੰਜਵੇਂ ਲਈ ਤਿਆਰੀ ਕਰਨ ਤੋਂ ਨਹੀਂ ਰੋਕ ਸਕਿਆ ਪਰ ਆਖਰੀ ਯਤਨ ਤੋਂ ਪਹਿਲਾਂ ਹੀ ਉਹ ਪੁਲਸ ਦੇ ਸ਼ਿਕੰਜੇ ਵਿਚ ਫਸ ਗਈ।

ਮਹਾਰਾਸ਼ਟਰ ਪੁਲਸ ਨੇ ਲਾਤੂਰ ਦੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ,ਜੋ ਪੰਜਵੀਂ ਵਾਰ ਵਿਆਹ ਕਰਵਾਉਣ ਦੀ ਤਿਆਰੀ ਵਿਚ ਸੀ। ਇਸ ਬਾਰੇ ਸ਼ਿਕਾਇਤ ਉਸ ਦੇ ਚੌਥੇ ਪਤੀ ਦੇ ਪਰਿਵਾਰ ਨੇ ਕੀਤੀ ਸੀ। ਔਰਤ, ਜਿਸ ਦੀ ਪਛਾਣ ਜਯੋਤੀ ਬੇਂਦਰੇ ਦੇ ਤੌਰ ’ਤੇ ਕੀਤੀ ਗਈ ਹੈ, ਚਾਰ ਮਰਦਾਂ ਨੂੰ ਪਹਿਲਾਂ ਹੀ ਠੱਗ ਚੁੱਕੀ ਹੈ ਅਤੇ ਪੰਜਵੇਂ ਨੂੰ ਫਸਾਉਣ ਦੀ ਪੂਰੀ ਤਿਆਰੀ ’ਚ ਸੀ, ਜਦੋਂ ਉਸ ਨੇ ਖ਼ੁਦ ਨੂੰ ਪੁਲਸ ਦੇ ਜਾਲ ਵਿਚ ਫਸਦੇ ਦੇਖਿਆ।

ਮਨਮਾੜ ਸਥਿਤ ਜਯੇਸ਼ ਡੋਂਗਰੇ ਦਾ ਪਰਿਵਾਰ ਉਸ ਦੇ ਲਈ ਇਕ ਢੁੱਕਵੀਂ ਲਾੜੀ ਦੀ ਭਾਲ ਵਿਚ ਸੀ ਅਤੇ ਉਨ੍ਹਾਂ ਨੂੰ ਲਾਤੂਰ ਦੀ ਪੂਜਾ ਭਗਵਾਨ ਨਾਂ ਦੀ ਔਰਤ ਨਾਲ ਮਿਲਵਾਇਆ ਗਿਆ। ਪੂਜਾ ਨੇ ਉਨ੍ਹਾਂ ਨੂੰ ਦੱਸਿਆ ਕਿ ਜਯੋਤੀ ਇਕ ਚੰਗੀ ਪੜ੍ਹੀ-ਲਿਖੀ ਅਤੇ ਸੋਹਣੀ ਦਿਸਣ ਵਾਲੀ ਲੜਕੀ ਹੈ। ਕਿਉਂਕਿ ਬੇਂਦਰੇ ਪਰਿਵਾਰ ਜ਼ਿਆਦਾ ਪੈਸੇ ਵਾਲਾ ਨਹੀਂ ਹੈ, ਇਸ ਲਈ ਡੋਂਗਰੇ ਦੇ ਪਰਿਵਾਰ ਨੂੰ ਨਾ ਸਿਰਫ ਵਿਆਹ ਦਾ ਖਰਚਾ ਸਹਿਣਾ ਪਵੇਗਾ, ਸਗੋਂ ਉਨ੍ਹਾਂ ਦੀ ਮਦਦ ਵੀ ਕਰਨੀ ਹੋਵੇਗੀ।

ਲੜਕੀ ਨੂੰ ਦੇਖਣ ਲਈ ਜਯੇਸ਼ ਆਪਣੇ ਪਰਿਵਾਰ ਨਾ ਲਾਤੂਰ ’ਚ ਅਹਿਮਦਪੁਰ ਗਿਆ। ਉਸ ਨੇ ਉਸ ਨੂੰ ਪਸੰਦ ਕਰ ਲਿਆ ਅਤੇ 12 ਮਈ ਨੂੰ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਪਹਿਲਾਂ ਡੋਂਗਰੇ ਪਰਿਵਾਰ ਨੇ ਬੇਂਦਰੇ ਪਰਿਵਾਰ ਨੂੰ 40,000 ਰੁਪਏ ਨਕਦ ਅਤੇ ਜਯੋਤੀ ਨੂੰ ਵੀ 50,000 ਰੁਪਏ ਦੀ ਕੀਮਤ ਦੇ ਗਹਿਣੇ ਦਿੱਤੇ।

ਕੁਝ ਦਿਨਾਂ ਤਕ ਆਪਣੇ ਸਹੁਰੇ ਘਰ ਵਿਚ ਰਹਿਣ ਤੋਂ ਬਾਅਦ ਜਯੋਤੀ ਆਪਣੇ ਪੇਕੇ ਪਰਤ ਗਈ, ਕਦੇ ਵਾਪਿਸ ਨਾ ਆਉਣ ਲਈ। ਜਦੋਂ ਉਸ ਨੂੰ ਵਾਪਿਸ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਡੋਂਗਰੇ ਪਰਿਵਾਰ ਨੂੰ ਸ਼ੱਕ ਹੋਇਆ। ਜਯੋਤੀ ਬਾਰੇ ਪੁੱਛਗਿੱਛ ਕਰਨ ਦੇ ਦੌਰਾਨ ਉਨ੍ਹਾਂ ਨੂੰ ਹੈਰਾਨ ਕਰ ਦੇਣ ਵਾਲੇ ਤੱਥ ਦਾ ਪਤਾ ਲੱਗਾ ਕਿ ਉਸ ਦਾ 3 ਵਾਰ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ। ਠੱਗੇ ਜਾਣ ਕਾਰਣ ਗੁੱਸੇ ’ਚ ਆਇਆ ਡੋਂਗਰੇ ਪਰਿਵਾਰ ਮਨਮਾੜ ਪੁਲਸ ਸਟੇਸ਼ਨ ਪਹੁੰਚਿਆ ਅਤੇ ਜਯੋਤੀ, ਉਸ ਦੇ ਸਰਪ੍ਰਸਤਾਂ, ਪੂਜਾ ਅਤੇ ਉਸ ਦੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

ਜਦੋਂ ਬੇਂਦਰੇ ਪਰਿਵਾਰ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਸੂਚਨਾ ਮਿਲੀ ਤਾਂ ਉਹ ਦੌੜੇ-ਦੌੜੇ ਡੋਂਗਰੇ ਦੇ ਘਰ ਪਹੁੰਚੇ ਪਰ ਪੁਲਸ ਨੇ ਉਨ੍ਹਾਂ ਲਈ ਇਕ ਜਾਲ ਵਿਛਾਇਆ ਹੋਇਆ ਸੀ ਅਤੇ ਸਾਰਿਆਂ ਨੂੰ ਇਕ ਹੀ ਛੱਤ ਹੇਠ ਇਕੱਠੇ ਕਰਨ ਅਤੇ ਗ੍ਰਿਫਤਾਰ ਕਰਨ ’ਚ ਸਫਲ ਰਹੀ। ਰਿਪੋਰਟ ਅਨੁਸਾਰ ਗ੍ਰਿਫਤਾਰੀ ਦੇ ਸਮੇਂ ਜਯੋਤੀ ਪੰਜਵੀਂ ਵਾਰ ਵਿਆਹ ਦੇ ਬੰਧਨ ਵਿਚ ਬੱਝਣ ਦੀ ਤਿਆਰੀ ਕਰ ਰਹੀ ਸੀ। (ਐੱਫ. ਪੀ. ਜੇ.)
 


Bharat Thapa

Content Editor

Related News